Loading Bible Translation
First-time download in progress. This may take a few seconds…
Punjabi Bible Wordproject Bible
44 verses
1ਨਬੀਆਂ ਦੇ ਟੋਲੇ ਵਿੱਚ ਇੱਕ ਨਬੀ ਦੀ ਬੀਵੀ ਸੀ ਜਿਸਦੇ ਪਤੀ ਦੀ ਮੌਤ ਹੋ ਗਈ। ਉਸਦੀ ਪਤਨੀ ਅਲੀਸ਼ਾ ਅੱਗੇ ਜਾਕੇ ਪਿੱਟੀ, "ਮੇਰਾ ਪਤੀ ਤੇਰੇ ਸੇਵਕਾਂ ਵਰਗਾ ਸੀ। ਹੁਣ ਉਸਦੀ ਮੌਤ ਹੋ ਗਈ ਹੈ। ਤੈਨੂੰ ਪਤਾ ਹੈ ਕਿ ਉਹ ਯਹੋਵਾਹ ਦਾ ਭੈ ਮੰਨਦਾ ਹੈ। ਉਸਨੇ ਇੱਕ ਆਦਮੀ ਤੋਂ ਉਧਾਰ ਲਿੱਤਾ ਸੀ ਤੇ ਹੁਣ ਲੈਣਦਾਰ ਮੇਰੇ ਦੋ ਪੁੱਤਰਾਂ ਨੂੰ ਆਪਣੇ ਗੁਲਾਮ ਬਨਾਉਣ ਲਈ ਲੈਣ ਆ ਰਿਹਾ ਹੈ।"
2ਅਲੀਸ਼ਾ ਨੇ ਆਖਿਆ, "ਮੈਂ ਤੇਰੀ ਮਦਦ ਕਿਵੇਂ ਕਰ ਸਕਦਾ ਹਾਂ? ਮੈਨੂੰ ਦੱਸ ਕਿ ਤੇਰੇ ਘਰ ਵਿੱਚ ਤੇਰੇ ਕੋਲ ਕੀ ਹੈ?"ਉਸ ਔਰਤ ਨੇ ਕਿਹਾ, "ਮੇਰੇ ਕੋਲ ਘਰ ਵਿੱਚ ਕੁਝ ਵੀ ਨਹੀਂ ਹੈ, ਮੇਰੇ ਕੋਲ ਸਿਰਫ਼ ਜੈਤੂਨ ਦੇ ਤੇਲ ਦਾ ਇੱਕ ਮਰਤਬਾਨ ਹੈ।"
3ਤੱਦ ਅਲੀਸ਼ਾ ਨੇ ਕਿਹਾ, "ਤੂੰ ਜਾਹ ਤੇ ਜਾਕੇ ਆਪਣੇ ਸਾਰੇ ਗੁਆਂਢੀਆਂ ਕੋਲੋਂ ਖਾਲੀ ਭਾਂਡੇ ਮੰਗ ਲਿਆ। ਉਹ ਵੀ ਖਾਲੀ ਹੀ ਹੋਣਗੇ। ਤੂੰ ਕਾਫ਼ੀ ਸਾਰੇ ਭਾਂਡੇ ਇਕੱਠੇ ਕਰ ਲੈ।
4ਫ਼ਿਰ ਆਪਣੇ ਘਰ ਜਾਕੇ ਆਪਣਾ ਦਰਵਾਜ਼ਾ ਅੰਦਰੋਂ ਬੰਦ ਕਰ ਲਵੀਂ। ਸਿਰਫ਼ ਤੂੰ ਤੇ ਤੇਰੇ ਪੁੱਤਰ ਹੀ ਘਰ ਵਿੱਚ ਰਹਿਣ ਤੇ ਫ਼ਿਰ ਉਹ ਤੇਲ ਸਾਰੇ ਭਾਂਡਿਆਂ ਵਿੱਚ ਪਾ ਦੇਵੀਂ। ਉਨ੍ਹਾਂ ਭਾਂਡਿਆਂ ਨੂੰ ਤੇਲ ਨਾਲ ਭਰਕੇ ਇੱਕ ਪਾਸੇ ਰੱਖ ਦੇਵੀਂ।"
5ਤਾਂ ਉਹ ਔਰਤ ਅਲੀਸ਼ਾ ਨਾਲ ਗੱਲ ਕਰਕੇ ਆਪਣੇ ਘਰ ਗਈ ਅਤੇ ਅੰਦਰ ਜਾਕੇ ਦਰਵਾਜ਼ਾ ਬੰਦ ਕਰ ਲਿੱਤਾ। ਉਸਦੇ ਪੁੱਤਰਾਂ ਨੇ ਭਾਂਡੇ ਲਿਆਂਦੇ ਅਤੇ ਉਸਨੇ ਉਨ੍ਹਾਂ ਵਿੱਚ ਤੇਲ ਭਰਿਆ।
6ਉਸਨੇ ਬਹੁਤ ਸਾਰੇ ਭਾਂਡੇ ਭਰ ਲਿੱਤੇ। ਅਖੀਰ ਵਿੱਚ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, "ਮੈਨੂੰ ਹੋਰ ਭਾਂਡਾ ਲਿਆਕੇ ਦੇ।"ਪਰ ਸਾਰੇ ਭਾਂਡੇ ਭਰ ਚੁੱਕੇ ਸਨ। ਉਸਦੇ ਪੁੱਤਰਾਂ ਵਿੱਚੋਂ ਇੱਕ ਨੇ ਕਿਹਾ, "ਹੋਰ ਭਾਂਡੇ ਨਹੀਂ ਹੈਗੇ।" ਤਾਂ ਉਸ ਵਕਤ ਮਰਤਬਾਨ ਵਾਲਾ ਤੇਲ ਖਤਮ ਹੋ ਗਿਆ।
7ਤੱਦ ਉਹ ਔਰਤ ਪਰਮੇਸ਼ੁਰ ਦੇ ਮਨੁੱਖ ਕੋਲ ਆਈ ਅਤੇ ਤੇ ਆਕੇ ਉਸਨੂੰ (ਅਲੀਸ਼ਾ) ਸਾਰਾ ਹਾਲ ਦੱਸਿਆ ਕਿ ਕੀ ਵਾਪਰਿਆ ਹੈ। ਤਾਂ ਅਲੀਸ਼ਾ ਨੇ ਉਸਨੂੰ ਕਿਹਾ, "ਜਾ, ਹੁਣ ਜਾਕੇ ਇਹ ਤੇਲ ਵੇਚ ਅਤੇ ਆਪਣਾ ਉਧਾਰ ਉਤਾਰ। ਇਹ ਤੇਲ ਵਿਕਣ ਤੋਂ ਬਾਅਦ ਤੇਰਾ ਉਧਾਰ ਵੀ ਲਬ੍ਬ ਜਾਵੇਗਾ ਤੇ ਬਾਕੀ ਜੋ ਪੈਸੇ ਬਚਣਗੇ ਉਸ ਨਾਲ ਤੇਰਾ ਤੇ ਤੇਰੇ ਪੁੱਤਰਾਂ ਦਾ ਗੁਜ਼ਾਰਾ ਹੋ ਜਾਵੇਗਾ।"
8ਇੱਕ ਦਿਨ ਅਲੀਸ਼ਾ ਸ਼ੂਨੇਮ ਵੱਲੋਂ ਦੀ ਲੰਘਿਆ। ਉੱਥੇ ਇੱਕ ਮਹੱਤਵਪੂਰਣ ਔਰਤ ਹਿਂਦੀ ਸੀ ਜਿਸਨੇ ਅਲੀਸ਼ਾ ਨੂੰ ਰਾਤ ਉੱਥੇ ਠਹਿਰਨ ਤੇ ਆਪਣੇ ਘਰ ਭੋਜਨ ਕਰਨ ਲਈ ਆਖਿਆ। ਤਾਂ ਫ਼ਿਰ ਜਦੋਂ ਵੀ ਅਲੀਸ਼ਾ ਉਸ ਰਾਹ ਤੋਂ ਦੀ ਲੰਘਦਾ ਰੋਟੀ ਖਾਣ ਲਈ ਉਹ ਉਸ ਘਰੇ ਰੁਕ ਜਾਂਦਾ।
9ਉਸ ਔਰਤ ਨੇ ਆਪਣੇ ਪਤੀ ਨੂੰ ਕਿਹਾ, "ਵੇਖੋ! ਉਹ ਮਨੁੱਖ ਜਿਸਦਾ ਨਾਂ ਅਲੀਸ਼ਾ ਹੈ, ਜੋ ਕਿ ਅਕਸਰ ਇਸ ਰਾਹ ਤੋਂ ਦੀ ਲੰਘਦਾ ਹੈ, ਪਰਮੇਸ਼ੁਰ ਦਾ ਕੋਈ ਪਵਿੱਤਰ ਮਨੁੱਖ ਹੈ।
10ਆਪਾਂ ਛੱਤ ਉੱਪਰ ਉਸ ਲਈ ਇੱਕ ਕਮਰਾ ਪਾ ਦੇਈਏ ਅਤੇ ਉਸਦੇ ਕਮਰੇ ਵਿੱਚ ਇੱਕ ਮਂਜਾ, ਇੱਕ ਮੇਜ ਤੇ ਕੁਰਸੀ ਅਤੇ ਇੱਕ ਲਾਲਟੇਨ ਰੱਖ ਦੇਈਏ। ਇਉਂ ਫ਼ਿਰ ਉਹ ਜਦੋਂ ਕਦੇ ਵੀ ਇਸ ਰਾਹ ਤੋਂ ਦੀ ਜਾਵੇਗਾ, ਉਹ ਇਸ ਕਮਰੇ ਦੀ ਵਰਤੋਂ ਕਰ ਸਕਦਾ ਹੈ।"
11ਇੱਕ ਦਿਨ ਅਲੀਸ਼ਾ ਉਸ ਔਰਤ ਦੇ ਘਰ ਗਿਆ ਅਤੇ ਉਸ ਕਮਰੇ ਵਿੱਚ ਬੋੜੀ ਦੇਰ ਰੁਕ ਕੇ ਉਸਨੇ ਅਰਾਮ ਕੀਤਾ।
12ਤੱਦ ਅਲੀਸ਼ਾ ਨੇ ਆਪਣੇ ਸੇਵਕ ਗੇਹਾਜ਼ੀ ਨੂੰ ਆਖਿਆ, "ਇਸ ਸ਼ੂਨੰਮੀ ਔਰਤ ਨੂੰ ਸੱਦ ਕੇ ਲਿਆ।"ਸ���ਵਕ ਨੇ ਉਸ ਸ਼ੂਨੰਮੀ ਔਰਤ ਨੂੰ ਸਦਿਆ ਤਾਂ ਉਹ ਅਲੀਸ਼ਾ ਦੇ ਸਾਮ੍ਹਣੇ ਆਕੇ ਖੜੋ ਗਈ।
13ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, "ਇਸ ਔਰਤ ਨੂੰ ਆਖ ਕਿ, 'ਤੂੰ ਆਪਣੇ ਵੱਲੋਂ ਸਾਡੀ ਪੂਰੀ ਆਓ-ਭਗਤੀ ਕੀਤੀ ਹੈ ਸੋ ਦੱਸ ਹੁਣ ਅਸੀਂ ਤੇਰੇ ਲਈ ਕੀ ਕਰੀਏ? ਕੀ ਅਸੀਂ ਪਾਤਸ਼ਾਹ ਨਾਲ ਜਾਂ ਸੈਨਾਪਤੀ ਨਾਲ ਤੇਰੇ ਲਈ ਗੱਲ ਕਰੀਏ?"'ਉਹ ਔਰਤ ਬੋਲੀ, "ਮੈਂ ਤਾਂ ਇੱਥੇ ਆਪਣੇ ਲੋਕਾਂ ਵਿਚਕਾਰ ਹੱਸਦੀ ਵੱਸਦੀ ਹਾਂ।"
14ਤਾਂ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, "ਤਾਂ ਫ਼ਿਰ ਇਸ ਲਈ ਕੀ ਕੀਤਾ ਜਾਵੇ?"ਗੇਹਾਜੀ ਨੇ ਆਖਿਆ, "ਮੈਂ ਜਾਣਦਾ ਹਾਂ ਕਿ ਇਸ ਔਰਤ ਦਾ ਕੋਈ ਪੁੱਤਰ ਨਹੀਂ ਹੈ ਤੇ ਇਸਦਾ ਪਤੀ ਕਾਫ਼ੀ ਬਿਰਧ ਹੋ ਚੁੱਕਾ ਹੈ।"
15ਤੱਦ ਅਲੀਸ਼ਾ ਨੇ ਕਿਹਾ, "ਉਸ ਨੂੰ ਇੱਥੇ ਬੁਲਾ।"ਤਾਂ ਗੇਹਾਜੀ ਨੇ ਉਸ ਔਰਤ ਨੂੰ ਬੁਲਾਇਆ ਤਾਂ ਉਹ ਆਕੇ ਉਸਦੇ ਦਰਵਾਜ਼ੇ ਕੋਲ ਖੜੋ ਗਈ।
16ਅਲੀਸ਼ਾ ਨੇ ਉਸਨੂੰ ਕਿਹਾ, "ਇਸੇ ਰੁੱਤ ਬਸੰਤ ਦੇ ਦਿਨਾਂ ਦੇ ਕੋਲ ਤੇਰੀ ਆਪਣੀ ਗੋਦ ਵਿੱਚ ਪੁੱਤਰ ਹੋਵੇਗਾ ਜਿਸ ਨਾਲ ਤੂੰ ਕਲੋਲ ਕਰੇਗੀ।"ਉਹ ਬੋਲੀ , "ਨਹੀਂ ਮੇਰੇ ਸੁਆਮੀ , ਪਰਮੇਸ਼ੁਰ ਦੇ ਮਨੁੱਖ ਆਪਣੀ ਟਹਿਲਣ ਨਾਲ ਝੂਠ ਨਾ ਬੋਲ।"
17ਪਰ ਉਹ ਔਰਤ ਗਰਭਵਤੀ ਹੋਈ ਤੇ ਉਸੇ ਬਸੰਤ ਦੇ ਮੌਸਮ ਉਸਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਜਿਵੇਂ ਕਿ ਅਲੀਸ਼ਾ ਦਾ ਵਾਕ ਸੀ।
18ਕੁਝ ਦੇਰ ਬਾਅਦ ਬੱਚਾ ਵੱਡਾ ਹੋਇਆ। ਇੱਕ ਦਿਨ ਉਹ ਬਾਲ ਆਪਣੇ ਪਿਓ ਨੂੰ ਤੇ ਵਾਢਿਆ ਨੂੰ ਵੇਖਣ ਖੇਤਾਂ ਵਿੱਚ ਚਲਾ ਗਿਆ।
19ਉਸ ਬਾਲਕ ਨੇ ਆਪਣੇ ਪਿਓ ਨੂੰ ਕਿਹਾ, "ਹਾਏ! ਮੇਰਾ ਸਿਰ! ਹਾਏ ਮੇਰਾ ਸਿਰ ਦੁੱਖਦਾ ਹੈ।"ਪਿਤਾ ਨੇ ਆਪਣੇ ਟਹਿਲੂੇ ਨੂੰ ਕਿਹਾ, "ਜਾ, ਇਸਨੂੰ ਇਸਦੀ ਮਾਂ ਕੋਲ ਛੱਡ ਆ।"
20ਸੇਵਕ ਉਸ ਬਾਲ ਨੂੰ ਉਸਦੀ ਮਾਂ ਕੋਲ ਛੱਡ ਆਇਆ। ਦੁਪਿਹਰ ਤੱਕ ਬਾਲ ਆਪਣੀ ਮਾਂ ਦੀ ਗੋਦ ਵਿੱਚ ਲੇਟਿਆ ਰਿਹਾ ਤੇ ਫਿਰ ਉਹ ਮਰ ਗਿਆ।
21ਉਸ ਔਰਤ ਨੇ ਮੋਏ ਹੋਏ ਬਾਲ ਨੂੰ ਅਲੀਸ਼ਾ ਦੇ ਮੰਜੇ ਉੱਪਰ ਪਾ ਦਿੱਤਾ। ਉਸਨੇ ਉਹ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪ ਬਾਹਰ ਚਲੀ ਗਈ।
22ਉਸਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਆਖਿਆ, "ਕਿਰਪਾ ਕਰਕੇ ਮੈਨੂੰ ਇੱਕ ਸੇਵਕ ਤੇ ਇੱਕ ਗਧਾ ਦੇ ਤਾਂ ਜੋ ਮੈਂ ਛੇਤੀ ਨਾਲ ਪਰਮੇਸ਼ੁਰ ਦੇ ਮਨੁੱਖ ਕੋਲ ਜਾਵਾਂ ਤੇ ਮੁੜ ਜਲਦੀ ਹੀ ਪਰਤ ਆਵਾਂ।"
23ਉਸ ਔਰਤ ਦੇ ਪਤੀ ਨੇ ਕਿਹਾ, "ਤੂੰ ਅੱਜ ਹੀ ਪਰਮੇਸ਼ੁਰ ਦੇ ਮਨੁੱਖ ਕੋਲ ਕਿਉਂ ਜਾਣਾ ਚਾਹੁੰਦੀ ਹੈਂ? ਨਾ ਤਾਂ ਅੱਜ ਨਵਾਂ ਚਂਦ ਹੈ ਤੇ ਨਾ ਹੀ ਸਬਾਤ ਦਾ ਦਿਨ?"ਉਸਨੇ ਕਿਹਾ, "ਫ਼ਿਕਰ ਨਾ ਕਰ, ਸਭ ਕੁਝ ਠੀਕ ਹੋ ਜਾਵੇਗਾ।"
24ਤੱਦ ਉਸਨੇ ਗਧੇ ਉੱਪਰ ਕਾਠੀ ਪਾਈ ਅਤੇ ਆਪਣੇ ਸੇਵਕ ਨੂੰ ਆਖਿਆ, "ਜਲਦੀ ਕਰ, ਤੇ ਚੱਲੀਏ। ਜਦੋਂ ਤੀਕ ਮੈਂ ਤੈਨੂੰ ਨਾ ਆਖਾਂ ਪਸ਼ੂ ਨੂੰ ਹੌਲੀ ਨਾ ਕਰੀਂ।"
25ਤੱਦ ਉਹ ਔਰਤ ਕਰਮਲ ਦੇ ਪਰਬਤ ਤੇ ਪਰਮੇਸ਼ੁਰ ਦੇ ਮਨੁੱਖ (ਅਲੀਸ਼ਾ) ਕੋਲ ਗਈ।ਜਦੋਂ ਪਰਮੇਸ਼ੁਰ ਦੇ ਮਨੁੱਖ ਨੇ ਉਸ ਔਰਤ ਨੂੰ ਦੂਰੋ ਆਉਂਦਿਆਂ ਵੇਖਿਆ ਤਾਂ ਉਸਨੇ ਆਪਣੇ ਸੇਵਕ ਗੇਹਾਜੀ ਨੂੰ ਕਿਹਾ, "ਵੇਖ! ਉਹ ਸ਼ੂਨੰਮੀ ਔਰਤ ਹੈ।
26ਤੂੰ ਹੁਣ ਭੱਜ ਕੇ ਉਸਨੂੰ ਮਿਲ ਤੇ ਉਸਨੂੰ ਪੁੱਛ ਕਿ ਕੀ ਉਹ ਠੀਕ ਰਾਜੀ-ਖੁਸ਼ੀ ਤਾਂ ਹੈ? ਕੀ ਉਸਦਾ ਪਤੀ ਠੀਕ ਹੈ? ਕੀ ਉਸਦਾ ਬੱਚਾ ਰਾਜੀ ਹੈ?"ਗੇਹਾਜੀ ਨੇ ਇਹ ਸਭ ਗੱਲਾਂ ਜਾਕੇ ਉਸ ਔਰਤ ਨੂੰ ਕਹੀਆਂ ਉਸ ਔਰਤ ਨੇ ਕਿਹਾ, "ਸਭ ਸੁੱਖ-ਸਾਂਦ ਹੈ।"
27ਪਰ ਜਦੋਂ ਉਹ ਪਰਮੇਸ਼ੁਰ ਦੇ ਮਨੁੱਖ ਕੋਲ ਪਰਬਤ ਉੱਤੇ ਆਈ ਤਾਂ ਉਸਨੇ ਉਸਦੇ ਪੈਰ ਫ਼ਢ਼ ਲੇ ਅਤੇ ਗੇਹਾਜੀ ਉਸਨੂੰ ਪਰੇ ਹਟਾਉਣ ਲਈ ਨੇੜੇ ਆਇਆ, ਪਰ ਪਰਮੇਸ਼ੁਰ ਦੇ ਮਨੁੱਖ ਨੇ ਆਖਿਆ, "ਉਸਨੂੰ ਰਹਿਣ ਦੇ, ਮਨ੍ਹਾ ਨਾ ਕਰ ਕਿਉਂ ਜੁ ਉਸਦਾ ਮਨ ਭਰਿਆ ਹੋਇਆ ਹੈ ਅਤੇ ਯਹੋਵਾਹ ਨੇ ਮੇਰੇ ਤੋਂ ਇਹ ਖਬਰ ਛੁਪਾਈ ਹੈ ਤੇ ਮੈਨੂੰ ਦੱਸਿਆ ਨਹੀਂ।"
28ਤੱਦ ਸ਼ੂਨੰਮੀ ਔਰਤ ਨੇ ਕਿਹਾ, "ਹੇ ਸੁਆਮੀ! ਮੈਂ ਤਾਂ ਕਦੇ ਪੁੱਤਰ ਦਾ ਵਰ ਤੁਹਾਡੇ ਤੋਂ ਨਹੀਂ ਸੀ ਮੰਗਿਆ। ਮੈਂ ਪਹਿਲਾਂ ਵੀ ਆਖਿਆ ਸੀ, 'ਮੈਨੂੰ ਗੁਮਰਾਹ ਨਾ ਕਰੋ।"'
29ਤੱਦ ਅਲੀਸ਼ਾ ਨੇ ਗੇਹਾਜੀ ਨੂੰ ਕਿਹਾ, "ਤਿਅਰ ਹੋ, ਮੇਰੀ ਲਾਠੀ ਆਪਣੇ ਹੱਥ ਵਿੱਚ ਫ਼ੜ ਕੇ ਜਾਹ। ਰਾਹ 'ਚ ਕਿਸੇ ਵਿਅਕਤੀ ਨਾਲ ਗੱਲ ਕਰਨ ਲਈ ਨਾ ਰੁਕੀ ਜੇਕਰ ਰਾਹ 'ਚ ਕੋਈ ਸ਼ੁਭਕਾਮਨਵਾਂ ਦੇਵੇ, ਤਾਂ ਉਸ ਨੂੰ ਸ਼ੁਭਕਾਮਨਵਾਂ ਨਾ ਦੇਵੀਂ। ਫੇਰ ਮੇਰੀ ਸੋਟੀ ਭਚੇ ਦੇ ਮੂੰਹ ਉੱਤੇ ਪਾ ਦੇਵੀ ਜੇਕਰ ਰਾਹ ਵਿੱਚ ਤੈਨੂੰ ਕੋਈ ਕੁਝ ਪੁੱਛੇ ਉਸਨੂੰ ਉੱਤਰ ਨਾ ਦੇਵੀਂ।
30ਪਰ ਬੱਚੇ ਦੀ ਮਾਂ ਨੇ ਆਖਿਆ, "ਜਿਉਂਦੇ ਯਹੋਵਾਹ ਦੀ ਅਤੇ ਤੇਰੀ ਸਹੁੰ ਕਿ ਮੈਂ ਤੈਨੂੰ ਨਹੀਂ ਛੱਡਾਂਗੀ।"ਤਾਂ ਅਲੀਸ਼ਾ ਉਥੋਂ ਉੱਠ ਕੇ ਉਸਦੇ ਮਗਰ ਤੁਰ ਪਿਆ।
31ਗੇਹਾਜੀ ਅਲੀਸ਼ਾ ਤੋਂ ਪਹਿਲਾਂ ਪਹੁੰਚ ਗਿਆ, ਉਸਨੇ ਬੱਚੇ ਦੇ ਮੂੰਹ ਤੇ ਸੋਟੀ ਪਾਈ ਪਰ ਨਾ ਕੋਈ ਆਵਾਜ਼ ਸੀ ਨਾ ਬੱਚੇ ਨੂੰ ਕੋਈ ਸੁਰਤ ਸੀ। ਇਸ ਲਈ ਉਹ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਦੱਸਿਆ, "ਬ੍ਬੱਚਾ ਨਹੀਂ ਜਾਗਿਆ।"
32ਜਦ ਅਲੀਸ਼ਾ ਘਰ ਵਿੱਚ ਆਇਆ ਤਾਂ ਉਸ ਨੇ ਵੇਖਿਆ ਕਿ ਮੋਇਆ ਹੋਇਆ ਬਾਲ ਉਸਦੇ ਮੰਜੇ ਤੇ ਪਿਆ ਹੋਇਆ ਸੀ।
33ਅਲੀਸ਼ਾ ਕਮਰੇ ਅੰਦਰ ਗਿਆ ਅਤੇ ਅੰਦਰੋਂ ਉਸਨੇ ਦਰਵਾਜ਼ਾ ਬੰਦ ਕਰ ਲਿੱਤਾ। ਹੁਣ ਉਹ ਬਾਲ ਤੇ ਅਲੀਸ਼ਾ ਕਮਰੇ ਵਿੱਚ ਇਕੱਲੇ ਸਨ ਤੱਦ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ।
34ਤੱਦ ਉਹ ਮੰਜੇ ਉੱਪਰ ਚਢ਼ਕੇ ਬਾਲਕ ਉੱਪਰ ਲੇਟ ਗਿਆ ਅਤੇ ਉਸਨੇ ਆਪਣਾ ਮੂੰਹ ਬਾਲਕ ਦੇ ਮੂੰਹ ਉੱਪਰ, ਆਪਣੀਆਂ ਅੱਖੀਆਂ ਉਸ ਦੀਆਂ ਅੱਖੀਆਂ ਉੱਪਰ ਅਤੇ ਆਪਣੇ ਹੱਥ ਉਸਦੇ ਹੱਥਾਂ ਉੱਪਰ ਰੱਖੇ ਤੇ ਉਸ ਬੱਚੇ ਦੇ ਸ਼ਰੀਰ ਉੱਪਰ ਪੱਸਰ ਕੇ ਉਸਦੇ ਸ਼ਰੀਰ ਨੂੰ ਨਿੱਘ ਦਿੱਤਾ ਤਾਂ ਬੱਚੇ ਦਾ ਸ਼ਰੀਰ ਨਿੱਘਾ ਹੋ ਗਿਆ।
35ਫ਼ੇਰ ਅਲੀਸ਼ਾ ਉਥੋਂ ਹਟ ਕੇ ਕਮਰੇ ਵਿੱਚ ਇੱਧਰ ਉੱਧਰ ਟਹਿਲਣ ਲੱਗਾ ਫ਼ਿਰ ਉਹ ਵਾਪਸ ਜਾਕੇ ਬਾਲਕ ਦੇ ਸ਼ਰੀਰ ਉੱਪਰ ਲੇਟ ਗਿਆ ਅਤੇ ਫ਼ੇਰ ਬੱਚੇ ਨੇ ਸੱਤ ਵਾਰੀ ਛਿਕਿਆ ਅਤੇ ਉਸ ਆਪਣੀਆਂ ਅੱਖਾਂ ਖੋਲ੍ਹ ਦਿੱਤੀਆਂ।
36ਤੱਦ ਅਲੀਸ਼ਾ ਨੇ ਗੇਹਾਜੀ ਨੂੰ ਬੁਲਾਇਆ ਅਤੇ ਕਿਹਾ, "ਜਾ, ਉਸ ਸ਼ੂਨੰਮੀ ਨੂੰ ਸੱਦ ਕੇ ਲਿਆ।"ਗੇਹਾਜੀ ਉਸ ਨੂੰ ਸੱਦ ਲਿਆਇਆ, ਤਾਂ ਉਹ ਅਲੀਸ਼ਾ ਕੋਲ ਆਈ। ਫੇਰ ਅਲੀਸ਼ਾ ਨੇ ਉਸਨੂੰ ਕਿਹਾ, "ਹੁਣ ਤੂੰ ਆਪਣੇ ਪੁੱਤਰ ਨੂੰ ਗੋਦ ਵਿੱਚ ਲੈ ਸਕਦੀ ਹੈ।"
37ਤੱਦ ਸ਼ੂਨੰਮੀ ਔਰਤ ਅੰਦਰ ਕਮਰੇ 'ਚ ਆਈ ਅਤੇ ਆਕੇ ਉਸ ਪਹਿਲਾਂ ਅਲੀਸ਼ਾ ਦੇ ਚਰਣ ਛੂਹੇ ਫ਼ਿਰ ਉਸਨੇ ਆਪਣੇ ਪੁੱਤਰ ਨੂੰ ਕੁਛ੍ਛੜ ਚੁਕਿਆ ਅਤੇ ਬਾਹਰ ਆ ਗਈ।
38ਫ਼ਿਰ ਅਲੀਸ਼ਾ ਗਿਲਗਾਲ ਨੂੰ ਮੁੜਿਆ, ਉਸ ਵਕਤ ਦੇਸ਼ ਵਿੱਚ ਕਾਲ ਪਿਆ ਹੋਇਆ ਸੀ। ਉੱਥੇ ਨਬੀ ਅਤੇ ਨਬੀਆਂ ਦੇ ਪੁੱਤਰਾਂ ਦਾ ਟੋਲਾ ਉਸ ਦੇ ਸਾਮ੍ਹਣੇ ਬੈਠਿਆ ਹੋਇਆ ਸੀ। ਅਲੀਸ਼ਾ ਨੇ ਆਪਣੇ ਸੇਵਕ ਨੂੰ ਕਿਹਾ, "ਭੱਠੀ ਉੱਪਰ ਵੱਡੀ ਦੇਗ ਚੜਾ ਅਤੇ ਇਨ੍ਹਾਂ ਸਾਰੇ ਨਬੀਆਂ ਲਈ ਸ਼ੋਰਬਾ ਤਿਆਰ ਕਰ।"
39ਉਨ੍ਹਾਂ ਵਿੱਚੋਂ ਇੱਕ ਆਦਮੀ ਸ਼ੋਰਬੇ ਲਈ ਖੇਤ ਵਿੱਚ ਸਬਜ਼ੀਆਂ ਲੈਣ ਗਿਆ। ਉੱਥੇ ਉਸਨੂੰ ਜੰਗਲੀ ਵੇਲ ਲੱਭੀ ਉਸ ਤੋਂ ਉਹ ਫ਼ਲ ਤੋੜ ਲਿਆਇਆ। ਉਸਨੇ ਉਹ ਫ਼ਲ ਤੋੜਕੇ ਆਪਣੇ ਝੋਲੇ ਵਿੱਚ ਭਰ ਲਿੱਤੇ ਤੇ ਵਾਪਸ ਆਕੇ ਉਨ੍ਹਾਂ ਦੀਆਂ ਫ਼ਾੜੀਆਂ ਕਰਕੇ ਉਨ੍ਹਾਂ ਨੂੰ ਉਬ੍ਬਲਦੀ ਦੇਗ ਵਿੱਚ ਸ਼ੋਰਬੇ ਲਈ ਪਾ ਦਿੱਤਾ। ਪਰ ਨਬੀਆਂ ਦੇ ਉਸ ਟੋਲੇ ਨੂੰ ਇਹ ਨਹੀਂ ਸੀ ਪਤਾ ਕਿ ਇਹ ਕਿਸ ਕਿਸਮ ਦੇ ਫ਼ਲ ਹਨ।
40ਫ਼ਿਰ ਉਨ੍ਹਾਂ ਨੇ ਸਭਨਾਂ ਦੇ ਖਾਣ ਲਈ ਸ਼ੋਰਬਾ ਸਭ ਦੇ ਅੱਗੇ ਪਰੋਸਿਆ ਪਰ ਜਦੋਂ ਹੀ ਉਹ ਸ਼ੋਰਬੇ ਨੂੰ ਚਖਣ ਲੱਗੇ ਤੇ ਚਖਿਆ ਤਾਂ ਉਹ ਚੀਕ ਉੱਠੇ ਕਿ ਹੇ ਪਰਮੇਸ਼ੁਰ ਦੇ ਮਨੁੱਖ ਇਹ ਦੇਗ ਵਿੱਚ ਸ਼ੋਰਬਾ ਨਹੀਂ ਮੌਤ ਹੈ। ਕਿਉਂ ਕਿ ਇਸਦਾ ਸੁਆਦ ਬਿਲਕੁਲ ਜ਼ਹਿਰ ਵਰਗਾ ਹੈ ਤਾਂ ਉਹ ਸ਼ੋਰਬਾ ਖਾ ਨਾ ਸਕੇ।
41ਪਰ ਅਲੀਸ਼ਾ ਨੇ ਕਿਹਾ, "ਕੁਝ ਆਟਾ ਲਿਆਓ।" ਤਾਂ ਉਨ੍ਹਾਂ ਨੇ ਕੁਝ ਆਟਾ ਲਿਆਕੇ ਉਸਨੂੰ ਦਿੱਤਾ। ਤਾਂ ਉਸਨੇ ਉਹ ਆਟਾ ਉਸ ਸ਼ੋਰਬੇ ਦੀ ਦੇਗ ਵਿੱਚ ਸੁੱਟ ਦਿੱਤਾ। ਤੱਦ ਅਲੀਸ਼ਾ ਨੇ ਆਖਿਆ, "ਹੁਣ ਤੁਸੀਂ ਲੋਕਾਂ ਨੂੰ ਇਹ ਦੇਗ ਮੁੜ ਤੋਂ ਪਰੋਸੋ। ਤਾਂ ਜੋ ਉਹ ਆਪਣਾ ਪੇਟ ਭਰ ਸਕਣ।"ਅਲੀਸ਼ਾ ਦਾ ਨਬੀਆਂ ਦੇ ਟੋਲੇ ਨੂੰ ਭੋਜ ਕਰਾਉਣਾ
42ਬਆਲ ਸ਼ਲੀਸ਼ਾਹ ਤੋਂ ਇੱਕ ਮਨੁੱਖ ਆਪਣੇ ਖੇਤ ਦੀ ਪਹਿਲੀ ਫ਼ਸਲ ਵਿੱਚੋਂ ਜੌਆਂ ਦੀਆਂ ਰੋਟੀਆਂ ਦੇ 20 ਟੁਕੜੇ ਅਤੇ ਆਪਣੇ ਝੋਲੇ ਵਿੱਚ ਅਲੀਸ਼ਾ ਲਈ ਤਾਜ਼ਾ ਅਨਾਜ਼ ਲਿਆਇਆ। ਤੱਦ ਅਲੀਸ਼ਾ ਨੇ ਕਿਹਾ, "ਇਹ ਭੋਜਨ ਲੋਕਾਂ ਵਿੱਚ ਵੰਡ ਦੇ, ਤਾਂ ਜੋ ਉਹ ਖਾ ਸਕਣ।"
43ਪਰ ਉਸਦੇ ਸੇਵਕ ਨੇ ਆਖਿਆ, "ਭਲਾ ਮੈਂ 100 ਆਦਮੀਆਂ ਦੇ ਅੱਗੇ ਇਹ ਕਿਵੇਂ ਪਰੋਸ ਸਕਦਾ ਹਾਂ!"ਪਰ ਅਲੀਸ਼ਾ ਨੇ ਕਿਹਾ, "ਤੂੰ ਲੋਕਾਂ ਨੂੰ ਇਹ ਦੇ ਤਾਂ ਜੋ ਉਹ ਖਾਣ। ਯਹੋਵਾਹ ਫ਼ਰਮਾਉਂਦਾ ਹੈ ਕਿ ਜਦੋਂ ਉਹ ਖਾਣਗੇ ਤਾਂ ਬਾਕੀ ਹੀ ਛੱਡਣਗੇ ਰੋਟੀਆਂ ਬੁੜਣਗੀਆਂ ਨਹੀਂ।"
44ਤੱਦ ਅਲੀਸ਼ਾ ਦੇ ਸੇਵਕ ਨੇ ਉਹ ਭੋਜਨ ਨਬੀਆਂ ਦੇ ਟੋਲੇ ਅੱਗੇ ਪਰੋਸ ਦਿੱਤਾ। ਉਨ੍ਹਾਂ ਨੇ ਜੀਅ ਭਰਕੇ ਖਾਧਾ। ਤੱਦ ਵੀ ਕਿੰਨਾ ਭੋਜਨ ਬਚ ਗਿਆ। ਇਹ ਸਭ ਕੁਝ ਯਹੋਵਾਹ ਦੇ ਕਹੇ ਮੁਤਾਬਕ ਉਵੇਂ ਹੀ ਹੋਇਆ।