Loading Bible Translation
First-time download in progress. This may take a few seconds…
Punjabi Bible Wordproject Bible
24 verses
1ਲੀਯਾਹ ਗਿਲਆਦ ਵਿੱਚ ਤਿਸ਼ਬੀ ਸ਼ਹਿਰ ਦਾ ਨਬੀ ਸੀ। ਏਲੀਯਾਹ ਨੇ ਅਹਾਬ ਪਾਤਸ਼ਾਹ ਨੂੰ ਆਖਿਆ, "ਮੈਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਸੇਵਕ ਹਾਂ। ਉਸਦੀ ਸ਼ਕਤੀ ਨਾਲ, ਮੈਂ ਇਕਰਾਰ ਕਰਦਾ ਹਾਂ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ, ਨਾ ਮੀਂਹ ਪਵੇਗਾ ਨਾ ਤ੍ਰੇਲ। ਮੀਂਹ ਉਦੋਂ ਹੀ ਪਵੇਗਾ ਜਦੋਂ ਮੈਂ ਹੁਕਮ ਦੇਵਾਂਗਾ।"
2ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ,
3"ਇਥੋਂ ਚਲੇ ਜਾ ਅਤੇ ਆਪਣਾ ਮੁਹਾਣਾ ਪੂਰਬ ਵੱਲ ਕਰ ਲੈ। ਆਪਣੇ ਆਪਨੂੰ ਕਰੀਬ ਦੇ ਨਾਲੇ ਕੋਲ ਜਿਹੜਾ ਕਿ ਯਰਦਨ ਦਰਿਆ ਦੇ ਪੂਰਬ ਵੱਲ ਹੈ ਲੁਕਾਅ ਲੈ।
4ਤੂੰ ਉਸ ਨਦੀ ਵਿੱਚੋਂ ਪਾਣੀ ਪੀ ਸਕਦਾ ਹੈਂ। ਮੈਂ ਪਹਾੜੀ ਕਾਵਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਉੱਥੇ ਤੈਨੂੰ ਭੋਜਨ ਪੁੱਜਦਾ ਕਰਨ।"
5ਸੋ ਏਲੀਯਾਹ ਨੇ ਉਹੀ ਕੁਝ ਕੀਤਾ ਜੋ ਕੁਝ ਯਹੋਵਾਹ ਨੇ ਉਸਨੂੰ ਕਰਨ ਨੂੰ ਕਿਹਾ। ਤਦ ਉਹ ਕਰੀਬ ਦੇ ਨਾਲੇ ਜੋ ਯਰਦਨ ਦਰਿਆ ਦੇ ਪੂਰਬ ਵੱਲ ਸੀ ਰਹਿਣ ਲੱਗਾ।
6ਪਹਾੜੀ ਕਾਂ ਹਰ ਰੋਜ਼ ਸਵੇਰੇ, ਸ਼ਾਮ ਉਸਨੂੰ ਭੋਜਨ ਪੁੱਜਦਾ ਕਰਦੇ ਅਤੇ ਏਲੀਯਾਹ ਉਸ ਨਦੀ ਵਿੱਚੋਂ ਪਾਣੀ ਪੀ ਲੈਂਦਾ।
7ਕੁਝ ਸਮੇਂ ਬਾਅਦ ਨਾਲਾ ਸੁੱਕ ਗਿਆ ਕਿਉਂ ਕਿ ਧਰਤੀ ਤੇ ਕੋਈ ਮੀਂਹ ਨਾ ਪਿਆ।
8ਤਦ ਯਹੋਵਾਹ ਨੇ ਏਲੀਯਾਹ ਨੂੰ ਕਿਹਾ,
9"ਉੱਠ ਅਤੇ ਸੀਦੋਨ ਦੇ ਸਾਰਫ਼ਬ ਨੂੰ ਚਲਾ ਜਾ ਅਤੇ ਉੱਥੇ ਜਾਕੇ ਟਿਕ ਜਾ। ਉੱਥੇ ਇੱਕ ਔਰਤ ਉਸ ਜਗ੍ਹਾ ਦੇ ਕਰੀਬ ਰਹਿੰਦੀ ਹੈ ਜਿਸਦਾ ਕਿ ਪਤੀ ਮਰ ਚੁੱਕਾ ਹੈ। ਮੈਂ ਉਸਨੂੰ ਹੁਕਮ ਕੀਤਾ ਹੈ ਤੇ ਉਹ ਤੈਨੂੰ ਭੋਜਨ ਦੇਵੇਗੀ।"
10ਤਾਂ ਏਲੀਯਾਹ ਸਾਰਫ਼ਬ ਨੂੰ ਚਲਾ ਗਿਆ। ਜਦੋਂ ਉਹ ਸ਼ਹਿਰ ਦੇ ਫ਼ਾਟਕ ਕੋਲ ਪੁਜਿਆ ਤਾਂ ਉਸਨੇ ਇੱਕ ਔਰਤ ਵੇਖੀ। ਉਸਦਾ ਪਤੀ ਮਰ ਚੁੱਕਾ ਸੀ। ਉਹ ਔਰਤ ਜੰਗਲ ਚੋ ਅੱਗ ਬਾਲਣ ਲਈ ਲੱਕੜ ਇਕੱਠੀ ਕਰ ਰਹੀ ਸੀ ਤਾਂ ਏਲੀਯਾਹ ਨੇ ਉਸਨੂੰ ਕਿਹਾ, "ਕੀ ਤੂੰ ਮੈਨੂੰ ਪਿਆਲੇ 'ਚ ਕੁਝ ਪਾਣੀ ਦੇ ਸਕਦੀ ਹੈਂ, ਤਾਂ ਜੋ ਮੈਂ ਆਪਣੀ ਪਿਆਸ ਮਿਟਾ ਲਵਾਂ?"
11ਜਦੋਂ ਔਰਤ ਉਸਨੂੰ ਪਾਣੀ ਦੇਣ ਲਗੀ ਤਾਂ ਏਲੀਯਾਹ ਨੇ ਕਿਹਾ, "ਕਿਰਪਾ ਕਰਕੇ ਮੇਰੇ ਲਈ ਇੱਕ ਰੋਟੀ ਦਾ ਟੁਕੜਾ ਵੀ ਲੈ ਆਵੀਁ!"
12ਉਸ ਔਰਤ ਨੇ ਕਿਹਾ, "ਮੈਂ ਯਹੋਵਾਹ ਤੇਰੇ ਪਰਮੇਸ਼ੁਰ ਅੱਗੇ ਸਹੁੰ ਖਾਕੇ ਕਹਿਂਦੀ ਹਾਂ ਕਿ ਮੇਰੇ ਕੋਲ ਤੈਨੂੰ, ਖਾਣ ਵਾਸਤੇ ਦੇਣ ਲਈ ਰੋਟੀ ਨਹੀਂ ਹੈ। ਸਿਰਫ਼ ਮਰਤਬਾਨ ਵਿੱਚ ਥੋੜਾ ਜਿਹਾ ਆਟਾ ਹੈ ਅਤੇ ਬੋਤਲ ਵਿੱਚ ਕੁਝ ਕਿ ਜੈਤੂਨ ਦਾ ਤੇਲ ਹੈ। ਮੈਂ ਇੱਥੇ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲਈ ਆਈ ਸਾਂ। ਫ਼ੇਰ ਮੈਂ ਘਰ ਨੂੰ ਜਾਕੇ ਮੇਰੇ ਅਤੇ ਮੇਰੇ ਪੁੱਤਰ ਲਈ ਆਖੀਰੀ ਭੋਜਨ ਤਿਆਰ ਕਰਾਂਗੀ। ਅਸੀਂ ਇਸਨੂੰ ਖਾਵਾਂਗੇ ਅਤੇ ਫ਼ੇਰ ਭੁੱਖ ਕਾਰਣ ਮਰ ਜਾਵਾਂਗੇ।"
13ਲੀਯਾਹ ਨੇ ਉਸ ਔਰਤ ਨੂੰ ਆਖਿਆ, "ਫ਼ਿਕਰ ਨਾ ਕਰ! ਜਿਵੇਂ ਤੂੰ ਕਿਹਾ ਹੈ ਇੰਝ ਹੀ ਘਰ ਜਾਕੇ ਆਪਣਾ ਭੋਜਨ ਤਿਆਰ ਕਰ। ਪਰ ਪਹਿਲਾਂ ਤੂੰ ਇੱਕ ਛੋਟੀ ਜਿਹੀ ਰੋਟੀ ਪਕਾ ਕੇ ਮੇਰੇ ਕੋਲ ਲਿਆ, ਉਸ ਤੋਂ ਬਾਅਦ ਹੀ ਆਪਣੇ ਅਤੇ ਆਪਣੇ ਪੁੱਤਰ ਵਾਸਤੇ ਪਕਾਵੀਁ।
14ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, 'ਉਹ ਆਟੇ ਵਾਲਾ ਮਰਤਬਾਨ ਕਦੇ ਵੀ ਖਾਲੀ ਨਾ ਹੋਵੇਗਾ ਤੇ ਤੇਰੀ ਬੋਤਲ ਵਿੱਚ ਹਮੇਸ਼ਾ ਤੇਲ ਭਰਿਆ ਰਹੇਗਾ। ਇਹ ਤਦ ਤੱਕ ਸਿਲਿਸਿਲਾ ਚੱਲਦਾ ਰਹੇਗਾ, ਜਦ ਤੀਕ ਯਹੋਵਾਹ ਇਸ ਧਰਤੀ ਤੇ ਮੀਂਹ ਨਹੀਂ ਪਾਉਂਦਾ।"'
15ਤਾਂ ਉਹ ਔਰਤ ਆਪਣੇ ਘਰ ਨੂੰ ਪਰਤੀ ਤੇ ਉਸਨੇ ਉਵੇਂ ਹੀ ਕੀਤਾ ਜਿਵੇਂ ਏਲੀਯਾਹ ਨੇ ਉਸਨੂੰ ਆਖਿਆ ਸੀ। ਇਉਂ ਏਲੀਯਾਹ, ਔਰਤ ਤੇ ਉਸਦਾ ਪੁੱਤਰ ਕਾਫ਼ੀ ਦਿਨਾਂ ਤੱਕ ਭੋਜਨ ਖਾਂਦੇ ਰਹੇ।
16ਆਟੇ ਵਾਲਾ ਭਾਂਡਾ ਅਤੇ ਤੇਲ ਵਾਲਾ ਕਦੇ ਵੀ ਖਾਲੀ ਨਾ ਹੋਇਆ। ਇਹ ਸਭ ਕੁਝ ਉਵੇਂ ਹੀ ਹੋਇਆ ਜਿਵੇਂ ਯਹੋਵਾਹ ਦਾ ਹੁਕਮ ਹੋਇਆ ਸੀ ਅਤੇ ਯਹੋਵਾਹ ਨੇ ਇਹ ਬਚਨ ਏਲੀਯਾਹ ਦੇ ਮੂੰਹੋਁ ਕਹੇ ਸਨ।
17ਕੁਝ ਸਮੇਂ ਬਾਅਦ ਔਰਤ ਦਾ ਪੁੱਤਰ ਬੀਮਾਰ ਪੈ ਗਿਆ। ਉਹ ਦਿਨੋ ਦਿਨੀ ਵਧੇਰੇ ਬੀਮਾਰ ਹੁੰਦਾ ਗਿਆ ਅਤੇ ਅਖੀਰੀ ਉਸ ਵਿੱਚ ਸਾਹ ਵੀ ਨਾ ਰਹੇ।
18ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, "ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?"
19ਲੀਯਾਹ ਨੇ ਕਿਹਾ, "ਆਪਣਾ ਪੁੱਤਰ ਮੈਨੂੰ ਦੇ!" ਏਲੀਯਾਹ ਨੇ ਉਸਤੋਂ ਉਸਦਾ ਪੁੱਤਰ ਲੈਕੇ ਉਸਨੂੰ ਪੌੜੀਆਂ ਚਢ਼ਕੇ ਉੱਪਰ ਲੈ ਗਿਆ। ਜਿਸ ਕਮਰੇ ਵਿੱਚ ਉਹ ਆਪ ਰਹਿੰਦਾ ਸੀ ਉਸਨੂੰ ਉੱਥੇ ਬਿਸਤਰ ਤੇ ਲੰਮਾ ਪਾ ਦਿੱਤਾ।
20ਫ਼ਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਹ ਵਿਧਵਾ ਔਰਤ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਰਹੀ ਹੈ, ਤੇ ਕੀ ਤੂੰ ਉਸ ਨਾਲ ਅਜਿਹੀ ਬਦਕਿਸਮਤੀ ਕਰੇਂਗਾ? ਕੀ ਤੂੰ ਚਾਹੇਁਗਾ ਕਿ ਉਸਦਾ ਪੁੱਤਰ ਮਰੇ?"
21ਫ਼ਿਰ ਏਲੀਯਾਹ ਨੇ ਤਿੰਨ ਵਾਰ ਆਪਣੇ ਆਪਨੂੰ ਮੁੰਡੇ ਉੱਪਰ ਪਸਾਰਿਆ ਤੇ ਪ੍ਰਾਰਥਨਾ ਕੀਤੀ, "ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਸ ਮੁੰਡੇ ਨੂੰ ਮੁੜ ਤੋਂ ਜੀਣ ਦੀ ਆਗਿਆ ਦੇ।"
22ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣੀ। ਮੁੰਡੇ ਨੇ ਮੁੜ ਤੋਂ ਸਾਹ ਲੈਣਾ ਸ਼ੁਰੂ ਕੀਤਾ। ਉਹ ਜਿਉਂ ਪਿਆ।
23ਲੀਯਾਹ ਮੁੰਡੇ ਨੂੰ ਹੇਠਾਂ ਲੈ ਆਇਆ। ਏਲੀਯਾਹ ਨੇ ਮੁੰਡਾ ਉਸਦੀ ਮਾਂ ਦੇ ਹਵਾਲੇ ਕੀਤਾ ਅਤੇ ਕਿਹਾ, "ਵੇਖ ਤੇਰਾ ਪੁੱਤਰ ਜਿਉਂਦਾ ਹੈ।"
24ਔਰਤ ਨੇ ਕਿਹਾ, "ਹੁਣ ਮੈਂ ਜਾਣ ਗਈ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਸੱਚ ਮੁੱਚ ਤੇਰੇ ਰਾਹੀਂ ਬੋਲਦਾ ਹੈ।"