Loading Bible Translation
First-time download in progress. This may take a few seconds…
Punjabi Bible Wordproject Bible
20 verses
1ਕੀ ਤੁਹਾਡੇ ਵਿੱਚੋਂ ਕਿਸੇ ਦਾ ਇਹ ਹਿਆਉ ਪੈਂਦਾ ਹੈ ਜੋ ਦੂਏ ਨਾਲ ਮੁਕੱਦਮਾ ਰੱਖ ਕੇ ਨਬੇੜੇ ਲਈ ਕੁਧਰਮੀਆਂ ਕੋਲ ਜਾਵੇ ਅਤੇ ਸੰਤਾਂ ਕੋਲ ਨਾ ?
2ਕੀ ਤੁਸੀਂ ਨਹੀਂ ਜਾਣਦੇ ਭਈ ਸੰਤ ਜਨ ਜਗਤ ਦਾ ਨਿਆਉਂ ਕਰਨਗੇ ? ਅਤੇ ਜੇ ਜਗਤ ਦਾ ਨਿਆਉਂ ਤੁਹਾਥੋਂ ਹੋਣਾ ਹੈ ਤਾਂ ਭਲਾ, ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਬੇੜਾ ਕਰਨ ਦੇ ਜੋਗ ਨਹੀਂ ਹੋ?
3ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਉਂ ਕਰਾਂਗੇ ? ਫੇਰ ਕਿੰਨਾ ਵਧਕੇ ਸੰਸਾਰੀ ਗੱਲਾਂ ਦਾ ?
4ਉਪਰੰਤ ਜੇ ਤੁਹਾਨੂੰ ਸੰਸਾਰੀ ਗੱਲਾਂ ਦਾ ਨਬੇੜਾ ਕਰਨਾ ਪੈਂਦਾ ਹੈ ਤਾਂ ਜਿਹੜੇ ਕਲੀਸਿਯਾ ਵਿੱਚ ਤੁੱਛ ਗਿਣੇ ਜਾਂਦੇ ਹਨ ਭਲਾ, ਤੁਸੀਂ ਓਹਨਾਂ ਨੂੰ ਠਹਿਰਾਉਂਦੇ ਹੋ ?
5ਮੈਂ ਤੁਹਾਨੂੰ ਲੱਜਿਆਵਾਨ ਕਰਨ ਲਈ ਇਹ ਆਖਦਾ ਹਾਂ। ਕੀ ਤੁਹਾਡੇ ਵਿੱਚ ਇੱਕ ਵੀ ਐੱਨਾ ਬੁੱਧਵਾਨ ਨਹੀਂ ਜੋ ਆਪਣੇ ਭਰਾਵਾਂ ਦਾ ਮੁਕੱਦਮਾ ਨਬੇੜ ਸੱਕੇ ?
6ਸਗੋਂ ਭਰਾ ਭਰਾ ਉੱਤੇ ਨਾਲਸ਼ ਕਰਦਾ ਹੈ ਸੋ ਵੀ ਬੇਪਰਤੀਤਿਆਂ ਦੇ ਅੱਗੇ।
7ਹੁਣ ਤਾਂ ਤੁਹਾਡੇ ਵਿੱਚ ਇੱਕ ਵੱਡਾ ਘਾਟਾ ਹੈ ਕਿ ਤੁਸੀਂ ਇੱਕ ਦੂਏ ਉੱਤੇ ਮੁਕੱਦਮਾ ਬਣਾਉਂਦੇ ਹੋ। ਤੁਸੀਂ ਸਗੋਂ ਕੁਨਿਆਉਂ ਕਿਉਂ ਨਹੀਂ ਸਹਾਰ ਲੈਂਦੇ ? ਤੁਸੀਂ ਸਗੋਂ ਠਗਾਈ ਕਿਉਂ ਨਹੀਂ ਖਾਂਦੇ ?
8ਪਰ ਤੁਸੀਂ ਆਪੇ ਕੁਨਿਆਉਂ ਅਤੇ ਠੱਗੀ ਕਰਦੇ ਹੋ ਸੋ ਭੀ ਆਪਣੇ ਭਰਾਵਾਂ ਨਾਲ !
9ਅਥਵਾ ਤੁਸੀਂ ਨਹੀਂ ਜਾਣਦੇ ਜੋ ਕੁਧਰਮੀ ਲੋਕ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ ? ਧੋਖਾ ਨਾ ਖਾਓ, ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ,
10ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।
11ਅਤੇ ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ ਪਰ ਪ੍ਰਭੁ ਯਿਸੂ ਮਸੀਹ ਦੇ ਨਾਮ ਤੋਂ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਤੋਂ ਤੁਸੀਂ ਧੋਤੇ ਗਏ ਅਰ ਤੁਸੀਂ ਪਵਿੱਤਰ ਕੀਤੇ ਗਏ ਅਰ ਤੁਸੀਂ ਧਰਮੀ ਠਹਿਰਾਏ ਗਏ।
12ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰੰਤੂ ਸੱਭੇ ਲਾਭਦਾਇਕ ਨਹੀਂ। ਸਾਰੀਆਂ ਵਸਤਾਂ ਮੇਰੇ ਲਈ ਉਚਿਤ ਹਨ ਪਰ ਮੈਂ ਕਿਸੇ ਵਸਤ ਦੇ ਅਧੀਨ ਨਹੀਂ ਹੋਵਾਂਗਾ।
13ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨਾਂ ਦੇ ਲਈ ਪਰੰਤੂ ਪਰਮੇਸ਼ੁਰ ਉਹ ਦਾ ਨਾਲੇ ਇਨ੍ਹਾਂ ਦਾ ਨਾਸ ਕਰੇਗਾ ਪਰ ਸਰੀਰ ਹਰਾਮਕਾਰੀ ਦੇ ਲਈ ਨਹੀਂ ਸਗੋਂ ਪ੍ਰਭੁ ਦੇ ਲਈ ਹੈ ਅਤੇ ਪ੍ਰਭੁ ਸਰੀਰ ਦੇ ਲਈ।
14ਅਤੇ ਪਰਮੇਸ਼ੁਰ ਨੇ ਨਾਲੇ ਪ੍ਰਭੁ ਨੂੰ ਜਿਵਾ ਕੇ ਉਠਾਇਆ, ਨਾਲੇ ਸਾਨੂੰ ਆਪਣੀ ਸਮਰੱਥਾ ਨਾਲ ਜਿਵਾ ਕੇ ਉਠਾਏਗਾ।
15ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ ? ਸੋ ਕੀ ਮੈਂ ਮਸੀਹ ਦੇ ਅੰਗ ਲੈ ਕੇ ਕੰਜਰੀ ਦੇ ਅੰਗ ਬਣਾਵਾਂ ? ਕਦੇ ਨਹੀਂ !
16ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਜੋ ਕੋਈ ਕੰਜਰੀ ਨਾਲ ਸੰਗ ਕਰਦਾ ਹੈ ਸੋ ਉਹ ਦੇ ਨਾਲ ਇੱਕ ਦੇਹੀ ਹੈ ? ਕਿਉਂ ਜੋ ਉਹ ਆਖਦਾ ਹੈ ਭਈ ਓਹ ਦੋਵੇਂ ਇੱਕ ਸਰੀਰ ਹੋਣਗੇ।
17ਪਰ ਜੋ ਕੋਈ ਪ੍ਰਭੁ ਨਾਲ ਮਿਲਿਆ ਹੋਇਆ ਹੈ ਸੋ ਉਹ ਦੇ ਨਾਲ ਇੱਕ ਆਤਮਾ ਹੈ।
18ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਹੀ ਸਰੀਰ ਦਾ ਪਾਪ ਕਰਦਾ ਹੈ।
19ਅਥਵਾ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹੀ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ ਜਿਹੜੀ ਤੁਹਾਨੂੰ ਪਰਮੇਸ਼ੁਰ ਦੀ ਵੱਲੋਂ ਮਿਲੀ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ ?
20ਤੁਸੀਂ ਤਾਂ ਮੁੱਲ ਨਾਲ ਲਏ ਹੋਏ ਹੋ, ਇਸ ਲਈ ਆਪਣੀ ਦੇਹੀ ਨਾਲ ਪਰਮੇਸ਼ੁਰ ਦੀ ਵਡਿਆਈ ਕਰੋ।