Loading Bible Translation
First-time download in progress. This may take a few seconds…
Punjabi Bible Wordproject Bible
17 verses
1ਪਰ ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ।
2ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, ਕੁਫ਼ਰ ਬਕਣ ਵਾਲੇ, ਮਾਪਿਆਂ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ,
3ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ, ਕਰੜੇ, ਨੇਕੀ ਦੇ ਵੈਰੀ,
4ਨਿਮਕ ਹਰਾਮ, ਕਾਹਲੇ, ਘਮੰਡੀ, ਪਰਮੇਸ਼ੁਰ ਦੇ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।
5ਭਗਤੀ ਦਾ ਰੂਪ ਧਾਰ ਕੇ ਵੀ ਉਹ ਦੀ ਸ਼ਕਤੀ ਦੇ ਇਨਕਾਰੀ ਹੋਣਗੇ, ਤੂੰ ਇਨ੍ਹਾਂ ਤੋਂ ਵੀ ਪਰੇ ਰਹੁ।
6ਕਿਉਂ ਜੋ ਏਹਨਾਂ ਵਿੱਚੋਂ ਓਹ ਹਨ ਜਿਹੜੇ ਘਰੋ ਘਰ ਘੁਸ ਕੇ ਉਨ੍ਹਾਂ ਹੋਛੀਆਂ ਤੀਵੀਆਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਇਆਂ ਹਨ ਅਤੇ ਨਾਨਾ ਪਰਕਾਰ ਦੀਆਂ ਕਾਮਨਾਂ ਦੇ ਪਿੱਛੇ ਵਹਿ ਚੱਲਦੀਆਂ ਹਨ।
7ਅਤੇ ਸਦਾ ਸਿੱਖਦੀਆਂ ਤਾਂ ਰਹਿੰਦੀਆਂ ਹਨ ਪਰ ਸਤ ਦੇ ਗਿਆਨ ਨੂੰ ਕਦੇ ਨਹੀਂ ਅੱਪੜ ਸੱਕਦੀਆਂ।
8ਅਤੇ ਜਿਸ ਪਰਕਾਰ ਯੰਨੇਸ ਅਤੇ ਯੰਬਰੇਸ ਨੇ ਮੂਸਾ ਦਾ ਸਾਹਮਣਾ ਕੀਤਾ ਇਸੇ ਪਰਕਾਰ ਏਹ ਵੀ ਜਿਹੜੇ ਬੁੱਧ ਭ੍ਰਿਸ਼ਟ ਅਤੇ ਨਿਹਚਾ ਵੱਲੋਂ ਅਪਰਵਾਨ ਹਨ ਸਚਿਆਈ ਦਾ ਸਾਹਮਣਾ ਕਰਦੇ ਹਨ।
9ਪਰ ਏਹ ਅਗਾਹਾਂ ਨਾ ਵੱਧਣਗੇ ਇਸ ਲਈ ਜੋ ਏਹਨਾਂ ਦਾ ਮੂਰਖਪੁਣਾ ਸਭਨਾਂ ਉੱਤੇ ਪਰਗਟ ਹੋ ਜਾਵੇਗਾ ਜਿਵੇਂ ਓਹਨਾਂ ਦਾ ਭੀ ਹੋਇਆ ਸੀ।
10ਪਰ ਤੈਂ ਮੇਰੀ ਸਿੱਖਿਆ, ਚਾਲ ਚਲਣ, ਮਨਸ਼ਾ, ਨਿਹਚਾ, ਧੀਰਜ, ਪ੍ਰੇਮ, ਸਬਰ,
11ਸਤਾਏ ਜਾਣ ਅਤੇ ਦੁੱਖ ਸਹਿਣ ਨੂੰ ਚੰਗੀ ਤਰਾਂ· ਜਾਣਿਆ, ਅਰਥਾਤ ਜੋ ਕੁਝ ਅੰਤਾਕਿਯਾ ਅਤੇ ਇਕੋਨਿਯੁਮ ਅਤੇ ਲੁਸਤਰਾ ਵਿੱਚ ਮੇਰੇ ਉੱਤੇ ਪਿਆ ਸੀ ਅਤੇ ਮੈਂ ਕਿਸ ਕਿਸ ਤਰਾਂ ਸਤਾਇਆ ਗਿਆ ਅਤੇ ਪ੍ਰਭੁ ਨੇ ਮੈਨੂੰ ਉਨ੍ਹਾਂ ਸਭਨਾਂ ਤੋਂ ਛੁਡਾਇਆ।
12ਹਾਂ, ਸੱਭੇ ਜਿੰਨ੍ਹੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।
13ਪਰ ਦੁਸ਼ਟ ਮਨੁੱਖ ਅਤੇ ਛਲੀਏ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਬੁਰੇ ਤੋਂ ਬੁਰੇ ਹੁੰਦੇ ਜਾਣਗੇ।
14ਪਰ ਤੂੰ ਉਨ੍ਹਾਂ ਗੱਲਾਂ ਉੱਤੇ ਜਿਹੜੀਆਂ ਤੈਂ ਸਿੱਖੀਆਂ ਅਤੇ ਸਤ ਮੰਨੀਆਂ ਟਿਕਿਆ ਰਹੁ ਕਿਉਂ ਜੋ ਤੂੰ ਜਾਣਦਾ ਹੈਂ ਭਈ ਕਿਨ੍ਹਾਂ ਕੋਲੋਂ ਸਿੱਖੀਆਂ ਸਨ।
15ਅਤੇ ਇਹ ਜੋ ਤੂੰ ਬਾਲ ਅਵਸਥਾ ਤੋਂ ਪਵਿੱਤਰ ਲਿਖਤਾਂ ਦਾ ਮਹਿਰਮ ਹੈਂ ਜਿਹੜੀਆਂ ਉਸ ਨਿਹਚਾ ਦੇ ਰਾਹੀਂ ਜੋ ਮਸੀਹ ਯਿਸੂ ਉੱਤੇ ਹੈ ਤੈਨੂੰ ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ।
16ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।
17ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।