Loading Bible Translation
First-time download in progress. This may take a few seconds…
Punjabi Bible Wordproject Bible
43 verses
1ਸੁਲੇਮਾਨ ਪਾਤਸ਼ਾਹ ਨੂੰ ਔਰਤਾਂ ਨਾਲ ਬਹੁਤ ਪਿਆਰ ਸੀ। ਉਸ ਨੇ ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨੂੰ ਪਿਆਰ ਕੀਤਾ, ਜਿਨ੍ਹਾਂ ਵਿੱਚ ਫ਼ਿਰਊਨ ਦੀ ਧੀ, ਮੋਆਬ ਦੀਆਂ ਔਰਤਾਂ, ਅੰਮੋਨ, ਅਦੋਮ, ਸਿਦੋਨ ਅਤੇ ਹਿੱਤੀ ਔਰਤਾਂ ਸ਼ਾਮਿਲ ਸਨ।
2ਇਹ ਉਨ੍ਹਾਂ ਕੌਮਾਂ ਤੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਸਰਾਏਲੀਆਂ ਨੂੰ ਆਖਿਆ ਸੀ ਕਿ ਉਨ੍ਹਾਂ ਦੇ ਨਾਲ ਨਹੀਂ ਮਿਲਣਾ। "ਜੇ ਤੁਸੀਂ ਅਜਿਹਾ ਕਰੋਂਗੇ, ਤਾਂ ਇਹ ਕੌਮਾਂ ਤੁਹਾਨੂੰ ਆਪਣੇ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਉਣਗੀਆਂ।" ਪਰ ਰਾਜਾ ਸੁਲੇਮਾਨ ਇਨ੍ਹਾਂ ਔਰਤਾਂ ਨੂੰ ਪਿਆਰ ਕਰਦਾ ਸੀ।
3ਸੁਲੇਮਾਨ ਦੀਆਂ 700 ਸੌ ਪਤਨੀਆਂ ਸਨ। (ਇਹ ਸਾਰੀਆਂ ਦੂਸਰੇ ਰਾਜਿਆਂ ਦੀਆਂ ਧੀਆਂ ਸਨ।) ਉਸ ਦੀਆਂ 300 ਰਖੈਲਾਂ ਸਨ ਅਤੇ ਉਸ ਦੀਆਂ ਪਤਨੀਆਂ ਨੇ ਉਸ ਦਾ ਦਿਲ (ਉਸਦੇ ਪਰਮੇਸ਼ੁਰ ਤੋਂ) ਫ਼ੇਰਨ ਲਈ ਪ੍ਰਭਾਵ ਪਾਇਆ।
4ਜਦੋਂ ਸੁਲੇਮਾਨ ਬੁਢ੍ਢਾ ਸੀ, ਉਸ ਦੀਆਂ ਪਤਨੀਆਂ ਨੇ ਉਸ ਉੱਤੇ ਹੋਰਨਾਂ ਦੇਵਤਿਆਂ ਨੂੰ ਮੰਨਣ ਲਈ ਪ੍ਰਭਾਵ ਪਾਇਆ। ਉਹ ਪੂਰੀ ਤਰ੍ਹਾਂ ਯਹੋਵਾਹ ਵੱਲ ਸ਼ਰਧਾਵਾਨ ਨਹੀਂ ਸੀ, ਜਿਵੇਂ ਕਿ ਉਸ ਦਾ ਪਿਤਾ ਦਾਊਦ ਸੀ।
5ਸੁਲੇਮਾਨ ਸੀਦੋਨੀਆਂ ਦੀ ਦੇਵੀ ਅਸ਼ਤਾਰੋਬ ਅਤੇ ਅੰਮੋਨੀਆਂ ਦੇ ਘਿਨਾਉਣੇ ਬੁੱਤ ਮਿਲਕੋਮ ਦੇ ਪਿੱਛੇ ਲੱਗ ਤੁਰਿਆ।
6ਇਉਂ ਸੁਲੇਮਾਨ ਨੇ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ ਅਤੇ ਯਹੋਵਾਹ ਦੇ ਪਿੱਛੇ ਪੂਰੀ ਤਰ੍ਹਾਂ ਨਾ ਚਲਿਆ, ਜਿਵੇਂ ਉਸਦੇ ਪਿਤਾ ਦਾਊਦ ਨੇ ਕੀਤਾ।
7ਸੁਲੇਮਾਨ ਨੇ ਇੱਕ ਪਹਾੜੀ ਉੱਤੇ, ਮੋਆਬੀਆਂ ਦੇ ਘ੍ਰਿਣਾਯੋਗ ਦੇਵਤੇ, ਕਮੋਸ਼ ਲਈ ਅਤੇ ਅੰਮੋਨੀਆਂ ਦੇ ਘ੍ਰਿਣਾਯੋਗ ਬੁੱਤ, ਮੋਲਕ ਲਈ ਇੱਕ ਉਪਾਸਨਾ ਦਾ ਸਬਾਨ ਬਣਵਾਇਆ, ਜੋ ਕਿ ਯਰੂਸ਼ਲਮ ਤੋਂ ਅਗਾਂਹ ਸੀ।
8ਇਸੇ ਤਰ੍ਹਾਂ ਉਸਨੇ ਆਪਣੀਆਂ ਸਾਰੀਆਂ ਓਪਰੀਆਂ ਔਰਤਾਂ ਲਈ ਵੀ ਕੀਤਾ ਜਿਹੜੀਆਂ ਕਿ ਆਪੋ-ਆਪਣੇ ਦੇਵਤਿਆਂ ਲਈ ਧੂਪ ਧੁਖਾਉਂਦੀਆਂ ਅਤੇ ਬਲੀ ਚੜਾਉਂਦੀਆਂ ਸਨ।
9ਤਦ ਯਹੋਵਾਹ ਸੁਲੇਮਾਨ ਨਾਲ ਕ੍ਰੋਧਵਾਨ ਹੋਇਆ, ਕਿਉਂ ਜੋ ਉਸਦਾ ਮਨ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ ਤੋਂ ਫ਼ਿਰ ਗਿਆ, ਜਿਸ ਉਸਨੂੰ ਦੋ ਵਾਰ ਦਰਸ਼ਨ ਦਿੱਤੇ ਸਨ ਅਤੇ ਉਸਨੇ ਇਸਨੂੰ ਗੱਲ ਦਾ ਹੁਕਮ ਦਿੱਤਾ ਸੀ
10ਕਿ ਉਹ ਦੂਜੇ ਦੇਵਤਿਆਂ ਦੇ ਪਿੱਛੇ ਨਾ ਚੱਲੇ, ਪਰ ਉਸਨੇ ਯਹੋਵਾਹ ਦਾ ਹੁਕਮ ਨਾ ਮੰਨਿਆ।
11ਤਦ ਯਹੋਵਾਹ ਨੇ ਸੁਲੇਮਾਨ ਨੂੰ ਆਖਿਆ, "ਤੂੰ ਮੇਰੇ ਨਾਲ ਆਪਣਾ ਕੀਤਾ ਨੇਮ ਤੋੜਿਆ ਹੈ ਅਤੇ ਤੂੰ ਮੇਰੇ ਹੁਕਮ ਨੂੰ ਨਹੀਂ ਮੰਨਿਆ ਇਸ ਲਈ ਮੈਂ ਹੁਣ ਤੇਰੇ ਨਾਲ ਇਹ ਇਕਰਾਰ ਕਰਦਾ ਹਾਂ ਕਿ ਇਹ ਰਾਜ ਮੈਂ ਤੇਰੇ ਕੋਲੋਂ ਖੋਹ ਲਵਾਂਗਾ ਅਤੇ ਤੇਰੇ ਕਿਸੇ ਟਹਿਲੂੇ ਨੂੰ ਦੇ ਦੇਵਾਂਗਾ।
12ਪਰ ਤੇਰੇ ਪਿਤਾ ਦਾਊਦ ਕਾਰਣ, ਮੈਂ ਤੇਰੇ ਜਿਉਂਦੇ ਜੀਅ ਇਹ ਰਾਜ ਤੇਰੇ ਕੋਲੋਂ ਨਹੀਂ ਲਵਾਂਗਾ ਪਰ ਮੈਂ ਇਹ ਰਾਜ ਤੇਰੇ ਪੁੱਤਰ ਤੋਂ ਲੈ ਲਵਾਂਗਾ।
13ਫ਼ਿਰ ਵੀ, ਮੈਂ ਤੇਰੇ ਪੁੱਤਰ ਕੋਲੋਂ ਸਾਰਾ ਰਾਜ ਨਹੀਂ ਲਵਾਂਗਾ, ਮੈਂ ਉਸਨੂੰ ਇੱਕ ਪਰਿਵਾਰ-ਸਮੂਹ ਉੱਤੇ ਹਕੂਮਤ ਕਰਨ ਦੇਵਾਂਗਾ। ਅਜਿਹਾ ਮੈਂ ਸਿਰਫ ਦਾਊਦ ਸਦਕਾ ਕਰਾਂਗਾ - ਕਿਉਂ ਕਿ ਉਹ ਮੇਰਾ ਚੰਗਾ ਸੇਵਕ ਸੀ ਅਤੇ ਇਹ ਸਭ ਕੁਝ ਮੈਂ ਯਰੂਸ਼ਲਮ ਲਈ ਕਰਾਂਗਾ ਕਿਉਂ ਕਿ ਇਹ ਸ਼ਹਿਰ ਮੈਂ ਚੁਣਿਆ ਸੀ।"
14ਤਾਂ ਯਹੋਵਾਹ ਨੇ ਸੁਲੇਮਾਨ ਦੇ ਵਿਰੁੱਧ ਇੱਕ ਦੁਸ਼ਮਣ ਨੂੰ ਖੜਾ ਕਰ ਦਿੱਤਾ। ਜਿਸ ਦਾ ਨਾਉਂ ਹਦਦ ਸੀ ਜੋ ਕਿ ਅਦੋਮ ���ੇ ਰਾਜੇ ਦੇ ਘਰਾਣੇ ਵਿੱਚੋਂ ਸੀ।
15ਇਉਂ ਹੋਇਆ: ਜਦੋਂ ਦਾਊਦ ਅਦੋਮ ਵਿੱਚ ਸੀ, ਜਿਸ ਵੇਲੇ ਯੋਆਬ ਸੈਨਾਪਤੀ ਵਢਿਆਂ ਹ੍ਹੋਇਆਂ ਦੇ ਦਬ੍ਬਣ ਲਈ ਉਪਰ ਆਇਆ ਤਾਂ ਅਦੋਮ ਦੇ ਹਰ ਬੰਦੇ ਨੂੰ ਜੋ ਜੀਉਂਦਾ ਸੀ ਯੋਆਬ ਨੇ ਵੱਢ ਸੁਟਿਆ।
16ਯ੍ਯੋਆਬ ਸਾਰੇ ਇਸਰਾਏਲੀਆਂ ਸਮੇਤ ਛੇ ਮਹੀਨੇ ਅਦੋਮ ਵਿੱਚ ਰਿਹਾ ਅਤੇ ਉਸ ਸਮੇਂ ਦੌਰਾਨ ਉਨ੍ਹਾਂ ਨੇ ਅਦੋਮ ਵਿਚਲੇ ਸਾਰੇੇ ਆਦਮੀਆਂ ਨੂੰ ਮਾਰ ਦਿੱਤਾ।
17ਪਰ ਉਸ ਵਕਤ ਹਦਦ ਅਜੇ ਇੱਕ ਛੋਟਾ ਜਿਹਾ ਬਾਲ ਹੀ ਸੀ, ਇਸ ਲਈ ਹਦਦ ਭੱਜ ਕੇ ਮਿਸਰ 'ਚ ਆ ਗਿਆ। ਉਸਦੇ ਨਾਲ ਉਸਦੇ ਪਿਉ ਦੇ ਕੁਝ ਸੇਵਕ ਵੀ ਚਲੇ ਗਏ ਸਨ।
18ਉਹ ਮਿਦਿਆਨ ਤੋਂ ਉੱਠ ਕੇ ਪਾਰਾਨ ਨੂੰ ਆਏ ਅਤੇ ਪਾਰਾਨ ਵਿੱਚ ਕੁਝ ਲੋਕ ਉਨ੍ਹਾਂ ਨਾਲ ਰਲ ਗਏ ਤਾਂ ਇਹ ਸਾਰਾ ਦਲ ਮਿਸਰ ਵੱਲ ਨੂੰ ਗਿਆ। ਉੱਥੇ ਉਹ ਮਿਸਰ ਦੇ ਰਾਜਾ ਫ਼ਿਰਊਨ ਕੋਲ ਗਏ ਅਤੇ ਉਸਨੇ ਉਸਨੂੰ ਇੱਕ ਘਰ ਦੇ ਦਿੱਤਾ ਅਤੇ ਉਸ ਲਈ ਖਾਣ ਦਾ ਪ੍ਰਬੰਧ ਕਰਵਾਇਆ ਅਤੇ ਉਸਨੂੰ ਜ਼ਮੀਨ ਵੀ ਦਿੱਤੀ।
19ਫ਼ਿਰਊਨ ਹਦਦ ਨੂੰ ਬਹੁਤ ਪਸੰਦ ਕਰਦਾ ਸੀ, ਅਤੇ ਉਸ ਨੂੰ ਇੱਕ ਪਤਨੀ ਦਿੱਤੀ। ਇਹ ਔਰਤ ਉਸ ਦੀ ਪਤਨੀ ਦੀ ਭੈਣ ਸੀ। (ਫ਼ਿਰਊਨ ਦੀ ਪਤਨੀ ਰਾਣੀ ਤਹਪਨੇਸ ਸੀ।)
20ਇਉਂ ਤਹਪਸੇਨ ਦੀ ਭੈਣ ਦਾ ਵਿਆਹ ਹਦਦ ਨਾਲ ਹੋਇਆ। ਉਨ੍ਹਾਂ ਦੇ ਘਰ ਗਨੂਬਬ ਨਾਂ ਦਾ ਪੁੱਤਰ ਪੈਦਾ ਹੋਇਆ। ਤਹਪਨੇਸ ਨੇ ਗਨੂਬਬ ਨੂੰ ਮਹਿਲ ਵਿੱਚ ਫ਼ਿਰਊਨ ਦੇ ਪੁੱਤਰਾਂ ਨਾਲ ਪਲਣ ਦਾ ਆਦੇਸ਼ ਦਿੱਤਾ।
21ਮਿਸਰ ਵਿੱਚ, ਜਦ ਹਦਦ ਨੇ ਸੁਣਿਆ ਕਿ ਦਾਊਦ ਮਰ ਗਿਆ ਹੈ। ਉਸਨੇ ਇਹ ਵੀ ਸੁਣਿਆ ਕਿ ਯੋਆਬ ਸੈਨਾ ਦਾ ਕਮਾਂਡਰ ਵੀ ਮਰ ਗਿਆ ਹੈ ਤਾਂ ਹਦਦ ਨੇ ਫ਼ਿਰਊਨ ਨੂੰ ਆਖਿਆ, "ਮੈਨੂੰ ਹੁਣ ਆਪਣੇ ਦੇਸ ਜਾਣ ਦੀ ਆਗਿਆ ਦੇਵੋ!"
22ਪਰ ਫ਼ਿਰਊਨ ਨੇ ਕਿਹਾ, "ਇੱਥੇ ਤੈਨੂੰ ਕਿਸ ਚੀਜ਼ ਦੀ ਕਮੀ ਹੈ ਕਿ ਵਾਪਿਸ ਆਪਣੇ ਦੇਸ਼ ਜਾਣਾ ਚਹੁਂਦਾ ਹੈਂ?"ਹਦਦ ਨੇ ਆਖਿਆ, "ਕੁਝ ਨਹੀਂ, ਪਰ ਮੈਨੂੰ ਮੇਰੇ ਘਰ ਵਾਪਸ ਜਾਣ ਦੇ।"
23ਫ਼ੇਰ ਪਰਮੇਸ਼ੁਰ ਨੇ ਸੁਲੇਮਾਨ ਦੇ ਵਿਰੁੱਧ ਇੱਕ ਹੋਰ ਦੁਸ਼ਮਣ ਨੂੰ ਖੜਾ ਕੀਤਾ। ਇਹ ਵਿਅਕਤੀ ਰਜ਼ੋਨ, ਅਲਯਾਦਾ ਦਾ ਪੁੱਤਰ ਸੀ ਜੋ ਆਪਣੇ ਸੁਆਮੀ ਸੋਬਾਹ ਦੇ ਰਾਜਾ ਹਦਦ ਅਜ਼ਰ ਤੋਂ ਫ਼ਰਾਰ ਹੋ ਗਿਆ ਸੀ।
24ਜਦੋਂ ਦਾਊਦ ਨੇ ਸੋਬਹ ਦੀ ਫੌਜ਼ ਨੂੰ ਹਰਾਇਆ ਸੀ, ਰਜ਼ੋਨ ਨੇ ਕੁਝ ਲੋਕਾਂ ਨੂੰ ਇਕਠਿਆਂ ਕੀਤਾ ਅਤੇ ਉਨ੍ਹਾਂ ਦਾ ਸਰਦਾਰ ਬਣ ਗਿਆ। ਉਹ ਦਂਮਿਸ਼ਕ ਨੂੰ ਜਾਕੇ ਵਸ ਗਿਆ ਅਤੇ ਰਾਜਾ ਬਣ ਗਿਆ।
25ਰਜ਼ੋਨ ਨੇ ਅਰਾਮ ਵਿੱਚ ਰਾਜ ਕੀਤਾ। ਰਜ਼ੋਨ ਇਸਰਾਏਲ ਨੂੰ ਨਫ਼ਰਤ ਕਰਦਾ ਸੀ ਇਸ ਲਈ ਜਿੰਨੀ ਦੇਰ ਸੁਲੇਮਾਨ ਜਿਉਂਦਾ ਰਿਹਾ ਰਜ਼ੋਨ ਇਸਰਾਏਲ ਦਾ ਵੈਰੀ ਰਿਹਾ। ਰਜ਼ੋਨ ਅਤੇ ਹਦਦ ਇਸਰਾਏਲ ਲਈ ਮੁਸੀਬਤ ਦਾ ਕਾਰਣ ਬਣੇ ਰਹੇ।
26ਨਬਾਟ ਦਾ ਪੁੱਤਰ, ਯਾਰਾਬੁਆਮ ਸੁਲੇਮਾਨ ਦਾ ਨੋਕਰ ਸੀ, ਅਤੇ ਉਹ ਇਫ਼ਰਾਈਮ ਦੇ ਪਰਿਵਾਰ-ਸਮੂਹ ਅਤੇ ਸਰੇਦਾਹ ਨਗਰ ਤੋਂ ਸੀ। ਉਸ ਦੀ ਮਾਂ ਦਾ ਨਾਉਂ ਸਰੂਆਹ ਸੀ ਅਤੇ ਉਹ ਵਿਧਵਾ ਸੀ। ਉਹ ਰਾਜੇ ਦਾ ਵੈਰੀ ਬਣ ਗਿਆ।
27ਇਹੀ ਕਹਾਣੀ ਸੀ ਕਿ ਯਾਰਾਬੁਆਮ, ਰਾਜੇ ਦੇ ਵਿਰੁੱਧ ਹੋਇਆ। ਉਸ ਦਾ ਕਾਰਣ ਇਹ ਸੀ ਕਿ ਸੁਲੇਮਾਨ ਨੇ ਮਿਲ੍ਲੋ ਬਣਾਇਆ ਅਤੇ ਆਪਣੇ ਪਿਤਾ ਦਾਊਦ ਦੇ ਸ਼ਹਿਰ ਦੀਆਂ ਤਰੇੜਾਂ ਦੀ ਮੁਰੰਮਤ ਕੀਤੀ।
28ਯਾਰਾਬੁਆਮ ਇੱਕ ਤਕੜਾ ਆਦਮੀ ਸੀ ਅਤੇ ਜਦੋਂ ਸੁਲੇਮਾਨ ਨੇ ਵੇਖਿਆ ਕਿ ਇਹ ਜਵਾਨ ਮਿਹਨਤੀ ਸੀ ਉਸਨੇ ਉਸਨੂੰ ਯੂਸੁਫ਼ ਦੇ ਪਰਿਵਾਰ-ਸਮੂਹ ਵਿਚਲੇ ਸਾਰੇ ਕਾਮਿਆਂ ਉੱਤੇ ਨਿਗਰਾਨ ਠਹਿਰਾ ਦਿੱਤਾ।
29ਇੱਕ ਦਿਨ ਇਉਂ ਹੋਇਆ ਕਿ ਉਸ ਵੇਲੇ ਜਦੋਂ ਯਾਰਾਬੁਆਮ ਯਰੂਸ਼ਲਮ ਤੋਂ ਬਾਹਰ ਨਿਕਲਿਆ ਤਦ ਅਰੀਯਾਹ ਨਬੀ ਸ਼ੀਲੋਨੀ ਉਸ ਨੂੰ ਰਸਤੇ ਵਿੱਚ ਮਿਲ ਪਿਆ, ਉਸਨੇ ਇੱਕ ਨਵੀਂ ਚਾਦਰ ਲਈ ਹੋਈ ਸੀ ਅਤੇ ਦੋਨੋ ਉੱਥੇ ਉਸ ਜਗ੍ਹਾ ਇਕੱਲੇ ਸਨ।
30ਤਾਂ ਅਹੀਯਾਹ ਨੇ ਉਸਦੀ ਨਵੀਂ ਚਾਦਰ ਨੂੰ ਜੋ ਉਸਨੇ ਆਪਣੇ ਉਪਰ ਲਈ ਹੋਈ ਸੀ ਫ਼ੜ ਕੇ 12 ਟੁਕੜਿਆਂ ਵਿੱਚ ਫ਼ਾੜ ਸੁਟਿਆ।
31ਤਦ ਅਹੀਯਾਹ ਨੇ ਯਾਰਾਬੁਆਮ ਨੂੰ ਆਖਿਆ, "ਇਸ ਲਬਾਦੇ ਦੇ ਦਸ ਟੁਕੜੇ ਤੂੰ ਆਪਣੇ ਲਈ ਰੱਖ ਲੈ ਕਿਉਂ ਕਿ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਇਉਂ ਫ਼ੁਰਮਾਉਂਦਾ ਹੈ, 'ਮੈਂ ਸੁਲੇਮਾਨ ਕੋਲੋਂ ਰਾਜ ਖੋਹ ਲਵਾਂਗਾ ਅਤੇ ਤੈਨੂੰ 10 ਪਰਿਵਾਰ-ਸਮੂਹ ਦੇ ਦੇਵਾਂਗਾ।
32ਪਰ ਮੇਰੇ ਸੇਵਕ ਦਾਊਦ ਅਤੇ ਯਰੂਸ਼ਲਮ ਦੇ ਕਾਰਣ ਜਿਸ ਸ਼ਹਿਰ ਨੂੰ ਮੈਂ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ ਚੁਣਿਆ ਹੈ, ਇੱਕ ਪਰਿਵਾਰ-ਸਮੂਹ ਉਸ ਦਾ ਰਹੇਗਾ।
33ਮੈਂ ਸੁਲੇਮਾਨ ਤੋਂ ਰਾਜ ਇਸ ਲਈ ਖੋਹ ਲਵਾਂਗਾ ਕਿਉਂ ਕਿ ਉਸਨੇ ਮੈਨੂੰ ਮੰਨਣਾ ਛੱਡ ਦਿੱਤਾ ਅਤੇ ਸੀਦੋਨ ਦੀ ਦੇਵੀ ਅਸ਼ਤਾਰੋਬ ਅਤੇ ਮੋਆਬ ਦੇ ਝੂਠੇ ਦੇਵਤੇ ਕਮੋਸ਼ ਤੇ ਅੰਮੋਨੀਆਂ ਦੇ ਝੂਠੇ ਦੇਵਤੇ ਮਿਲਕੋਮ ਦੀ ਉਪਾਸਨਾ ਕਰ ਰਿਹਾ ਹੈ। ਸੁਲੇਮਾਨ ਮੇਰੇ ਰਾਹਾਂ ਤੇ ਨਹੀਂ ਚਲਿਆਂ, ਉਸ ਨੇ ਮੇਰੇ ਕਨੂੰਨਾਂ ਅਤੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਅਤੇ ਆਪਣੇ ਪਿਤਾ ਦਾਊਦ ਵਾਂਗ ਸਹੀ ਆਚਰਣ ਨਹੀਂ ਕੀਤਾ।
34ਇਸ ਲਈ ਮੈਂ ਇਹ ਸਾਰਾ ਰਾਜ ਸੁਲੇਮਾਨ ਦੇ ਪਰਿਵਾਰ ਤੋਂ ਲਵਾਂਗਾ ਪਰ ਸੁਲੇਮਾਨ ਨੂੰ ਉਸਦੀ ਬਾਕੀ ਜ਼ਿੰਦਗੀ ਲਈ ਉਨ੍ਹਾਂ ਦਾ ਸ਼ਾਸਕ ਰਹਿਣ ਦੇਵਾਂਗਾ। ਇਹ ਸਭ ਮੈਂ ਆਪਣੇ ਦਾਸ ਦਾਊਦ ਕਾਰਣ ਕਰਾਂਗਾ। ਮੈਂ ਦਾਊਦ ਨੂੰ ਇਸ ਲਈ ਚੁਣਿਆ ਕਿਉਂ ਕਿ ਉਸਨੇ ਮੇਰੇ ਸਾਰੇ ਨੇਮਾਂ ਤੇ ਹੁਕਮਾਂ ਨੂੰ ਮੰਨਿਆ।
35ਪਰ ਹੁਣ ਮੈਂ ਇਹ ਰਾਜ ਉਸ ਦੇ ਪੁੱਤਰ ਕੋਲੋਂ ਖੋਹ ਲਵਾਂਗਾ। ਯਾਰਾਬੁਆਮ, ਮੈਂ ਤੈਨੂੰ ਦਸ ਘਰਾਣਿਆਂ ਉੱਤੇ ਸ਼ਾਸਨ ਕਰਨ ਦੇਵਾਂਗਾ।
36ਮੈਂ ਸੁਲੇਮਾਨ ਦੇ ਪੁੱਤਰ ਨੂੰ ਇੱਕ ਪਰਿਵਾਰ ਸਮੂਹ ਉੱਪਰ ਰਾਜ ਕਰਨ ਦੇਵਾਂਗਾ। ਮੈਂ ਅਜਿਹਾ ਇਸ ਲਈ ਕਰਾਂਗਾ ਤਾਂ ਜੋ ਮੇਰੇ ਸੇਵਕ ਦਾਊਦ ਦਾ ਇੱਕ ਉਤਰਾਧਿਕਾਰੀ ਹਮੇਸ਼ਾ ਮੇਰੇ ਸਾਮ੍ਹਣੇ ਯਰੂਸ਼ਲਮ ਵਿੱਚ ਰਾਜ ਕਰੇ, ਜਿਸ ਸ਼ਹਿਰ ਨੂੰ ਮੈਂ ਆਪਣੇ ਲਈ ਚੁਣਿਆ ਹੈ।
37ਪਰ ਤੂੰ ਮੇਰੇ ਦੁਆਰਾ ਚੁਣਿਆ ਗਿਆ ਹੈਂ, ਆਪਣੀ ਇੱਛਾ ਅਨੁਸਾਰ ਹਰ ਚੀਜ਼ ਤੇ ਰਾਜ ਕਰ। ਤੂੰ ਸਾਰੇ ਇਸਰਾਏਲ ਉੱਪਰ ਰਾਜ ਕਰੇਂਗਾ।
38ਇਹ ਸਭ ਕੁਝ ਮੈਂ ਤਾਂ ਹੀ ਕਰਾਂਗਾ ਜੇਕਰ ਤੂੰ ਮੇਰੀ ਨਿਗਾਹ ਵਿੱਚ ਧਰਮੀ ਰਹੇਁਗਾ ਅਤੇ ਮੇਰੇ ਹੁਕਮਾਂ ਨੂੰ ਮਂਨੇਗਾ। ਜੇਕਰ ਤੂੰ ਦਾਊਦ ਵਾਂਗ ਮੇਰੇ ਹੁਕਮਾਂ ਅਤੇ ਕਨੂੰਨਾਂ ਦੀ ਪਾਲਣਾ ਕਰੇਂਗਾ, ਤਾਂ ਮੈਂ ਤੇਰੇ ਅੰਗ-ਸੰਗ ਹੋਵਾਂਗਾ, ਅਤੇ ਮੈਂ ਤੈਨੂੰ ਇੱਕ ਕਦੇ ਨਾ ਖਤਮ ਹੋਣ ਵਾਲਾ ਖਾਨਦਾਨ ਦੇਵਾਂਗਾ ਜਿਵੇਂ ਕਿ ਮੈਂ ਦਾਊਦ ਲਈ ਕੀਤਾ ਸੀ। ਮੈਂ ਇਸਰਾਏਲ ਤੈਨੂੰ ਸੌਂਪ ਦੇਵਾਂਗਾ।
39ਸੁਲੇਮਾਨ ਦੀਆਂ ਕਰਨੀਆਂ ਕਾਰਣ, ਮੈਂ ਦਾਊਦ ਦੇ ਉਤਰਾਧਿਕਾਰੀਆਂ ਨੂੰ ਸਜ਼ਾ ਦੇਵਾਂਗਾ, ਪਰ ਮੈਂ ਹਮੇਸ਼ਾ ਲਈ ਉਨ੍ਹਾਂ ਨੂੰ ਸਜ਼ਾ ਨਹੀਂ ਦੇਵਾਂਗਾ।"'
40ਸੁਲੇਮਾਨ ਨੇ ਯਾਰਾਬੁਆਮ ਨੂੰ ਮਾਰਨਾ ਚਾਹਿਆ, ਪਰ ਯਾਰਾਬੁਆਮ ਮਿਸਰ ਦੇ ਰਾਜੇ ਸ਼ੀਸ਼ਕ ਕੋਲ ਭੱਜ ਗਿਆ ਅਤੇ ਸੁਲੇਮਾਨ ਦੀ ਮੌਤ ਤੀਕ ਓਥੇ ਹੀ ਰਿਹਾ।
41ਸੁਲੇਮਾਨ ਨੇ ਆਪਣੇ ਰਾਜ ਕਾਲ ਵਿੱਚ ਬਹੁਤ ਮਹਾਨ ਅਤੇ ਬੁਧ੍ਧੀ ਮਾਨ ਕਾਰਜ ਕੀਤੇ ਇਹ ਸਾਰੀ ਮਹਾਨਤਾ ਉਸਦੀ 'ਸੁਲੇਮਾਨ ਦਾ ਇਤਹਾਸ' ਨਾਮਕ ਪੋਥੀ ਵਿੱਚ ਦਰਜ ਹੈ।
42ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਪਰ 40 ਵਰ੍ਹੇ ਰਾਜ ਕੀਤਾ।
43ਫ਼ਿਰ ਸੁਲੇਮਾਨ ਦੀ ਮੌਤ ਹੋ ਗਈ ਅਤੇ ਉਸਨੂੰ ਉਸਦੇ ਪੁਰਖਿਆਂ ਨਾਲ ਦਫ਼ਨਾਇਆ ਗਿਆ। ਉਸਨੂੰ ਉਸਦੇ ਪਿਤਾ, ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਫ਼ਿਰ ਉਸਤੋਂ ਬਾਅਦ, ਉਸਦਾ ਪੁੱਤਰ ਰਹਬੁਆਮ ਰਾਜਾ ਬਣ ਗਿਆ।