Loading Bible Translation
First-time download in progress. This may take a few seconds…
Punjabi Bible Wordproject Bible
15 verses
1ਉਨ੍ਹੀਂ ਦਿਨੀਂ ਜਾਂ ਚੇਲੇ ਬਹੁਤ ਹੁੰਦੇ ਜਾਂਦੇ ਸਨ ਤਾਂ ਯੂਨਾਨੀ-ਯਹੂਦੀ ਇਬਰਾਨੀਆਂ ਉੱਤੇ ਬੁੜਬੁੜਾਉਣ ਲੱਗੇ ਕਿਉਂ ਜੋ ਦਿਨ ਦਿਨ ਦੀ ਟਹਿਲ ਵਿੱਚ ਉਨ੍ਹਾਂ ਦੀਆਂ ਵਿਧਵਾਂ ਦੀ ਸੁਧ ਨਹੀਂ ਲੈਂਦੇ ਸਨ।
2ਤਦ ਉਨ੍ਹਾਂ ਬਾਰਾਂ ਨੇ ਚੇਲਿਆਂ ਦੀ ਸੰਗਤ ਨੂੰ ਕੋਲ ਸੱਦ ਕੇ ਆਖਿਆ, ਇਹ ਚੰਗੀ ਗੱਲ ਨਹੀਂ ਜੋ ਅਸੀਂ ਪਰਮੇਸ਼ੁਰ ਦਾ ਬਚਨ ਛੱਡ ਕੇ ਖਿਲਾਉਣ ਪਿਲਾਉਣ ਦੀ ਟਹਿਲ ਕਰੀਏ।
3ਸੋ ਭਾਈਓ ਆਪਣੇ ਵਿੱਚੋਂ ਸੱਤ ਨੇਕ ਨਾਮ ਆਦਮੀਆਂ ਨੂੰ ਜਿਹੜੇ ਆਤਮਾ ਅਤੇ ਬੁੱਧ ਨਾਲ ਭਰਪੂਰ ਹੋਣ ਚੁਣ ਲਓ ਭਈ ਅਸੀਂ ਓਹਨਾਂ ਨੂੰ ਇਸ ਕੰਮ ਉੱਤੇ ਠਹਿਰਾਈਏ।
4ਪਰ ਅਸੀਂ ਪ੍ਰਾਰਥਨਾ ਵਿੱਚ ਅਰ ਬਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।
5ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਸਤੀਫ਼ਾਨ ਨਾਮੇ ਇੱਕ ਪੁਰਸ਼ ਨੂੰ ਜਿਹੜਾ ਨਿਹਚਾ ਅਰ ਪਵਿੱਤ੍ਰ ਆਤਮਾ ਨਾਲ ਭਰਪੂਰ ਸੀ ਅਰ ਫਿਲਿੱਪੁਸ ਅਰ ਪ੍ਰੋਖੋਰੁਸ ਅਰ ਨਿਕਾਨੋਰ ਅਰ ਤੀਮੋਨ ਅਰ ਪਰਮਨਾਸ ਅਰ ਨਿਕਲਾਉਸ ਨੂੰ ਜੋ ਅੰਤਾਕਿਯਾ ਦਾ ਇੱਕ ਯਹੂਦੀ-ਮੁਰੀਦ ਸੀ ਚੁਣਿਆ।
6ਅਤੇ ਓਹਨਾਂ ਨੂੰ ਰਸੂਲਾਂ ਦੇ ਅੱਗੇ ਖੜਾ ਕੀਤਾ ਅਤੇ ਉਨ੍ਹਾਂ ਨੇ ਪ੍ਰਾਰਥਨਾ ਕਰ ਕੇ ਓਹਨਾਂ ਉੱਤੇ ਹੱਥ ਰੱਖੇ।
7ਤਾਂ ਪਰਮੇਸ਼ੁਰ ਦਾ ਬਚਨ ਫੈਲਦਾ ਗਿਆ ਅਰ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਜਾਂਦੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮੱਤ ਦੇ ਮੰਨਣ ਵਾਲੇ ਹੋ ਗਏ।
8ਇਸਤੀਫ਼ਾਨ ਕਿਰਪਾ ਅਰ ਸ਼ਕਤੀ ਨਾਲ ਭਰਪੂਰ ਹੋ ਕੇ ਵੱਡੇ ਅਚੰਭੇ ਅਤੇ ਨਿਸ਼ਾਨ ਲੋਕਾਂ ਦੇ ਵਿੱਚ ਕਰਦਾ ਸੀ।
9ਪਰ ਉਸ ਸਮਾਜ ਵਿੱਚੋਂ ਜੋ ਲਿਬਰਤੀਨੀਆਂ ਦੀ ਕਹਾਉਂਦੀ ਹੈ ਅਰ ਕੁਰੇਨੀਆਂ ਅਤੇ ਸਿਕੰਦਰੀਆਂ ਵਿੱਚੋਂ ਅਤੇ ਉਨ੍ਹਾਂ ਵਿੱਚੋਂ ਜਿਹੜੇ ਕਿਲਕਿਯਾ ਅਤੇ ਅਸਿਯਾ ਤੋਂ ਆਏ ਸਨ ਕਈਕੁ ਆਦਮੀ ਉੱਠ ਕੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ।
10ਪਰ ਓਹ ਉਸ ਬੁੱਧ ਅਰ ਆਤਮਾ ਦਾ ਜਿਹ ਦੇ ਨਾਲ ਉਹ ਗੱਲਾਂ ਕਰਦਾ ਸੀ ਸਾਹਮਣਾ ਨਾ ਕਰ ਸੱਕੇ।
11ਫੇਰ ਉਨ੍ਹਾਂ ਨੇ ਮਨੁੱਖਾਂ ਨੂੰ ਗੱਠਿਆ ਜਿਹੜੇ ਬੋਲੇ ਭਈ ਅਸਾਂ ਇਹ ਨੂੰ ਮੂਸਾ ਦੇ ਅਤੇ ਪਰਮੇਸ਼ੁਰ ਦੇ ਵਿਰੁੱਧ ਕੁਫ਼ਰ ਬਕਦੇ ਸੁਣਿਆ।
12ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ ਅਤੇ ਗ੍ਰੰਥੀਆਂ ਨੂੰ ਉਭਾਰਿਆ ਅਰ ਉਸ ਉੱਤੇ ਚੜ੍ਹ ਆਏ ਅਤੇ ਫੜ ਕੇ ਮਹਾਂ ਸਭਾ ਵਿੱਚ ਲੈ ਗਏ।
13ਉਨ੍ਹਾਂ ਨੇ ਝੂਠੇ ਗਵਾਹਾਂ ਨੂੰ ਖੜੇ ਕੀਤਾ ਜੋ ਬੋਲੇ ਭਈ ਇਹ ਮਨੁੱਖ ਇਸ ਪਵਿੱਤ੍ਰ ਅਸਥਾਨ ਅਤੇ ਸ਼ਰਾ ਦੇ ਵਿਰੁੱਧ ਬੋਲਣ ਤੋਂ ਨਹੀਂ ਹਟਦਾ।
14ਅਸਾਂ ਤਾਂ ਉਹ ਨੂੰ ਇਹ ਆਖਦੇ ਸੁਣਿਆ ਹੈ ਭਈ ਇਹ ਯਿਸੂ ਨਾਸਰੀ ਇਸ ਅਸਥਾਨ ਨੂੰ ਢਾਹ ਦੇਊਗਾ ਅਤੇ ਜਿਹੜੀਆਂ ਰੀਤਾਂ ਮੂਸਾ ਨੇ ਸਾਨੂੰ ਸੌਂਪੀਆਂ ਉਨ੍ਹਾਂ ਨੂੰ ਬਦਲ ਦੇਊਗਾ।
15ਜਾਂ ਉਨ੍ਹਾਂ ਸਭਨਾਂ ਨੇ ਜਿਹੜੇ ਮਹਾਂ ਸਭਾ ਵਿੱਚ ਬੈਠੇ ਸਨ ਉਹ ਦੀ ਵੱਲ ਧਿਆਨ ਕੀਤਾ ਤਾਂ ਉਹ ਦਾ ਮੂੰਹ ਦੂਤ ਦੇ ਮੂੰਹ ਵਰਗਾ ਡਿੱਠਾ।