Loading Bible Translation
First-time download in progress. This may take a few seconds…
Punjabi Bible Wordproject Bible
30 verses
1ਜਦੋਂ ਦਾਊਦ ਸ਼ਾਊਲ ਨਾਲ ਗੱਲ ਕਰ ਹਟਿਆ ਤਾਂ ਯੋਨਾਥਾਨ ਦਾਊਦ ਦੇ ਬਹੁਤ ਨੇੜੇ ਹੋ ਗਿਆ। ਯੋਨਾਥਾਨ ਦਾਊਦ ਨੂੰ ਓਨਾ ਹੀ ਪਿਆਰ ਕਰਦਾ ਸੀ ਜਿੰਨਾ ਕਿ ਉਹ ਆਪਣੇ-ਆਪ ਨੂੰ।
2ਉਸ ਦਿਨ ਤੋਂ ਬਾਦ ਸ਼ਾਊਲ ਨੇ ਦਾਊਦ ਨੂੰ ਆਪਣੇ ਕੋਲ ਹੀ ਰੱਖਿਆ ਅਤੇ ਮੁੜ ਉਸਨੇ ਦਾਊਦ ਨੂੰ ਆਪਣੇ ਪਿਉ ਕੋਲ ਵਾਪਸ ਨਾ ਜਾਣ ਦਿੱਤਾ।
3ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਉਸਨੇ ਦਾਊਦ ਨਾਲ ਇੱਕ ਇਕਰਾਰਨਾਮਾ ਕੀਤਾ। ਯੋਨਾਥਾਨ ਨੇ ਜਿਹੜਾ ਚੋਲਾ ਪਾਇਆ ਹੋਇਆ ਸੀ ਉਹ ਦਾਊਦ ਨੂੰ ਦੇ ਦਿੱਤਾ।
4ਯੋਨਾਥਾਨ ਨੇ ਉਸਨੂੰ ਆਪਣੀ ਵਰਦੀ ਵੀ ਦੇ ਦਿੱਤੀ। ਇਥੋਂ ਤੱਕ ਕਿ ਉਸਨੇ ਦਾਊਦ ਨੂੰ ਆਪਣੀ ਤਲਵਾਰ, ਧਨੁਸ਼ ਅਤੇ ਪੇਟੀ ਵੀ ਦੇ ਦਿੱਤੀ।
5ਸ਼ਾਊਲ ਨੇ ਦਾਊਦ ਨੂੰ ਬਹੁਤ ਸਾਰੀਆਂ ਲੜਾਈਆਂ ਵਿੱਚ ਲੜਨ ਨੂੰ ਭੇਜਿਆ ਅਤੇ ਉਹ ਉਨ੍ਹਾਂ ਜੰਗਾਂ ਵਿੱਚ ਬੜਾ ਕਾਮਯਾਬ ਵੀ ਰਿਹਾ। ਫ਼ਿਰ ਸ਼ਾਊਲ ਨੇ ਉਸਨੂੰ ਸੈਨਾ ਦਾ ਸਰਦਾਰ ਬਣਾ ਦਿੱਤਾ। ਇਹ ਗੱਲ ਸਭ ਨੂੰ ਇਥੋਂ ਤੱਕ ਕਿ ਸ਼ਾਊਲ ਦੇ ਅਫ਼ਸਰਾਂ ਨੂੰ ਵੀ ਬੜੀ ਚੰਗੀ ਲਗੀ।
6ਦਾਊਦ ਫ਼ਲਿਸਤੀਆਂ ਦੇ ਖਿਲਾਫ਼ ਲੜਨ ਜਾਂਦਾ ਅਤੇ ਜਦ ਉਹ ਲੜਾਈ ਤੋਂ ਬਾਦ ਘਰ ਨੂੰ ਵਾਪਸ ਪਰਤਦਾ ਤਾਂ ਇਸਰਾਏਲ ਦੇ ਹਰ ਸ਼ਹਿਰ ਵਿੱਚੋਂ ਔਰਤਾਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਦੀਆਂ ਤਾਂ ਜੋ ਉਹ ਦਾਊਦ ਨੂੰ ਮਿਲ ਸਕਣ ਅਤੇ ਫ਼ਿਰ ਉਹ ਲੋਕ ਬੜਾ ਖੁਸ਼ ਹੁੰਦੇ ਨੱਚਦੇ, ਗਾਉਂਦੇ ਢੋਲ ਵਜਾਉਂਦੇ ਅਤੇ ਬਰਬਤ ਵਰਗਾ ਇੱਕ ਸਾਜ਼ ਵੀ ਵਜਾਉਂਦੇ। ਇਹ ਸਭ ਕੁਝ ਉਹ ਲੋਕ ਸ਼ਾਊਲ ਦੇ ਸਾਮ੍ਹਣੇ ਕਰਦੇ।
7ਔਰਤਾਂ ਇਹ ਗੀਤ ਗਾਉਂਦੀਆਂ:"ਸ਼ਾਊਲ ਨੇ ਹਜ਼ਾਰਾਂ ਵੈਰੀਆਂ ਨੂੰ ਮਾਰਿਆ ਪਰ ਦਾਊਦ ਨੇ ਲਖਾਂ ਵੈਰੀਆਂ ਨੂੰ ਮਾਰਿਆ।"
8ਔਰਤਾਂ ਦੇ ਇਸ ਗੀਤ ਨੇ ਸ਼ਾਊਲ ਨੂੰ ਬੇਚੈਨ ਕਰ ਦਿੱਤਾ ਅਤੇ ਉਸਨੂੰ ਬੜਾ ਕਰੋਧ ਆਇਆ। ਸ਼ਾਊਲ ਨੇ ਸੋਚਿਆ, "ਔਰਤਾਂ ਆਖਦੀਆਂ ਹਨ ਕਿ ਦਾਊਦ ਨੇ ਲਖਾਂ ਵੈਰੀਆਂ ਨੂੰ ਮਾਰਿਆ ਅਤੇ ਉਹ ਆਖਦੀਆਂ ਹਨ ਕਿ ਮੈਂ ਸਿਰਫ਼ ਹਜ਼ਾਰਾਂ ਵੈਰੀਆਂ ਨੂੰ ਮਾਰਿਆ।"
9ਉਸ ਦਿਨ ਤੋਂ ਬਾਦ ਦਾਊਦ ਉੱਪਰ ਕਢ਼ੀ ਨਜ਼ਰ ਰੱਖਣ ਲੱਗਾ।
10ਅਗਲੇ ਹੀ ਦਿਨ ਤੋਂ ਇੱਕ ਦੁਸ਼ਟ ਆਤਮੇ ਨੇ ਪਰਮੇਸ਼ੁਰ ਵੱਲੋਂ ਸ਼ਾਊਲ ਉੱਪਰ ਵਸ੍ਸ ਕਰ ਲਿਆ। ਉਹ ਆਪਣੇ ਘਰ ਬਿਲਕੁਲ ਜੰਗਲੀ ਪਾਗਲਾਂ ਵਾਂਗ ਵਤੀਰਾ ਕਰਨ ਲੱਗਾ। ਦਾਊਦ ਜਿਵੇਂ ਹੀ ਉਸ ਨੂੰ ਠੀਕ ਕਰਨ ਲਈ ਬਰਬਤ ਵਜਾਉਂਦਾ ਸੀ ਉਹ ਉਵੇਂ ਹੀ ਕਰਨ ਲੱਗਾ।
11ਪਰ ਸ਼ਾਊਲ ਦੇ ਹੱਥ ਵਿੱਚ ਇੱਕ ਸਾਂਗ ਸੀ ਅਤੇ ਉਸਨੇ ਸੋਚਿਆ, "ਮੈਂ ਦਾਊਦ ਨੂੰ ਕੰਧ ਵਿੱਚ ਵਿਂਨ੍ਹ ਦੇਵਾਂਗਾ।" ਸ਼ਾਊਲ ਨੇ ਦੋ ਵਾਰ ਸਾਂਗ ਉਸ ਵੱਲ ਸੁੱਟੀ ਪਰ ਦਾਊਦ ਦੋਨੋਂ ਵਾਰੀ ਬਚ ਨਿਕਲਿਆ।
12ਯਹੋਵਾਹ ਦਾਊਦ ਦੇ ਨਾਲ ਸੀ ਅਤੇ ਯਹੋਵਾਹ ਨੇ ਸ਼ਾਊਲ ਨੂੰ ਛੱਡ ਦਿੱਤਾ ਸੀ ਇਸ ਲਈ ਹੁਣ ਸ਼ਾਊਲ ਦਾਊਦ ਕੋਲੋਂ ਭੈਅ ਖਾਂਦਾ ਸੀ।
13ਸ਼ਾਊਲ ਨੇ ਦਾਊਦ ਨੂੰ ਆਪਣੇ ਤੋਂ ਦੂਰ ਭੇਜ ਦਿੱਤਾ ਉਸਨੇ ਦਾਊਦ ਨੂੰ 1 ,000 ਸਿਪਾਹਈਆਂ ਉੱਪਰ ਕਮਾਂਡਰ ਬਣਾ ਦਿੱਤਾ। ਅਤੇ ਇਸ ਲਈ ਉਹ ਲੜਾਈ ਵਿੱਚ ਲੋਕਾਂ ਦਾ ਆਗੂ ਹੁੰਦਾ।
14ਯਹੋਵਾਹ ਦਾਊਦ ਦੇ ਨਾਲ ਸੀ ਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦਾ ਉਸਨੂੰ ਸਫ਼ਲਤਾ ਮਿਲਦੀ।
15ਸ਼ਾਊਲ ਨੇ ਜਦ ਵੇਖਿਆ ਕਿ ਦਾਊਦ ਨੂੰ ਬੜੀ ਕਾਮਯਾਬੀ ਮਿਲਦੀ ਹੈ ਤਾਂ ਉਹ ਹੋਰ ਜ਼ਿਆਦਾ ਦਾਊਦ ਤੋਂ ਡਰਨ ਲੱਗਾ।
16ਪਰ ਇਸਰਾਏਲ ਅਤੇ ਯਹੂਦਾਹ ਦੇ ਸਾਰੇ ਲੋਕਾਂ ਨੇ ਦਾਊਦ ਨੂੰ ਪਿਆਰ ਕੀਤਾ ਕਿਉਂਕਿ ਉਸਨੇ ਜੰਗ ਵਿੱਚ ਉਨ੍ਹਾਂ ਦੀ ਅਗਵਾਈ ਕੀਤੀ ਸੀ ਅਤੇ ਉਨ੍ਹਾਂ ਦੀ ਖਾਤਿਰ ਲੜਿਆ ਸੀ।
17ਪਰ ਸ਼ਾਊਲ ਦਾਊਦ ਨੂੰ ਮਾਰਨਾ ਚਾਹੁੰਦਾ ਸੀ, ਉਸਨੇ ਦਾਊਦ ਨਾਲ ਚਾਲ ਖੇਡਣ ਦੀ ਇੱਕ ਵਿਉਂਤ ਬਣਾਈ ਸ਼ਾਊਲ ਨੇ ਦਾਊਦ ਨੂੰ ਕਿਹਾ, "ਇਹ ਮੇਰੀ ਸਭ ਤੋਂ ਵੱਡੀ ਧੀ ਮੇਰਬ ਹੈ, ਇਸਨੂੰ ਮੈਂ ਤੈਨੂੰ ਵਿਆਹ ਦਿੰਦਾ ਹਾਂ, ਫ਼ਿਰ ਤੂੰ ਇੱਕ ਤਕੜਾ ਸਿਪਾਹੀ ਅਤੇ ਮੇਰੇ ਪੁੱਤਰਾਂ ਸਮਾਨ ਹੋ ਜਾਵੇਂਗਾ। ਫ਼ਿਰ ਤੂੰ ਜਾਕੇ ਯਹੋਵਾਹ ਦੀਆਂ ਲੜਾਈਆਂ ਵੀ ਲੜਿਆ ਕਰੇਂਗਾ।" ਪਰ ਇਹ ਸ਼ਾਊਲ ਦੀ ਚਾਲ ਸੀ ਅਸਲ ਵਿੱਚ ਤਾਂ ਸ਼ਾਊਲ ਸੋਚ ਰਿਹਾ ਸੀ ਕਿ, "ਹੁਣ ਮੈਨੂੰ ਦਾਊਦ ਨੂੰ ਜਾਨੋਂ ਮਾਰਨ ਦੀ ਲੋੜ ਨਹੀਂ ਪਵੇਗੀ, ਸਗੋਂ ਮੇਰੇ ਲਈ ਆਪੇ ਹੀ ਉਹ ਫ਼ਲਿਸਤੀਆਂ ਦੇ ਹਥੋਂ ਮਰੇਗਾ।"
18ਪਰ ਦਾਊਦ ਨੇ ਕਿਹਾ, "ਮੈਂ ਕਿਸੇ ਵੱਡੇ ਪਰਿਵਾਰ ਵਿੱਚੋਂ ਨਹੀਂ ਹਾਂ। ਮੇਰਾ ਖਾਨਦਾਨ ਇੰਨਾ ਉੱਚਾ ਨਹੀਂ ਹੈ ਕਿ ਪਾਤਸ਼ਾਹ ਦੀ ਕੁੜੀ ਨਾਲ ਵਿਆਹ ਕਰਾਂ।"
19ਪਰ ਅਜਿਹਾ ਹੋਇਆ ਕਿ ਜਦੋਂ ਉਹ ਵੇਲਾ ਆਇਆ ਕਿ ਸ਼ਾਊਲ ਦੀ ਧੀ ਦਾਊਦ ਨਾਲ ਵਿਆਹੀ ਜਾਵੇ ਤਾਂ ਉਹ ਮਹੋਲਾਠੀ ਅੰਦਰੀਏਲ ਨਾਲ ਵਿਆਹੀ ਗਈ।
20ਸ਼ਾਊਲ ਦੀ ਦੂਜੀ ਕੁੜੀ ਮੀਕਲ ਦਾਊਦ ਨੂੰ ਪਿਆਰ ਕਰਦੀ ਸੀ। ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਮ੍ਮੀਕਲ ਦਾਊਦ ਨੂੰ ਪਿਆਰ ਕਰਦੀ ਹੈ ਤਾਂ ਉਹ ਸੁਣਕੇ ਬੜਾ ਖੁਸ਼ ਹੋਇਆ।
21ਸ਼ਾਊਲ ਨੇ ਸੋਚਿਆ, "ਹੁਣ ਮੈਂ ਮੀਕਲ ਤੋਂ ਦਾਊਦ ਨੂੰ ਉਸਦੇ ਜਾਲ ਵਿੱਚ ਫ਼ਸਾਉਣ ਦਾ ਕੰਮ ਲਵਾਂਗਾ। ਮੈਂ ਮੀਕਲ ਨੂੰ ਦਾਊਦ ਨਾਲ ਵਿਆਹ ਕਰਨ ਦੇਵਾਂਗਾ ਅਤੇ ਉਸਤੋਂ ਬਾਦ ਫ਼ਲਿਸਤੀ ਆਪੇ ਦਾਊਦ ਨੂੰ ਜਾਨੋਂ ਮਾਰ ਸੁੱਟਣਗੇ।" ਇਸ ਲਈ ਸ਼ਾਊਲ ਨੇ ਦਾਊਦ ਨੂੰ ਦੂਜੀ ਵਾਰ ਕਿਹਾ, "ਤੂੰ ਅੱਜ ਹੀ ਮੇਰੀ ਕੁੜੀ ਨਾਲ ਵਿਆਹ ਕਰ ਸਕਦਾ ਹੈਂ।"
22ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਹੁਕਮ ਦਿੱਤਾ ਅਤੇ ਕਿਹਾ, 'ਦਾਊਦ ਨਾਲ ਇਕਲਿਆਂ ਗ੍ਗੱਲ ਕਰੋ ਅਤੇ ਉਸਨੂੰ ਕਹੋ, "ਵੇਖ, ਪਾਤਸ਼ਾਹ ਤੈਨੂੰ ਬਹੁਤ ਚਾਹੁੰਦਾ ਹੈ, ਉਸਦੇ ਸਾਰੇ ਅਫ਼ਸਰਾਂ ਨੂੰ ਵੀ ਤੂੰ ਬਹੁਤ ਪਿਆਰਾ ਹੈ। ਇਸ ਲਈ ਤੈਨੂੰ ਉਸਦੀ ਕੁੜੀ ਨਾਲ ਵਿਆਹ ਕਰਵਾ ਲੈਣਾ ਚਾਹੀਦਾ ਹੈ।"'
23ਸ਼ਾਊਲ ਦੇ ਅਫ਼ਸਰਾਂ ਨੇ ਉਪਰੰਤ ਦਾਊਦ ਨਾਲ ਇਹ ਸਾਰੀ ਗੱਲ ਕੀਤੀ ਤਾਂ ਦਾਊਦ ਨੇ ਆਖਿਆ, "ਤੁਸੀਂ ਕੀ ਸੋਚਦੇ ਹੋ ਕਿ ਪਾਤਸ਼ਾਹ ਦਾ ਜਵਾਈ ਬਨਣਾ ਇੰਨਾ ਸੌਖਾ ਪਿਆ ਹੈ? ਮੇਰੇ ਕੋਲ ਉਸਦੀ ਧੀ ਨੂੰ ਵਿਆਹੁਣ ਜੋਗੇ ਪੈਸੇ ਨਹੀਂ ਮੈਂ ਤਾਂ ਕਂਗਾਲ ਹਾਂ ਅਤੇ ਇੱਕ ਬੜਾ ਸਾਧਾਰਣ ਜਿਹਾ ਮਨੁੱਖ ਹਾਂ, ਮੇਰੀ ਹਸਤੀ ਹੀ ਕੀ ਹੈ?"
24ਸ਼ਾਊਲ ਦੇ ਅਫ਼ਸਰਾਂ ਨੇ ਜੋ ਕੁਝ ਦਾਊਦ ਨੇ ਆਖਿਆ ਸੀ ਆਕੇ ਉਸਨੂੰ ਕਹਿ ਦਿੱਤਾ।
25ਸ਼ਾਊਲ ਨੇ ਉਨ੍ਹਾਂ ਨੂੰ ਕਿਹਾ, "ਦਾਊਦ ਨੂੰ ਆਖੋ, 'ਦਾਊਦ, ਰਾਜਾ ਨਹੀਂ ਚਾਹੁੰਦਾ ਕਿ ਤੂੰ ਉਸਦੀ ਧੀ ਖਾਤਿਰ ਉਸਨੂੰ ਕੋਈ ਦਹੇਜ਼ ਦੇਵੇ। ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਣਾ ਚਾਹੁੰਦਾ ਹੈ। ਇਸ ਲਈ ਉਹ ਆਪਣੀ ਧੀ ਦੇ ਵਿਆਹ ਵਾਸਤੇ 100 ਫ਼ਲਿਸਤੀਆਂ ਦੀਆਂ ਖੱਲਾਂ ਚਾਹੁੰਦਾ ਹੈ।"' ਇਹ ਸ਼ਾਊਲ ਦੀ ਇੱਕ ਗੁਪਤ ਵਿਉਂਤ ਸੀ। ਉਸਨੇ ਸੋਚਿਆ ਕਿ ਫ਼ਲਿਸਤੀ ਦਾਊਦ ਨੂੰ ਮਾਰ ਦੇਣਗੇ।
26ਸ਼ਾਊਲ ਦੇ ਅਫ਼ਸਰਾਂ ਨੇ ਇਹ ਸਭ ਗੱਲਾਂ ਜਾਕੇ ਦਾਊਦ ਨੂੰ ਕਹੀਆਂ। ਦਾਊਦ ਖੁਸ਼ ਸੀ ਕਿ ਉਸਨੂੰ ਪਾਟਸ਼ਾਹ ਦਾ ਜੁਆਈ ਬਣਨ ਦਾ ਮੌਕਾ ਮਿਲਿਆ ਹੈ ਤਾਂ ਉਹ ਝਟ੍ਟ ਮੰਨ ਗਿਆ।
27ਸਭ ਕੁਝ ਇੰਨੀ ਜਲਦੀ ਹੋਇਆ ਕਿ ਦਾਊਦ ਅਤੇ ਉਸਦੇ ਕੁਝ ਸਿਪਾਹੀ ਫ਼ਲਿਸਤੀਆਂ ਦੇ ਖਿਲਾਫ਼ ਲੜਾਈ ਕਰਨ ਚਲੇ ਗਏ। ਉਨ੍ਹਾਂ ਨੇ 200 ਫ਼ਲਿਸਤੀ ਸਿਪਾਹੀਆਂ ਨੂੰ ਮਾਰ ਸੁਟਿਆ। ਦ੍ਦਾਊਦ ਨੇ ਇਨ੍ਹਾਂ ਫ਼ਲਿਸਤੀਆਂ ਦੀਆਂ ਚਮੜੀਆਂ ਲਿਆਕੇ ਦਾਊਦ ਨੂੰ ਦੇ ਦਿੱਤੀਆਂ। ਦਾਊਦ ਨੇ ਇਹ ਸਭ ਇਸ ਲਈ ਕੀਤਾ ਕਿਉਂਕਿ ਉਹ ਪਾਤਸ਼ਾਹ ਦਾ ਜੁਆਈ ਬਣਨਾ ਚਾਹੁੰਦਾ ਸੀ।ਤਾਂ ਸ਼ਾਊਲ ਨੇ ਆਪਣੀ ਧੀ ਮੀਕਲ ਉਸਨੂੰ ਵਿਆਹ ਦਿੱਤੀ।
28ਸ਼ਾਊਲ ਨੇ ਵੇਖਿਆ ਕਿ ਯਹੋਵਾਹ ਦਾਊਦ ਦੇ ਨਾਲ ਹੈ ਅਤੇ ਉਸਦੀ ਧੀ ਮੀਕਲ ਵੀ ਦਾਊਦ ਨੂੰ ਪਿਆਰ ਕਰਦੀ ਹੈ।
29ਤਾਂ ਸ਼ਾਊਲ ਦਾਊਦ ਕੋਲੋਂ ਹੋਰ ਵੀ ਵਧੇਰੇ ਭੈਅ ਖਾਣ ਲੱਗਾ। ਅਤੇ ਉਹ ਦਾਊਦ ਦੇ ਹੋਰ ਵੀ ਖਿਲਾਫ਼ ਰਹਿਣ ਲੱਗਾ।
30ਤਦ ਫ਼ਲਿਸਤੀਆਂ ਦੇ ਸਰਦਾਰਾਂ ਨੇ ਲਗਾਤਾਰ ਇਸਰਾਏਲੀਆਂ ਨਾਲ ਲੜਾਈ ਜਾਰੀ ਰਖੀ ਪਰ ਹਰ ਵਾਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਦਾਊਦ ਸ਼ਾਊਲ ਦਾ ਸਭ ਤੋਂ ਵਧੀਆ ਅਤੇ ਬਹਾਦੁਰ ਅਫ਼ਸਰ ਸੀ ਅਤੇ ਉਹ ਸਭਨਾ ਵਿੱਚ ਬੜਾ ਮਸ਼ਹੂਰ ਹੋਇਆ।