Loading Bible Translation
First-time download in progress. This may take a few seconds…
Punjabi Bible Wordproject Bible
40 verses
1ਐਉਂ ਹੋਇਆ ਕਿ ਜਾਂ ਅਸਾਂ ਉਨ੍ਹਾਂ ਤੋਂ ਵਿਦਿਆ ਹੋ ਕੇ ਜਹਾਜ਼ ਖੋਲ੍ਹ ਦਿੱਤਾ ਤਾਂ ਸਿੱਧੇ ਰਾਹ ਕੋਸ ਨੂੰ ਆਏ ਅਰ ਦੂਜੇ ਦਿਨ ਰੋਦੁਸ ਨੂੰ ਅਰ ਉੱਥੋਂ ਪਾਤਰਾ ਨੂੰ।
2ਅਤੇ ਇੱਕ ਜਹਾਜ਼ ਫ਼ੈਨੀਕੇ ਨੂੰ ਪਾਰ ਜਾਣ ਵਾਲਾ ਵੇਖ ਕੇ ਅਸੀਂ ਉਸ ਉੱਤੇ ਸੁਆਰ ਹੋਏ ਅਤੇ ਤੁਰ ਪਏ।
3ਜਾਂ ਕੁਪਰੁਸ ਵਿਖਾਈ ਦਿੱਤਾ ਤਾਂ ਉਹ ਨੂੰ ਖੱਬੇ ਹੱਥ ਛੱਡ ਕੇ ਸੁਰਿਯਾ ਨੂੰ ਚੱਲੇ ਅਤੇ ਸੂਰ ਵਿੱਚ ਜਾ ਉਤਰੇ ਕਿਉਂ ਜੋ ਉੱਥੇ ਜਹਾਜ਼ ਦਾ ਮਾਲ ਉਤਾਰਨਾ ਸੀ।
4ਅਰ ਚੇਲਿਆਂ ਨੂੰ ਲੱਭ ਕੇ ਅਸੀਂ ਸੱਤ ਦਿਨ ਉੱਥੇ ਠਹਿਰੇ। ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲੁਸ ਨੂੰ ਆਖਿਆ ਜੋ ਯਰੂਸ਼ਲਮ ਨੂੰ ਨਾ ਜਾਹ।
5ਅਤੇ ਇਉਂ ਹੋਇਆ ਕਿ ਜਾਂ ਅਸੀਂ ਉਨ੍ਹਾਂ ਦਿਨਾਂ ਨੂੰ ਪੂਰੇ ਕਰ ਚੁੱਕੇ ਤਾਂ ਨਿੱਕਲ ਕੇ ਤੁਰ ਪਏ ਅਤੇ ਓਹ ਸਾਰੇ ਤੀਵੀਆਂ ਅਤੇ ਬਾਲਕਾਂ ਸਣੇ ਨਗਰ ਦੇ ਬਾਹਰ ਤੀਕੁਰ ਸਾਡੇ ਨਾਲ ਆਏ ਅਤੇ ਸਮੁੰਦਰ ਦੇ ਕੰਢੇ ਤੇ ਗੋਡੇ ਟੇਕ ਕੇ ਅਸਾਂ ਪ੍ਰਾਰਥਨਾ ਕੀਤੀ।
6ਅਤੇ ਇੱਕ ਦੂਜੇ ਤੋਂ ਵਿਦਿਆ ਹੋ ਕੇ ਅਸੀਂ ਜਹਾਜ਼ ਉੱਤੇ ਸੁਆਰ ਹੋਏ ਪਰ ਓਹ ਆਪਣੇ ਘਰਾਂ ਨੂੰ ਮੁੜ ਗਏ।
7ਅਸੀਂ ਸੂਰ ਤੋਂ ਸਮੁੰਦਰ ਦਾ ਸਫ਼ਰ ਮੁਕਾ ਕੇ ਤੁਲਮਾਇਸ ਵਿੱਚ ਅੱਪੜੇ ਅਰ ਭਾਈਆਂ ਦੀ ਸੁਖ ਸਾਂਦ ਪੁੱਛ ਕੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ।
8ਫੇਰ ਅਗਲੇ ਭਲਕ ਅਸੀਂ ਤੁਰ ਕੇ ਕੈਸਰਿਯਾ ਵਿੱਚ ਆਏ ਅਤੇ ਫ਼ਿਲਿੱਪੁਸ ਇੰਜੀਲ ਦੇ ਪਰਚਾਰਕ ਦੇ ਘਰ ਜਾ ਕੇ ਉਹ ਦੇ ਨਾਲ ਰਹੇ। ਉਹ ਉਨ੍ਹਾਂ ਸੱਤਾਂ ਵਿੱਚੋਂ ਇੱਕ ਸੀ।
9ਉਹ ਦੇ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ।
10ਅਤੇ ਜਾਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਆਗਬੁਸ ਨਾਉਂ ਦਾ ਇੱਕ ਨਬੀ ਯਹੂਦਿਯਾ ਤੋਂ ਉਤਰ ਆਇਆ।
11ਉਹ ਨੇ ਸਾਡੇ ਕੋਲ ਆਣ ਕੇ ਪੌਲੁਸ ਦਾ ਕਮਰਪਟਕਾ ਚੁੱਕ ਲਿਆ ਅਤੇ ਆਪਣੇ ਹੱਥ ਪੈਰ ਬੰਨ੍ਹ ਕੇ ਕਿਹਾ, ਪਵਿੱਤ੍ਰ ਆਤਮਾ ਇਉਂ ਆਖਦਾ ਹੈ ਭਈ ਯਹੂਦੀ ਲੋਕ ਯਰੂਸ਼ਲਮ ਵਿੱਚ ਉਸ ਮਨੁੱਖ ਨੂੰ ਜਿਹ ਦਾ ਇਹ ਪਟਕਾ ਹੈ ਇਸੇ ਤਰਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਹਵਾਲੇ ਕਰਨਗੇ।
12ਜਾਂ ਇਹ ਗੱਲਾਂ ਸੁਣੀਆਂ ਤਾਂ ਅਸਾਂ ਅਤੇ ਉੱਥੋਂ ਦੇ ਰਹਿਣ ਵਾਲਿਆਂ ਨੇ ਵੀ ਉਹ ਦੀ ਮਿੰਨਤ ਕੀਤੀ ਭਈ ਯਰੂਸ਼ਲਮ ਨੂੰ ਨਾ ਜਾਵੇ।
13ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ ? ਕਿਉਂ ਜੋ ਮੈਂ ਪ੍ਰਭੁ ਯਿਸੂ ਦੇ ਨਾਮ ਦੇ ਬਦਲੇ ਯਰੂਸ਼ਲਮ ਵਿੱਚ ਨਿਰਾ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।
14ਜਾਂ ਉਹ ਨੇ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਕਰ ਰਹੇ ਭਈ ਪ੍ਰਭੁ ਦੀ ਮਰਜ਼ੀ ਪੂਰੀ ਹੋਵੇ।
15ਇਨ੍ਹਾਂ ਦਿਨਾਂ ਦੇ ਪਿੱਛੋਂ ਅਸੀਂ ਆਪਣਾ ਵਲੇਵਾ ਲੈ ਕੇ ਯਰੂਸ਼ਲਮ ਨੂੰ ਤੁਰ ਪਏ।
16ਅਤੇ ਕੈਸਰਿਯਾ ਤੋਂ ਵੀ ਕਈ ਚੇਲੇ ਸਾਡੇ ਨਾਲ ਚੱਲੇ ਅਰ ਮਨਾਸੋਨ ਕੁਪਰੁਸੀ ਇੱਕ ਪੁਰਾਣਾ ਚੇਲਾ ਜਿਹ ਦੇ ਕੋਲ ਅਸਾਂ ਉਤਰਨਾ ਸੀ ਆਪਣੇ ਨਾਲ ਲਿਆਏ।
17ਜਾਂ ਅਸੀਂ ਯਰੂਸ਼ਲਮ ਵਿੱਚ ਆ ਪਹੁੰਚੇ ਤਾਂ ਭਾਈਆਂ ਨੇ ਖੁਸ਼ੀ ਨਾਲ ਸਾਡੀ ਆਗਤ ਭਾਗਤ ਕੀਤੀ।
18ਦੂਜੇ ਦਿਨ ਪੌਲੁਸ ਸਾਡੇ ���ਾਲ ਯਾਕੂਬ ਦੇ ਘਰ ਗਿਆ ਅਤੇ ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ।
19ਅਤੇ ਉਸ ਨੇ ਓਹਨਾਂ ਨੂੰ ਪਰਨਾਮ ਕਰ ਕੇ ਜੋ ਜੋ ਕੰਮ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਵਿੱਚ ਉਹ ਦੀ ਟਹਿਲ ਦੇ ਵਸੀਲੇ ਨਾਲ ਕੀਤੇ ਸਨ ਇੱਕ ਇੱਕ ਕਰਕੇ ਸੁਣਾ ਦਿੱਤੇ।
20ਸੋ ਉਨ੍ਹਾਂ ਸੁਣ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, ਭਾਈ ਜੀ, ਤੂੰ ਵੇਖਦਾ ਹੈਂ ਜੋ ਯਹੂਦੀਆਂ ਵਿੱਚ ਕਿੰਨੇਕੁ ਹਜ਼ਾਰ ਨਿਹਚਾਵਾਨ ਹਨ ਅਰ ਸੱਭੇ ਸ਼ਰਾ ਦੇ ਗੈਰਤ ਵਾਲੇ ਹਨ।
21ਅਤੇ ਉਨ੍ਹਾਂ ਤੇਰੀ ਇਹ ਖਬਰ ਸੁਣੀ ਹੈ ਜੋ ਤੂੰ ਸਾਰੇ ਯਹੂਦੀਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚ ਵੱਸਦੇ ਹਨ ਇਹ ਸਿਖਾਲਦਾ ਹੈਂ ਭਈ ਮੂਸਾ ਨੂੰ ਤਿਆਗੋ ਅਤੇ ਆਖਦਾ ਹੈਂ ਜੋ ਆਪਣਿਆਂ ਬਾਲਕਾਂ ਦੀ ਸੁੰਨਤ ਨਾ ਕਰਵਾਓ ਅਤੇ ਰੀਤਾਂ ਉੱਤੇ ਨਾ ਚੱਲੋ।
22ਸੋ ਹੁਣ ਕੀ ਗੱਲ ਹੋਵੇ ? ਓਹ ਜਰੂਰ ਸੁਣ ਲੈਣਗੇ ਜੋ ਤੂੰ ਆਇਆ ਹੈਂ।
23ਇਸ ਲਈ ਤੂੰ ਐਉਂ ਕਰ ਜਿਸ ਤਰਾਂ ਅਸੀਂ ਤੈਨੂੰ ਦੱਸਦੇ ਹਾਂ। ਸਾਡੇ ਕੋਲ ਚਾਰ ਪੁਰਖ ਹਨ ਜਿਨ੍ਹਾਂ ਮੰਨਤ ਮੰਨੀ ਹੈ।
24ਤੂੰ ਉਨ੍ਹਾਂ ਨੂੰ ਲੈ ਕੇ ਆਪਣੇ ਤਾਈਂ ਉਨ੍ਹਾਂ ਦੇ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਲਈ ਕੁਝ ਖਰਚ ਕਰ ਜੋ ਓਹ ਆਪਣੇ ਸਿਰ ਮੁਨਾਉਣ ਤਾਂ ਸਭ ਲੋਕ ਜਾਣਨਗੇ ਭਈ ਜਿਹੜੀਆਂ ਗੱਲਾਂ ਉਹ ਦੇ ਵਿਖੇ ਅਸਾਂ ਸੁਣੀਆਂ ਹਨ ਸੋ ਕੁਝ ਨਹੀਂ ਸਗੋਂ ਇਹ ਕਿ ਉਹ ਆਪ ਭੀ ਸ਼ਰਾ ਨੂੰ ਮੰਨ ਕੇ ਸਿੱਧੀ ਚਾਲ ਚੱਲਦਾ ਹੈ।
25ਪਰ ਪਰਾਈਆਂ ਕੌਮਾ ਦੇ ਹੱਕ ਵਿੱਚ ਜਿਨ੍ਹਾਂ ਨਿਹਚਾ ਕੀਤੀ ਹੈ ਅਸੀਂ ਇਹ ਠਹਿਰਾ ਕੇ ਲਿਖ ਭੇਜਿਆ ਸੀ ਭਈ ਓਹ ਮੂਰਤਾਂ ਦੇ ਚੜ੍ਹਾਵੇ ਅਤੇ ਲਹੂ ਅਤੇ ਗਲ ਘੁੱਟੇ ਹੋਏ ਦੇ ਮਾਸ ਅਤੇ ਹਰਾਮਕਾਰੀ ਤੋਂ ਆਪ ਨੂੰ ਬਚਾ ਰੱਖਣ।
26ਤਦ ਪੌਲੁਸ ਨੇ ਉਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਅਤੇ ਦੂਜੇ ਦਿਨ ਉਨ੍ਹਾਂ ਸਣੇ ਆਪ ਨੂੰ ਸ਼ੁੱਧ ਕਰ ਕੇ ਹੈਕਲ ਵਿੱਚ ਗਿਆ ਅਰ ਸ਼ੁੱਧ ਹੋਣ ਦੇ ਦਿਨਾਂ ਦੇ ਪੂਰੇ ਹੋਣ ਦੀ ਖਬਰ ਦਿੰਦਾ ਗਿਆ ਜਦ ਤਾਈਂ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਭੇਟ ਚੜ੍ਹਾਈ ਨਾ ਗਈ।
27ਜਾਂ ਓਹ ਸੱਤ ਦਿਨ ਪੂਰੇ ਹੋਣ ਲੱਗੇ ਤਾਂ ਓਹਨਾਂ ਯਹੂਦੀਆਂ ਨੇ ਜਿਹੜੇ ਅਸਿਯਾ ਦੇ ਸਨ ਉਹ ਨੂੰ ਹੈਕਲ ਵਿੱਚ ਵੇਖ ਕੇ ਸਾਰੀ ਭੀੜ ਨੂੰ ਭੜਕਾਇਆ।
28ਅਰ ਓਸ ਉੱਤੇ ਹੱਥ ਪਾ ਕੇ ਦੁਹਾਈ ਦੇਣ ਲੱਗੇ, ਹੇ ਇਸਰਾਏਲੀ ਮਰਦੋ ਬਹੁੜੋ ! ਇਹ ਉਹੋ ਮਨੁੱਖ ਹੈ ਜਿਹੜਾ ਹਰ ਥਾਂ ਸਾਡੀ ਕੌਮ ਅਤੇ ਸ਼ਰਾ ਅਤੇ ਐਸ ਥਾਂ ਦੇ ਵਿਰੁੱਧ ਸਭਨਾਂ ਨੂੰ ਸਿੱਖਿਆ ਦਿੰਦਾ ਹੈ ! ਨਾਲੇ ਉਸ ਨੇ ਯੂਨਾਨੀਆਂ ਨੂੰ ਭੀ ਹੈਕਲ ਵਿੱਚ ਲਿਆਂਦਾ ਅਤੇ ਇਸ ਪਵਿੱਤ੍ਰ ਥਾਂ ਨੂੰ ਭਰਿਸ਼ਟ ਕੀਤਾ ਹੈ !
29ਇਸ ਲਈ ਜੋ ਉਨ੍ਹਾਂ ਨੇ ਏਦੋਂ ਅੱਗੇ ਸ਼ਹਿਰ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਉਹ ਦੇ ਨਾਲ ਡਿੱਠਾ ਸੀ ਅਤੇ ਭਰਮ ਕੀਤਾ ਜੋ ਪੌਲੁਸ ਉਹ ਨੂੰ ਹੈਕਲ ਵਿੱਚ ਲਿਆਇਆ ਹੋਵੇਗਾ।
30ਤਦ ਸਾਰੇ ਸ਼ਹਿਰ ਵਿੱਚ ਰੌਲਾ ਪਿਆ ਅਤੇ ਲੋਕ ਦੌੜ ਕੇ ਇਕੱਠੇ ਹੋਏ ਅਤੇ ਪੌਲੁਸ ਨੂੰ ਫੜ ਕੇ ਹੈਕਲੋਂ ਬਾਹਰ ਖਿੱਚ ਖੜਿਆ ਅਰ ਝੱਟ ਦਰਵੱਜੇ ਬੰਦ ਕੀਤੇ ਗਏ।
31ਜਾਂ ਓਹ ਉਸ ਦੇ ਮਾਰ ਸੁੱਟਣ ਦੇ ਮਗਰ ਪਏ ਤਾਂ ਫੌਜ ਦੇ ਸਰਦਾਰ ਨੂੰ ਖਬਰ ਪਹੁੰਚੀ ਭਈ ਸਾਰੇ ਯਰੂਸ਼ਲਮ ਵਿੱਚ ਪਸਾਦ ਮਚ ਗਿਆ !
32ਉਹ ਉੱਸੇ ਵੇਲੇ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਲੈ ਕੇ ਉਨ੍ਹਾਂ ਉੱਤੇ ਦੌੜ ਪਿਆ ਅਤੇ ਓਹ ਲੋਕ ਸਰਦਾਰ ਅਤੇ ਸਿਪਾਹੀਆਂ ਨੂੰ ਵੇਖ ਕੇ ਪੌਲੁਸ ਦੇ ਮਾਰਨ ਤੋਂ ਹਟ ਗਏ।
33ਤਦ ਸਰਦਾਰ ਨੇ ਨੇੜੇ ਆਣ ਕੇ ਉਹ ਨੂੰ ਫੜ ਲਿਆ ਅਤੇ ਹੁਕਮ ਦਿੱਤਾ ਭਈ ਉਹ ਨੂੰ ਦੋ ਸੰਗਲਾਂ ਨਾਲ ਬੰਨ੍ਹ ਲਓ ਅਰ ਪੁੱਛਿਆ ਜੋ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ ?
34ਤਦ ਭੀੜ ਵਿੱਚੋਂ ਕਈ ਕੁਝ ਪੁਕਾਰਨ ਲੱਗੇ ਅਤੇ ਕਈ ਕੁਝ ਅਰ ਜਾਂ ਉਸ ਰੌਲੇ ਦੇ ਕਾਰਨ ਹਕੀਕਤ ਮਲੂਮ ਨਾ ਕਰ ਸੱਕਿਆ ਤਾਂ ਉਸ ਨੇ ਹੁਕਮ ਦਿੱਤਾ ਭਈ ਇਹ ਨੂੰ ਕਿਲੇ ਵਿੱਚ ਲੈ ਜਾਓ।
35ਅਤੇ ਜਾਂ ਉਹ ਪੌੜੀਆਂ ਉੱਤੇ ਪਹੁੰਚਿਆ ਤਾਂ ਐਉਂ ਹੋਇਆ ਜੋ ਭੀੜ ਦੇ ਧੱਕੇ ਦੇ ਮਾਰੇ ਸਿਪਾਹੀਆਂ ਨੇ ਉਹ ਨੂੰ ਚੁੱਕ ਲਿਆ।
36ਕਿਉਂ ਜੋ ਲੋਕਾਂ ਦੀ ਭੀੜ ਇਹ ਡੰਡ ਪਾਉਂਦੀ ਮਗਰ ਚੱਲੀ ਆਉਂਦੀ ਸੀ ਭਈ ਇਹ ਨੂੰ ਮਾਰ ਦਿਓ !
37ਜਦ ਪੌਲੁਸ ਨੂੰ ਕਿਲੇ ਦੇ ਅੰਦਰ ਲੈ ਜਾਣ ਲੱਗੇ ਤਾਂ ਉਹ ਨੇ ਸਰਦਾਰ ਨੂੰ ਕਿਹਾ, ਜੇ ਹੁਕਮ ਹੋਵੇ ਤਾਂ ਮੈਂ ਤੇਰੇ ਅੱਗੇ ਕੁਝ ਆਖਾਂ ? ਉਹ ਬੋਲਿਆ, ਭਲਾ, ਤੂੰ ਯੂਨਾਨੀ ਬੋਲੀ ਜਾਣਦਾ ਹੈਂ ?
38ਫੇਰ ਤੂੰ ਉਹੋ ਮਿਸਰੀ ਨਹੀਂ ਹੈਂ ਜਿਹੜਾ ਇਨ੍ਹਾਂ ਦਿਨਾਂ ਤੋਂ ਅੱਗੇ ਦੰਗਾ ਕਰ ਕੇ ਡਾਕੂਆਂ ਦੇ ਚਾਰ ਹਜ਼ਾਰ ਆਦਮੀਆਂ ਨੂੰ ਜੰਗਲ ਵਿੱਚ ਲੈ ਗਿਆ ਸੀ ?
39ਪੌਲੁਸ ਨੇ ਕਿਹਾ, ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਿਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ ਜੋ ਕੋਈ ਮਾੜਾ ਸ਼ਹਿਰ ਨਹੀਂ ਹੈ ਅਤੇ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦਿਹ।
40ਜਾਂ ਉਸ ਨੇ ਪਰਵਾਨਗੀ ਦਿੱਤੀ ਤਾਂ ਪੌਲੁਸ ਨੇ ਪੌੜੀਆਂ ਉੱਤੇ ਖੜੋ ਕੇ ਲੋਕਾਂ ਨੂੰ ਹੱਥ ਨਾਲ ਸੈਨਤ ਕੀਤੀ ਅਤੇ ਜਾਂ ਓਹ ਸਭ ਚੁੱਪ ਚਾਪ ਹੋ ਗਏ ਤਾਂ ਉਹ ਇਬਰਾਨੀ ਭਾਖਿਆ ਵਿੱਚ ਬੋਲਣ ਲੱਗਾ ਅਤੇ ਆਖਿਆ,