Loading Bible Translation
First-time download in progress. This may take a few seconds…
Punjabi Bible Wordproject Bible
28 verses
1ਸੁਲੇਮਾਨ ਨੇ ਫ਼ਿਰਊਨ, ਮਿਸਰ ਦੇ ਰਾਜੇ ਦੀ ਧੀ ਨਾਲ ਵਿਆਹ ਕੀਤਾ ਅਤੇ ਉਸ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਉਸਨੂੰ ਦਾਊਦ ਦੇ ਸ਼ਹਿਰ ਵਿੱਚ ਲੈ ਆਇਆ। ਉਸਦਾ ਮਹਿਲ ਅਤੇ ਯਹੋਵਾਹ ਦਾ ਮੰਦਰ ਉਸ ਵਕਤ ਹਾਲੇ ਬਣ ਰਹੇ ਸਨ। ਉਹ ਯਰੂਸ਼ਲਮ ਦੇ ਦੁਆਲੇ ਇੱਕ ਕੰਧ ਵੀ ਉਸਾਰ ਰਿਹਾ ਸੀ।
2ਮੰਦਰ ਦਾ ਨਿਰਮਾਣ ਅਜੇ ਪੂਰਾ ਨਹੀਂ ਸੀ ਹੋਇਆ ਤਾਂ ਲੋਕ ਅਜੇ ਵੀ ਉੱਚੀਆਂ ਥਾਵਾਂ ਉੱਪਰ ਅਤੇ ਜਗਵੇਦੀਆਂ ਉੱਪਰ ਬਲੀਆਂ ਚੜਾਉਂਦੇ ਸਨ।
3ਸੁਲੇਮਾਨ ਨੇ ਇਹ ਦਰਸਾਇਆ ਕਿ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਹੈ। ਇਹ ਸਭ ਜਿਵੇਂ ਉਸਦੇ ਪਿਤਾ ਦਾਊਦ ਨੇ ਉਸਨੂੰ ਦੱਸਿਆ ਹੋਇਆ ਸੀ, ਉਸ ਅਨੁਸਾਰ ਉਸਦੀ ਆਗਿਆ ਦਾ ਪਾਲਨ ਕਰਕੇ ਦਰਸਾਇਆ। ਪਰ ਸੁਲੇਮਾਨ ਨੇ ਕੁਝ ਉਹ ਵੀ ਕੀਤਾ ਜੋ ਉਸਦੇ ਪਿਤਾ ਦਾਊਦ ਨੇ ਉਸਨੂੰ ਕਰਨ ਨੂੰ ਨਹੀਂ ਸੀ ਕਿਹਾ। ਸੁਲੇਮਾਨ ਅਜੇ ਵੀ ਉੱਚੀਆਂ ਥਾਵਾਂ ਉੱਪਰ ਬਲੀਆਂ ਚੜਾਉਂਦਾ ਸੀ ਅਤੇ ਧੂਪ ਧੁਖਾਉਂਦਾ ਸੀ।
4ਸੁਲੇਮਾਨ ਪਾਤਸ਼ਾਹ ਬਲੀ ਚੜਾਉਣ ਲਈ ਗਿਬਓਨ ਨੂੰ ਗਿਆ, ਓਥੇ ਉਹ ਇਸ ਲਈ ਗਿਆ ਕਿਉਂ ਕਿ ਉਹ ਸਭ ਤੋਂ ਵਧ ਮਹੱਤਵਪੂਰਣ ਉੱਚੀ ਥਾਂ ਸੀ, ਉਸ ਜਗਵੇਦੀ ਉੱਪਰ ਸੁਲੇਮਾਨ ਨੇ ਉਸ ਜਗਵੇਦੀ ਉੱਤੇ 1,000 ਭੇਟਾਂ ਚੜਾਈਆਂ।
5ਜਦੋਂ ਸੁਲੇਮਾਨ ਅਜੇ ਗਿਬਓਨ ਵਿੱਚ ਹੀ ਸੀ, ਰਾਤ ਦੇ ਵਕਤ ਯਹੋਵਾਹ ਸੁਲੇਮਾਨ ਨੂੰ ਇੱਕ ਸੁਪਨੇ ਵਿੱਚ ਪ੍ਰਗਟ ਹੋਇਆ ਅਤੇ ਆਖਿਆ, "ਜੋ ਤੂੰ ਚਾਹੇਁ ਮੰਗ ਲੈ ਅਤੇ ਮੈਂ ਤੈਨੂੰ ਦੇਵਾਂਗਾ।"
6ਸੁਲੇਮਾਨ ਨੇ ਜਵਾਬ ਦਿੱਤਾ, "ਤੂੰ, ਮੇਰੇ ਪਿਤਾ ਦਾਊਦ ਤੇ ਬਹੁਤ ਦਯਾਲੂ ਸੀ, ਜੋ ਕਿ ਤੇਰਾ ਸੇਵਕ ਸੀ, ਕਿਉਂ ਕਿ ਉਸਨੇ ਵਫ਼ਾਦਾਰੀ ਨਿਆਂ ਅਤੇ ਸਾਫ਼ ਦਿਲ ਨਾਲ ਤੇਰਾ ਅਨੁਸਰਣ ਕੀਤਾ। ਤੂੰ ਉਸਦੇ ਪੁੱਤਰ ਨੂੰ ਉਸਦੇ ਸਿੰਘਾਸਣ ਉੱਤੇ ਬੈਠਣ ਅਤੇ ਉਸਦੀ ਮੌਤ ਤੋਂ ਬਾਅਦ ਹਕੂਮਤ ਕਰਨ ਦਿੱਤੀ।
7ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰਁ ਮੈਨੂੰ ਮੇਰੇ ਪਿਤਾ ਦੀ ਬਾਵੇਂ ਸਿੰਘਾਸਣ ਗੱਦੀ ਉੱਪਰ ਬੈਠਣ ਦੀ ਆਗਿਆ ਦਿੱਤੀ ਹੈ, ਪਰ ਮੈਂ ਇੱਕ ਛੋਟਾ ਬੱਚਾ ਹਾਂ ਅਤੇ ਲੋਕਾਂ ਦੀ ਅਗਵਾਈ ਲਈ ਅਨੁਭਵ ਦਾ ਕਚ੍ਚਾ ਹਾਂ।
8ਇੱਥੇ ਮੈਂ ਤੇਰਾ ਸੇਵਕ, ਤੇਰੇ ਚੁਣੇ ਹੋਏ ਲੋਕਾਂ ਦਰਮਿਆਨ ਖੜਾ ਹਾਂ। ਉਹ ਇੰਨੇ ਹਨ ਕਿ ਗਿਣੇ ਨਹੀਂ ਜਾ ਸਕਦੇ ਇਸ ਲਈ ਸ਼ਾਸਕ ਨੂੰ ਉਨ੍ਹਾਂ ਵਿਚਕਾਰ ਅਨੇਕਾਂ ਫੈਸਲੇ ਕਰਨੇ ਹੁੰਦੇ ਹਨ।
9ਇਸ ਲਈ ਮੈਂ ਤੈਥੋਂ ਸਿਆਣਪ ਮਂਗਦਾ ਹਾਂ ਜੋ ਮੈ ਤੇਰੇ ਲੋਕਾਂ ਨੂੰ ਸਹੀ ਨਿਆਂ ਦੇ ਸਕਾਂ ਅਤੇ ਇਹ ਮੇਰੇ ਚੰਗੇ ਅਤੇ ਬੁਰੇ ਵਿਚਕਾਰ ਪਰਖ ਕਰਨ ਵਿੱਚ ਵੀ ਸਹਾਇਤਾ ਕਰੇਗੀ। ਇਸ ਮਹਾਨ ਸਿਆਣਪ ਤੋਂ ਬਿਨਾ, ਇੰਨੇ ਵਿਸ਼ਾਲ ਲੋਕਾਂ ਉੱਪਰ ਸ਼ਾਸਨ ਕਰਨਾ ਅਸਂਭਵ ਹੈ।"
10ਯਹੋਵਾਹ ਬਹੁਤ ਪ੍ਰਸੰਨ ਹੋਇਆ ਕਿ ਸੁਲੇਮਾਨ ਨੇ ਸਿਆਪਣ ਦੀ ਮੰਗ ਕੀਤੀ ਸੀ।
11ਤਾਂ ਪਰਮੇਸ਼ੁਰ ਨੇ ਉਸਨੂੰ ਕਿਹਾ, "ਤੂੰ ਆਪਣੇ ਲਈ ਮੇਰੇ ਕੋਲੋਂ ਜੀਵਨ ਨਹੀਂ ਮੰਗਿਆ ਨਾ ਹੀ ਤੂੰ ਆਪਣੇ ਲਈ ਮੇਰੇ ਕੋਲੋਂ ਅਮੀਰੀ ਅਤੇ ਧੰਨ-ਦੌਲਤ ਮੰਗੇ। ਨਾ ਹੀ ਤੂੰ ਆਪਣੇ ਦੁਸ਼ਮਣਾਂ ਲਈ ਮੌਤ ਮਂਗੀ ਸਗੋਂ ਤੂੰ ਲੋਕਾਂ ਨੂੰ ਸੁਣਨ ਅਤੇ ਨਿਆਂ ਦੇਣ ਲਈ ਆਪਣੇ ਲਈ ਬੁਧ੍ਧ ਮਂਗੀ ਹੈ।
12ਇਸ ਲਈ ਮੈਂ ਤੇਰੀਆਂ ਗੱਲਾਂ ਦੇ ਮੁਤਾਬਕ ਕਰਾਂਗਾ ਮੈਂ ਤੈਨੂੰ ਬੁਧ੍ਧ ਅਤੇ ਸਿਆਣਪ ਬਖਸ਼ਾਂਗਾ। ਮੈਂ ਤੈਨੂੰ ਇੰਨੀ ਬੁਧ੍ਧ ਬਖਸ਼ਾਂਗਾ ਜਿੰਨੀ ਕਿ ਤੇਰੇ ਤੋਂ ਪਹਿਲਾਂ ਕਿਸੇ ਕੋਲ ਨਾ ਹੋਈ ਹੋਵੇ ਅਤੇ ਨਾ ਹੀ ਭਵਿੱਖ ਵਿੱਚ ਤੇਰਾ ਕੋਈ ਸ਼ਾਨੀ ਹੋਵੇ।
13ਇਸ ਦੇ ਇਲਾਵਾ ਤੈਨੂੰ ਉਹ ਵਸਤਾਂ ਇਨਾਮ ਦੇ ਤੌਰ ਤੇ ਦੇਵਾਂਗਾ ਜੋ ਤੂੰ ਨਹੀਂ ਮਂਗੀਆਂ। ਤੈਨੂੰ ਤਮਾਮ ਜ਼ਿੰਦਗੀ ਅਮੀਰੀ ਅਤੇ ਖੁਸ਼ੀਆਂ ਤੇ ਮਾਨ ਸਂਮਾਨ ਪ੍ਰਾਪਤ ਹੋਵੇਗਾ ਅਤੇ ਤੇਰੇ ਤੋਂ ਵੱਡਾ ਪਾਤਸ਼ਾਹ ਦੁਨੀਆਂ ਵਿੱਚ ਨਾ ਹੋਇਆ ਹੈ ਨਾ ਹੋਵੇਗਾ।
14ਜੇਕਰ ਤੂੰ ਮੇਰੇ ਰਾਹਾਂ ਤੇ ਚੱਲੇਂਗਾ ਅਤੇ, ਮੇਰੀਆਂ ਬਿਧੀਆਂ ਅਤੇ ਹੁਕਮਾਂ ਦਾ ਪਾਲਣ ਕਰੇਂਗਾ, ਜਿਵੇਂ ਤੇਰੇ ਪਿਤਾ ਦਾਊਦ ਨੇ ਕੀਤਾ, ਤਾਂ ਮੈਂ ਤੈਨੂੰ ਇੱਕ ਲੰਬਾ ਜੀਵਨ ਦੇਵਾਂਗਾ।"
15ਸੁਲੇਮਾਨ ਜਾਗ ਪਿਆ। ਉਹ ਜਾਣਦਾ ਸੀ ਕਿ ਪਰਮੇਸ਼ੁਰ ਨੇ ਉਸ ਨਾਲ ਸੁਪਨੇ ਵਿੱਚ ਗੱਲ ਕੀਤੀ ਸੀ। ਫ਼ਿਰ ਉਹ ਯਰੂਸ਼ਲਮ ਵਿੱਚ ਆਇਆ ਅਤੇ ਯਹੋਵਾਹ ਦੇ ਇਕਰਾਰਨਾਮੇ ਦੇ ਸੰਦੂਕ ਦੇ ਅੱਗੇ ਖਲੋ ਗਿਆ। ਉਸਨੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਚੜਾਈਆਂ ਫਿਰ ਉਸਨੇ ਉਨ੍ਹਾਂ ਸਭ ਆਗੂਆਂ ਅਤੇ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਉਸਦੀ ਰਾਜ ਵਿੱਚ ਹਕੂਮਤ ਕਰਨ ਵਿੱਚ ਮਦਦ ਕੀਤੀ ਸੀ, ਦਾਅਵਤ ਦਿੱਤੀ।
16ਇੱਕ ਦਿਨ ਦੋ ਔਰਤਾਂ ਜਿਹੜੀਆਂ ਕਿ ਵੇਸਵਾਵਾਂ ਸਨ, ਪਾਤਸ਼ਾਹ ਦੇ ਸਾਮ੍ਹਣੇ ਆ ਖਲੋਤੀਆਂ।
17ਉਨ੍ਹਾਂ ਵਿੱਚ ਇੱਕ ਔਰਤ ਨੇ ਕਿਹਾ, "ਮਹਾਰਾਜ! ਇਹ ਔਰਤ ਅਤੇ ਮੈਂ ਇੱਕੋ ਹੀ ਘਰ ਵਿੱਚ ਰਹਿੰਦੀਆਂ ਹਾਂ। ਅਸੀਂ ਦੋਨੋ ਹੀ ਗਰਭਵਤੀਆਂ ਸੀ ਅਤੇ ਬੱਚੇ ਜਣਨ ਵਾਲੀਆਂ ਸਾਂ। ਮੈਂ ਆਪਣੇ ਬੱਚੇ ਨੂੰ ਜਦੋਂ ਜਨਮ ਦਿੱਤਾ ਉਸ ਵਕਤ ਇਹ ਮੇਰੇ ਕੋਲ ਹੀ ਸੀ।
18ਤਿੰਨਾਂ ਦਿਨਾਂ ਬਾਅਦ ਇਸ ਔਰਤ ਨੇ ਵੀ ਆਪਣੇ ਬੱਚੇ ਨੂੰ ਜਨਮ ਦਿੱਤਾ। ਸਾਡੇ ਨਾਲ ਘਰ ਵਿੱਚ ਹੋਰ ਕੋਈ ਵੀ ਮਨੁੱਖ ਨਹੀਂ ਸੀ, ਸਿਰਫ਼ ਅਸੀਂ ਦੋਨੋ ਹੀ ਘਰ ਵਿੱਚ ਸਾਂ।
19ਇੱਕ ਰਾਤ, ਉਸ ਔਰਤ ਦਾ ਬੱਚਾ ਮਰ ਗਿਆ ਕਿਉਂ ਕਿ ਉਹ ਉਸ ਉੱਤੇ ਪੈ ਗਈ ਸੀ।
20ਇਸ ਲਈ ਰਾਤ ਦੇ ਵੇਲੇ ਜਦੋਂ ਮੈਂ ਸੁੱਤੀ ਹੋਈ ਸੀ, ਇਸਨੇ ਮੇਰੇ ਬਿਸਤਰ ਤੋਂ ਮੇਰਾ ਬੱਚਾ ਚੁੱਕ ਲਿਆ ਅਤੇ ਉਹ ਮਰਿਆ ਹੋਇਆ ਬੱਚਾ ਮੇਰੇ ਬਿਸਤਰੇ ਤੇ ਪਾ ਦਿੱਤਾ।
21ਅਗਲੀ ਸਵੇਰ ਮੈਂ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਲਾਉਣ ਲਈ ਉੱਠੀ ਤਾਂ ਮੈਂ ਵੇਖਿਆ ਕਿ ਬੱਚਾ ਤਾਂ ਮਰਿਆ ਪਿਆ ਹੈ, ਤਾਂ ਮੈਂ ਇਸ ਬੱਚੇ ਨੂੰ ਹੋਰ ਨਜ਼ਦੀਕ ਤੋਂ ਵੇਖਿਆ ਤਾਂ ਮੈਂ ਜਾਣਿਆ ਕਿ ਇਹ ਮੇਰਾ ਬੱਚਾ ਨਹੀਂ ਹੈ।"
22ਪਰ ਦੂਜੀ ਔਰਤ ਨੇ ਕਿਹਾ, "ਨਹੀਂ! ਇਹ ਜਿਉਂਦਾ ਬੱਚਾ ਮੇਰਾ ਹੈ ਅਤੇ ਮਰਿਆ ਹੋਇਆ ਤੇਰਾ ਹੈ।"ਪਰ ਪਹਿਲੀ ਔਰਤ ਨੇ ਆਖਿਆ, "ਨਹੀਂ, ਤੂੰ ਗ਼ਲਤ ਹੈਂ। ਮਰਿਆ ਹੋਇਆ ਬੱਚਾ ਤੇਰਾ ਹੈ ਤੇ ਜਿਉਂਦਾ ਮੇਰਾ ਹੈ!" ਇਸ ਲਈ ਦੋਵੇਂ ਔਰਤਾਂ ਨੇ ਰਾਜੇ ਦੇ ਸਾਮ੍ਹਣੇ ਦਲੀਲ ਬਾਜੀ ਕੀਤੀ।
23ਫ਼ਿਰ ਸੁਲੇਮਾਨ ਪਾਤਸਾਹ ਨੇ ਕਿਹਾ, "ਤੁਸੀਂ ਦੋਨੋ ਹੀ ਇਹ ਆਖ ਰਹੀਆਂ ਹੋ ਕਿ ਜਿਉਂਦਾ ਬੱਚਾ ਤੁਹਾਡਾ ਹੈ ਅਤੇ ਮੋਇਆ ਬੱਚਾ ਤੁਹਾਡਾ ਦੋਨਾਂ ਦਾ ਨਹੀਂ ਹੈ।"
24ਤੱਦ ਸੁਲੇਮਾਨ ਪਾਤਸ਼ਾਹ ਨੇ ਆਪਣੇ ਦਾਸ ਨੂੰ ਤਲਵਾਰ ਲੈਣ ਲਈ ਭੇਜਿਆ।
25ਅਤੇ ਸੁਲੇਮਾਨ ਪਾਤਸ਼ਾਹ ਨੇ ਆਖਿਆ, "ਇਸ ਬੱਚੇ ਨੂੰ ਦੋ ਹਿਸਿਆਂ ਵਿੱਚ ਵੱਢ ਸੁੱਟੋ ਅਤੇ ਇੱਕ-ਇੱਕ ਹਿੱਸਾ ਇਨ੍ਹਾਂ ਦੋਨਾਂ ਔਰਤਾਂ ਨੂੰ ਦੇ ਦੇਵੋ।"
26ਦੂਜੀ ਔਰਤ ਨੇ ਕਿਹਾ, "ਇਹ ਠੀਕ ਹੈ, ਬੱਚੇ ਦੇ ਦੋ ਟੁਕੜੇ ਕਰ ਦੇਵੋ ਫ਼ਿਰ ਸਾਡੇ ਦੋਹਾਂ ਵਿੱਚੋਂ ਬੱਚਾ ਕਿਸੇ ਨੂੰ ਵੀ ਨਹੀਂ ਮਿਲੇਗਾ।"ਪਰ ਪਹਿਲੀ ਔਰਤ, ਜਿਹੜੀ ਕਿ ਅਸਲੀ ਮਾਂ ਸੀ, ਆਪਣੇ ਪੁੱਤਰ ਲਈ ਰਹਿਮ ਨਾਲ ਭਰੀ ਹੋਈ ਨੇ ਰਾਜੇ ਨੂੰ ਕਿਹਾ, "ਮਾਲਕ ਕਿ੍ਰਪਾ ਕਰਕੇ ਬੱਚੇ ਨੂੰ ਨਾ ਮਾਰੋ, ਇਸ ਨੂੰ ਉਸਨੂੰ ਹੀ ਦੇ ਦੇਵੋ।"
27ਤੱਦ ਸੁਲੇਮਾਨ ਪਾਤਸ਼ਾਹ ਨੇ ਕਿਹਾ, "ਬੱਚੇ ਨੂੰ ਨਾ ਮਾਰੋ। ਇਹ ਬੱਚਾ ਪਹਿਲੀ ਔਰਤ ਨੂੰ ਦੇ ਦੇਵੋ, ਇਹੀ ਉਸਦੀ ਅਸਲੀ ਮਾਂ ਹੈ।"
28ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਪਾਤਸ਼ਾਹ ਦੇ ਫ਼ੈਸਲੇ ਨੂੰ ਸੁਣਿਆ ਅਤੇ ਉਸਦੀ ਬੜੀ ਇੱਜ਼ਤ ਅਤੇ ਸਤਿਕਾਰ ਕੀਤਾ ਕਿਉਂ ਕਿ ਉਹ ਸਿਆਣਾ ਸੀ। ਉਨ੍ਹਾਂ ਨੇ ਵੇਖਿਆ ਕਿ ਉਸ ਕੋਲ ਸਹੀ ਨਿਆਂ ਦੇਣ ਵਿੱਚ ਰਬ੍ਬੀ ਸਿਆਣਪ ਸੀ।