Loading Bible Translation
First-time download in progress. This may take a few seconds…
Punjabi Bible Wordproject Bible
43 verses
1ਬਨ-ਹਦਦ ਅਰਾਮ ਦਾ ਪਾਤਸ਼ਾਹ ਸੀ। ਉਸਨੇ ਆਪਣੀ ਸਾਰੀ ਸੈਨਾ ਇਕੱਠੀ ਕੀਤੀ। ਉਸ ਨਾਲ 32 ਰਾਜੇ ਉਸ ਸੰਗ ਸਨ, ਜਿਨ੍ਹਾਂ ਕੋਲ ਘੋੜੇ ਅਤੇ ਰੱਥ ਵੀ ਸਨ। ਉਨ੍ਹਾਂ ਸਾਮਰਿਯਾ ਤੇ ਹਮਲਾ ਕੀਤਾ ਅਤੇ ਉਸਦੇ ਵਿਰੁੱਧ ਲੜੇ।
2ਰਾਜੇ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਕੋਲ ਸ਼ਹਿਰ ਅੰਦਰ ਸੰਦੇਸ਼ਵਾਹਕ ਭੇਜੇ।
3ਸੰਦੇਸ਼ ਇਹ ਸੀ ਕਿ, "ਬਨ-ਹਦਦ ਆਖਦਾ ਹੈ, 'ਤੂੰ ਆਪਣਾ ਚਾਂਦੀ-ਸੋਨਾ ਮੈਨੂੰ ਦੇ ਦੇ ਅਤੇ ਤੂੰ ਆਪਣੀਆਂ ਇਸਤ੍ਰੀਆਂ ਅਤੇ ਬੱਚੇ ਵੀ ਮੈਨੂੰ ਦੇ।"
4ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, "ਹੇ ਮੇਰੇ ਪਾਤਸ਼ਾਹ! ਮੇਰੇ ਸੁਆਮੀ। ਮੈਂ ਮੰਨਦਾ ਹਾਂ ਕਿ ਜੋ ਕੁਝ ਹੁਣ ਮੇਰਾ ਹੈ ਉਹ ਤੁਹਾਡਾ ਹੀ ਹੈ।"
5ਤਦ ਸੰਦੇਸ਼ਵਾਹਕ ਅਹਾਬ ਕੋਲ ਵਾਪਸ ਆ ਅਤੇ ਆਖਿਆ, "ਬਨ-ਹਦਦ ਆਖਦਾ ਹੈ, 'ਮੈਂ ਪਹਿਲਾਂ ਹੀ ਤੈਨੂੰ ਤੇਰੀ ਸਾਰੀ ਚਾਂਦੀ, ਸੋਨਾ, ਪਤਨੀਆਂ ਅਤੇ ਬੱਚੇ ਮੈਨੂੰ ਦੇਣ ਲਈ ਕਿਹਾ ਸੀ।
6ਪਰ ਹੁਣ ਮੈਂ ਕੱਲ ਇਸ ਵੇਲੇ ਆਪਣਿਆਂ ਅਫ਼ਸਰਾਂ ਨੂੰ ਤੇਰੇ ਕੋਲ ਭੇਜਾਂਗਾ ਤੇ ਉਹ ਤੇਰੇ ਮਹਿਲ ਅਤੇ ਤੇਰੇ ਸੇਵਕਾਂ ਤੇ ਅਫ਼ਸਰਾਂ ਦੇ ਘਰਾਂ ਦੀ ਤਲਾਸ਼ੀ ਲੈਣਗੇ ਅਤੇ ਜੋ ਕੁਝ ਵੀ ਤੇਰੀ ਨਜ਼ਰ ਵਿੱਚ ਵਧੀਆਂ ਹੈ ਉਹ ਆਪਣੇ ਹੱਥਾਂ ਵਿੱਚ ਚੁੱਕ ਕੇ ਮੇਰੇ ਕੋਲ ਲੈ ਆਉਣਗੇ।"
7ਤਾਂ ਅਹਾਬ ਪਾਤਸ਼ਾਹ ਨੇ ਦੇਸ ਦੇ ਸਾਰੇ ਬਜ਼ੁਰਗਾਂ ਦੀ ਇੱਕ ਸਭਾ ਬੁਲਾਈ ਅਤੇ ਆਖਿਆ, "ਵੇਖੋ, ਬਨ-ਹਦਦ ਸਾਨੂੰ ਨੁਕਸਾਨ ਪਹੁੰਚਾਉਣਾ ਚਾਹ ਰਿਹਾ ਹੈ! ਉਸਨੇ ਮੈਥੋਂ ਮੇਰੀਆਂ ਪਤਨੀਆਂ, ਮੇਰੇ ਬੱਚੇ ਤੇ ਮੇਰਾ ਸੋਨਾ-ਚਾਂਦੀ ਮੰਗਿਆ ਹੈ, ਅਤੇ ਮੈਂ ਉਸਨੂੰ ਮਨ੍ਹਾ ਨਹੀਂ ਕੀਤਾ। ਹੁਣ ਉਹ ਮੇਰੀ ਹਰ ਵਸਤ੍ਰ ਹਬਿਆਉਣਾ ਚਾਹੁੰਦਾ ਹੈ।"
8ਪਰ ਅੱਗੋਂ ਸਾਰੇ ਬਜ਼ੁਰਗਾਂ ਨੇ ਤੇ ਸਾਰੇ ਲੋਕਾਂ ਨੇ ਆਖਿਆ, "ਉਸ ਦੀ ਨਾ ਸੁਣੋ! ਉਸਦਾ ਕਹਿਣਾ ਨਾ ਮੰਨੋ।"
9ਤਾਂ ਅਹਾਬ ਨੇ ਬਨ-ਹਦਦ ਨੂੰ ਇਹ ਕਹਿਂਦਿਆਂ ਸੁਨਿਹਾ ਭੇਜਿਆ, "ਤੂੰ ਜੋ ਪਹਿਲਾਂ ਕਿਹਾ ਸੀ ਮੈਂ ਉਹੀ ਕਰਾਂਗਾ, ਪਰ ਮੈਂ ਤੇਰਾ ਦੂਸਰਾ ਆਦੇਸ਼ ਨਹੀਂ ਮੰਨ ਸਕਦਾ।"ਬਨ-ਹਦਦ ਦੇ ਆਦਮੀਆਂ ਨੇ ਇਹ ਸੁਨਿਹਾ ਪਾਤਸ਼ਾਹ ਨੂੰ ਦਿੱਤਾ।
10ਤਾਂ ਫ਼ਿਰ ਉਹ ਬਨ-ਹਦਦ ਤੋਂ ਇਹ ਕਹਿਂਦਿਆਂ ਇੱਕ ਹੋਰ ਸੁਨਿਹਾ ਲੈਕੈ ਆਏ, "ਮੈਂ ਸਾਮਰਿਯਾ ਨੂੰ ਬਿਲਕੁਲ ਤਬਾਹ ਕਰ ਦੇਵਾਂਗਾ। ਮੈਂ ਇਕਰਾਰ ਕਰਦਾ ਹਾਂ ਕਿ ਇਸ ਜਗ੍ਹਾ ਤੇ ਕੁਝ ਵੀ ਨਹੀਂ ਬਚੇਗਾ! ਇੱਥੇ ਮੇਰੇ ਆਦਮੀਆਂ ਦੇ ਉਨ੍ਹਾਂ ਦੇ ਘਰਾਂ ਨੂੰ ਇੱਕ ਨਿਸ਼ਾਨੀ ਵਜੋਂ ਲਿਜਾਣ ਲਈ ਵੀ ਕਾਫ਼ੀ ਨਹੀਂ ਬਚੇਗਾ।"
11ਜਵਾਬ 'ਚ ਰਾਜੇ ਆਹਾਬ ਨੇ ਆਖਿਆ, "ਬਨ-ਹਦਦ ਨੂੰ ਆਖੋ ਕਿ ਸਿਪਾਹੀ ਜੰਗ ਤੋਂ ਬਾਅਦ ਸ਼ੇਖੀ ਮਾਰਦੇ ਹਨ ਪਹਿਲਾਂ ਨਹੀਂ।"
12ਜਦੋਂ ਬਨ-ਹਦਦ ਪਾਤਸ਼ਾਹ ਦੂਜੇ ਰਾਜਿਆਂ ਨਾਲ ਆਪਣੇ ਤੰਬੂ ਵਿੱਚ ਮੈਅ ਪੀ ਰਿਹਾ ਸੀ, ਤਾਂ ਸੰਦੇਸ਼ਵਾਹਕ ਨੇ ਆਕੇ ਉਸਨੂੰ ਪਾਤਸ਼ਾਹ ਆਹਾਬ ਦਾ ਸੰਦੇਸ਼ ਦਿੱਤਾ। ਬਨ-ਹਦਦ ਪਾਤਸ਼ਾਹ ਨੇ ਸ਼ਹਿਰ ਉੱਤੇ ਹਮਲਾ ਕਰਨ ਲਈ ਆਪਣੇ ਆਦਮੀਆਂ ਨੂੰ ਤਿਆਰੀ ਕਰਨ ਲਈ ਆਖਿਆ। ਇਹ ਸੁਣ ਕੇ, ਉਸਦੇ ਆਦਮੀ ਸ਼ਹਿਰ ਵੱਲ ਅੱਗੇ ਵਧ੍ਧਣ ਲੱਗੇ।
13ਉਸੀ ਵਕਤ ਇੱਕ ਨਬੀ ਅਹਾਬ ਪਾਤਸ਼ਾਹ ਕੋਲ ਗਿਆ ਅਤੇ ਕਿਹਾ, "ਹੇ ਅਹਾਬ ਪਾਤਸ਼ਾਹ! ਯਹੋਵਾਹ ਇਉਂ ਫ਼ਰਮਾਉਂਦਾ ਹੈ ਕਿ, ਕੀ ਤੂੰ ਇਹ ਵੱਡਾ ਸਾਰਾ ਦਲ ਵੇਖਿਆ ਹੈ? ਵੇਖ! ਇਸਨੂੰ ਮੈਂ ਅੱਜ ਤੇਰੇ ਹੱਥ ਕਰ ਦੇਵਾਂਗਾ। ਤੂੰ ਅੱਜ ਇਨ੍ਹਾਂ ਨੂੰ ਹਾਰ ਦੇਵੇਂਗਾ ਤਾਂ ਤੂੰ ਜਾਣ ਜਾਵੇਂਗਾ ਕਿ ਮੈਂ ਯਹੋਵਾਹ ਹਾਂ।"
14ਅਹਾਬ ਨੇ ਆਖਿਆ, "ਕਿਸ ਦੇ ਰਾਹੀਂ ਤੂੰ ਉਨ੍ਹਾਂ ਨੂੰ ਹਰਾਵੇਂਗਾ?"ਨਬੀ ਨੇ ਜਵਾਬ ਦਿੱਤਾ, "ਯਹੋਵਾਹ ਇਉਂ ਫ਼ਰਮਾਉਂਦਾ ਹੈ, ਸਰਕਾਰੀ ਅਫ਼ਸਰਾਂ ਦੇ ਜਵਾਨ ਸਹਾਇਕਾਂ ਰਾਹੀਂ।"ਤਾਂ ਫ਼ਿਰ ਉਸ ਨੇ ਪੁਛਿਆ, "ਕ੍ਕੌਣ ਮੁੱਖ ਸੈਨਾ ਨੂੰ ਹੁਕਮ ਦੇਵੇਗਾ ਅਤੇ ਯੁੱਧ ਕਰੇਗਾ?"ਨਬੀ ਨੇ ਕਿਹਾ, "ਤੂੰ ਜੰਗ ਸੁਰੂ ਕਰੇਂਗਾ!"
15ਤਾਂ ਅਹਾਬ ਨੇ ਜਵਾਨ ਮਦਦਗਾਰ ਜਿਹੜੇ ਸਰਕਾਰੀ ਅਫ਼ਸਰ ਸਨ ਉਨ੍ਹਾਂ ਨੂੰ ਇਕਠਿਆਂ ਕੀਤਾ। ਇਹ 232 ਨੌਜੁਆਨ ਸਨ। ਫ਼ਿਰ ਪਾਤਸ਼ਾਹ ਨੇ ਇਸਰਾਏਲ ਦੀ ਸਾਰੀ ਸੈਨਾ ਨੂੰ ਇਕੱਤਰ ਕੀਤਾ ਜੋ ਕਿ ਕੁਲ ਸਂਖਿਆ ਵਿੱਚ 7,000 ਸੀ।
16ਦੁਪਿਹਰ ਵੇਲੇ ਜਦੋਂ ਬਨ-ਹਦਦ ਅਤੇ 32 ਹੋਰ ਰਾਜੇ ਜਿਹੜੇ ਉਸ ਦੇ ਨਾਲ ਜੁੜੇ ਹੋਏ ਸਨ ਆਪਣੇ ਤੰਬੂਆਂ ਵਿੱਚ ਸ਼ਰਾਬੀ ਹੋਏ ਪਏ ਸਨ, ਅਹਾਬ ਪਾਤਸ਼ਾਹ ਨੇ ਆਪਣਾ ਹਮਲਾ ਸ਼ੁਰੂ ਕੀਤਾ।
17ਨੌਜੁਆਨਾਂ ਨੇ ਪਹਿਲਾਂ ਹਮਲਾ ਸ਼ੁਰੂ ਕੀਤਾ ਤਾਂ ਬਨ-ਹਦਦ ਪਾਤਸ਼ਾਹ ਨੇ ਆਦਮੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸਨੂੰ ਦੱਸਿਆ ਕਿ ਮ੍ਮਨੁੱਖ ਸਾਮਰਿਯਾ ਤੋਂ ਨਿਕਲੇ ਹਨ।
18ਤਾਂ ਬਨ-ਹਦਦ ਨੇ ਕਿਹਾ, "ਭਾਵੇਂ ਉਹ ਸੁਲਾਹ ਲਈ ਨਿਕਲੇ ਹੋਣ ਭਾਵੇਂ ਲੜਾਈ ਲਈ, ਉਨ੍ਹਾਂ ਨੂੰ ਜਿਉਂਦੇ ਫ਼ੜ ਲਵੋ।"
19ਅਹਾਬ ਪਾਤਸ਼ਾਹ ਦੇ ਨੌਜੁਆਨ ਸਰਦਾਰ ਇਸ ਜੰਗ ਦੇ ਆਗੂ ਸਨ ਜਿਨ੍ਹਾਂ ਦੇ ਇਸਰਾਏਲੀ ਲੋਕ ਮਗਰ ਸਨ।
20ਹਰ ਇਸਰਾਏਲੀ ਬੰਦੇ ਨੇ ਆਪਣੇ ਵੈਰੀ ਨੂੰ ਵੱਢ ਸੁਟਿਆ ਜਿਸ੍ਸ ਨਾਲ ਅਰਾਮੀ ਲੋਕ ਭੱਜ ਨਿਕਲੇ। ਇਸਰਾਏਲੀ ਸੈਨਾ ਨੇ ਉਨ੍ਹਾਂ ਦਾ ਪਿੱਛਾ ਕੀਤਾ। ਅਰਾਮ ਦਾ ਰਾਜਾ ਬਨ-ਹਦਦ ਇੱਕ ਘੋੜੇ ਅਤੇ ਆਪਣੇ ਕੁਝ ਘੋੜ-ਸਵਾਰ ਸਿਪਾਹੀਆਂ ਨਾਲ ਬਚ ਨਿਕਲਿਆ।
21ਇਸਰਾਏਲ ਦਾ ਰਾਜਾ ਬਾਹਰ ਆਇਆ ਅਤੇ ਘੋੜਿਆਂ ਅਤੇ ਰੱਥਾਂ ਉੱਤੇ ਹਮਲਾ ਕਰ ਦਿੱਤਾ। ਇਸ ਤਰ੍ਹਾਂ ਰਾਜੇ ਆਹਾਬ ਨੇ ਅਰਾਮੀ ਸੈਨਾ ਨੂੰ ਵੱਡੀ ਹਾਰ ਦਿੱਤੀ।
22ਤਾਂ ਫੇਰ ਨਬੀ ਅਹਾਬ ਪਾਤਸ਼ਾਹ ਕੋਲ ਗਿਆ ਅਤੇ ਕਿਹਾ, "ਅਰਾਮ ਦਾ ਪਾਤਸ਼ਾਹ ਬਨ-ਹਦਦ ਅਹਾਲੀ ਬਹਾਰ ਫ਼ਿਰ ਤੇਰੇ ਉੱਪਰ ਹਮਲਾ ਕਰਨ ਲਈ ਆਵੇਗਾ ਇਸ ਲਈ ਤੈਨੂੰ ਹੁਣ ਵਾਪਸ ਪਰਤ ਕੇ ਆਪਣੀ ਸੈਨਾ ਹੋਰ ਤਕੜੀ ਕਰਨੀ ਚਾਹੀਦੀ ਹੈ ਅਤੇ ਉਸਤੋਂ ਬਚਣ ਦੀਆਂ ਸਤਰਕ ਵਿਉਂਤਾ ਬਨਾਉਣੀਆਂ ਚਾਹੀਦੀਆਂ ਹਨ।"
23ਅਰਾਮ ਦੇ ਰਾਜੇ ਦੇ ਸੇਵਕਾਂ ਨੇ ਉਸਨੂੰ ਆਖਿਆ, "ਉਨ੍ਹਾਂ ਦਾ ਦੇਵਤਾ, ਪਰਬਤਾਂ ਦਾ ਦੇਵਤਾ ਹੈ, ਇਸੇ ਲਈ ਉਹ ਸਾਡੇ ਨਾਲੋਂ ਵਧ ਤਕੜੇ ਹਨ ਕਿਉਂ ਜੁ ਅਸੀਂ ਪਹਾੜੀ ਖੇਤਰ ਵਿੱਚ ਉਨ੍ਹਾਂ ਨਾਲ ਲੜੇ ਹਾਂ, ਇਸ ਲਈ ਉਹ ਸਾਡੇ ਖਿਲਾਫ਼ ਜਿੱਤ ਗਏ। ਸਾਨੂੰ ਉਨ੍ਹਾਂ ਨਾਲ ਪਧ੍ਧਰੇ ਮੈਦਾਨ ਵਿੱਚ ਲੜਨਾ ਚਾਹੀਦਾ ਹੈ, ਫ਼ਿਰ ਜਿੱਤ ਅਵੱਸ਼ ਸਾਡੀ ਹੋਵੇਗੀ।
24ਪਰ ਇੱਕ ਕੰਮ ਇਹ ਕਰੋ ਕਿ 32 ਰਾਜਿਆਂ ਦੀ ਬਜਾਇ ਉਨ੍ਹਾਂ ਦੀ ਬਾਵੇਂ ਸੂਬੇਦਾਰਾਂ ਨੂੰ ਸੈਨਾ ਦਾ ਨੇਤਰਿਤਵ ਕਰਨ ਦੇਵੋ।
25"ਤਬਾਹ ਹੋਈ ਸੈਨਾ ਵਰਗੀ ਇੱਕ ਹੋਰ ਸੈਨਾ ਇਕੱਠੀ ਕਰੋ। ਉਸੇ ਤਰ੍ਹਾਂ, ਘੋੜੇ ਤੇ ਰੱਥ ਇਕੱਤਰ ਕਰੋ ਤੇ ਫ਼ਿਰ ਪਧ੍ਧਰੇ ਮੈਦਾਨ ਵਿੱਚ ਇਸਰਾਏਲੀਆਂ ਦੇ ਖਿਲਾਫ ਜੰਗ ਸ਼ੁਰੂ ਕਰੋ, ਫ਼ਿਰ ਅਸੀਂ ਜ਼ਰੂਰ ਜੇਤੂ ਹੋਵਾਂਗੇ।" ਬਨ-ਹਦਦ ਨੇ ਉਨ੍ਹਾਂ ਦੇ ਸੁਝਾਅ ਨੂੰ ਮੰਨਿਆ ਅਤੇ ਉਨ੍ਹਾਂ ਦੇ ਕਹੇ ਅਨੁਸਾਰ ਹੀ ਕੀਤਾ।
26ਫੇਰ, ਅਗਲੀ ਬਸੰਤ ਵਿੱਚ ਬਨ-ਹਦਦ ਨੇ ਅਰਾਮ ਦੇ ਸਾਰੇ ਲੋਕਾਂ ਨੂੰ ਇਕਠਿਆਂ ਇੱਕਤ੍ਤਰ ਕੀਤਾ ਅਤੇ ਇਸਰਾਏਲ ਨਾਲ ਲੜਨ ਲਈ ਸਫ਼ੋਕ ਨੂੰ ਵਾਪਸ ਚਲੇ ਗਏ।
27ਇਸਰਾਏਲੀ ਵੀ ਜੰਗ ਲਈ ਤਿਆਰ ਹੋਏ। ਜਦੋਂ ਉਹ ਅਰਾਮੀਆਂ ਦਾ ਸਾਮ੍ਹਣਾ ਕਰਨ ਨਿਕਲੇ ਤਾਂ ਇਸਰਾਏਲੀਆਂ ਨੇ ਉਨ੍ਹਾਂ ਦੇ ਸਾਮ੍ਹਣੇ ਡੇਰੇ ਲਾ ਲੇ। ਵੈਰੀਆਂ ਦੇ ਸਾਮ੍ਹਣੇ ਇਸਰਾਏਲੀ ਇਉਂ ਜਾਪਦੇ ਸਨ ਜਿਵੇਂ ਪਠੋਰਿਆਂ ਦੇ ਦੋ ਛੋਟੇ ਜਿਹੇ ਇੱਜੜ ਹੋਣ ਜਦ ਕਿ ਅਰਾਮੀਆਂ ਨਾਲ ਦੇਸ ਭਰ ਗਿਆ ਸੀ।
28ਤਾਂ ਪਰਮੇਸ਼ੁਰ ਦਾ ਇੱਕ ਮਨੁੱਖ ਆਇਆ ਅਤੇ ਇਸਰਾਏਲ ਦੇ ਰਾਜੇ ਨੂੰ ਆਖਿਆ, "ਯਹੋਵਾਹ ਆਖਦਾ ਹੈ, 'ਅਰਾਮੀਆਂ ਨੇ ਆਖਿਆ ਹੈ ਕਿ ਮੈਂ ਯਹੋਵਾਹ, ਪਰਬਤਾਂ ਦਾ ਪਰਮੇਸ਼ੁਰ ਹਾਂ ਪਰ ਵਾਦੀਆਂ ਦਾ ਪਰਮੇਸ਼ੁਰ ਨਹੀਂ ਹਾਂ। ਇਸ ਲਈ ਮੈਂ ਇਸ ਵੱਡੀ ਸੈਨਾ ਨੂੰ ਤੇਰੇ ਹੱਥੋਂ ਹਰਾਵਾਂਗਾ ਤਾਂ ਜੋ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।"'
29ਸੋ ਉਨ੍ਹਾਂ ਨੇ ਸੱਤਾਂ ਦਿਨਾਂ ਲਈ ਇੱਕ ਦੂਜੇ ਦੇ ਸਾਮ੍ਹਣੇ ਡੇਰੇ ਲਾਏ। ਸੱਤਵੇਂ ਦਿਨ ਜੰਗ ਸ਼ੁਰੂ ਹੋ ਗਈ ਅਤੇ ਇਸਰਾਏਲੀਆਂ ਨੇ ਉਸੇ ਦਿਨ ਅਰਾਮ ਦੇ 10,000 ਪੈਦਲ ਸਿਪਾਹੀਆਂ ਨੂੰ ਮਾਰ ਦਿੱਤਾ।
30ਬਾਕੀ ਬਚੇ ਖੁਚੇ ਆਦਮੀ ਅਫ਼ੋਕ ਦੇ ਸ਼ਹਿਰ ਨੂੰ ਭੱਜ ਗਏ ਅਤੇ 27,000 ਸਿਪਾਹੀਆਂ ਉੱਪਰ ਸ਼ਹਿਰ ਦੀ ਕੰਧ ਡਿੱਗ ਪਈ। ਬਨ-ਹਦਦ ਵੀ ਸ਼ਹਿਰ ਨੂੰ ਭੱਜ ਗਿਆ ਅਤੇ ਇੱਕ ਅੰਦਰਲੇ ਕਮਰੇ ਵਿੱਚ ਲੁਕ ਗਿਆ।
31ਤਾਂ ਉਸਦੇ ਸੇਵਕਾਂ ਨੇ ਉਸਨੂੰ ਕਿਹਾ, "ਵੇਖੋ! ਅਸੀਂ ਸੁਣਿਆ ਹੈ ਕਿ ਇਸਰਾਏਲ ਦੇ ਰਾਜੇ ਕਿਰਪਾਲੂ ਹੁੰਦੇ ਹਨ। ਜੇਕਰ ਅਸੀਂ ਆਪਣੇ ਉੱਪਰ ਤਪ੍ਪੜ ਪਾਕੇ ਅਤੇ ਆਪਣੇ ਸਿਰਾਂ ਉੱਪਰ ਰਸੀਆਂ ਲਪੇਟ ਕੇ- ਇਸਰਾਏਲ ਦੇ ਪਾਤਸ਼ਾਹ ਕੋਲ ਜਾਈਏ, ਤਾਂ ਹੋ ਸਕਦਾ ਉਹ ਸਾਨੂੰ ਖਿਮਾ ਕਰ ਦੇਵੇ ਅਤੇ ਸਾਨੂੰ ਜਿਉਣ ਦੇਵੇ।"
32ਤਾਂ ਉਨ੍ਹਾਂ ਨੇ ਆਪਣੇ ਲੋਕਾਂ ਦੇ ਸਿਰਾਂ ਉੱਪਰ ਰਸੀਆਂ ਲਪੇਟ ਲਈਆਂ ਅਤੇ ਤਪ੍ਪੜ ਪਾ ਲੇ ਅਤੇ ਇਸਰਾਏਲ ਦੇ ਪਾਤਸ਼ਾਹ ਕੋਲ ਆਏ ਅਤੇ ਕਿਹਾ, "ਤੇਰਾ ਸੇਵਕ, ਬਨ-ਹਦਦ ਅਰਜ ਕਰਦਾ ਹੈ ਕਿ ਕਿਰਪਾ ਕਰਕੇ ਸਾਡੀ ਜਾਨ ਬਖਸ਼।"
33ਬਨ-ਹਦਦ ਦੇ ਆਦਮੀਆਂ ਨੇ ਅਹਾਬ ਦੇ ਸ਼ਬਦਾਂ ਵਿੱਚ ਕੁਝ ਸੁਰਾਗ ਸੁਣਕੇ ਇਹ ਪ੍ਰਪੱਕ ਕਰਨ ਦੀ ਆਸ ਕੀਤੀ ਕਿ ਉਹ ਬਨ-ਹਦਦ ਨੂੰ ਨਹੀਂ ਮਾਰੇਗਾ। ਇਸ ਲਈ ਜਦੋਂ ਆਹਾਬ ਨੇ ਬਨ-ਹਦਦ ਨੂੰ ਆਪਣਾ ਭਰਾ ਆਖਿਆ, ਉਨ੍ਹਾਂ ਨੇ ਝੁਟ੍ਟ ਕਿਹਾ, "ਹਾਂ! ਬਨ-ਹਦਦ ਤੇਰਾ ਭਰਾ ਹੈ।"ਅਹਾਬ ਨੇ ਆਖਿਆ, "ਉਸਨੂੰ ਮੇਰੇ ਕੋਲ ਲੈ ਆਓ।" ਤਾਂ ਬਨ-ਹਦਦ ਉਸ ਕੋਲ ਆਇਆ ਤਾਂ ਅਹਾਬ ਪਾਤਸ਼ਾਹ ਨੇ ਉਸਨੂੰ ਆਪਣੇ ਨਾਲ ਰੱਥ ਉੱਤੇ ਬਿਠਾ ਲਿਆ।
34ਬਨ-ਹਦਦ ਨੇ ਉਸਨੂੰ ਕਿਹਾ, "ਅਹਾਬ, ਜਿਹੜੇ ਸ਼ਹਿਰ ਮੇਰੇ ਪਿਤਾ ਨੇ ਤੇਰੇ ਪਿਤਾ ਤੋਂ ਖੋਹੇ ਸਨ, ਮੈਂ ਤੈਨੂੰ ਵਾਪਸ ਕਰ ਦੇਵਾਂਗਾ। ਤੂੰ ਆਪਣੇ ਲਈ ਦੰਮਿਸਕ ਵਿੱਚ ਬਜ਼ਾਰ ਬਣਾ ਸਕਦਾ ਹੈਂ ਜਿਵੇਂ ਕਿ ਮੇਰੇ ਪਿਤਾ ਨੇ ਸਾਮਰਿਯਾ ਵਿੱਚ ਕੀਤਾ ਸੀ।"ਤੱਦ ਅਹਾਬ ਨੇ ਆਖਿਆ, "ਮੈਂ ਤੈਨੂੰ ਤੇਰੇ ਇਕਰਾਰ ਤੇ ਆਜ਼ਾਦ ਕਰ ਦੇਵਾਂਗਾ ਜੇਕਰ ਜੋ ਕੁਝ ਵੀ ਤੂੰ ਆਖਿਆ ਕੀਤਾ ਜਾਵੇਗਾ।" ਸੋ ਦੋਨਾਂ ਪਾਤਸ਼ਾਹਾਂ ਵਿੱਚ ਸ਼ਾਂਤੀ ਦਾ ਇਕਰਾਰਨਾਮਾ ਹੋਇਆ ਅਤੇ ਅਹਾਬ ਪਾਤਸ਼ਾਹ ਨੇ ਬਨ-ਹਦਦ ਨੂੰ ਆਜ਼ਾਦ ਕਰ ਦਿੱਤਾ।ਇੱਕ ਨਬੀ ਦਾ ਅਹਾਬ ਦੇ ਵਿਰੁੱਧ ਬੋਲਣਾ
35ਨਬੀਆਂ ਵਿੱਚੋਂ ਇੱਕ ਨਬੀ ਨੇ ਦੂਜੇ ਨੂੰ ਕਿਹਾ, "ਮੈਨੂੰ ਧੱਕਾ ਦੇ!" ਉਸਨੇ ਇਹ ਇਸ ਲਈ ਕਿਹਾ ਕਿਉਂ ਕਿ ਉਸਨੇ ਇਹ ਯਹੋਵਾਹ ਨੇ ਹੁਕਮ ਕੀਤਾ ਸੀ ਪਰ ਦੂਜੇ ਨਬੀ ਨੇ ਉਸਨੂੰ ਧੱਕਾ ਦੇਣ ਤੋਂ ਇਨਕਾਰ ਕੀਤਾ।
36ਤਾਂ ਪਹਿਲੇ ਨਬੀ ਨੇ ਕਿਹਾ, "ਤੂੰ ਯਹੋਵਾਹ ਦਾ ਆਦੇਸ਼ ਨਹੀਂ ਮੰਨਿਆ, ਇਸ ਲਈ ਜਦੋਂ ਤੂੰ ਇਥੋਂ ਜਾਵੇਂਗਾ, ਇੱਕ ਸ਼ੇਰ ਤੈਨੂੰ ਮਾਰ ਦੇਵੇਗਾ। ਅਤੇ ਦੂਸਰਾ ਨਬੀ ਉਸ ਥਾਂ ਤੋਂ ਤੁਰ ਪਿਆ ਅਤੇ ਇੱਕ ਸ਼ੇਰ ਨੇ ਉਸ ਨੂੰ ਮਾਰ ਦਿੱਤਾ।"
37ਪਹਿਲਾ ਨਬੀ ਦੂਜੇ ਆਦਮੀ ਕੋਲ ਗਿਆ ਅਤੇ ਜਾਕੇ ਕਹਿਣ ਲੱਗਾ, "ਮੈਨੂੰ ਧੱਕਾ ਦੇ।"ਇਸ ਮਨੁੱਖ ਨੇ ਨਬੀ ਨੂੰ ਧੱਕਾ ਦੇ ਕੇ ਉਸਨੂੰ ਘਾਇਲ ਕੀਤਾ।
38ਤਾਂ ਨਬੀ ਨੇ ਆਪਣਾ ਮੂੰਹ ਕੱਪੜੇ ਨਾਲ ਲਪੇਟਿਆ। ਇਉਂ ਕੋਈ ਵੀ ਉਸਨੂੰ ਪਛਾਣ ਨਾ ਸਕਿਆ ਕਿ ਉਹ ਕੌਣ ਹੈ? ਤਾਂ ਉਹ ਨਬੀ ਇਉਂ ਉਥੋਂ ਚਲਾ ਗਿਆ ਅਤੇ ਸੜਕ ਕੰਢੇ ਪਾਤਸ਼ਾਹ ਦਾ ਇੰਤਜ਼ਾਰ ਕਰਨ ਲੱਗਾ।
39ਜਦੋਂ ਪਾਤਸ਼ਾਹ ਉੱਥੇ ਆਇਆ, ਨਬੀ ਨੇ ਉਸਨੂੰ ਕਿਹਾ, "ਮੈਂ ਯੁੱਧ ਵਿੱਚ ਲੜਨ ਲਈ ਗਿਆ ਸੀ ਤੇ ਸਾਡੇ ਆਦਮੀਆਂ ਵਿੱਚੋਂ ਇੱਕ ਜਣਾ ਦੁਸਮਣਾਂ ਦੇ ਸਿਪਾਹੀ ਨੂੰ ਮੇਰੇ ਕੋਲ ਲਿਆਇਆ ਅਤੇ ਆਖਿਆ, 'ਇਸਦੀ ਰੱਖਿਆ ਕਰ। ਜੇਕਰ ਇਹ ਭੱਜ ਗਿਆ, ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਜਾਂ ਇਸ ਬਦਲੇ ਹਰਜਾਨੇ ਵਜੋਂ ਤੈਨੂੰ 34 ਕਿਲੋ ਚਾਂਦੀ ਦੇਣੀ ਪਵੇਗੀ।'
40ਪਰ ਮੈਂ ਹੋਰ ਕੰਮਾਂ ਵਿੱਚ ਜਦੋਂ ਰੁਝ੍ਝ ਗਿਆ ਤਾਂ ਉਹ ਆਦਮੀ ਭੱਜ ਗਿਆ।"ਇਸਰਾਏਲ ਦੇ ਪਾਤਸ਼ਾਹ ਨੇ ਆਖਿਆ, "ਤੂੰ ਆਖ ਰਿਹਾ ਹੈਂ ਕਿ ਉਸ ਆਦਮੀ ਦੇ ਭੱਜਣ ਕਾਰਣ ਤੂੰ ਆਪਣੇ-ਆਪਨੂੰ ਦੋਸ਼ੀ ਠਹਿਰਾਉਂਦਾ ਹੈਂ? ਤਾਂ ਇਸਰਾਏਲ ਦੇ ਪਾਤਸ਼ਾਹ ਨੇ ਜਵਾਬ ਦਿੱਤਾ: ਤੇਰੇ ਆਪਣੇ ਹੀ ਸ਼ਬਦ ਤੇਰੀ ਰਾਇ ਪ੍ਰਗਟ ਕਰਦੇ ਹਨ।"
41ਤਾਂ ਨਬੀ ਨੇ ਆਪਣੇ ਮੂੰਹ ਤੋਂ ਕੱਪੜੇ ਨੂੰ ਉਤਾਰਿਆ ਅਤੇ ਇਸਰਾਏਲ ਦੇ ਪਾਤਸ਼ਾਹ ਨੇ ਉਸਨੂੰ ਵੇਖਿਆ। ਤਦ ਉਹ ਜਾਣ ਗਿਆ ਕਿ ਉਹ ਨਬੀਆਂ ਵਿੱਚੋਂ ਇੱਕ ਸੀ।
42ਤਾਂ ਨਬੀ ਨੇ ਪਾਤਸ਼ਾਹ ਨੂੰ ਆਖਿਆ, "ਯਹੋਵਾਹ ਫ਼ਰਮਾਉਂਦਾ ਹੈ, ਜਿਸ ਆਦਮੀ ਨੂੰ ਮੈਂ ਆਖਿਆ ਸੀ ਕਿ ਮਾਰਿਆ ਜਾਣਾ ਚਾਹੀਦਾ ਤੂੰ ਉਸ ਨੂੰ ਆਜ਼ਾਦ ਕਰ ਦਿੱਤਾ, ਇਸ ਕਾਰਣ ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਅਤੇ ਉਸ ਦੇ ਆਦਮੀਆਂ ਦੇ ਬਦਲੇ ਤੇਰੇ ਆਦਮੀਆਂ ਨੂੰ ਮਰਨਾ ਪਵੇਗਾ।"
43ਤਦ ਪਾਤਸ਼ਾਹ ਬੜਾ ਪਰੇਸ਼ਾਨ ਅਤੇ ਦੁੱਖੀ ਸਾਮਰਿਯਾ ਵਿੱਚ ਆਪਣੇ ਮਹਿਲ ਨੂੰ ਪਰਤ ਗਿਆ।