Loading Bible Translation
First-time download in progress. This may take a few seconds…
Punjabi Bible Wordproject Bible
31 verses
1ਲਿਖਤੁਮ ਪੌਲੁਸ ਜਿਹੜਾ ਪਰਮੇਸ਼ੁਰ ਦੀ ਇੱਛਿਆ ਤੋਂ ਯਿਸੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ, ਨਾਲੇ ਸਾਡਾ ਭਰਾ ਸੋਸਥਨੇਸ।
2ਅੱਗੇ ਜੋਗ ਪਰਮੇਸ਼ੁਰ ਦੀ ਕਲੀਸਿਯਾ ਨੂੰ ਜਿਹੜੀ ਕੁਰਿੰਥਸ ਵਿੱਚ ਹੈ ਅਰਥਾਤ ਓਹਨਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਸੰਤ ਹੋਣ ਲਈ ਸੱਦੇ ਹੋਏ ਹਨ ਉਨ੍ਹਾਂ ਸਭਨਾਂ ਸਣੇ ਜਿਹੜੇ ਹਰੇਕ ਥਾਂ ਸਾਡੇ ਪ੍ਰਭੁ ਯਿਸੂ ਮਸੀਹ ਦਾ ਨਾਮ ਲੈਂਦੇ ਹਨ ਜੋ ਉਨ੍ਹਾਂ ਦਾ ਨਾਲੇ ਸਾਡਾ ਪ੍ਰਭੁ ਹੈ।
3ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
4ਮੈਂ ਪਰਮੇਸ਼ੁਰ ਦੀ ਕਿਰਪਾ ਦੇ ਕਾਰਨ ਜਿਹੜੀ ਯਿਸੂ ਮਸੀਹ ਵਿੱਚ ਤੁਹਾਨੂੰ ਦਿੱਤੀ ਗਈ ਹੈ ਤੁਹਾਡੇ ਲਈ ਸਦਾ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ।
5ਇਸ ਲਈ ਜੋ ਤੁਸੀਂ ਉਸ ਵਿੱਚ ਹਰੇਕ ਗੱਲ ਅਰਥਾਤ ਸਰਬ ਵਾਕ ਅਤੇ ਸਰਬ ਗਿਆਨ ਵਿੱਚ ਧਨੀ ਕੀਤੇ ਹੋਏ ਸਾਓ।
6ਜਿਵੇਂ ਮਸੀਹ ਦੀ ਸਾਖੀ ਤੁਹਾਡੇ ਵਿੱਚ ਕਾਇਮ ਹੋਈ।
7ਇੱਥੋਂ ਤੀਕ ਜੋ ਤੁਹਾਨੂੰ ਕਿਸੇ ਦਾਤ ਵਿੱਚ ਘਾਟਾ ਨਹੀਂ ਹੈ ਜਦ ਕਿ ਤੁਸੀਂ ਸਾਡੇ ਪ੍ਰਭੁ ਯਿਸੂ ਮਸੀਹ ਦੇ ਪਰਗਟ ਹੋਣ ਦੀ ਉਡੀਕ ਕਰਦੇ ਹੋ।
8ਉਹ ਤੁਹਾਨੂੰ ਅੰਤ ਤੀਕ ਕਾਇਮ ਵੀ ਰੱਖੇਗਾ ਭਈ ਤੁਸੀਂ ਸਾਡੇ ਪ੍ਰਭੁ ਯਿਸੂ ਮਸੀਹ ਦੇ ਦਿਨ ਨਿਰਦੋਸ਼ ਹੋਵੋ।
9ਪਰਮੇਸ਼ੁਰ ਵਫ਼ਾਦਾਰ ਹੈ ਜਿਹ ਦੇ ਰਾਹੀਂ ਤੁਸੀਂ ਉਹ ਦੇ ਪੁੱਤ੍ਰ ਯਿਸੂ ਮਸੀਹ ਸਾਡੇ ਪ੍ਰਭੁ ਦੀ ਸੰਗਤ ਲਈ ਸੱਦੇ ਗਏ ਸਾਓ।
10ਹੇ ਭਰਾਵੋ, ਸਾਡੇ ਪ੍ਰਭੁ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਜੋ ਤੁਸੀਂ ਸੱਭੇ ਇੱਕੋ ਗੱਲ ਬੋਲੋ ਅਤੇ ਤੁਹਾਡੇ ਵਿੱਚ ਫੋਟਕ ਨਾ ਪੈਣ ਸਗੋਂ ਇੱਕੋ ਮਨ ਅਤੇ ਇੱਕੋ ਵਿਚਾਰ ਵਿੱਚ ਪੂਰੇ ਹੋ ਜਾਵੋ।
11ਕਿਉਂ ਜੋ ਹੇ ਮੇਰੇ ਭਰਾਵੋ, ਕਲੋਏ ਦੇ ਘਰ ਦਿਆਂ ਕੋਲੋਂ ਤੁਹਾਡੇ ਵਿਖੇ ਮੈਨੂੰ ਪਤਾ ਲੱਗਾ ਹੈ ਜੋ ਤੁਹਾਡੇ ਵਿੱਚ ਬਖੇੜੇ ਹੁੰਦੇ ਹਨ।
12ਮੇਰਾ ਕਹਿਣਾ ਇਹ ਹੈ ਜੋ ਤੁਹਾਡੇ ਵਿੱਚੋਂ ਹਰੇਕ ਆਖਦਾ ਹੈ ਭਈ ਮੈਂ ਪੌਲੁਸ ਦਾ ਯਾ ਮੈਂ ਅਪੁੱਲੋਸ ਦਾ ਯਾ ਮੈਂ ਕੇਫਾਸ ਦਾ ਯਾ ਮੈਂ ਮਸੀਹ ਦਾ ਹਾਂ ।
13ਭਲਾ, ਮਸੀਹ ਵੰਡਿਆ ਹੋਇਆ ਹੈ ? ਕੀ ਪੌਲੁਸ ਤੁਹਾਡੇ ਲਈ ਸਲੀਬ ਦਿੱਤਾ ਗਿਆ ਯਾ ਤੁਹਾਨੂੰ ਪੌਲੁਸ ਦੇ ਨਾਉਂ ਉੱਤੇ ਬਪਤਿਸਮਾ ਦਿੱਤਾ ਗਿਆ ਸੀ ?
14ਮੈਂ ਧੰਨਵਾਦ ਕਰਦਾ ਹਾਂ ਜੋ ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ।
15ਭਈ ਕੋਈ ਇਹ ਨਾ ਆਖੇ ਜੋ ਮੇਰੇ ਨਾਉਂ ਉੱਤੇ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਸੀ।
16ਅਤੇ ਮੈਂ ਸਤਫਨਾਸ ਦੇ ਘਰਾਣੇ ਨੂੰ ਵੀ ਬਪਤਿਸਮਾ ਦਿੱਤਾ। ਹੋਰ ਮੈਂ ਨਹੀਂ ਜਾਣਦਾ ਜੋ ਮੈਂ ਹੋਰ ਕਿਸੇ ਨੂੰ ਬਪਤਿਸਮਾ ਦਿੱਤਾ ਹੋਵੇ।
17ਕਿਉਂ ਜੋ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ ਸਗੋਂ ਖੁਸ਼ ਖਬਰੀ ਸੁਣਾਉਣ ਲਈ ਘੱਲਿਆ, ਪਰ ਸ਼ਬਦਾਂ ਦੇ ਗਿਆਨ ਨਾਲ ਨਹੀਂ ਭਈ ਕਿਤੇ ਐਉਂ ਨਾ ਹੋਵੇ ਜੋ ਮਸੀਹ ਦੀ ਸਲੀਬ ਅਵਿਰਥੀ ਹੋ ਜਾਏ।
18ਸਲੀਬ ਦੀ ਕਥਾ ਤਾਂ ਉਨ੍ਹਾਂ ਦੇ ਭਾਣੇ ਜਿਹੜੇ ਨਾਸ ਹੋ ਰਹੇ ਹਨ ਮੂਰਖਤਾਈ ਹੈ ਪਰੰਤੂ ਸਾਡੇ ਭਾਣੇ ਜਿਹੜੇ ਬਚਾਏ ਜਾਂਦੇ ਹਾਂ ਉਹ ਪਰਮੇਸ਼ੁਰ ਦੀ ਸ਼ਕਤੀ ਹੈ।
19ਕਿਉਂ ਜੋ ਲਿਖਿਆ ਹੋਇਆ ਹੈ, —ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ, ਅਤੇ ਚਤਰਿਆਂ ਦੀ ਚਤਰਾਈ ਨੂੰ ਰੱਦ ਕਰਾਂਗਾ।
20ਕਿੱਥੇ ਬੁੱਧਵਾਨ ? ਕਿੱਥੇ ਗ੍ਰੰੰਥੀ ? ਕਿੱਥੇ ਇਸ ਜੁੱਗ ਦਾ ਵਿਵਾਦੀ ? ਕੀ ਪਰਮੇਸ਼ੁਰ ਨੇ ਇਸ ਸੰਸਾਰ ਦੀ ਬੁੱਧ ਨੂੰ ਮੂਰਖਤਾਈ ਨਹੀਂ ਠਹਿਰਾਇਆ ?
21ਇਸ ਲਈ ਕਿ ਜਦੋਂ ਪਰਮੇਸ਼ੁਰ ਦੇ ਗਿਆਨ ਤੋਂ ਐਉਂ ਹੋਇਆ ਭਈ ਸੰਸਾਰ ਨੇ ਆਪਣੀ ਬੁੱਧ ਦੇ ਰਾਹੀਂ ਪਰਮੇਸ਼ੁਰ ਨੂੰ ਨਾ ਜਾਣਿਆ ਤਦ ਪਰਮੇਸ਼ੁਰ ਨੂੰ ਇਹ ਭਾਇਆ ਜੋ ਪਰਚਾਰ ਦੀ ਮੂਰਖਤਾਈ ਨਾਲ ਨਿਹਚਾਵਾਨਾਂ ਨੂੰ ਬਚਾਵੇ।
22ਯਹੂਦੀ ਤਾਂ ਨਿਸ਼ਾਨੀਆਂ ਮੰਗਦੇ ਅਤੇ ਯੂਨਾਨੀ ਬੁੱਧ ਭਾਲਦੇ ਹਨ।
23ਪਰ ਅਸੀਂ ਸਲੀਬ ਦਿੱਤੇ ਹੋਏ ਮਸੀਹ ਦਾ ਪਰਚਾਰ ਕਰਦੇ ਹਾਂ। ਉਹ ਯਹੂਦੀਆਂ ਦੇ ਲੇਖੇ ਠੋਕਰ ਦਾ ਕਾਰਨ ਅਤੇ ਪਰਾਈਆਂ ਕੌਮਾਂ ਦੇ ਲੇਖੇ ਮੂਰਖਤਾਈ ਹੈ।
24ਪਰ ਉਨ੍ਹਾਂ ਦੇ ਲੇਖੇ ਜਿਹੜੇ ਸੱਦੇ ਹੋਏ ਹਨ ਭਾਵੇਂ ਯਹੂਦੀ ਭਾਵੇਂ ਯੂਨਾਨੀ ਮਸੀਹ ਪਰਮੇਸ਼ੁਰ ਦੀ ਸ਼ਕਤੀ ਅਤੇ ਪਰਮੇਸ਼ੁਰ ਦਾ ਗਿਆਨ ਹੈ।
25ਕਿਉਂ ਜੋ ਪਰਮੇਸ਼ੁਰ ਦੀ ਮੂਰਖਤਾਈ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ੁਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ।
26ਹੇ ਭਰਾਵੋ, ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ।
27ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ ਅਤੇ ਸੰਸਾਰ ਦੇ ਨਿਰਬਲਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬਲਵੰਤਾਂ ਨੂੰ ਲੱਜਿਆਵਾਨ ਕਰੇ।
28ਅਤੇ ਸੰਸਾਰ ਦੇ ਅਦਨਾਂ ਅਤੇ ਮਲੀਹਦੜਾਂ ਨੂੰ ਨਾਲੇ ਓਹਨਾਂ ਨੂੰ ਜਿਹੜੇ ਹਨ ਹੀ ਨਹੀਂ ਪਰਮੇਸ਼ੁਰ ਨੇ ਚੁਣ ਲਿਆ ਭਈ ਉਨ੍ਹਾਂ ਨੂੰ ਜਿਹੜੇ ਹਨ ਅਕਾਰਥ ਕਰੇ।
29ਤਾਂ ਕਿ ਕੋਈ ਬਸ਼ਰ ਪਰਮੇਸ਼ੁਰ ਦੇ ਅੱਗੇ ਘੁਮੰਡ ਨਾ ਕਰੇ।
30ਪਰ ਉਸ ਤੋਂ ਤੁਸੀਂ ਮਸੀਹ ਯਿਸੂ ਵਿੱਚ ਹੋ ਜਿਹੜਾ ਪਰਮੇਸ਼ੁਰ ਦੀ ਵੱਲੋਂ ਸਾਡੇ ਲਈ ਗਿਆਨ ਅਤੇ ਧਰਮ ਅਤੇ ਪਵਿੱਤਰਤਾਈ ਅਤੇ ਨਿਸਤਾਰਾ ਬਣਾਇਆ ਗਿਆ ਸੀ।
31ਭਈ ਜਿਵੇਂ ਲਿਖਿਆ ਹੋਇਆ ਹੈ, ਜੋ ਕੋਈ ਅਭਮਾਨ ਕਰੇ ਸੋ ਪ੍ਰਭੁ ਵਿੱਚ ਅਭਮਾਨ ਕਰੇ।