Loading Bible Translation
First-time download in progress. This may take a few seconds…
Punjabi Bible Wordproject Bible
23 verses
1ਯਹੋਵਾਹ ਨੇ ਸਮੂਏਲ ਨੂੰ ਆਖਿਆ, "ਤੂੰ ਸ਼ਾਊਲ ਲਈ ਭਲਾ ਇੰਨੀ ਦੇਰ ਦੁੱਖ ਮਨਾਵੇਂਗਾ? ਤੂੰ ਅਜੇ ਤੀਕ ਉਸ ਲਈ ਉਦਾਸ ਹੋ ਰਿਹਾ ਹੈ ਜਦ ਕਿ ਮੈਂ ਤੈਨੂੰ ਦੱਸਿਆ ਹੈ ਕਿ ਮੈਂ ਉਸਨੂੰ ਇਸਰਾਏਲ ਦਾ ਪਾਤਸ਼ਾਹ ਹੋਣ ਤੋਂ ਹਟਕਿਆ ਹੈ। ਤੂੰ ਸਿੰਗ ਵਿੱਚ ਤੇਲ ਭਰ ਅਤੇ ਬੈਤਲਹਮ ਨੂੰ ਜਾ। ਉਥੇ ਮੈਂ ਤੈਨੂੰ ਯਸੀ ਨਾਮ ਦੇ ਇੱਕ ਮਨੁੱਖ ਕੋਲ ਭੇਜ ਰਿਹਾ ਹਾਂ ਜੋ ਕਿ ਬੈਤਲਹਮ ਵਿੱਚ ਰਹਿੰਦਾ ਹੈ ਮੈਂ ਉਸਦੇ ਪੁੱਤਰਾਂ ਵਿੱਚੋਂ ਇੱਕ ਨੂੰ ਨਵਾਂ ਪਾਤਸ਼ਾਹ ਚੁਣਿਆ ਹੈ।"
2ਪਰ ਸਮੂਏਲ ਨੇ ਕਿਹਾ, "ਮੈਂ ਕਿਵੇਂ ਜਾਵਾਂ? ਜੇਕਰ ਮੈਂ ਜਾਵਾਂਗਾ ਅਤੇ ਕਦੇ ਸ਼ਾਊਲ ਨੂੰ ਪਤਾ ਚੱਲੇਗਾ ਤਾਂ ਉਹ ਮੈਨੂੰ ਮਾਰ ਸੁੱਟੇਗਾ।"ਯਹੋਵਾਹ ਨੇ ਕਿਹਾ, "ਜਦ ਤੂੰ ਬੈਤਲਹਮ ਵਿੱਚ ਜਾਵੇਂ ਇੱਕ ਵਛੜਾ ਆਪਣੇ ਨਾਲ ਲੈਂਦਾ ਜਾ ਅਤੇ ਆਖੀਂ 'ਮੈਂ ਯਹੋਵਾਹ ਅੱਗੇ ਬਲੀ ਚੜਾਉਣ ਆਇਆ ਹਾਂ।'
3ਬਲੀ ਲਈ ਯਸੀ ਨੂੰ ਨਿਉਂਤਾ ਦੇ ਦੇਵੀਂ। ਫ਼ਿਰ ਅਗਾਂਹ ਮੈਂ ਤੈਨੂੰ ਦੱਸਾਂਗਾ ਕਿ ਕੀ ਕਰਨਾ ਹੈ। ਜਿਹੜੇ ਮਨੁੱਖ ਬਾਰੇ ਮੈਂ ਤੈਨੂੰ ਦੱਸਾਂ ਅਤੇ ਦਿਖਾਵਾਂ ਉਸ ਨੂੰ ਮਸਹ ਜ਼ਰੂਰ ਕਰੀਂ।"
4ਸਮੂਏਲ ਨੇ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਕਰਨ ਲਈ ਕਿਹਾ। ਸਮੂਏਲ ਬੈਤਲਹਮ ਨੂੰ ਗਿਆ। ਬੈਤਲਹਮ ਦੇ ਬਜ਼ੁਰਗ ਡਰ ਨਾਲ ਕੰਬਣ ਲੱਗੇ। ਉਹ ਸਮੂਏਲ ਨੂੰ ਮਿਲੇ ਅਤੇ ਪੁਛਣ ਲੱਗੇ, "ਕੀ ਤੂੰ ਸ਼ਾਂਤੀ 'ਚ ਆਇਆ ਹੈਂ?"
5ਸਮੂਏਲ ਨੇ ਆਖਿਆ, "ਹਾਂ ਮੈਂ ਸ਼ਾਂਤੀ 'ਚ ਆਇਆ ਹਾਂ। ਮੈਂ ਤਾਂ ਯਹੋਵਾਹ ਅੱਗੇ ਬਲੀ ਚੜਾਉਣ ਲਈ ਆਇਆ ਹਾਂ। ਤੁਸੀਂ ਵੀ ਤਿਆਰ ਹੋ ਜਾਵੇ ਅਤੇ ਮੇਰੇ ਨਾਲ ਬਲੀ ਲਈ ਚੱਲੋ।" ਸਮੂਏਲ ਨੇ ਯਸੀ ਅਤੇ ਉਸਦੇ ਪੁੱਤਰਾਂ ਨੂੰ ਵੀ ਤਿਆਰ ਕੀਤਾ ਅਤੇ ਉਨ੍ਹਾਂ ਨੂੰ ਬਲੀ ਵਿੱਚ ਹਿੱਸਾ ਲੈਣ ਲਈ ਨਿਉਤਾ ਦਿੱਤਾ।
6ਜਦੋਂ ਯਸੀ ਅਤੇ ਉਸਦੇ ਪੁੱਤਰ ਆਏ ਤਾਂ ਸਮੂਏਲ ਨੇ ਉਥੇ ਅਲੀਆਬ ਨੂੰ ਵੇਖਿਆ। ਸਮੂਏਲ ਨੇ ਸੋਚਿਆ, "ਜ਼ਰੂਰੀ ਹੈ ਕਿ ਇਹੀ ਮਨੁੱਖ ਹੋਵੇਗਾ ਜਿਸਨੂੰ ਯਹੋਵਾਹ ਨੇ ਚੁਣਿਆ।"
7ਪਰ ਯਹੋਵਾਹ ਨੇ ਸਮੂਏਲ ਨੂੰ ਆਖਿਆ, "ਅਲੀਆਬ ਸੋਹਣਾ ਅਤੇ ਨੌਜੁਆਨ ਹੈ, ਲੰਬਾ ਹੈ। ਪਰ ਤੂੰ ਇਵੇਂ ਨਾ ਸੋਚ ਜਿਵੇਂ ਤੂੰ ਸੋਚ ਰਿਹਾ ਹੈਂ। ਪਰਮੇਸ਼ੁਰ ਚੀਜ਼ਾਂ ਵੱਲ ਉਵੇਂ ਨਹੀਂ ਵੇਖਦਾ ਜਿਵੇਂ ਕਿ ਮਨੁੱਖ ਵੇਖਦੇ ਹਨ। ਲੋਕੀਂ ਦੂਜਿਆਂ ਦਾ ਸਿਰਫ਼ ਬਾਹਰੀ ਰੂਪ ਵੇਖਦੇ ਹਨ ਜਿਵੇਂ ਦੇ ਕਿ ਉਹ ਬਾਹਰੋਂ ਨਜ਼ਰ ਆਉਂਦੇ ਹਨ ਪਰ ਯਹੋਵਾਹ ਉਨ੍ਹਾਂ ਦੇ ਦਿਲਾਂ ਅੰਦਰ ਝਾਤ ਪਾਉਂਦਾ ਹੈ। ਅਲੀਆਬ ਸਹੀ ਮਨੁੱਖ ਨਹੀਂ ਹੈ।"
8ਤਦ ਯਸੀ ਨੇ ਆਪਨੇ ਦੂਜੇ ਪੁੱਤਰ ਨੂੰ ਬੁਲਾਇਆ ਜਿਸਦਾ ਨਾਉਂ ਅਬੀਨਾਦਾਬ। ਫ਼ਿਰ ਅਬੀਨਾਦਾਬ ਨੂੰ ਯਸੀ ਨੇ ਸਮੂਏਲ ਦੇ ਅੱਗੇ ਕੀਤਾ ਤਾਂ ਸਮੂਏਲ ਨੇ ਕਿਹਾ, "ਨਹੀਂ, ਇਸਨੂੰ ਵੀ ਯਹੋਵਾਹ ਨੇ ਨਹੀਂ ਚੁਣਿਆ।"
9ਤਦ ਯਸੀ ਨੇ ਸ਼ੰਮਾਹ ਨੂੰ ਅੱਗੇ ਕੀਤਾ ਪਰ ਸਮੂਏਲ ਬੋਲਿਆ, "ਨਹੀਂ, ਯਹੋਵਾਹ ਨੇ ਇਸ ਆਦਮੀ ਨੂੰ ਵੀ ਨਹੀਂ ਚੁਣਿਆ।"
10ਯਸੀ ਨੇ ਆਪਨੇ ਸੱਤ ਪੁੱਤਰ ਸਮੂਏਲ ਨੂੰ ਵਿਖਾਏ ਪਰ ਉਸਨੇ ਯਸੀ ਨੂੰ ਕਿਹਾ, "ਯਹੋਵਾਹ ਨੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੁਣਿਆ।"
11ਤਦ ਸਮੂਏਲ ਨੇ ਯਸੀ ਨੂੰ ਕਿਹਾ, "ਕੀ ਇਹੀ ਤੇਰੇ ਪੁੱਤਰ ਸਨ?"ਯਸੀ ਨੇ ਆਖਿਆ, "ਨਹੀਂ! ਮੇਰਾ ਇੱਕ ਹੋਰ ਪੁੱਤਰ ਵੀ ਹੈ ਜੋ ਇਨ੍ਹਾਂ ਸਭਨਾ ਤੋਂ ਛੋਟਾ ਹੈ, ਪਰ ਉਹ ਇਸ ਵਖਤ ਇੱਜੜ ਨੂੰ ਅਜੇ ਚਰਾਉਂਦਾ ਹੈ।"ਸਮੂਏਲ ਨੇ ਕਿਹਾ, "ਉਸਨੂੰ ਨੂੰ ਵੀ ਬੁਲਾ ਉਸ ਨੂੰ ਇੱਥੇ ਲੈਕੇ ਆ। ਅਸੀਂ ਉਸ ਵਕਤ ਤੱਕ ਭੋਜਨ ਨਹੀਂ ਛਕਾਂਗੇ ਜਦ ਤੀਕ ਉਹ ਇੱਥੇ ਨਹੀਂ ਆਉਂਦਾ।"
12ਯਸੀ ਨੇ ਕਿਸੇ ਨੂੰ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਇੱਥੇ ਬੁਲਾਉਣ ਲਈ ਭੇਜਿਆ। ਇਹ ਉਸਦਾ ਪੁੱਤਰ ਵੇਖਣ ਵਿੱਚ ਸੋਹਣਾ ਲਾਲ ਰੰਗ ਅਤੇ ਸੁੰਦਰ ਦਿਖਣ ਵਾਲਾ ਨੌਜੁਵਾਨ ਸੀ।ਯਹੋਵਾਹ ਨੇ ਸਮੂਏਲ ਨੂੰ ਕਿਹਾ, "ਉਠ ਅਤੇ ਇਸਦਾ ਮਸਹ ਕਰ। ਇਹੀ ਹੈ ਉਹ।"
13ਸਮੂਏਲ ਨੇ ਉਹ ਸਿੰਗ ਜਿਸ ਵਿੱਚ ਤੇਲ ਭਰਿਆ ਹੋਇਆ ਸੀ ਚੁਕਿਆ ਅਤੇ ਯਸੀ ਦੇ ਸਭ ਤੋਂ ਛੋਟੇ ਪੁੱਤਰ ਨੂੰ ਉਸਦੇ ਸਾਰੇ ਭਰਾਵਾਂ ਦੇ ਸਾਮ੍ਹਣੇ ਉਸਦੇ ਸਿਰ ਵਿੱਚ ਉਹ ਤੇਲ ਰੋੜਕੇ ਉਸਨੂੰ ਮਸਹ ਕੀਤਾ। ਉਸ ਦਿਨ ਤੋਂ ਯਹੋਵਾਹ ਦਾ ਆਤਮਾ ਸਦਾ ਬੜੀ ਜ਼ੋਰ ਦੀ ਦਾਊਦ ਉੱਪਰ ਆਉਂਦਾ ਰਿਹਾ। ਉਸਤੋਂ ਬਾਦ ਸਮੂਏਲ ਰਾਮਾਹ ਨੂੰ ਵਿਦਾ ਹੋਇਆ।
14ਯਹੋਵਾਹ ਦੇ ਆਤਮੇ ਨੇ ਸ਼ਾਊਲ ਨੂੰ ਤਿਆਗ ਦਿੱਤਾ ਅਤੇ ਫ਼ਿਰ ਉਸਨੇ ਇੱਕ ਬੁਰਾ ਆਤਮਾ ਸ਼ਾਊਲ ਅੰਦਰ ਦਾਖਲ ਕਰ ਦਿੱਤਾ। ਇਸਨੇ ਸ਼ਾਊਲ ਨੂੰ ਬਹੁਤ ਕਸ਼ਟ ਦਿੱਤੇ।
15ਸ਼ਾਊਲ ਦੇ ਨੌਕਰਾਂ ਨੇ ਉਸਨੂੰ ਕਿਹਾ, "ਪਰਮੇਸ਼ੁਰ ਵੱਲੋਂ ਇੱਕ ਭੈੜਾ ਆਤਮਾ ਤੈਨੂੰ ਸਤਾ ਰਿਹਾ ਹੈ।"
16ਸਾਨੂੰ ਆਗਿਆ ਦੇ ਕਿ ਅਸੀਂ ਇੱਕ ਅਜਿਹਾ ਮਨੁੱਖ ਲਭਕੇ ਲਿਆਈਏ ਜਿਹੜਾ ਬਰਬਤ ਵਜਾਉਣ ਵਿੱਚ ਹੁਸ਼ਿਆਰ ਹੋਵੇ ਤਾਂ ਫ਼ਿਰ ਅਜਿਹਾ ਹੋਵੇਗਾ ਕਿ ਜਿਸ ਵਕਤ ਪਰਮੇਸ਼ੁਰ ਵੱਲੋਂ ਇਹ ਦੁਸ਼ਟ ਆਤਮਾ ਤੇਰੇ ਉੱਪਰ ਚਢ਼ੇ ਤਾਂ ਉਹ ਬਰਬਤ ਆਪਣੇ ਹੱਥ ਨਾਲ ਵਜਾਵੇਗਾ ਤਾਂ ਤੂੰ ਚੰਗਾ ਹੋ ਜਾਵੇਂਗਾ।"
17ਤਾਂ ਸ਼ਾਊਲ ਨੇ ਆਪਨੇ ਸੇਵਕਾਂ ਨੂੰ ਆਖਿਆ, "ਜਾਓ ਅਤੇ ਅਜਿਹਾ ਸਂਜਿਦਾ ਲਭੋ ਜਿਹੜਾ ਅਜਿਹਾ ਹੁਸ਼ਿਆਰ ਹੋਵੇ ਧੁਨ ਵਜਾਉਣ ਵਿੱਚ ਉਸਨੂੰ ਮੇਰੇ ਕੋਲ ਲੈਕੇ ਆਵੋ।"
18ਉਨ੍ਹਾਂ ਵਿੱਚੋਂ ਇੱਕ ਸੇਵਕ ਨੇ ਕਿਹਾ, "ਬੈਤਲਹਮ ਵਿੱਚ ਇੱਕ ਮਨੁੱਖ ਹੈ ਜਿਸਦਾ ਨਾਉਂ ਯਸੀ ਹੈ। ਮੈਂ ਉਸਦੇ ਪੁੱਤਰ ਨੂੰ ਵੇਖਿਆ ਹੋਇਆ ਹੈ। ਉਹ ਬਰਬਤ ਵਜਾਉਣੀ ਜਾਣਦਾ ਹੈ। ਉਹ ਇੱਕ ਬਹਾਦੁਰ ਆਦਮੀ ਅਤੇ ਵੀਰ ਯੋਧਾ ਵੀ ਹੈ। ਉਹ ਸੋਹਣਾ ਅਤੇ ਸੁਨਖਾ ਵੀ ਹੈ ਅਤੇ ਯਹੋਵਾਹ ਵੀ ਉਸਦੇ ਵੱਲ ਹੈ।
19ਤਾਂ ਸ਼ਾਊਲ ਨੇ ਯਸੀ ਵੱਲ ਆਪਣੇ ਹਰਕਾਰੇ ਭੇਜੇ। ਉਨ੍ਹਾਂ ਨੇ ਯਸੀ ਨੂੰ ਕਿਹਾ, "ਤੇਰਾ ਦਾਊਦ ਨਾਮ ਦਾ ਜੋ ਪੁੱਤਰ ਹੈ, ਜੋ ਇੱਜੜ ਚਰਾਉਂਦਾ ਹੈ ਉਸਨੂੰ ਮੇਰੇ ਨਾਲ ਭੇਜ।"
20ਉਪਰੰਤ ਯਸੀ ਨੇ ਇੱਕ ਖੋਤਾ ਜਿਸ ਉੱਪਰ ਰੋਟੀਆਂ ਲਦ੍ਦੀਆਂ ਸਨ, ਇੱਕ ਮੈਅ ਦੀ ਬੋਤਲ ਅਤੇ ਇੱਕ ਪਠੋਰਾ ਲੈਕੇ ਆਪਣੇ ਪੁੱਤਰ ਦਾਊਦ ਦੇ ਹਥੀਂ ਸ਼ਾਊਲ ਕੋਲ ਭੇਜਿਆ।
21ਇੰਝ ਦਾਊਦ ਸ਼ਾਊਲ ਕੋਲ ਜਾਕੇ ਉਸਦੇ ਸਾਮ੍ਹਣੇ ਖੜਾ ਹੋਇਆ। ਸ਼ਾਊਲ ਨੇ ਦਾਊਦ ਨੂੰ ਬਹੁਤ ਪਿਆਰ ਕੀਤਾ। ਦਾਊਦ ਉਸਦਾ ਸਹਾਇਕ ਬਣਿਆ ਜੋ ਉਸਦੇ ਸ਼ਸਤਰ ਚੁੱਕਦਾ ਸੀ।
22ਸ਼ਾਊਲ ਨੇ ਯਸੀ ਨੂੰ ਇੱਕ ਸੁਨਿਹਾ ਭੇਜਿਆ, "ਤੂੰ ਦਾਊਦ ਨੂੰ ਮੇਰੇ ਕੋਲ ਮੇਰੀ ਸੇਵਾ ਲਈ ਛੱਡਦੇ। ਮੈਨੂੰ ਉਹ ਬੜਾ ਚੰਗਾ ਲੱਗਾ ਹੈ।"
23ਤਾਂ ਇਉਂ ਹੋਇਆ ਕਿ ਜਿਸ ਵੇਲੇ ਵੀ ਦੁਸ਼ਟ ਆਤਮਾ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਚੜਦਾ ਤਾਂ ਦਾਊਦ ਬਰਬਤ ਸਾਜ਼ ਲੈਕੇ ਆਪਣੇ ਹੱਥ ਨਾਲ ਵਜਾਉਂਦਾ ਸੀ ਅਤੇ ਫ਼ੇਰ ਸ਼ਾਊਲ ਨੂੰ ਤਾਜ਼ਗੀ ਆਉਂਦੀ ਸੀ ਅਤੇ ਉਹ ਠੀਕ ਹੋ ਜਾਂਦਾ ਸੀ ਅਤੇ ਦੁਸ਼ਟ ਆਤਮਾ ਉਸਤੋਂ ਹਟ ਜਾਂਦਾ ਸੀ।