Loading Bible Translation
First-time download in progress. This may take a few seconds…
Punjabi Bible Wordproject Bible
26 verses
1ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ ਅੰਦਰ ਲੈ ਜਾਵੇ ਅਤੇ ਤੁਹਾਡੇ ਅੱਗਿਓਂ ਬਹੁਤ ਸਾਰਿਆ ਕੌਮਾਂ ਨੂੰ ਪੁੱਟ ਸੁੱਟੇ ਅਰਥਾਤ ਸੱਤ ਕੌਮਾਂ ਨੂੰ ਹਿੱਤੀ, ਗਿਰਗਾਸ਼ੀ, ਅਮੋਰੀ, ਕਨਾਨੀ, ਫਰਿੱਜ਼ੀ, ਹਿੱਵੀ ਅਤੇ ਯਬੂਸੀ ਜਿਹੜੀਆਂ ਤੁਹਾਡੇ ਨਾਲੋਂ ਵਧੀਕ ਅਤੇ ਬਲਵੰਤ ਹਨ।
2ਅਤੇ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੇ ਲਾ ਦੇਵੇ ਤਾਂ ਤੁਸੀਂ ਓਹਨਾਂ ਨੂੰ ਮਾਰ ਸੁੱਟਿਓ। ਤੁਸੀਂ ਓਹਨਾਂ ਦਾ ਮੂਲੋਂ ਮੁੱਢੋਂ ਸੱਤਿਆ ਨਾਸ ਕਰ ਦੇਇਓ, ਨਾ ਤੁਸੀਂ ਓਹਨਾਂ ਨਾਲ ਨੇਮ ਬੰਨ੍ਹੋ, ਨਾ ਓਹਨਾਂ ਉੱਤੇ ਤਰਸ ਖਾਓ,
3ਨਾ ਓਹਨਾਂ ਨਾਲ ਵਿਆਹ ਕਰੋ, ਨਾ ਕੋਈ ਉਸ ਦੇ ਪੁੱਤ੍ਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤ੍ਰ ਲਈ ਉਸ ਦੀ ਧੀ ਲਵੇ।
4ਕਿਉਂ ਜੋ ਓਹ ਤੁਹਾਡੇ ਪੁੱਤ੍ਰਾਂ ਨੂੰ ਮੇਰੇ ਪਿੱਛੇ ਚੱਲਣ ਤੋਂ ਹਟਾ ਦੇਣਗੀਆਂ ਤਾਂ ਜੋ ਓਹ ਹੋਰਨਾਂ ਦੇਵਤਿਆਂ ਦੀ ਪੂਜਾ ਕਰਨ ਅਤੇ ਯਹੋਵਾਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ ਅਤੇ ਉਹ ਤੁਹਾਨੂੰ ਝੱਟ ਪੱਟ ਨਾਸ ਕਰ ਦੇਵੇ।
5ਪਰ ਤੁਸੀਂ ਓਹਨਾਂ ਨਾਲ ਐਉਂ ਕਰਿਓ, ਓਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟਿਓ, ਓਹਨਾਂ ਦੇ ਥੰਮ੍ਹਾਂ ਨੂੰ ਚੂਰ ਚੂਰ ਕਰ ਦੇਇਓ, ਓਹਨਾਂ ਦੇ ਟੁੰਡਾਂ ਨੂੰ ਵੱਡ ਸੁੱਟਿਓ ਅਤੇ ਉਨ੍ਹਾਂ ਦੀਆਂ ਉੱਕਰੀਆਂ ਹੋਇਆਂ ਮੂਰਤਾਂ ਨੂੰ ਅੱਗ ਵਿੱਚ ਸਾੜ ਦਇਓ।
6ਕਿਉਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਇੱਕ ਪਵਿੱਤ੍ਰ ਪਰਜਾ ਹੋ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਸਾਰੀ ਜ਼ਮੀਨ ਦੇ ਉੱਪਰ ਦੇ ਸਾਰੇ ਲੋਕਾਂ ਵਿੱਚੋਂ ਉਸ ਦੀ ਨਿੱਜੀ ਪਰਜਾ ਹੋਵੋ।
7ਯਹੋਵਾਹ ਨੇ ਤੁਹਾਡੇ ਨਾਲ ਏਸ ਕਾਰਨ ਪ੍ਰੀਤ ਕਰ ਕੇ ਨਹੀਂ ਚੁਣਿਆਂ ਕਿ ਤੁਸੀਂ ਸਾਰਿਆਂ ਲੋਕਾਂ ਨਾਲੋਂ ਬਹੁਤੇ ਸਾਓ, ਤੁਸੀਂ ਤਾਂ ਸਾਰੇ ਲੋਕਾਂ ਵਿੱਚੋਂ ਥੋੜੇ ਜਿਹੇ ਸਾਓ।
8ਪਰ ਏਸ ਲਈ ਕਿ ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਉਸ ਨੇ ਉਸ ਸੌਂਹ ਦੀ ਪਾਲਣਾ ਕੀਤੀ ਜਿਹੜੀ ਉਸ ਨੇ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ ਤਾਂ ਜੋ ਯਹੋਵਾਹ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲੈ ਆਇਆ ਅਤੇ ਤੁਹਾਨੂੰ ਗੁਲਾਮੀ ਦੇ ਘਰ ਤੋਂ ਮਿਸਰ ਦੇ ਰਾਜੇ ਫ਼ਿਰਊਨ ਦੇ ਹੱਥੋਂ ਛੁਟਕਾਰਾ ਦਿੱਤਾ।
9ਜਾਣ ਲਓ ਕਿ ਯਹੋਵਾਹ ਤੁਹਾਡਾ ਪਰਮੇਸ਼ੁਰ ਓਹੀ ਪਰਮੇਸ਼ੁਰ ਹੈ ਅਤੇ ਨੇਮ ਦੀ ਪਾਲਣਾ ਕਰਨਾ ਵਾਲਾ ਹੈ ਅਤੇ ਹਜ਼ਾਰਾਂ ਪੀੜ੍ਹੀਆਂ ਤੀਕ ਉਨ੍ਹਾਂ ਉੱਤੇ ਦਯਾਵਾਨ ਹੈ ਜਿਹੜੇ ਉਸ ਦੇ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਨ।
10ਉਹ ਆਪਣੇ ਵੈਰੀਆਂ ਦੇ ਵੇਖਦਿਆਂ ਤੇ ਓਹਨਾਂ ਦਾ ਨਾਸ ਕਰ ਕੇ ਬਦਲਾ ਦਿੰਦਾ ਹੈ ਅਤੇ ਉਹ ਆਪਣੇ ਵੈਰੀਆਂ ਵਿਖੇ ਢਿੱਲ ਨਾ ਲਾਵੇਗਾ ਪਰ ਉਨ੍ਹਾਂ ਦੇ ਵੇਖਦਿਆਂ ਵੇਖਦਿਆਂ ਓਹਨਾਂ ਨੂੰ ਬਦਲਾ ਦੇਵੇਗਾ।
11ਸੋ ਤੁਸੀਂ ਉਸ ਹੁਕਮਨਾਮੇ, ਬਿਧੀਆਂ, ਅਤੇ ਕਨੂਨਾਂ ਦੀ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ ਪੂਰਾ ਕਰ ਕੇ ਪਾਲਣਾ ਕਰੋ।
12ਤਾਂ ਐਉਂ ਹੋਵੇਗਾ ਕਿ ਏਸ ਕਾਰਨ ਕਿ ਤੁਸੀਂ ਏਹਨਾਂ ਕਨੂਨਾਂ ਨੂੰ ਸੁਣਦੇ ਅਤੇ ਪੂਰਾ ਕਰ ਕੇ ਓਹਨਾਂ ਦੀ ਪਾਲਣਾ ਕਰਦੇ ਹੋ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੇਮ ਨੂੰ ਅਤੇ ਉਸ ਦਯਾ ਨੂੰ ਜਿਹੜੀ ਉਸ ਨੇ ਤੁਹਾਡੇ ਪਿਓ ਦਾਦਿਆਂ ਨਾਲ ਸੌਂਹ ਖਾ ਕੇ ਕੀਤੀ ਸੀ ਕਾਇਮ ਰੱਖੇਗਾ।
13ਉਹ ਤੁਹਾਡੇ ਨਾਲ ਪ੍ਰੇਮ ਕਰੇਗਾ, ਤੁਹਾਨੂੰ ਬਰਕਤ ਦੇਵੇਗਾ, ਤੁਹਾਡਾ ਵਾਧਾ ਕਰੇਗਾ ਅਤੇ ਤੁਹਾਡੀ ਕੁੱਖ ਦੇ ਫਲ, ਤੁਹਾਡੀ ਜ਼ਮੀਨ ਦੇ ਫਲ, ਤੁਹਾਡੇ ਅੰਨ, ਤੁਹਾਡੀ ਨਵੀਂ ਮੈਂ, ਤੁਹਾਡੇ ਤੇਲ ਨੂੰ, ਚੌਣਿਆਂ ਦੇ ਬੱਚਿਆਂ ਨੂੰ ਅਤੇ ਇੱਜੜ ਦੇ ਲੇਲਿਆਂ ਨੂੰ ਉਸ ਜ਼ਮੀਨ ਉੱਤੇ ਜਿਸ ਦੇ ਦੇਣ ਦੀ ਸੌਂਹ ਉਸ ਤੁਹਾਡੇ ਪਿਓ ਦਾਦਿਆਂ ਨਾਲ ਖਾਧੀ ਸੀ ਬਰਕਤ ਦੇਵੇਗਾ।
14ਤੁਸੀਂ ਸਾਰਿਆਂ ਲੋਕਾਂ ਵਿੱਚੋਂ ਮੁਬਾਰਕ ਹੋਵੋਗੇ। ਤੁਹਾਡੇ ਵਿੱਚੋਂ ਨਾ ਕੋਈ ਨਰ ਨਾ ਕੋਈ ਨਾਰੀ ਬੇ ਫਲ ਰਹੇਗਾ ਅਤੇ ਨਾ ਤੁਹਾਡੇ ਡੰਗਰਾਂ ਵਿੱਚੋਂ ਕੋਈ।
15ਯਹੋਵਾਹ ਤੁਹਾਡੀਆਂ ਸਾਰੀਆਂ ਬਿਮਾਰੀਆਂ ਤੁਹਾਥੋਂ ਦੂਰ ਕਰ ਦੇਵੇਗਾ ਅਤੇ ਮਿਸਰ ਦੇ ਸਾਰੇ ਬੁਰੇ ਰੋਗ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤੁਹਾਨੂੰ ਨਾ ਲਾਵੇਗਾ ਸਗੋਂ ਓਹ ਓਹਨਾਂ ਉੱਤੇ ਪਾਵੇਗਾ ਜਿਹੜੇ ਤੁਹਾਡੇ ਵੈਰੀ ਹਨ।
16ਤੁਸੀਂ ਓਹਨਾਂ ਸਾਰਿਆਂ ਲੋਕਾਂ ਨੂੰ ਭਸਮ ਕਰ ਸੁੱਟੋਗੇ ਜਿਨ੍ਹਾਂ ਨੂੰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ, ਨਾ ਤੁਹਾਡੀ ਅੱਖ ਵਿੱਚ ਓਹਨਾਂ ਉੱਤੇ ਤਰਸ ਆਵੇ, ਨਾ ਤੁਸੀਂ ਓਹਨਾਂ ਦੇ ਦੇਵਤਿਆਂ ਦੀ ਪੂਜਾ ਕਰੋ ਕਿਉਂ ਜੋ ਉਹ ਤੁਹਾਡੇ ਲਈ ਇੱਕ ਫਾਹੀ ਹੀ ਹੋਵੇਗਾ।
17ਜੇ ਤੁਸੀਂ ਆਪਣੇ ਮਨਾਂ ਵਿੱਚ ਆਖੋ ਕਿ ਏਹ ਕੌਮਾਂ ਸਾਡੇ ਨਾਲੋ ਬਹੁਤੀਆਂ ਹਨ, ਅਸੀਂ ਓਹਨਾਂ ਨੂੰ ਕਿਵੇਂ ਕਾਬੂ ਕਰ ਸਕੀਏ?
18ਤੁਸੀਂ ਓਹਨਾਂ ਤੋਂ ਨਾ ਡਰੋ। ਤੁਸੀਂ ਅੱਛੀ ਤਰਾਂ ਯਾਦ ਕਰੋ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਫ਼ਿਰਊਨ ਨਾਲ ਅਤੇ ਸਾਰੇ ਮਿਸਰੀਆਂ ਨਾਲ ਕੀਤਾ ਸੀ।
19ਨਾਲੇ ਓਹ ਵੱਡੇ ਪਰਤਾਵੇ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨੇ ਵੇਖਿਆ ਅਤੇ ਓਹ ਨਿਸ਼ਾਨ, ਅਚਰਜ ਕੰਮ, ਬਲਵੰਤ ਹੱਥ ਅਤੇ ਲੰਮੀ ਬਾਂਹ ਜਿਹ ਦੇ ਨਾਲ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਕੱਢ ਲਿਆਇਆ, ਇਉਂ ਯਹੋਵਾਹ ਤੁਹਾਡਾ ਪਰਮੇਸ਼ੁਰ ਸਾਰਿਆਂ ਲੋਕਾਂ ਨਾਲ ਕਰੇਗਾ ਜਿਨ੍ਹਾਂ ਦੇ ਅੱਗੋਂ ਤੁਸੀਂ ਡਰਦੇ ਹੋ।
20ਨਾਲੇ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਵਿੱਚ ਡੇਹਮੂ ਘੱਲੇਗਾ ਜਦ ਤੀਕ ਓਹ ਜਿਹੜੇ ਬਚ ਰਹਿਣਗੇ ਅਤੇ ਓਹ ਜਿਹੜੇ ਤੁਹਾਡੇ ਅੱਗੋਂ ਆਪ ਨੂੰ ਲੁਕਾਉਣਗੇ ਨਾਸ ਨਾ ਹੋ ਜਾਣ।
21ਤੁਸੀਂ ਓਹਨਾਂ ਦੇ ਅੱਗੋਂ ਭੈ ਨਾ ਖਾਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿੱਚਕਾਰ ਹੈ। ਉਹ ਇੱਕ ਵੱਡਾ ਅਤੇ ਭੈ ਦਾਇਕ ਪਰਮੇਸ਼ੁਰ ਹੈ।
22ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗੋ ਹੌਲੀ ਹੌਲੀ ਕੱਢੇਗਾ। ਤੁਸੀਂ ਇਨ੍ਹਾਂ ਨੂੰ ਝੱਟ ਪੱਟ ਭਸਮ ਨਾ ਕਰੋ ਮਤੇ ਜੰਗਲੀ ਜਾਨਵਰ ਤੁਹਾਡੇ ਉੱਤੇ ਵਧੀਕ ਹੋ ਜਾਣ।
23ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੇ ਲਾ ਦੇਵੇਗਾ ਅਤੇ ਵੱਡੀ ਘਬਰਾਹਟ ਨਾਲ ਓਹਨਾਂ ਨੂੰ ਘਬਰਾ ਦੇਵੇਗਾ ਜਦ ਤੀਕ ਓਹਨਾਂ ਦਾ ਸੱਤਿਆ ਨਾਸ ਨਾ ਹੋ ਜਾਵੇ।
24ਉਹ ਓਹਨਾਂ ਦੇ ਰਾਜਿਆਂ ਨੂੰ ਤੁਹਾਡੇ ਹੱਥ ਵਿੱਚ ਦੇ ਦੇਵੇਗਾ। ਤੁਸੀਂ ਓਹਨਾਂ ਦਾ ਨਾਉਂ ਅਕਾਸ਼ ਦੇ ਹੇਠੋਂ ਮਿੱਟਾ ਦਿਓਗੇ ਅਤੇ ਕੋਈ ਮਨੁੱਖ ਤੁਹਾਡੇ ਸਾਹਮਣੇ ਠਹਿਰ ਨਾ ਸਕੇਗਾ ਐਥੋਂ ਤੀਕ ਕਿ ਤੁਸੀਂ ਓਹਨਾਂ ਦਾ ਸੱਤਿਆ ਨਾਸ ਕਰ ਸੱਟੋਗੇ।।
25ਤੁਸੀਂ ਓਹਨਾਂ ਦੇ ਦੇਵਤਿਆਂ ਦੀਆਂ ਉੱਕਰੀਆਂ ਹੋਇਆ ਮੂਰਤੀਆਂ ਨੂੰ ਅੱਗ ਵਿੱਚ ਸਾੜ ਸੁੱਟੋ ਪਰ ਤੁਸੀਂ ਉਸ ਚਾਂਦੀ ਸੋਨੇ ਦਾ ਜਿਹੜਾ ਓਹਨਾਂ ਦੇ ਉੱਤੇ ਹੈ ਲੋਭ ਨਾ ਕਰੋ, ਨਾ ਉਹ ਆਪਣੇ ਲਈ ਲਓ ਮਤੇ ਤੁਸੀਂ ਓਹਨਾਂ ਦੇ ਫੰਦੇ ਵਿੱਚ ਫਸ ਜਾਓ ਕਿਉਂ ਜੋ ਏਹ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਅੱਗੇ ਘਿਣਾਉਣੀ ਚੀਜ਼ ਹੈ।
26ਤੁਸੀਂ ਕੋਈ ਘਿਣਾਉਣੀ ਚੀਜ਼ ਆਪਣੇ ਘਰ ਨੂੰ ਨਾ ਲਿਆਓ ਮਤੇ ਤੁਸੀਂ ਉਸ ਵਾਂਙੁ ਹਰਾਮ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਹੀ ਨਫ਼ਰਤ ਅਤੇ ਘਿਣ ਹੀ ਘਿਣ ਕਰੋ ਕਿਉਂ ਜੋ ਉਹ ਇੱਕ ਹਰਾਮ ਚੀਜ਼ ਹੈ।