Loading Bible Translation
First-time download in progress. This may take a few seconds…
Punjabi Bible Wordproject Bible
23 verses
1ਉਸ ਵਕਤ ਸ਼ਾਊਲ ਇੱਕ ਸਾਲ ਤੱਕ ਪਾਤਸ਼ਾਹ ਰਿਹਾ। ਜਦੋਂ ਸ਼ਾਊਲ ਦੋ ਵਰ੍ਹੇ ਇਸਰਾਏਲ ਉੱਤੇ ਰਾਜ ਕਰ ਚੁੱਕਾ।
2ਉਸਨੇ ਇਸਰਾਏਲ ਵਿੱਚੋਂ 30,000 ਆਦਮੀ ਚੁਣੇ। ਇਨ੍ਹਾਂ ਵਿੱਚੋਂ 2,000 ਆਦਮੀ ਉਸਦੇ ਨਾਮ ਮਿਕਮਾਸ਼ ਅਤੇ ਬੈਤੇਲ ਦੇ ਪਹਾੜੀ ਦੇਸ਼ ਵਿੱਚ ਰਹੇ ਅਤੇ 1,000 ਆਦਮੀ ਯੋਨਾਥਨ ਦੇ ਨਾਲ ਬਿਨਯਾਮੀਨ ਦੇ ਗਿਬਆਹ ਵਿੱਚ ਰਹੇ।
3ਯੋਨਾਥਾਨ ਨੇ ਫ਼ਲਿਸਤੀਆਂ ਨੂੰ ਜੋ ਗਿਬਆਹ ਵਿੱਚ ਸਨ ਨੂੰ ਹਰਾਇਆ। ਜਦੋਂ ਫ਼ਲਿਸਤੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ, "ਇਬਰਾਨੀਆਂ ਨੇ ਧਰੋਹ ਕੀਤਾ ਹੈ।"ਸ਼ਾਊਲ ਨੇ ਆਖਿਆ, "ਸਾਰੇ ਇਬਰਾਨੀ ਸੁਣ ਲੈਣ ਕਿ ਕੀ ਵਾਪਰਿਆ ਹੈ।" ਇਸ ਵਾਸਤੇ ਸ਼ਾਊਲ ਨੇ ਸਾਰੇ ਇਸਰਾਏਲ ਵਿੱਚ ਤੂਤੀ ਫ਼ੁੰਕਵਾਈ।
4ਸਾਰੇ ਇਸਰਾਏਲੀਆਂ ਨੇ ਇਹ ਖਬਰ ਸੁਣੀ ਤਾਂ ਉਨ੍ਹਾਂ ਕਿਹਾ, "ਸ਼ਾਊਲ ਨੇ ਫ਼ਲਿਸਤੀਆਂ ਨੇ ਗੈਰੀਜ਼ਨ ਨੂੰ ਹਰਾਇਆ ਸੀ। ਹੁਣ ਫ਼ਲਿਸਤੀ ਸੱਚਮੁੱਚ ਹੀ ਇਸਰਾਏਲੀਆਂ ਨਾਲ ਨਫ਼ਰਤ ਕਰਨਗੇ।"ਸਾਰੇ ਇਸਰਾਏਲੀਆਂ ਨੂੰ ਸ਼ਾਊਲ ਦੇ ਨਾਲ ਜੁੜਨ ਲਈ ਗਿਲਗਾਲ ਵਿੱਚ ਬੁਲਾਇਆ ਗਿਆ ਸੀ।
5ਫ਼ਲਿਸਤੀ ਇਸਰਾਏਲ ਦੇ ਵਿਰੁੱਧ ਲੜਨ ਲਈ ਇਕਠੇ ਹੋ ਗਏ। ਉਨ੍ਹਾਂ ਕੋਲ 3,000 ਰਥ ਅਤੇ 6,000 ਘੁੜ-ਸਿਪਾਹੀ ਸਨ। ਉਹ ਫ਼ਲਿਸਤੀ ਸਿਪਾਹੀ ਇੰਨੇ ਜ਼ਿਆਦਾ ਸਨ ਜਿਵੇਂ ਸਮੁੰਦਰ ਕਿਨਾਰੇ ਰੇਤ ਦੇ ਕਣ ਹੋਣ। ਉਨ੍ਹਾਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ। (ਮਿਕਮਾਸ਼ ਬੈਤਆਵਨ ਦੇ ਪੂਰਬ ਵੱਲ ਹੈ।)
6ਇਸਰਾਏਲੀਆਂ ਨੂੰ ਲੱਗਾ ਕਿ ਉਹ ਮੂਸੀਬਤ ਵਿੱਚ ਹਨ। ਉਨ੍ਹਾਂ ਨੇ ਆਪਣੇ-ਆਪ ਨੂੰ ਫ਼ਸੇ ਹੋਏ ਮਹਿਸੂਸ ਕੀਤਾ ਇਸ ਲਈ ਉਹ ਕਂਦਰਾਂ, ਝਾੜੀਆਂ ਅਤੇ ਗੁਫ਼ਾਵਾਂ ਵਿੱਚ ਪਹਾੜਾ ਦੇ ਇਧਰ-ਉਧਰ ਅਹੁਲਿਆਂ ਵਿੱਚ ਆਪਣੇ-ਆਪ ਨੂੰ ਬਚਾਉਣ ਲਈ ਲੁਕਣ ਲੱਗੇ। ਸਗੋਂ ਉਹ ਜ਼ਮੀਨ ਉੱਤੇ ਵੀ ਉਸਤੋਂ ਥੱਲੇ ਗਢਿਆਂ 'ਚ ਖੂਹਾਂ ਵਿੱਚ ਟੋਇਆਂ ਆਦਿ ਵਿੱਚ ਲੁਕ ਗਏ।
7ਕਈ ਇਬਰਾਨੀ ਯਰਦਨ ਦਰਿਆ ਤੋਂ ਪਾਰ ਗਾਦ ਅਤੇ ਗਿਲਆਦ ਦੇਸ਼ ਨੂੰ ਚਲੇ ਗਏ। ਸ਼ਾਊਲ ਅਜੇ ਵੀ ਗਿਲਗਾਲ ਵਿੱਚ ਹੀ ਸੀ। ਉਸ ਦੀ ਫ਼ੌਜ ਦੇ ਸਾਰੇ ਆਦਮੀ ਡਰ ਨਾਲ ਕੰਬ ਰਹੇ ਸਨ।
8ਸਮੂਏਲ ਨੇ ਕਿਹਾ ਸੀ ਕਿ ਉਹ ਸ਼ਾਊਲ ਨੂੰ ਗਿਲਗਾਲ ਵਿੱਚ ਮਿਲੇਗਾ। ਸ਼ਾਊਲ ਸੱਤ ਦਿਨ ਤੱਕ ਉਡੀਕਦਾ ਰਿਹਾ ਪਰ ਸਮੂਏਲ ਅਜੇ ਤੀਕ ਗਿਲਗਾਲ ਵਿੱਚ ਨਹੀਂ ਸੀ ਪਹੁੰਚਿਆ ਅਤੇ ਸਿਪਾਹੀ ਸ਼ਾਊਲ ਨੂੰ ਛੱਡਕੇ ਭੱਜਣੇ ਸ਼ੁਰੂ ਹੋ ਗਏ।
9ਤਾਂ ਸ਼ਾਊਲ ਨੇ ਕਿਹਾ, "ਹੋਮ ਦੀਆਂ ਭੇਟਾਂ ਅਤੇ ਸੁਖ-ਸਾਂਦ ਦੀਆਂ ਭੇਟਾਂ ਮੇਰੇ ਕੋਲ ਲੈਕੇ ਆਵੋ।" ਤਾਂ ਸ਼ਾਊਲ ਨੇ ਹੋਮ ਦੀਆਂ ਭੇਟਾਂ ਚੜਾਈਆਂ।
10ਜਿਵੇਂ ਹੀ ਸ਼ਾਊਲ ਨੇ ਹੋਮ ਦੀ ਭੇਟ ਚੜਾਈ ਤਾਂ ਸਮੂਏਲ ਵੀ ਆ ਗਿਆ ਤਾਂ ਸ਼ਾਊਲ ਉਸਨੂੰ ਮਿਲਣ ਲਈ ਉਸਦੀ ਸੁਖ-ਸਾਂਦ ਪੁਛਣ ਲਈ ਉਠਿਆ।
11ਸਮੂਏਲ ਨੇ ਆਖਿਆ, "ਇਹ ਤੂੰ ਕੀ ਕੀਤਾ?"ਸ਼ਾਊਲ ਨੇ ਕਿਹਾ, "ਮੈਂ ਵੇਖਿਆ ਕਿ ਸਿਪਾਹੀ ਮੈਨੂੰ ਛੱਡਕੇ ਭੱਜ ਗਏ ਹਨ, ਤੂੰ ਸਮੇਂ ਸਿਰ ਪਹੁੰਚਿਆ ਨਹੀਂ ਅਤੇ ਫ਼ਲਿਸਤੀ ਮਿਕਮਾਸ਼ ਵਿੱਚ ਇਕਠੇ ਹੋ ਗਏ ਹਨ ਤਾਂ
12ਮੈਂ ਆਪਣੇ-ਆਪ 'ਚ ਸੋਚਿਆ ਕਿ, 'ਫ਼ਲਿਸਤੀ ਇੱਥੇ ਗਿਲਗਾਲ ਵਿੱਚ ਆਉਣਗੇ ਅਤੇ ਮੇਰੇ ਉੱਪਰ ਹਮਲਾ ਕਰ ਦੇਣਗੇ ਅਤੇ ਮੈਂ ਅਜੇ ਤੀਕ ਯਹੋਵਾਹ ਅੱਗੇ ਕਿਰਪਾ ਲਈ ਬੇਨਤੀ ਵੀ ਨਹੀਂ ਕੀਤੀ, ਇਸ ਲਈ ਮੈਂ ਮ��਼ਬੂਰ ਹੋਕੇ ਹੋਮ ਦੀ ਭੇਟ ਚੜਾਈ।' "
13ਸਮੂਏਲ ਨੇ ਕਿਹਾ, "ਤੂੰ ਬੜੀ ਮੂਰਖਤਾਈ ਕੀਤੀ ਹੈ। ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ। ਜੇਕਰ ਤੂੰ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ ਹੁੰਦਾ ਤਾਂ ਉਸਨੇ ਤੇਰੇ ਪਰਿਵਾਰ ਨੂੰ ਹਮੇਸ਼ਾ ਲਈ ਇਸਰਾਏਲ ਦੇ ਲੋਕਾਂ ਉੱਪਰ ਰਾਜ ਬਖਸ਼ ਦੇਣਾ ਸੀ।
14ਪਰ ਹੁਣ ਤੇਰਾ ਰਾਜ ਨਾ ਠਹਿਰੇਗਾ। ਯਹੋਵਾਹ ਇੱਕ ਅਜਿਹਾ ਮਨੁੱਖ ਭਾਲ ਰਿਹਾ ਸੀ ਜਿਹੜਾ ਉਸਦਾ ਹੁਕਮ ਮੰਨਣਾ ਚਾਹੁੰਦਾ ਹੋਵੇ। ਯਹੋਵਾਹ ਨੇ ਉਹ ਮਨੁੱਖ ਭਾਲ ਲਿਆ ਹੈ ਅਤੇ ਯਹੋਵਾਹ ਨੇ ਉਸਨੂੰ ਆਪਣੇ ਲੋਕਾਂ ਦੇ ਆਗੂ ਵਜੋਂ ਚੁਣ ਲਿਆ ਹੈ। ਤੁਸੀਂ ਯਹੋਵਾਹ ਦੇ ਨੇਮਾਂ ਦਾ ਹੁਕਮ ਨਹੀਂ ਮੰਨਿਆ ਇਸ ਲਈ ਉਸਨੇ ਨਵਾਂ ਆਗੂ ਚੁਣ ਲਿਆ ਹੈ।"
15ਇਸਤੋਂ ਬਾਦ ਸਮੂਏਲ ਉਠਿਆ ਅਤੇ ਗਿਲਗਾਲ ਨੂੰ ਛੱਡਕੇ ਉਥੋਂ ਚਲਾ ਗਿਆ।ਸ਼ਾਊਲ ਅਤੇ ਉਸਦੀ ਬਾਕੀ ਸੈਨਾ ਨੇ ਗਿਲਗਾਲ ਨੂੰ ਛੱਡਿਆ ਅਤੇ ਬਿਨਯਾਮੀਨ ਦੇ ਸ਼ਹਿਰ ਗਿਬਆਹ ਨੂੰ ਚੱਲ ਪਿਆ। ਸ਼ਾਊਲ ਜਿੰਨੀ ਉਸ ਕੋਲ ਫ਼ੌਜ ਬਚੀ ਸੀ ਉਸਦੀ ਗਿਣਤੀ ਕਰ ਰਿਹਾ ਸੀ। ਹੁਣ ਉਸ ਕੋਲ ਕੇਵਲ 600 ਆਦਮੀ ਰਹਿ ਗਏ ਸਨ।
16ਸ਼ਾਊਲ, ਉਸਦਾ ਪੁੱਤਰ ਯੋਨਾਥਾਨ ਅਤੇ ਬਾਕੀ ਦੇ ਉਨ੍ਹਾਂ ਦੇ ਨਾਲ ਦੇ ਸਿਪਾਹੀ ਬਿਨਯਾਮੀਨ ਵਿੱਚ ਗਿਬਆਹ ਨੂੰ ਮੁੜੇ।ਫ਼ਲਿਸਤੀਆਂ ਨੇ ਮਿਕਮਾਸ਼ ਵਿੱਚ ਡੇਰਾ ਲਾਇਆ ਹੋਇਆ ਸੀ।
17ਫ਼ਲਿਸਤੀਆਂ ਨੇ ਉਸ ਇਲਾਕੇ ਵਿੱਚ ਰਹਿੰਦੇ ਇਸਰਾਏਲੀਆਂ ਨੂੰ ਸਜ਼ਾ ਦੇਣ ਦਾ ਨਿਸ਼ਚਾ ਕਰ ਲਿਆ, ਇਸ ਲਈ ਸਵਾਰ ਫ਼ਲਿਸਤੀਆਂ ਦੇ ਡੇਰੇ ਤੋਂ ਤੁਰ ਪਏ ਅਤੇ ਉਹ ਤਿੰਨਾਂ ਦਸਤਿਆਂ ਵਿੱਚ ਵੰਡੇ ਗਏ। ਇੱਕ ਦਸਤਾ ਸ਼ੁਆਲ ਖੇਤਰ ਵਿੱਚ ਉਫ਼ਰਾਹ ਨੂੰ ਜਾਂਦੇ ਰਾਹ ਵੱਲ ਨੂੰ ਚਲਿਆ ਗਿਆ।
18ਦੂਜੀ ਟੋਲੀ ਬੈ-ਹੋਰੋਨ ਦੇ ਰਸਤੇ ਆਈ ਅਤੇ ਤੀਜੀ ਟੋਲੀ ਉਸ ਰਾਹ ਦੇ ਕੰਢੇ ਵੱਲ ਗਈ ਜੋ ਪੂਰਬੀ ਦਿਸ਼ਾ ਵੱਲ ਜਾਂਦਾ ਸੀ ਅਤੇ ਜੋ ਸਬੋਈਮ ਦੀ ਖੱਡ ਉੱਪਰ ਉਜਾੜ ਦੇ ਪਾਸੇ ਸੀ।
19ਉਸ ਵੇਲੇ ਇਸਰਾਏਲ ਦੇ ਸਾਰੇ ਦੇਸ਼ ਵਿੱਚ ਇੱਕ ਵੀ ਬੰਦਾ ਲੁਹਾਰ ਦਾ ਕੰਮ ਨਹੀਂ ਸੀ ਜਾਣਦਾ ਕਿਉਂਕਿ ਫ਼ਲਿਸਤੀਆਂ ਨੇ ਆਖਿਆ ਸੀ ਕਿ ਅਜਿਹਾ ਨਾ ਹੋਵੇ ਕਿ ਇਬਰਾਨੀ ਲੋਕ ਤਲਵਾਰਾਂ ਅਤੇ ਬਰਛੇ ਆਪਣੇ ਲਈ ਬਨਾਉਣ ਲੱਗ ਪੈਣ।
20ਸਗੋਂ ਸਾਰੇ ਇਸਰਾਏਲੀ ਫ਼ਲਿਸਤੀਆਂ ਕੋਲ ਆਪਣੇ ਹਲ, ਫ਼ਾਲੇ, ਕਹੀ ਅਤੇ ਕੁਹਾੜਾ ਅਤੇ ਦਾਤੀ ਆਦਿ ਤਿਖੇ ਕਰਵਾਉਣ ਲਈ ਲੈਕੇ ਜਾਂਦੇ ਸਨ।
21ਅਤੇ ਫ਼ਲਿਸਤੀ ਲੁਹਾਰ ਇਸਰਾਏਲੀਆਂ ਦੇ ਹਲ ਅਤੇ ਫ਼ਾਉੜਾ ਤਿਖੇ ਕਰਨ ਲਈ ਉਨ੍ਹਾਂ ਪਾਸੋਂ ਚਾਂਦੀ ਦਾ 1/3 ਔਂਸ ਲੈਂਦੇ ਸਨ ਅਤੇ ਕੰਧਾਲੀ, ਪਰਾਇਣ, ਆਰਾ ਆਦਿ ਤਿਖਾ ਕਰਨ ਲਈ ਚਾਂਦੀ ਦਾ 1 /3 ਸ਼ੈਕਲ ਲੈਂਦੇ ਸਨ।
22ਇੰਝ ਹੋਇਆ ਕਿ ਲੜਾਈ ਦੇ ਦਿਨ ਉਨ੍ਹਾਂ ਲੋਕਾਂ ਦੇ ਵਿੱਚੋਂ ਜੋ ਸ਼ਾਊਲ ਅਤੇ ਯੋਨਾਥਾਨ ਦੇ ਨਾਲ ਸਨ ਕਿਸੇ ਦੇ ਵੀ ਹੱਥ ਵਿੱਚ ਇੱਕ ਵੀ ਤਲਵਾਰ ਜਾਂ ਬਰਛੀ ਨਹੀਂ ਸੀ ਸਿਰਫ਼ ਇਹ ਔਜ਼ਾਰ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਕੋਲ ਸਨ।
23ਫ਼ਲਿਸਤੀ ਸਿਪਾਹੀਆਂ ਦਾ ਦਸਤਾ ਮਿਕਮਾਸ਼ ਦੇ ਪਹਾੜੀ ਇਲਾਕੇ ਉੱਤੇ ਚੌਕਸ ਸੀ।