Loading Bible Translation
First-time download in progress. This may take a few seconds…
Punjabi Bible Wordproject Bible
33 verses
1ਮੂਸਾ ਨੇ ਸਾਰੇ ਇਸਰਾਏਲ ਨੂੰ ਬੁਲਾ ਕੇ ਆਖਿਆ, ਹੇ ਇਸਰਾਏਲ, ਏਹਨਾਂ ਬਿਧੀਆਂ ਅਤੇ ਕਨੂਨਾਂ ਨੂੰ ਸੁਣੋ ਜਿਹੜੇ ਮੈਂ ਅੱਜ ਤੁਹਾਡੇ ਕੰਨਾਂ ਵਿੱਚ ਪਾਉਂਦਾ ਹਾਂ। ਏਹਨਾਂ ਨੂੰ ਸਿੱਖੋ ਅਤੇ ਏਹਨਾਂ ਨੂੰ ਪੂਰਾ ਕਰਨ ਲਈ ਮੰਨੋ।
2ਯਹੋਵਾਹ ਸਾਡੇ ਪਰਮੇਸ਼ੁਰ ਨੇ ਹੋਰੇਬ ਵਿੱਚ ਸਾਡੇ ਨਾਲ ਨੇਮ ਬੰਨ੍ਹਿਆ।
3ਯਹੋਵਾਹ ਨੇ ਏਹ ਨੇਮ ਸਾਡੇ ਪਿਉ ਦਾਦਿਆਂ ਨਾਲ ਨਹੀਂ ਬੰਨ੍ਹਿਆ ਸਗੋਂ ਸਾਡੇ ਨਾਲ, ਹਾਂ, ਸਾਡੇ ਹੀ ਨਾਲ ਜਿਹੜੇ ਅੱਜ ਦੇ ਦਿਨ ਸਾਰੇ ਏਥੇ ਜੀਉਂਦੇ ਹਾਂ।
4ਯਹੋਵਾਹ ਅੱਗ ਦੇ ਵਿੱਚ ਦੀ ਪਹਾੜ ਉੱਤੋਂ ਤੁਹਾਡੇ ਨਾਲ ਆਹਮੋ ਸਾਹਮਣੇ ਹੋ ਕੇ ਬੋਲਿਆ।
5ਉਸ ਵੇਲੇ ਮੈਂ ਯਹੋਵਾਹ ਦੇ ਅਤੇ ਤੁਹਾਡੇ ਵਿਚਾਲੇ ਖੜਾ ਹੋਇਆ ਤਾਂ ਜੋ ਤੁਹਾਨੂੰ ਯਹੋਵਾਹ ਦਾ ਬਚਨ ਦੱਸਾਂ ਕਿਉਂ ਜੋ ਤੁਸੀਂ ਅੱਗ ਤੋਂ ਡਰਦੇ ਸਾਓ ਅਤੇ ਪਹਾੜ ਉੱਤੇ ਨਾ ਚੜ੍ਹੇ।
6ਉਸ ਆਖਿਆ, ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।
7ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।
8ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ਼ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਰ ਜਿਹੜੀ ਧਰਤੀ ਦੇ ਹੇਠਲੇ ਪਾਣਿਆਂ ਵਿੱਚ ਹੈ।
9ਨਾ ਤੂੰ ਓਹਨਾਂ ਦੇ ਅੱਗੇ ਮੱਥਾ ਟੇਕ, ਨਾ ਓਹਨਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ।
10ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ।
11ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਆਰਥ ਨਾ ਲੈ ਕਿਉਂਕਿ ਜਿਹੜਾ ਉਹ ਦਾ ਨਾਮ ਵਿਆਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।
12ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ।
13ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ।
14ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ, ਨਾ ਤੇਰਾ ਪੁੱਤ੍ਰ, ਨਾ ਤੇਰੀ ਧੀ, ਨਾ ਤੇਰਾ ਗੋੱਲਾ, ਨਾ ਤੇਰੀ ਗੋੱਲੀ, ਨਾ ਤੇਰਾ ਬਲਦ, ਨਾ ਤੇਰਾ ਗਧਾ, ਨਾ ਤੇਰਾ ਕੋਈ ਡੰਗਰ, ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ ਤਾਂ ਜੋ ਤੇਰਾ ਗੋੱਲਾ ਅਤੇ ਤੇਰੀ ਗੋੱਲੀ ਤੇਰੇ ਵਾਙੁ ਅਰਾਮ ਕਰਨ।
15ਯਾਦ ਰੱਖ ਕਿ ਤੂੰ ਮਿਸਰ ਦੇਸ ਵਿੱਚ ਗੁਲਾਮ ਸੈਂ ਅਤੇ ਯਹੋਵਾਹ ਤੇਰੇ ਪਰਮੇਸ਼ੁਰ ਨੇ ਬਲਵੰਤ ਹੱਥ ਨਾਲ ਅਤੇ ਬਾਂਹ ਲੰਮੀ ਕਰ ਕੇ ਤੈਨੂੰ ਕੱਢ ਲਿਆ। ਏਸ ਲਈ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਬਤ ਦੇ ਮੰਨਣ ਦਾ ਹੁਕਮ ਦਿੰਦਾ ਹੈ।
16ਤੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ ਜਿਵੇਂ ਯਹੋਵਾ�� ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ ਤਾਂ ਜੋ ਤੇਰੇ ਦਿਨ ਲੰਮੇ ਹੋਣ ਅਤੇ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਤੇਰਾ ਭਲਾ ਹੋਵੇ।
17ਤੂੰ ਖ਼ੂਨ ਨਾ ਕਰ।
18ਤੂੰ ਜ਼ਨਾਹ ਨਾ ਕਰ।
19ਤੂੰ ਚੋਰੀ ਨਾ ਕਰ।
20ਤੂੰ ਆਪਣੇ ਗੁਆਂਢੀ ਉੱਤੇ ਝੂਠੀ ਗਵਾਹੀ ਨਾ ਦੇਹ।
21ਤੂੰ ਆਪਣੇ ਗੁਆਂਢੀ ਦੀ ਤੀਵੀਂ ਦੀ ਲਾਲਸਾ ਨਾ ਕਰ। ਤੂੰ ਆਪਣੇ ਗੁਆਂਢੀ ਦੇ ਘਰ ਦੀ ਹਿਰਸ ਨਾ ਕਰ, ਨਾ ਉਹ ਦੇ ਖੇਤ, ਨਾ ਉਹ ਦੇ ਗੋੱਲੇ, ਨਾ ਉਹ ਦੀ ਗੋੱਲੀ, ਨਾ ਉਹ ਦੇ ਬਲਦ, ਨਾ ਉਹ ਦੇ ਖੋਤੇ ਅਤੇ ਨਾ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦੀ।
22ਏਹ ਸਾਰੀਆਂ ਗੱਲਾਂ ਯਹੋਵਾਹ ਨੇ ਤੁਹਾਡੀ ਸਾਰੀ ਸਭਾ ਨਾਲ ਪਹਾੜ ਉੱਤੇ ਅੱਗ ਵਿੱਚ ਦੀ ਬੱਦਲ ਤੋਂ ਅਤੇ ਕਾਲੀਆਂ ਘਟਾਂ ਤੋਂ ਵੱਡੀ ਅਵਾਜ਼ ਨਾਲ ਕੀਤੀਆਂ ਅਤੇ ਹੋਰ ਨਾ ਬੋਲਿਆ ਪਰ ਉਸ ਨੇ ਉਨ੍ਹਾਂ ਨੂੰ ਪੱਥਰ ਦੀਆਂ ਦੋਹੁੰ ਪੱਟੀਆਂ ਉੱਤੇ ਲਿਖ ਕੇ ਮੈਨੂੰ ਦਿੱਤਾ।
23ਤਾਂ ਐਉਂ ਹੋਇਆਂ ਕਿ ਜਦ ਤੁਸਾਂ ਉਸ ਅਵਾਜ਼ ਨੂੰ ਉਸ ਅਨ੍ਹੇਰ ਵਿੱਚੋਂ ਸੁਣਿਆ ਜਦ ਪਹਾੜ ਅੱਗ ਨਾਲ ਬਲ ਰਿਹਾ ਸੀ ਤਾਂ ਤੁਸੀਂ ਮੇਰੇ ਕੋਲ ਆਏ ਅਰਥਾਤ ਤੁਹਾਡੀਆਂ ਗੋਤਾਂ ਦੇ ਸਾਰੇ ਮੁਖੀਏ ਅਤੇ ਤੁਹਾਡੇ ਬਜ਼ੁਰਗ।
24ਤਾਂ ਤੁਸਾਂ ਆਖਿਆ, ਵੇਖੋ ਯਹੋਵਾਹ ਸਾਡੇ ਪਰਮੇਸ਼ੁਰ ਨੇ ਆਪਣੀ ਮਹਿਮਾ ਅਤੇ ਆਪਣੀ ਵਡਿਆਈ ਸਾਡੇ ਉੱਤੇ ਪਰਗਟ ਕੀਤੀ ਅਤੇ ਅਸਾਂ ਉਸ ਦੀ ਅਵਾਜ਼ ਨੂੰ ਅੱਗ ਦੇ ਵਿੱਚੋਂ ਦੀ ਸੁਣਿਆ। ਅੱਜ ਦੇ ਦਿਨ ਅਸਾਂ ਵੇਖਿਆ ਭਈ ਪਰਮੇਸ਼ੁਰ ਆਦਮੀ ਨਾਲ ਬੋਲਦਾ ਹੈ ਅਤੇ ਉਹ ਜੀਉਂਦਾ ਰਹਿੰਦਾ ਹੈ।
25ਸੋ ਹੁਣ ਅਸੀਂ ਕਿਉਂ ਮਰੀਏ? ਕਿਉਂ ਜੋ ਏਹ ਵੱਡੀ ਅੱਗ ਸਾਨੂੰ ਭਸਮ ਕਰ ਦੇਵੇਗੀ। ਜੇ ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਅਸੀਂ ਮਰ ਜਾਵਾਂਗੇ।
26ਸਾਰੇ ਸਰੀਰਾਂ ਵਿੱਚੋਂ ਕਿਹੜਾ ਹੈ ਜਿਹ ਨੇ ਜੀਉਂਦੇ ਪਰਮੇਸ਼ੁਰ ਦੀ ਅਵਾਜ਼ ਅੱਗ ਵਿੱਚੋਂ ਦੀ ਬੋਲਦੇ ਸੁਣੀ ਹੋਵੇ ਜਿਵੇਂ ਅਸਾਂ ਸੁਣੀ ਅਤੇ ਜੀਉਂਦਾ ਰਿਹਾ ਹੋਵੇ?
27ਤੂੰ ਜਾ ਕੇ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਆਖੇ ਸੁਣ ਤਾਂ ਤੂੰ ਜੋ ਕੁਝ ਯਹੋਵਾਹ ਸਾਡਾ ਪਰਮੇਸ਼ੁਰ ਤੇਰੇ ਨਾਲ ਬੋਲੇ ਸਾਨੂੰ ਦੱਸ ਅਤੇ ਅਸੀਂ ਸੁਣਾਂਗੇ ਅਤੇ ਮੰਨਾਂਗੇ।
28ਯਹੋਵਾਹ ਤੁਹਾਡੀਆਂ ਗੱਲਾਂ ਦੀ ਅਵਾਜ਼ ਜਦ ਤੁਸੀਂ ਮੇਰੇ ਨਾਲ ਬੋਲੇ ਸੁਣੀ ਤਾਂ ਯਹੋਵਾਹ ਨੇ ਮੈਨੂੰ ਆਖਿਆ, ਮੈਂ ਏਸ ਪਰਜਾ ਦੀਆਂ ਗੱਲਾਂ ਦੀ ਅਵਾਜ਼ ਸੁਣੀ ਜਿਹੜੀਆਂ ਓਹ ਤੇਰੇ ਨਾਲ ਬੋਲੇ। ਜੋ ਕੁਝ ਓਹ ਬੋਲੇ ਸੋ ਚੰਗਾ ਬੋਲੇ।
29ਭਲਾ ਹੁੰਦਾ ਜੇ ਉਨ੍ਹਾਂ ਵਿੱਚ ਅਜੇਹਾ ਮਨ ਹੁੰਦਾ ਕਿ ਓਹ ਮੈਥੋਂ ਡਰਦੇ ਅਤੇ ਸਦਾ ਮੇਰੇ ਸਾਰੇ ਹੁਕਮਾਂ ਨੂੰ ਮੰਨਦੇ ਤਾਂ ਜੋ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਸਦਾ ਤੀਕ ਭਲਾ ਹੁੰਦਾ।
30ਜਾ ਕੇ ਉਨ੍ਹਾਂ ਨੂੰ ਆਖ ਕਿ ਆਪਣੇ ਤੰਬੂਆਂ ਨੂੰ ਮੁੜ ਜਾਓ।
31ਪਰ ਤੂੰ ਏਥੇ ਮੇਰੇ ਕੋਲ ਖਲੋ ਜਾਹ ਅਤੇ ਮੈਂ ਤੈਨੂੰ ਓਹ ਸਾਰਾ ਹੁਕਮਨਾਮਾ, ਬਿਧੀਆਂ ਅਤੇ ਕਨੂਨ ਦੱਸਾਂਗਾ ਜਿਹੜੇ ਤੂੰ ਉਨ੍ਹਾਂ ਨੂੰ ਸਿਖਾਲਣੇ ਹਨ ਤਾਂ ਜੋ ਓਹ ਉਸ ਧਰਤੀ ਵਿੱਚ ਜਿਹੜੀ ਮੈਂ ਉਨ੍ਹਾਂ ਨੂੰ ਕਬਜ਼ਾ ਕਰਨ ਲਈ ਦਿੰਦਾ ਹਾਂ ਉਨ੍ਹਾਂ ਨੂੰ ਪੂਰਾ ਕਰਨ।
32ਤੁਸੀਂ ਉਨ੍ਹਾਂ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਹਨ। ਤੁਸੀਂ ਸੱਜੇ ਖੱਬੇ ਨਾ ਮੁੜਿਓ।
33ਉਸ ਸਾਰੇ ਰਾਹ ਵਿੱਚ ਜਿਹ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ ਚੱਲੋ ਤਾਂ ਜੋ ਤੁਸੀਂ ਜੀਓ ਤੇ ਤੁਹਾਡਾ ਭਲਾ ਹੋਵੇ ਅਤੇ ਤੁਹਾਡੇ ਦਿਨ ਉਸ ਧਰਤੀ ਵਿੱਚ ਜਿਹ ਦਾ ਤੁਸੀਂ ਕਬਜ਼ਾ ਕਰੋਗੇ ਲੰਮੇ ਹੋਣ।