Loading Bible Translation
First-time download in progress. This may take a few seconds…
Punjabi Bible Wordproject Bible
23 verses
1ਫ਼ਿਰ ਦਾਊਦ ਨੇ ਇਸਰਾਏਲ ਦੇ ਸਭ ਤੋਂ ਵਧੀਆ ਚੁਣੇ ਹੋਏ 30 ,000 ਸਿਪਾਹੀ ਇਕੱਠੇ ਕੀਤੇ।
2ਤੱਦ ਦਾਊਦ ਅਤੇ ਉਸਦੇ ਸਾਰੇ ਆਦਮੀ, ਯਹੂਦਾਹ ਵਿੱਚ ਬਆਲੇ ਗਏ ਅਤੇ ਉਥੋਂ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਯਰੂਸ਼ਲਮ ਨੂੰ ਲੈ ਗਏ। ਲੋਕ ਯਹੋਵਾਹ ਦੀ ਉਪਾਸਨਾ ਕਰਨ ਲਈ ਪਵਿੱਤਰ ਸੰਦੂਕ ਵੱਲ ਆਏ। ਉਹ ਪਵਿੱਤਰ ਸੰਦੂਕ ਯਹੋਵਾਹ ਦੇ ਸਿੰਘਾਸਣ ਦੇ ਬਰਾਬਰ ਹੈ। ਉਸੇ ਉੱਪਰ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਉਕਰੀਆਂ ਹੋਈਆਂ ਹਨ ਅਤੇ ਯਹੋਵਾਹ ਸਰਬ ਸ਼ਕਤੀਮਾਨ ਇਨ੍ਹਾਂ ਦੂਤਾਂ ਉੱਤੇ, ਪਾਤਸ਼ਾਹ ਬਣਕੇ ਬੈਠਾ ਹੈ।
3ਸੋ ਉਨ੍ਹਾਂ ਨੇ ਪਵਿੱਤਰ ਸੰਦੂਕ ਨੂੰ ਨਵੀਂ ਗੱਡੀ ਦੇ ਉੱਤੇ ਰੱਖਿਆ ਅਤੇ ਉਸਨੂੰ ਅਬੀਨਾਦਾਬ ਦੇ ਘਰੋ ਜੋ ਕਿ ਇੱਕ ਪਹਾੜੀ ਉੱਤੇ ਸੀ, ਲਿਜਾ ਰਹੇ ਸਨ। ਅਬੀਨਾਦਾਬ ਦੇ ਪੁੱਤਰ ਊਜਾਹ ਅਤੇ ਅਹਯੋ ਉਸ ਨਵੀਂ ਗੱਡੀ ਨੂੰ ਚਲਾ ਰਹੇ ਸਨ।
4ਅਤੇ ਉਨ੍ਹਾਂ ਨੇ ਉਸ ਨੂੰ ਅਬੀਨਾਦਾਬ ਦੇ ਘਰ ਤੋਂ ਜੋ ਗਿਬਆਹ ਵਿੱਚ ਸੀ, ਚੁੱਕ ਲਿਆਏ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਨਾਲ-ਨਾਲ ਗਏ ਅਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਤੁਰਿਆ।
5ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਭ ਤਰ੍ਹਾਂ ਦੇ ਸਾਜ਼ ਜਿਵੇਂ ਕਿ ਬੀਨ, ਮੱਧਮ, ਖਂਜਰੀਆਂ, ਚਿਮਟਾ ਅਤੇ ਛੈਣੇ ਲੈਕੇ ਯਹੋਵਾਹ ਦੇ ਅੱਗੇ-ਅੱਗੇ ਵਜਾਉਂਦੇ ਹੋਏ ਤੁਰੇ।
6ਜਦੋਂ ਦਾਊਦ ਦੇ ਆਦਮੀ ਨਾਕੋਨ ਦੇ ਪਿੜ ਕੋਲ ਪਹੁੰਚੇ ਤਾਂ ਊਜ਼ਾਹ ਨੇ ਹੱਥ ਲੰਮਾ ਕਰਕੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਫ਼ੜ ਕੇ ਸੰਭਾਲਿਆ ਕਿਉਂ ਕਿ ਗਊਆਂ ਠੋਕਰ ਖਾ ਰਹੀਆਂ ਸਨ।
7ਪਰ ਯਹੋਵਾਹ ਊਜ਼ਾਹ ਤੇ ਕਰੋਧ ਵਿੱਚ ਆਇਆ ਅਤੇ ਉਸਨੂੰ ਮਾਰ ਸੁਟਿਆ। ਊਜ਼ਾਹ ਨੇ ਜਦੋਂ ਪਵਿੱਤਰ ਸੰਦੂਕ ਨੂੰ ਛੁਹਿਆ ਤਾਂ ਯਹੋਵਾਹ ਨੂੰ ਕੋਈ ਸਂਮਾਨ ਨਾ ਦਰਸਾਇਆ ਤਾਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਦੇ ਕੋਲ ਹੀ ਡਿੱਗ ਪਿਆ ਅਤੇ ਮਰ ਗਿਆ।
8ਦਾਊਦ ਉਦਾਸ ਹੋ ਗਿਆ ਕਿਉਂ ਕਿ ਯਹੋਵਾਹ ਨੇ ਊਜ਼ਾਹ ਨੂੰ ਮਾਰ ਸੁਟਿਆ ਸੀ। ਉਸ ਨੇ ਉਸ ਥਾਂ ਦਾ ਨਾਂ "ਪਰਸ-ਊਜ਼ਾਹ' ਰੱਖਿਆ।
9ਦਾਊਦ ਉਸ ਦਿਨ ਯਹੋਵਾਹ ਕੋਲੋਂ ਡਰਿਆ ਅਤੇ ਕਹਿਣ ਲੱਗਾ, "ਹੁਣ ਇੱਥੇ ਮੈਂ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਕਿਵੇਂ ਲਿਆ ਸਕਦਾ ਹਾਂ?'
10ਸੋ ਦਾਊਦ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਆਪਣੇ ਸ਼ਹਿਰ ਵਿੱਚ ਲੈਜਾਕੇ ਆਪਣੇ ਕੋਲ ਨਾ ਰੱਖ ਸਕਿਆ ਤਾਂ ਦਾਊਦ ਪਵਿੱਤਰ ਸੰਦੂਕ ਨੂੰ ਇੱਕ ਪਾਸੇ ਓਥੇਦ-ਅਦੋਮ ਗਿੱਤੀ ਦੇ ਘਰ ਵਿੱਚ ਲੈ ਗਿਆ।
11ਯਹੋਵਾਹ ਦਾ ਸੰਦੂਕ ਓਥੇਦ-ਅਦੋਮ ਗਿੱਤੀ ਦੇ ਘਰ ਵਿੱਚ ਤਿੰਨ ਮਹੀਨੇ ਰਿਹਾ ਅਤੇ ਯਹੋਵਾਹ ਨੇ ਓਥੇਦ-ਅਦੋਮ ਨੂੰ ਅਤੇ ਉਸਦੇ ਸਾਰੇ ਘਰਾਣੇ ਨੂੰ ਬਰਕਤ ਦਿੱਤੀ।
12ਉਪਰੰਤ, ਲੋਕਾਂ ਨੇ ਦਾਊਦ ਨੂੰ ਕਿਹਾ, "ਓਥੇਦ-ਅਦੋਮ ਦੇ ਘਰ ਨੂੰ ਅਤੇ ਉਸ ਦੀਆਂ ਸਾਰੀਆਂ ਵਸਤਾਂ ਨੂੰ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਦੇ ਕਾਰਣ ਯਹੋਵਾਹ ਨੇ ਬਰਕਤ ਦਿੱਤੀ ਹੈ।' ਤਦ ਦਾਊਦ ਗਿਆ ਅਤੇ ਪਰਮੇਸ਼ੁਰ ਦੇ ਪਵਿੱਤਰ ਸੰਦੂਕ ਨੂੰ ਓਥੇਦ-ਅਦੋਮ ਦੇ ਘਰੋ ਦਾਊਦ ਦੇ ਸ਼ਹਿਰ ਵਿੱਚ ਨਿਹਾਲ ਹੋਕੇ ਚੜਾ ਲਿਆਇਆ।
13ਜਦੋਂ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਚੁੱਕਣ ਵਾਲੇ ਛੇ ਕਦਮ ਹੀ ਤੁਰੇ ਤਾਂ ਉਸਨੇ ਬਲਦ ਅਤੇ ਇੱਕ ਮੋਟੇ ਵੱਛੇ ਦੀ ਬਲੀ ਦਿੱਤੀ।
14ਯਹੋਵਾਹ ਦੇ ਅੱਗੇ ਫ਼ਿਰ ਦਾਊਦ ਆਪਣੇ ਸਾਰੇ ਜ਼ੋਰ ਨਾਲ ਨੱਚ ਰਿਹਾ ਸੀ ਅਤੇ ਦਾਊਦ ਨੇ ਲਿਨਨ ਦਾ ਏਫ਼ੋਦ ਪਾਇਆ ਹੋਇਆ ਸੀ।
15ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਜ਼ੈਕਾਰਾ ਬੁਲਾਉਂਦੇ ਅਤੇ ਤੂਰੀਆਂ ਵਜਾਉਂਦੇ ਚੁੱਕ ਕੇ ਲੈ ਆਏ। ਜਦੋਂ ਉਹ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਸ਼ਹਿਰ ਵਿੱਚ ਲੈ ਆਏ।
16ਉਸ ਵਕਤ ਸ਼ਾਊਲ ਦੀ ਧੀ ਮੀਕਲ ਬਾਰੀ ਵਿੱਚੋਂ ਇਹ ਸਭ ਵੇਖ ਰਹੀ ਸੀ, ਜਦ ਉਸਨੇ ਵੇਖਿਆ ਕਿ ਦਾਊਦ ਪਾਤਸ਼ਾਹ ਯਹੋਵਾਹ ਦੇ ਅੱਗੇ ਨੱਚਦਾ-ਟਪ੍ਪਦਾ ਆ ਰਿਹਾ ਹੈ ਤਾਂ ਉਹ ਦਾਊਦ ਦੀ ਅਜਿਹੀ ਹਰਕਤ ਤੇ ਬੜੀ ਦੁੱਖੀ ਹੋਈ ਉਸਨੂੰ ਜਾਪਿਆ ਕਿ ਉਹ ਆਪਣਾ ਮਜ਼ਾਕ ਆਪ ਬਣਾ ਰਿਹਾ ਹੈ।
17ਦਾਊਦ ਨੇ ਪਵਿੱਤਰ ਸੰਦੂਕ ਲਈ ਤੰਬੂ ਲਾਇਆ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਪਵਿੱਤਰ ਸੰਦੂਕ ਨੂੰ ਉਸ ਤੰਬੂ ਦੇ ਹੇਠਾਂ ਜਾ ਟਿਕਾਇਆ। ਉਪਰੰਤ ਦਾਊਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜਾਈਆਂ।
18ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜਾਉਣ ਤੋਂ ਬਾਅਦ ਦਾਊਦ ਨੇ ਸਰਬ ਸ਼ਕਤੀਮਾਨ ਯਹੋਵਾਹ ਦੇ ਨਾਉਂ ਤੇ ਲੋਕਾਂ ਨੂੰ ਅਸੀਸ ਦਿੱਤੀ।
19ਦਾਊਦ ਨੇ ਲੋਕਾਂ ਨੂੰ ਪ੍ਰਸਾਦ ਵਜੋਂ ਭਾਵੇਂ ਉਹ ਮਰਦ ਸਨ ਭਾਵੇਂ ਔਰਤਾਂ ਸਭਨਾਂ ਨੂੰ ਰੋਟੀ, ਸੌਗੀ ਵਾਲਾ ਕੇਕ ਅਤੇ ਖਜੂਰੀ ਰੋਟੀ ਦਿੱਤੀ। ਉਪਰੰਤ ਸਭ ਇਸਰਾਏਲੀ ਘਰਾਂ ਨੂੰ ਪਰਤ ਗਏ।
20ਤੱਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ ਤਾਂ ਪਰ ਸ਼ਾਊਲ ਦੀ ਧੀ ਮੀਕਲ ਦਾਊਦ ਨੂੰ ਮਿਲਣ ਲਈ ਨਿਕਲੀ ਅਤੇ ਬੋਲੀ, "ਇਸਰਾਏਲ ਦੇ ਪਾਤਸ਼ਾਹ ਨੇ ਅੱਜ ਆਪਣਾ ਸਨਮਾਨ ਗਵਾ ਲਿਆ ਕਿਉਂ ਕਿ ਉਸਨੇ ਅੱਜ ਆਪਣੇ ਨੌਕਰਾਂ ਦੀਆਂ ਕੁੜੀਆਂ ਦੀਆਂ ਅੱਖਾਂ ਦੇ ਸਾਮ੍ਹਣੇ ਆਪਣੇ-ਆਪ ਨੂੰ ਨੰਗਾ ਕੀਤਾ ਜਿਵੇਂ ਕੋਈ ਬੇਸ਼ਰਮ ਆਪਣੇ-ਆਪ ਨੂੰ ਲੋਕਾਂ ਸਾਮ੍ਹਣੇ ਨੰਗਾ ਕਰਦਾ ਹੈ।'
21ਤੱਦ ਦਾਊਦ ਨੇ ਮੀਕਲ ਨੂੰ ਕਿਹਾ, "ਯਹੋਵਾਹ ਨੇ ਮੈਨੂੰ ਤੇਰੇ ਪਿਉ ਅਤੇ ਉਸਦੇ ਸਾਰੇ ਘਰਾਣੇ ਦੇ ਅੱਗੇ ਚੁਣਿਆ ਹੈ। ਯਹੋਵਾਹ ਨੇ ਮੈਨੂੰ ਆਪਣੇ ਲੋਕਾਂ, ਇਸਰਾਏਲੀਆਂ ਦਾ ਆਗੂ ਬਣਾਇਆ ਹੈ ਸੋ ਮੈਂ ਤਾਂ ਯਹੋਵਾਹ ਦੇ ਅੱਗੇ ਇੰਝ ਹੀ ਨੱਚਾਂਗਾ ਅਤੇ ਜਸ਼ਨ ਮਨਾਵਾਂਗਾ।
22ਸਗੋਁ ਮੈਂ ਤਾਂ ਇਸ ਨਾਲੋਂ ਵੀ ਵਧੇਰੇ ਸ਼ਰਮਨਾਕ ਹਰਕਤਾਂ ਕਰਾਂਗਾ। ਤੂੰ ਭਾਵੇਂ ਮੇਰੀ ਇੱਜ਼ਤ ਨਾ ਕਰ ਪਰ ਜਿਨ੍ਹਾਂ ਕੁੜੀਆਂ ਬਾਰੇ ਤੂੰ ਗੱਲ ਕਰ ਰਹੀ ਹੈ ਉਨ੍ਹਾਂ ਨੂੰ ਮੇਰੇ ਉੱਪਰ ਮਾਨ ਹੈ।'
23ਸ਼ਾਊਲ ਦੀ ਧੀ ਮੀਕਲ ਨੂੰ ਕਦੇ ਵੀ ਕੋਈ ਬੱਚਾ ਨਾ ਹੋਇਆ, ਉਹ ਬੇਔਲਾਦ ਹੀ ਮਰ ਗਈ।