Loading Bible Translation
First-time download in progress. This may take a few seconds…
Punjabi Bible Wordproject Bible
29 verses
1ਅਲੀਸ਼ਾ ਨੇ ਉਸ ਔਰਤ ਨਾਲ ਗੱਲ ਕੀਤੀ ਜਿਸਦੇ ਪੁੱਤਰ ਨੂੰ ਉਸਨੇ ਜੀਵਤ ਕੀਤਾ ਸੀ ਅਤੇ ਆਖਿਆ, "ਉੱਠ ਤੇ ਆਪਣੇ ਪਰਿਵਾਰ ਸਮੇਤ ਇਸ ਦੇਸ਼ ਵਿੱਚੋਂ ਕਿਤੇ ਹੋਰ ਚਲੀ ਜਾ। ਕਿਉਂ ਕਿ ਯਹੋਵਾਹ ਨੇ ਇੱਥੇ ਕਾਲ ਦਾ ਹੁਕਮ ਦੇ ਦਿੱਤਾ ਹੈ ਜੋ ਕਿ ਇਸ ਦੇਸ਼ ਉੱਪਰ ਸੱਤ ਸਾਲਾਂ ਲਈ ਰਹੇਗਾ।"
2ਤਾਂ ਉਸ ਔਰਤ ਨੇ ਉਵੇਂ ਹੀ ਕੀਤਾ ਜਿਵੇਂ ਪਰਮੇਸ਼ੁਰ ਦੇ ਮਨੁੱਖ ਨੇ ਕਿਹਾ। ਤਾਂ ਉਹ ਸੱਤ ਸਾਲਾਂ ਲਈ ਫ਼ਲਿਸਤੀਆਂ ਦੇ ਦੇਸ਼ ਵਿੱਚ ਆਪਣੇ ਟੱਬਰ ਨੂੰ ਲੈਕੇ ਚਲੀ ਗਈ।
3ਜਦ ਸੱਤ ਸਾਲ ਬੀਤ ਗਏ ਤਾਂ ਉਹ ਫ਼ਲਿਸਤੀਆਂ ਨੂੰ ਛੱਡ, ਮੁੜ ਆਪਣੇ ਘਰ ਲਈ ਮੁੜ ਆਈ। ਫ਼ਲਿਸਤੀਆਂ ਤੋਂ ਵਾਪਸ ਆਕੇ ਉਹ ਪਾਤਸ਼ਾਹ ਕੋਲ ਦੁਹਾਈ ਦੇਣ ਗਈ ਕਿ ਉਸ ਨੂੰ ਉਸਦਾ ਘਰ ਤੇ ਜ਼ਮੀਨ ਵਾਪਸ ਦਿੱਤੀ ਜਾਵੇ।
4ਤੱਦ ਪਾਤਸ਼ਾਹ, ਪਰਮੇਸ਼ੁਰ ਦੇ ਮਨੁੱਖ ਦੇ ਜਵਾਨ ਗੇਹਾਜੀ ਨਾਲ ਗੱਲਾਂ ਕਰਦਾ ਰਿਹਾ ਸੀ, "ਕਿਰਪਾ ਕਰਕੇ ਤੂੰ ਉਹ ਸਾਰੇ ਵੱਡੇ-ਵੱਡੇ ਕੰਮ ਮੈਨੂੰ ਦੱਸ ਜੋ ਅਲੀਸ਼ਾ ਨੇ ਕੀਤੇ ਹਨ।"
5ਜਦ ਗੇਹਾਜੀ ਪਾਤਸ਼ਾਹ ਨੂੰ ਦੱਸ ਰਿਹਾ ਸੀ ਕਿ ਅਲੀਸ਼ਾ ਨੇ ਇੱਕ ਮਰੇ ਹੋਏ ਮਨੁੱਖ ਨੂੰ ਜੀਵਿਤ ਕੀਤਾ ਸੀ, ਉਸੇ ਵੇਲੇ ਜਿਸ ਔਰਤ ਦੇ ਬੱਚੇ ਨੂੰ ਅਲੀਸ਼ਾ ਨੇ ਜੀਵਿਤ ਕੀਤਾ ਸੀ, ਉੱਥੇ ਪਹੁੰਚ ਗਈ, ਉਹ ਪਾਤਸ਼ਾਹ ਕੋਲੋਂ ਆਪਣਾ ਖੁੱਸ ਚੁੱਕਾ ਘਰ ਤੇ ਜ਼ਮੀਨ ਵਾਪਸ ਲੈਣ ਲਈ ਮਦਦ ਮੰਗਣ ਗਈ ਸੀ। ਗੇਹਾਜੀ ਨੇ ਕਿਹਾ, "ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਹੀ ਉਹ ਔਰਤ ਹੈ ਤੇ ਇਹੀ ਉਹ ਬੱਚਾ, ਜਿਸਨੂੰ ਅਲੀਸ਼ਾ ਨੇ ਮਰੇ ਹੋਏ ਨੂੰ ਜਿਉਂਦਾ ਕੀਤਾ ਸੀ।"
6ਪਾਤਸ਼ਾਹ ਨੇ ਉਸ ਔਰਤ ਨੂੰ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ? ਤਾਂ ਉਸ ਔਰਤ ਨੇ ਉਸਨੂੰ ਸਭ ਦੱਸਿਆ। ਤੱਦ ਪਾਤਸ਼ਾਹ ਨੇ ਇੱਕ ਅਫ਼ਸਰ ਨੂੰ ਉਸ ਔਰਤ ਦੀ ਮਦਦ ਲਈ ਭੇਜਿਆ। ਪਾਤਸ਼ਾਹ ਨੇ ਆਖਿਆ, "ਇਸ ਔਰਤ ਨੂੰ ਇਸਦੀ ਸਾਰੀ ਜ਼ਮੀਨ ਜਾਇਦਾਦ ਤੇ ਜੋ ਇਸਦਾ ਹੱਕ ਹੈ, ਇਸਨੂੰ ਵਾਪਸ ਕਰ ਦਿੱਤਾ ਜਾਵੇ ਤੇ ਜਿਸ ਦਿਨ ਤੋਂ ਇਹ ਭੋਇਂ ਛੱਡ ਕੇ ਇਥੋਂ ਗਈ ਹੈ ਉਸ ਦਿਨ ਤੋਂ ਲੈਕੇ ਅੱਜ ਤੀਕ ਦੀ ਫ਼ਸਲ ਜੋ ਇਸਦਾ ਹੱਕ ਬਣਦਾ ਹੈ ਇਸਨੂੰ ਵਾਪਸ ਕੀਤਾ ਜਾਵੇ।"
7ਤਾਂ ਅਲੀਸ਼ਾ ਦੰਮਿਸਕ ਵਿੱਚ ਆਇਆ। ਅਰਾਮ ਦਾ ਪਾਤਸ਼ਾਹ ਬਨ-ਹਦਦ ਤੱਦ ਬੀਮਾਰ ਸੀ। ਇੱਕ ਮਨੁੱਖ ਨੇ ਬਨ-ਹਦਦ ਨੂੰ ਇਹ ਦੱਸਿਆ ਕਿ ਪਰਮੇਸ਼ੁਰ ਦਾ ਮਨੁੱਖ ਇੱਥੇ ਆਇਆ ਹੈ।
8ਤੱਦ ਬਨ-ਹਦਦ ਪਾਤਸ਼ਾਹ ਨੇ ਹਜ਼ਾਏਲ ਨੂੰ ਆਖਿਆ, "ਜਾਓ ਤੇ ਤੋਹਫ਼ਾ ਲੈਕੇ ਪਰਮੇਸ਼ੁਰ ਦੇ ਮਨੁੱਖ ਨੂੰ ਮਿਲਣ ਲਈ ਜਾਵੋ ਅਤੇ ਉਸਨੂੰ ਆਖੋ ਕਿ ਯਹੋਵਾਹ ਨੂੰ ਪੁੱਛੇ ਕਿ ਕੀ ਮੈਂ ਆਪਣੀ ਬਿਮਾਰੀ ਤੋਂ ਠੀਕ ਹੋ ਜਾਵਾਂਗਾ?"
9ਤੱਦ ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਆਪਣੇ ਨਾਲ ਤੋਹਫ਼ੇ ਵੀ ਲੈ ਗਿਆ। ਉਹ ਆਪਣੇ ਨਾਲ ਦੰਮਿਸਕ ਦੀਆਂ ਸਭ ਵਿਸ਼ੇਸ਼ ਵਸਤਾਂ ਲੈਕੇ ਗਿਆ। ਇਹ ਸਭ ਤੋਹਫ਼ੇ ਚੁੱਕਣ ਲਈ ਉਸ ਨੂੰ ਚਾਲੀ ਊਠ ਕਰਨੇ ਪਏ ਤੇ ਫ਼ਿਰ ਹਜ਼ਾਏਲ ਅਲੀਸ਼ਾ ਵੱਲ ਗਿਆ ਅਤੇ ਜਾਕੇ ਉਸਨੂੰ ਆਖਿਆ, "ਤੇਰੇ ਚੇਲੇ ਅਰਾਮ ਦੇ ਰਾਜੇ ਬਨ-ਹਦਦ ਨੇ ਇਹ ਆਖਕੇ ਮੈਨੂੰ ਤੇਰੇ ਕੋਲ ਭੇਜਿਆ ਹੈ ਕਿ ਇਹ ਪੁੱਛਾਂ ਕਿ ਕੀ ਮੈਂ ਇਸ ਰੋਗ ਤੋਂ ਚੰਗਾ ਹੋ ਜਾਵਾਂਗਾ?"
10ਤੱਦ ਅਲੀਸ਼ਾ ਨੇ ਹਜ਼ਾਏਲ ਨੂੰ ਆਖਿਆ, "ਜਾਹ ਅਤੇ ਜਾਕੇ ਬਨ-ਹਦਦ ਨੂੰ ਆਖ ਕਿ ਉਹ ਅੱਛਾ ਹੋ ਜਾਵੇਗਾ ਪਰ ਯਹੋਵਾਹ ਨੇ ਮੇਰੇ ਉਪਰ ਪ੍ਰਗਟ ਕੀਤਾ ਹੈ ਕਿ ਉਹ ਜ਼ਰੂਰ ਮਰ ਜਾਵੇਗਾ।"
11ਅਲੀਸ਼ਾ ਹਜ਼ਾਏਲ ਵੱਲ ਟਿਕ-ਟਿਕੀ ਲਗਾ ਕੇ ਉਨੀ ਦੇਰ ਵੇਖਦਾ ਰਿਹਾ ਜਦ ਤੀਕ ਉਹ ਸ਼ਰਮਸਾਰ ਨਾ ਹੋ ਗਿਆ। ਤੱਦ ਪਰਮੇਸ਼ੁਰ ਦੇ ਮਨੁੱਖ ਨੇ ਰੋਣਾ ਸ਼ੁਰੂ ਕਰ ਦਿੱਤਾ।
12ਹਜ਼ਾਏਲ ਨੇ ਪੁਛਿਆ, "ਸ੍ਸੁਆਮੀ, ਤੂੰ ਰੋ ਕਿਉਂ ਰਿਹਾ ਹੈ?"ਅਲੀਸ਼ਾ ਨੇ ਆਖਿਆ "ਮੈਂ ਇਸ ਲਈ ਰੋ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਜੋ ਬਦੀ ਤੂੰ ਇਸਰਾਏਲੀਆਂ ਨਾਲ ਕਰਨ ਵਾਲਾ ਹੈਂ। ਤੂੰ ਉਨ੍ਹਾਂ ਦੇ ਮਜ਼ਬੂਤ ਸ਼ਹਿਰਾਂ ਨੂੰ ਸਾੜ ਦੇਵੇਂਗਾ ਅਤੇ ਉਨ੍ਹਾਂ ਦੇ ਨੌਜੁਆਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਤੂੰ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਵੀ ਮਾਰ ਮੁਕਾਵੇਂਗਾ ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਨੂੰ ਵੀ ਚੀਰ ਸੁੱਟੇਂਗਾ।"
13ਹਜ਼ਾਏਲ ਨੇ ਆਖਿਆ, "ਮੈਂ ਇੰਨਾ ਤਾਕਤਵਰ ਮਨੁੱਖ ਨਹੀਂ ਜੋ ਇਹੋ ਜਿਹੇ ਵੱਡੇ ਕਾਰਜ ਕਰ ਸਕਾਂ।"ਅਲੀਸ਼ਾ ਨੇ ਆਖਿਆ, "ਯਹੋਵਾਹ ਨੇ ਮੈਨੂੰ ਵਿਖਾਇਆ ਹੈ ਕਿ ਤੂੰ ਅਰਾਮ ਉੱਤੇ ਰਾਜਾ ਹੋਵੇਂਗਾ।"
14ਤੱਦ ਹਜ਼ਾਏਲ ਉਥੋਂ ਮੁੜਕੇ ਪਾਤਸ਼ਾਹ ਕੋਲ ਗਿਆ। ਬਨ-ਹਦਦ ਨੇ ਹਜ਼ਾਏਲ ਨੂੰ ਪੁਛਿਆ, "ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?"ਹਜ਼ਾਏਲ ਨੇ ਉੱਤਰ ਦਿੱਤਾ, "ਅਲੀਸ਼ਾ ਨੇ ਮੈਨੂੰ ਕਿਹਾ ਹੈ ਕਿ ਤੂੰ ਜਿਉਂਦਾ ਰਹੇਗਾ।"ਹਜ਼ਾਏਲ ਵੱਲੋਂ ਬਨ-ਹਦਦ ਦਾ ਕਤਲ
15ਪਰ ਅਗਲੇ ਦਿਨ, ਹਜ਼ਾਏਲ ਨੇ ਇੱਕ ਮੋਟਾ ਕੱਪੜਾ ਲਿਆ ਤੇ ਉਸਨੂੰ ਪਾਣੀ ਨਾਲ ਭਿਉਂ ਕੇ ਉਸਦੇ ਮੂੰਹ ਨੂੰ ਢਕ ਦਿੱਤਾ, ਇਸ ਨਾਲ ਬਨ-ਹਦਦ ਮਰ ਗਿਆ ਤੇ ਹਜ਼ਾਏਲ ਨਵਾਂ ਰਾਜਾ ਬਣ ਗਿਆ।
16ਇਸਰਾਏਲ ਦੇ ਪਾਤਸ਼ਾਹ, ਅਹਾਬ ਦੇ ਪੁੱਤਰ ਯੋਰਾਮ ਦੇ ਪੰਜਵੇਂ ਸਾਲ ਜਦੋਂ ਯਹੋਸ਼ਾਫ਼ਾਟ ਯਹੂਦਾਹ ਦਾ ਪਾਤਸ਼ਾਹ ਸੀ, ਉਸ ਵੇਲੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ।
17ਯਹੋਰਾਮ ਜਦੋਂ ਰਾਜ ਕਰਨ ਲਗਿਆ ਤਾਂ ਉਹ 32 ਸਾਲਾਂ ਦਾ ਸੀ ਅਤੇ ਉਸਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ।
18ਪਰ ਉਸਨੇ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹ ਨੂੰ ਹੀ ਫ਼ੜਿਆ ਤੇ ਉਹ ਕੁਝ ਕੀਤਾ ਜੋ ਯਹੋਵਾਹ ਉਚਿਤ ਨਹੀਂ ਸੀ ਸਮਝਦਾ। ਕਿਉਂ ਕਿ ਅਹਾਬ ਦੀ ਧੀ ਉਸਦੀ ਰਾਣੀ ਹੋ ਗਈ ਸੀ ਇਸ ਲਈ ਉਸਨੇ ਵੀ ਉਹੀ ਕੁਝ ਕੀਤਾ।
19ਫ਼ਿਰ ਵੀ ਯਹੋਵਾਹ ਨੇ ਆਪਣੇ ਇਕਰਾਰ ਕਾਰਣ ਜਿਹੜਾ ਕਿ ਉਸਨੇ ਦਾਊਦ ਨਾਲ ਕੀਤਾ ਸੀ ਉਸ ਨੂੰ ਨਸ਼ਟ ਨਾ ਕੀਤਾ। ਯਹੋਵਾਹ ਨੇ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਉਸਦੀ ਅੰਸ਼ ਵਿੱਚੋਂ ਕੋਈ ਨਾ ਕੋਈ ਰਾਜ ਕਰੇਗਾ।
20ਯਹੋਰਾਮ ਦੇ ਰਾਜ ਦੇ ਦਿਨਾਂ ਵਿੱਚ ਅਦੋਮ ਯਹੂਦਾਹ ਦੀ ਅਧੀਨਗੀ ਨੂੰ ਆਕੀ ਹੋ ਗਿਆ ਅਤੇ ਅਦੋਮ ਦੇ ਲੋਕਾਂ ਨੇ ਆਪਣੇ ਲਈ ਇੱਕ ਅਲੱਗ ਰਾਜਾ ਚੁਣਿਆ।
21ਤੱਦ ਯਹੋਰਾਮ ਅਤੇ ਉਸਦੇ ਸਾਰੇ ਰੱਥ ਸਈਰ ਨੂੰ ਗਏ ਤੇ ਅਦੋਮੀਆਂ ਦੀ ਫ਼ੌਜ ਨੇ ਉਨ੍ਹਾਂ ਨੂੰ ਘੇਰ ਲਿਆ ਤਾਂ ਯਹੋਰਾਮ ਤੇ ਉਸਦੇ ਅਫ਼ਸਰਾਂ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ, ਉਨ੍ਹਾਂ ਤੇ ਹਮਲਾ ਕਰਕੇ ਉਹ ਬਚਕੇ ਨਿਕਲ ਗਏ ਅਤੇ ਯਹੋਰਾਮ ਦੀ ਸਾਰੀ ਸੈਨਾ ਭੱਜ ਗਈ ਅਤੇ ਘਰਾਂ ਨੂੰ ਪਰਤ ਗਈ।
22ਸੋ ਅਦੋਮੀ ਯਹੂਦਾਹ ਤੋਂ ਆਕੀ ਹੋ ਗਏ ਜੋ ਕਿ ਅੱਜ ਤੀਕ ਆਕੀ ਹਨ।ਪਰ ਇਸਦੇ ਨਾਲ ਹੀ ਲਿਬਨਾਹ ਵੀ ਯਹੂਦਾਹ ਤੋਂ ਆਕੀ ਹੋ ਗਿਆ।
23ਯਹੋਰਾਮ ਦੀ ਬਾਕੀ ਵਾਰਤਾ ਅਤੇ ਜੋ ਕਾਰਜ ਉਸਨੇ ਕੀਤੇ ਉਹ 'ਯਹੂਦਾਹ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ।
24ਯਹੋਰਾਮ ਮਰ ਗਿਆ ਤਾਂ ਉਸਨੂੰ ਦਾਊਦ ਦੇ ਸ਼ਹਿਰ ਉਸਦੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਅਹਜ਼ਯਾਹ ਪਾਤਸ਼ਾਹ ਬਣਿਆ।
25ਇਸਰਾਏਲ ਦੇ ਪਾਤਸ਼ਾਹ ਦੇ ਪੁੱਤਰ ਯਹੋਰਾਮ ਦੇ ਬਾਰ੍ਹਵੇਂ ਸਾਲ ਤੋਂ ਯਹੂਦਾਹ ਦੇ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ ਰਾਜ ਕਰਨ ਲੱਗਾ।
26ਉਸ ਵਕਤ ਅਹਜ਼ਯਾਹ 22 ਸਾਲਾਂ ਦਾ ਸੀ ਜਦੋਂ ਉਹ ਰਾਜ ਕਰਨ ਲੱਗਾ। ਉਸਨੇ ਇੱਕ ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀ ਅਬਲਯਾਹ ਜੋ ਕਿ ਇਸਰਾਏਲ ਦੇ ਰਾਜੇ ਆਮਰੀ ਦੀ ਧੀ ਸੀ।
27ਅਹਜ਼ਯਾਹ ਵੀ ਅਹਾਬ ਦੇ ਘਰਾਣੇ ਦੇ ਰਾਹੇ ਹੀ ਤੁਰਿਆ ਅਤੇ ਉਸਨੇ ਵੀ ਅਹਾਬ ਦੇ ਘਰਾਣੇ ਵਾਂਗ ਯਹੋਵਾਹ ਦੀ ਨਿਗਾਹ ਵਿੱਚ ਬਦੀ ਕੀਤੀ, ਕਿਉਂ ਕਿ ਉਹ ਅਹਾਬ ਦੇ ਘਰਾਣੇ ਦਾ ਹੀ ਜੁਆਈ ਸੀ।
28ਯੋਰਾਮ ਅਹਾਬ ਦੇ ਘਰਾਣੇ ਵਿੱਚੋਂ ਸੀ। ਅਹਜ਼ਯਾਹ ਰਾਮੋਬ ਗਿਲਆਦ ਵਿੱਚ ਯੋਰਾਮ ਦੇ ਨਾਲ ਅਰਾਮ ਦੇ ਰਾਜਾ ਹਜ਼ਾਏਲ ਨਾਲ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਫ਼ੱਟੜ ਕੀਤਾ।
29ਯੋਰਾਮ ਇਸਰਾਏਲ ਵਿੱਚ ਵਾਪਸ ਮੁੜ ਆਇਆ ਤਾਂ ਜੋ ਉਹ ਉਨ੍ਹਾਂ ਜ਼ਖਮਾਂ ਨੂੰ ਠੀਕ ਕਰ ਸਕੇ। ਯੋਰਾਮ ਯਿਜ਼ਰੇਲ ਖੇਤਰ ਵੱਲ ਗਿਆ। ਯਹੋਰਾਮ ਦਾ ਪੁੱਤਰ ਅਹਜ਼ਯਾਹ ਉਸ ਵਕਤ ਯਹੂਦਾਹ ਦਾ ਪਾਤਸ਼ਾਹ ਸੀ ਤਾਂ ਅਹਜ਼ਯਾਹ ਯੋਰਾਮ ਨੂੰ ਵੇਖਣ ਲਈ ਯਿਜ਼ਰੇਲ ਵੱਲ ਗਿਆ।