Loading Bible Translation
First-time download in progress. This may take a few seconds…
Punjabi Bible Wordproject Bible
24 verses
1ਵੇਖੋ, ਪਿਤਾ ਨੇ ਸਾਡੇ ਨਾਲ ਕਿਹੋ ਜਿਹਾ ਪ੍ਰੇਮ ਕੀਤਾ ਹੈ ਜੇ ਅਸੀਂ ਪਰਮੇਸ਼ੁਰ ਦੇ ਬਾਲਕ ਸਦਾਈਏ! ਅਤੇ ਏਹੋ ਅਸੀਂ ਹਾਂ ਵੀ। ਇਸ ਕਰਕੇ ਸੰਸਾਰ ਸਾਨੂੰ ਨਹੀਂ ਜਾਣਦਾ ਕਿਉਂ ਜੋ ਉਸ ਨੇ ਉਹ ਨੂੰ ਨਹੀਂ ਜਾਣਿਆ।
2ਹੇ ਪਿਆਰਿਓ, ਅਸੀਂ ਹੁਣ ਪਰਮੇਸ਼ੁਰ ਦੇ ਬਾਲਕ ਹਾਂ ਅਤੇ ਅਜੇ ਇਹ ਪਰਗਟ ਨਹੀਂ ਹੋਇਆ ਭਈ ਅਸੀਂ ਕੀ ਕੁਝ ਹੋਵਾਂਗੇ! ਅਸੀਂ ਇਹ ਜਾਣਦੇ ਹਾਂ ਭਈ ਜਦ ਉਹ ਪਰਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ ਕਿਉਂ ਜੋ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ।
3ਅਤੇ ਹਰ ਕੋਈ ਜਿਹੜਾ ਓਸ ਉੱਤੇ ਇਹ ਆਸ ਰੱਖਦਾ ਹੈ ਆਪਣੇ ਆਪ ਨੂੰ ਪਵਿੱਤਰ ਕਰਦਾ ਹੈ ਜਿਵੇਂ ਉਹ ਪਵਿੱਤਰ ਹੈ।
4ਹਰ ਕੋਈ ਜਿਹੜਾ ਪਾਪ ਕਰਦਾ ਹੈ ਸ਼ਰਾ ਦਾ ਉਲਟ ਕਰਦਾ ਹੈ ਅਤੇ ਪਾਪ ਤਾਂ ਸ਼ਰਾ ਦਾ ਉਲਟ ਹੀ ਹੈ।
5ਤੁਸੀਂ ਜਾਣਦੇ ਹੋ ਜੋ ਉਹ ਇਸ ਲਈ ਪਰਗਟ ਹੋਇਆ ਭਈ ਪਾਪਾਂ ਨੂੰ ਚੁੱਕ ਲੈ ਜਾਵੇ, ਅਤੇ ਉਹ ਦੇ ਵਿੱਚ ਪਾਪ ਨਹੀਂ ਹੈ।
6ਹਰ ਕੋਈ ਜੋ ਉਸ ਵਿੱਚ ਕਾਇਮ ਰਹਿੰਦਾ ਹੈ ਪਾਪ ਨਹੀਂ ਕਰਦਾ। ਹਰ ਕੋਈ ਜਿਹੜਾ ਪਾਪ ਕਰਦਾ ਹੈ ਓਸ ਨੇ ਉਹ ਨੂੰ ਨਹੀਂ ਵੇਖਿਆ, ਨਾ ਉਹ ਨੂੰ ਜਾਣਿਆ ਹੈ।
7ਹੇ ਬੱਚਿਓ, ਕੋਈ ਤੁਹਾਨੂੰ ਨਾ ਭਰਮਾਵੇ। ਜਿਹੜਾ ਧਰਮ ਕਰਦਾ ਹੈ ਸੋ ਧਰਮੀ ਹੈ ਜਿਵੇਂ ਉਹ ਧਰਮੀ ਹੈ।
8ਜਿਹੜਾ ਪਾਪ ਕਰਦਾ ਹੈ ਉਹ ਸ਼ਤਾਨ ਤੋਂ ਹੈ ਕਿਉਂ ਜੋ ਸ਼ਤਾਨ ਮੁੱਢੋਂ ਹੀ ਪਾਪ ਕਰਦਾ ਆਇਆ ਹੈ। ਪਰਮੇਸ਼ੁਰ ਦਾ ਪੁੱਤ੍ਰ ਇਸੇ ਲਈ ਪਰਗਟ ਹੋਇਆ ਭਈ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇ।
9ਕੋਈ ਜਿਹੜਾ ਪਰਮੇਸ਼ੁਰ ਤੋਂ ਜੰਮਿਆ ਹੈ ਪਾਪ ਨਹੀਂ ਕਰਦਾ ਕਿਉਂ ਜੋ ਉਹ ਦਾ ਬੀ ਓਸ ਵਿੱਚ ਰਹਿੰਦਾ ਹੈ ਅਤੇ ਉਹ ਪਾਪ ਨਹੀਂ ਕਰ ਸੱਕਦਾ ਇਸ ਲਈ ਜੋ ਉਹ ਪਰਮੇਸ਼ੁਰ ਤੋਂ ਜੰਮਿਆ ਹੋਇਆ ਹੈ।
10ਇਸ ਤੋਂ ਪਰਮੇਸ਼ੁਰ ਦੇ ਬਾਲਕ ਅਤੇ ਸ਼ਤਾਨ ਦੇ ਬਾਲਕ ਪਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ੁਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਹੈ।
11ਕਿਉਂ ਜੋ ਉਹ ਸਮਾਚਾਰ ਜਿਹੜਾ ਤੁਸਾਂ ਮੁੱਢੋਂ ਸੁਣਿਆ ਸੋ ਇਹ ਹੈ ਭਈ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ।
12ਤਿਵੇਂ ਨਹੀਂ ਜਿਵੇਂ ਕਇਨ ਓਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ-ਅਤੇ ਕਿਉਂ ਉਹ ਨੂੰ ਮਾਰਿਆ? ਇਸ ਲਈ ਜੋ ਉਹ ਦੇ ਕੰਮ ਬੁਰੇ ਅਤੇ ਉਹ ਦੇ ਭਰਾ ਦੇ ਕੰਮ ਭਲੇ ਸਨ।
13ਹੇ ਭਰਾਵੋ, ਜੇ ਸੰਸਾਰ ਤੁਹਾਡੇ ਨਾਲ ਵੈਰ ਰੱਖਦਾ ਹੈ ਤਾਂ ਇਹ ਦਾ ਅਚਰਜ ਨਾ ਮੰਨੋ।
14ਅਸੀਂ ਜਾਣਦੇ ਹਾਂ ਭਈ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ ਇਸ ਲਈ ਜੋ ਅਸੀਂ ਭਰਾਵਾਂ ਨਾਲ ਪ੍ਰੇਮ ਰੱਖਦੇ ਹਾਂ। ਜਿਹੜਾ ਪ੍ਰੇਮ ਨਹੀਂ ਕਰਦਾ ਉਹ ਮੌਤ ਵਿੱਚ ਰਹਿੰਦਾ ਹੈ।
15ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੂਨੀ ਹੈ ਅਤੇ ਤੁਸੀਂ ਜਾਣਦੇ ਹੋ ਭਈ ਕਿਸੇ ਖੂਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ।
16ਇਸ ਤੋਂ ਅਸਾਂ ਪ੍ਰੇਮ ਨੂੰ ਜਾਤਾ ਭਈ ਉਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਚਾਹੀਦਾ ਹੈ ਜੋ ਅਸੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਈਏ।
17ਪਰ ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਓਸ ਉੱਤੇ ਤਰਸ ਨਾ ਖਾਵੇ ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ?
18ਹੇ ਬੱਚਿਓ, ਅਸੀਂ ਗੱਲੀ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।
19ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸਤ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ।
20ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।
21ਹੇ ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ੁਰ ਦੇ ਅੱਗੇ ਸਾਨੂੰ ਦਿਲੇਰੀ ਹੈ।
22ਅਤੇ ਜੋ ਕੁਝ ਅਸੀਂ ਮੰਗਦੇ ਹਾਂ ਸੋ ਓਸ ਤੋਂ ਸਾਨੂੰ ਮਿਲਦਾ ਹੈ ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹ ਨੂੰ ਭਾਉਂਦੇ ਹਨ।
23ਅਤੇ ਉਹ ਦਾ ਹੁਕਮ ਇਹ ਹੈ ਭਈ ਅਸੀਂ ਉਹ ਦੇ ਪੁੱਤ੍ਰ ਯਿਸੂ ਮਸੀਹ ਦੇ ਨਾਮ ਉੱਤੇ ਨਿਹਚਾ ਕਰੀਏ ਅਤੇ ਇੱਕ ਦੂਏ ਨਾਲ ਪ੍ਰੇਮ ਰੱਖੀਏ ਜਿਵੇਂ ਉਹ ਨੇ ਸਾਨੂੰ ਹੁਕਮ ਕੀਤਾ ਸੀ।
24ਅਤੇ ਜਿਹੜਾ ਉਹ ਦੇ ਹੁਕਮਾਂ ਦੀ ਪਾਲਨਾ ਕਰਦਾ ਹੈ ਇਹ ਉਹ ਦੇ ਵਿੱਚ ਅਤੇ ਉਹ ਇਹ ਦੇ ਵਿੱਚ ਰਹਿੰਦਾ ਹੈ। ਉਹ ਨੇ ਆਤਮਾ ਸਾਨੂੰ ਦਿੱਤਾ ਹੈ, ਇਸ ਤੋਂ ਅਸੀਂ ਜਾਣਦੇ ਹਾਂ ਭਈ ਉਹ ਸਾਡੇ ਵਿੱਚ ਰਹਿੰਦਾ ਹੈ।