Loading Bible Translation
First-time download in progress. This may take a few seconds…
Punjabi Bible Wordproject Bible
36 verses
1ਫੇਰ ਉਨ੍ਹਾਂ ਨੇ ਏਲਿਮ ਤੋਂ ਕੂਚ ਕੀਤਾ ਅਰ ਇਸਰਾਏਲੀਆਂ ਦੀ ਸਾਰੀ ਮੰਡਲੀ ਸੀਨ ਦੀ ਉਜਾੜ ਵਿੱਚ ਜਿਹੜੀ ਏਲਿਮ ਅਤੇ ਸੀਨਈ ਦੇ ਵਿਚਕਾਰ ਹੈ ਦੂਜੇ ਮਹੀਨੇ ਦੇ ਪੰਦਰਵੇਂ ਦਿਨ ਉਨ੍ਹਾਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਮਗਰੋਂ ਆਈ।
2ਅਰ ਇਸਰਾਏਲੀਆਂ ਦੀ ਸਾਰੀ ਮੰਡਲੀ ਮੂਸਾ ਅਤੇ ਹਾਰੂਨ ਨਾਲ ਉਜਾੜ ਵਿੱਚ ਕੁੜ੍ਹਣ ਲੱਗੀ।
3ਅਰ ਇਸਰਾਏਲੀਆਂ ਨੇ ਉਨ੍ਹਾਂ ਨੂੰ ਆਖਿਆ, ਸਾਨੂੰ ਮਿਸਰ ਦੇਸ ਵਿੱਚ ਯਹੋਵਾਹ ਦੇ ਹੱਥੋਂ ਕਿਉਂ ਨਾ ਮਰ ਜਾਣ ਦਿੱਤਾ ਜਦ ਅਸੀਂ ਮਾਸ ਦੀਆਂ ਤੌੜੀਆਂ ਕੋਲ ਬੈਠਦੇ ਅਤੇ ਰੱਜ ਕੇ ਰੋਟੀ ਖਾਂਦੇ ਸਾਂ? ਪਰ ਤੁਸੀਂ ਸਾਨੂੰ ਏਸ ਉਜਾੜ ਵਿੱਚ ਕੱਢ ਲਿਆਏ ਹੋ ਤਾਂ ਜੋ ਤੁਸੀਂ ਏਸ ਸਾਰੀ ਸਭਾ ਨੂੰ ਭੁੱਖ ਨਾਲ ਮਾਰ ਸੁੱਟੋ।
4ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖੋ ਮੈਂ ਤੁਹਾਡੇ ਲਈ ਅਕਾਸ਼ ਤੋਂ ਰੋਟੀ ਵਰ੍ਹਾਵਾਂਗਾ ਅਰ ਪਰਜਾ ਬਾਹਰ ਜਾਕੇ ਇੱਕ ਦਿਨ ਦਾ ਸੀਧਾ ਉਸੇ ਦਿਨ ਵਿੱਚ ਇਕੱਠਾ ਕਰੇ ਤਾਂ ਜੋ ਮੈਂ ਉਹ ਨੂੰ ਪਰਖਾਂ ਭਈ ਉਹ ਮੇਰੀ ਬਿਵਸਥਾ ਉੱਤੇ ਚੱਲਦੀ ਹੈ ਕਿ ਨਹੀਂ।
5ਅਰ ਐਉਂ ਹੋਵੇਗਾ ਕਿ ਛੇਵੇਂ ਦਿਨ ਜੋ ਓਹ ਲਿਆਉਣਗੇ ਓਹ ਉਹ ਨੂੰ ਤਿਆਰ ਕਰਨ ਅਤੇ ਉਹ ਉਸ ਤੋਂ ਦੁਗਣਾ ਹੋਵੇਗਾ ਜਿਹੜਾ ਓਹ ਨਿੱਤ ਇਕੱਠਾ ਕਰਨਗੇ।
6ਫੇਰ ਮੂਸਾ ਅਤੇ ਹਾਰੂਨ ਨੇ ਸਾਰੇ ਇਸਰਾਏਲੀਆਂ ਨੂੰ ਆਖਿਆ, ਤੁਸੀਂ ਸ਼ਾਮਾਂ ਨੂੰ ਜਾਣੋਗੇ ਕਿ ਯਹੋਵਾਹ ਹੀ ਤੁਹਾਨੂੰ ਮਿਸਰ ਦੇਸ ਤੋਂ ਬਾਹਰ ਲਿਆਇਆ ਹੈ।
7ਤੁਸੀਂ ਸਵੇਰ ਨੂੰ ਯਹੋਵਾਹ ਦਾ ਪਰਤਾਪ ਵੇਖੋਗੇ ਕਿਉਂ ਕਿ ਜੋ ਕੁਝ ਤੁਸੀਂ ਯਹੋਵਾਹ ਉੱਤੇ ਕੁੜ੍ਹਦੇ ਹੋ ਉਹ ਸੁਣਦਾ ਹੈ ਅਰ ਅਸੀਂ ਕੀ ਹਾਂ ਜੋ ਤੁਸੀਂ ਸਾਡੇ ਉੱਤੇ ਕੁੜ੍ਹਦੇ ਹੋ?
8ਮੂਸਾ ਨੇ ਆਖਿਆ, ਐਉਂ ਹੋਵੇਗਾ ਕਿ ਯਹੋਵਾਹ ਤੁਹਾਨੂੰ ਸ਼ਾਮਾਂ ਨੂੰ ਮਾਸ ਖਾਣ ਨੂੰ ਦੇਵੇਗਾ ਅਤੇ ਸਵੇਰ ਨੂੰ ਰੱਜਵੀ ਰੋਟੀ। ਕੁੜ੍ਹਣਾ ਸੁਣਦਾ ਹੈ ਜਿਹੜਾ ਤੁਸੀਂ ਉਸ ਉੱਤੇ ਕੁੜ੍ਹਦੇ ਹੋ ਪਰ ਅਸੀਂ ਕੀ ਹਾਂ? ਤੁਹਾਡਾ ਕੁੜ੍ਹਣਾ ਸਾਡੇ ਉੱਤੇ ਨਹੀਂ ਸਗੋਂ ਯਹੋਵਾਹ ਉੱਤੇ ਹੈ।
9ਤਾਂ ਮੂਸਾ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਸਾਰੀ ਮੰਡਲੀ ਨੂੰ ਆਖ ਭਈ ਯਹੋਵਾਹ ਦੇ ਨੇੜੇ ਆਓ ਕਿਉਂ ਜੋ ਉਸ ਨੇ ਤੁਹਾਡਾ ਕੁੜ੍ਹਣਾ ਸੁਣਿਆ।
10ਤਾਂ ਐਉਂ ਹੋਇਆ ਕਿ ਜਦ ਹਾਰੂਨ ਇਸਰਾਏਲ ਦੀ ਸਾਰੀ ਮੰਡਲੀ ਨਾਲ ਬੋਲਦਾ ਸੀ ਤਾਂ ਉਨ੍ਹਾਂ ਉਜਾੜ ਵੱਲ ਮੁਹਾਣਾ ਮੋੜਿਆ ਅਤੇ ਵੇਖੋ ਯਹੋਵਾਹ ਦਾ ਪਰਤਾਪ ਬੱਦਲ ਵਿੱਚ ਵਿਖਲਾਈ ਦਿੱਤਾ।
11ਯਹੋਵਾਹ ਮੂਸਾ ਨੂੰ ਏਹ ਬੋਲਿਆ,।
12ਮੈਂ ਇਸਰਾਏਲੀਆਂ ਦਾ ਕੁੜ੍ਹਣਾ ਸੁਣਿਆ। ਇਨ੍ਹਾਂ ਨੂੰ ਆਖ ਕਿ ਸ਼ਾਮਾਂ ਨੂੰ ਤੁਸੀਂ ਮਾਸ ਖਾਓਗੇ ਅਤੇ ਸਵੇਰ ਨੂੰ ਤੁਸੀਂ ਰੋਟੀ ਨਾਲ ਰੱਜ ਜਾਓਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।।
13ਸ਼ਾਮਾਂ ਨੂੰ ਐਉਂ ਹੋਇਆ ਕਿ ਬਟੇਰੇ ਚੜ੍ਹ ਆਏ ਅਤੇ ਡੇਰੇ ਨੂੰ ਢੱਕ ਲਿਆ ਅਰ ਸਵੇਰ ਨੂੰ ਡੇਰੇ ਦੇ ਆਲੇ ਦੁਆਲੇ ਤਰੇਲ ਪਈ।
14ਜਦ ਤਰ��ਲ ਉੱਡ ਗਈ ਤਾਂ ਵੇਖੋ ਉਜਾੜ ਦੀ ਪਰਤ ਉੱਤੇ ਨਿੱਕਾ ਨਿੱਕਾ ਕੱਕਰ ਕੋਰੇ ਵਰਗਾ ਮਹੀਨ ਧਰਤੀ ਉੱਤੇ ਪਿਆ ਹੋਇਆ ਸੀ।
15ਜਾਂ ਇਸਰਾਏਲੀਆਂ ਨੇ ਵੇਖਿਆ ਤਾਂ ਉਨ੍ਹਾਂ ਨੇ ਇੱਕ ਦੂਜੇ ਨੂੰ ਆਖਿਆ, ਆਹ ਕੀ ਹੈ? ਕਿਉਂ ਜੋ ਓਹ ਨਹੀਂ ਜਾਣਦੇ ਸਨ ਭਈ ਉਹ ਕੀ ਸੀ। ਉਪਰੰਤ ਮੂਸਾ ਨੇ ਉਨ੍ਹਾਂ ਨੂੰ ਆਖਿਆ, ਏਹ ਉਹ ਰੋਟੀ ਹੈ ਜਿਹੜੀ ਯਹੋਵਾਹ ਤੁਹਾਨੂੰ ਖਾਣ ਲਈ ਦਿੱਤੀ ਹੈ।
16ਏਹ ਉਹ ਗੱਲ ਹੈ ਜਿਹਦਾ ਯਹੋਵਾਹ ਨੇ ਹੁਕਮ ਦਿੱਤਾ ਭਈ ਉਸ ਵਿੱਚੋਂ ਹਰ ਇੱਕ ਮਨੁੱਖ ਆਪਣੇ ਖਾਣ ਜੋਗਾ ਇਕੱਠਾ ਕਰੇ ਅਰਥਾਤ ਇੱਕ ਇੱਕ ਓਮਰ ਆਪਣੇ ਪਰਾਣੀਆਂ ਦੀ ਗਿਣਤੀ ਦੇ ਅਨੁਸਾਰ ਤੁਸੀਂ ਲਵੋ। ਹਰ ਮਨੁੱਖ ਉਨ੍ਹਾਂ ਲਈ ਜਿਹੜੇ ਉਹ ਦੇ ਤੰਬੂ ਵਿੱਚ ਹਨ ਲਵੇ।
17ਤਾਂ ਇਸਰਾਏਲੀਆਂ ਨੇ ਏਵੇਂ ਹੀ ਕੀਤਾ ਅਰ ਕਈਆਂ ਨੇ ਵੱਧ ਅਤੇ ਕਈਆਂ ਨੇ ਘੱਟ ਇਕੱਠਾ ਕੀਤਾ।
18ਜਦ ਉਨ੍ਹਾਂ ਨੇ ਓਮਰ ਨਾਲ ਮਾਪਿਆ ਤਾਂ ਜਿਸ ਨੇ ਵੱਧ ਲਿਆ ਸੀ ਉਸ ਦਾ ਵੱਧ ਨਾ ਨਿੱਕਲਿਆ ਅਰ ਜਿਸ ਨੇ ਘੱਟ ਲਿਆ ਸੀ ਉਸ ਦਾ ਘੱਟ ਨਾ ਨਿੱਕਲਿਆ ਪਰ ਹਰ ਇੱਕ ਨੇ ਆਪਣੇ ਖਾਣ ਜੋਗਾ ਪਾਇਆ।
19ਮੂਸਾ ਨੇ ਉਨ੍ਹਾਂ ਨੂੰ ਆਖਿਆ, ਸਵੇਰ ਤੀਕ ਕੋਈ ਰੱਖ ਨਾ ਛੱਡੇ।
20ਪਰ ਉਨ੍ਹਾਂ ਨੇ ਮੂਸਾ ਦੀ ਨਾ ਸੁਣੀ। ਕਈਆਂ ਨੇ ਉਸ ਵਿੱਚੋਂ ਸਵੇਰ ਤੀਕ ਰੱਖ ਛੱਡਿਆ ਸੋ ਉਸ ਵਿੱਚ ਕੀੜੇ ਪੈ ਗਏ ਅਤੇ ਸੜਿਆਹਣ ਆਉਣ ਲੱਗ ਪਈ। ਤਾਂ ਮੂਸਾ ਉਨ੍ਹਾਂ ਉੱਤੇ ਗਰੰਜ ਹੋਇਆ।
21ਸੋ ਓਹ ਹਰ ਇੱਕ ਦੇ ਖਾਣ ਜੋਗਾ ਹਰ ਸਵੇਰ ਨੂੰ ਇਕੱਠਾ ਕਰ ਲੈਂਦੇ ਸਨ ਅਰ ਜਦ ਧੁੱਪ ਤਿੱਖੀ ਹੁੰਦੀ ਸੀ ਤਾਂ ਉਹ ਢਲ ਜਾਂਦਾ ਸੀ।
22ਅਤੇ ਐਉਂ ਹੋਇਆ ਕਿ ਛੇਵੇਂ ਦਿਨ ਉਨ੍ਹਾਂ ਨੇ ਦੁਗਣੀ ਖਾਧ ਇਕੱਠੀ ਕੀਤੀ ਅਰਥਾਤ ਹਰ ਇੱਕ ਲਈ ਦੋ ਓਮਰ ਅਰ ਮੰਡਲੀ ਦੇ ਸਾਰੇ ਸਰਦਾਰ ਆਏ ਅਰ ਮੂਸਾ ਨੂੰ ਦੱਸਿਆ।
23ਉਸ ਨੇ ਉਨ੍ਹਾਂ ਨੂੰ ਆਖਿਆ, ਏਹ ਉਹੋ ਹੀ ਗੱਲ ਹੈ ਜਿਹੜੀ ਯਹੋਵਾਹ ਬੋਲਿਆ ਸੀ। ਭਲਕੇ ਯਹੋਵਾਹ ਦੇ ਪਵਿੱਤ੍ਰ ਸਬਤ ਦੀ ਮਨਾਉਤਾ ਹੈ ਸੋ ਜੋ ਪਕਾਉਣਾ ਹੈ ਪਕਾ ਲਓ ਅਤੇ ਜੋ ਉਬਾਲਣਾ ਹੈ ਉਬਾਲ ਲਓ ਅਤੇ ਜੋ ਬਾਕੀ ਬਚੇ ਆਪਣੇ ਕੋਲ ਸਵੇਰ ਤੀਕ ਰੱਖ ਛੱਡੋ।
24ਸੋ ਉਨ੍ਹਾਂ ਨੇ ਉਸ ਨੂੰ ਆਪਣੇ ਕੋਲ ਸਵੇਰ ਤੀਕ ਰੱਖ ਛੱਡਿਆ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਅਤੇ ਉਸ ਵਿੱਚ ਨਾ ਸੜਿਆਹਣ ਸੀ ਅਰ ਨਾ ਹੀ ਕੀੜਾ ਸੀ।
25ਮੂਸਾ ਨੇ ਆਖਿਆ, ਉਸ ਨੂੰ ਅੱਜ ਖਾਓ ਕਿਉਂ ਜੋ ਅੱਜ ਹੀ ਯਹੋਵਾਹ ਦਾ ਸਬਤ ਹੈ। ਅੱਜ ਉਹ ਤੁਹਾਨੂੰ ਰੜ ਵਿੱਚ ਨਹੀਂ ਲੱਭਗਾ।
26ਛੇ ਦਿਨ ਤੁਸੀਂ ਇਕੱਠਾ ਕਰੋ ਪਰ ਸੱਤਵਾਂ ਦਿਨ ਸਬਤ ਹੈ। ਉਹ ਦੇ ਵਿੱਚ ਉਹ ਨਾ ਹੋਵੇਗਾ।
27ਅਤੇ ਐਉਂ ਹੋਇਆ ਕਿ ਸੱਤਵੇਂ ਦਿਨ ਪਰਜਾ ਵਿੱਚੋਂ ਕਈ ਇੱਕ ਇਕੱਠਾ ਕਰਨ ਨੂੰ ਬਾਹਰ ਗਏ ਪਰ ਉਨ੍ਹਾਂ ਨੂੰ ਨਾ ਲੱਭਾ।
28ਯਹੋਵਾਹ ਨੇ ਮੂਸਾ ਨੂੰ ਆਖਿਆ, ਤੁਸੀਂ ਕਦ ਤੀਕ ਮੇਰੇ ਹੁਕਮਾਂ ਅਤੇ ਮੇਰੀ ਬਿਵਸਥਾ ਦੇ ਮੰਨਣ ਤੋਂ ਇਨਕਾਰ ਕਰਦੇ ਰਹੋਗੇ?
29ਵੇਖੋ ਯਹੋਵਾਹ ਨੇ ਤੁਹਾਨੂੰ ਸਬਤ ਦਿੱਤਾ ਹੈ, ਏਸੇ ਲਈ ਉਹ ਤੁਹਾਨੂੰ ਛੇਵੇਂ ਦਿਨ ਦੋਹੁੰ ਦਿਨਾਂ ਦੀ ਰੋਟੀ ਦਿੰਦਾ ਹੈ। ਤੁਸੀਂ ਹਰ ਇੱਕ ਆਪਣੀ ਥਾਂ ਵਿੱਚ ਰਹੋ। ਕੋਈ ਆਪਣੇ ਵਾਸ ਤੋਂ ਸਬਤ ਉੱਤੇ ਬਾਹਰ ਨਾ ਜਾਵੇ।
30ਸੋ ਪਰਜਾ ਨੇ ਸੱਤਵੇਂ ਦਿਨ ਵਿਸਰਾਮ ਕੀਤਾ।।
31ਇਸਰਾਏਲ ਦੇ ਘਰਾਣੇ ਨੇ ਉਸ ਦਾ ਨਾਉਂ ਮੰਨ ਰੱਖਿਆ। ਉਹ ਧਨੀਏ ਵਰਗਾ ਬੱਗਾ ਅਤੇ ਉਸ ਦਾ ਸੁਆਦ ਸ਼ਹਿਤ ਵਿੱਚ ਪਕਾਏ ਹੋਏ ਪੂੜੇ ਵਰਗਾ ਸੀ।
32ਮੂਸਾ ਨੇ ਆਖਿਆ, ਏਹ ਉਹ ਗੱਲ ਹੈ ਜਿਹਦਾ ਯਹੋਵਾਹ ਨੇ ਹੁਕਮ ਦਿੱਤਾ ਸੀ ਭਈ ਆਪਣੀ ਪੀੜ੍ਹੀਓਂ ਪੀੜ੍ਹੀ ਲਈ ਉਸ ਤੋਂ ਇੱਕ ਓਮਰ ਭਰ ਕੇ ਰੱਖ ਛੱਡੋ ਤਾਂ ਜੋ ਓਹ ਉਸ ਰੋਟੀ ਨੂੰ ਵੇਖਣ ਜਿਹੜੀ ਮੈਂ ਤੁਹਾਨੂੰ ਉਜਾੜ ਵਿੱਚ ਖਿਲਾਈ ਜਦ ਮੈਂ ਤੁਹਾਨੂੰ ਮਿਸਰ ਦੇਸੋਂ ਕੱਢ ਕੇ ਲੈ ਆਇਆ।
33ਮੂਸਾ ਨੇ ਹਾਰੂਨ ਨੂੰ ਆਖਿਆ, ਇੱਕ ਕੁੱਜਾ ਲੈਕੇ ਉਸ ਵਿੱਚ ਇੱਕ ਪੂਰਾ ਓਮਰ ਮੰਨ ਪਾ ਦੇਹ ਅਤੇ ਉਹ ਯਹੋਵਾਹ ਦੇ ਅੱਗੇ ਰੱਖ ਛੱਡ ਤਾਂ ਜੋ ਤੁਹਾਡੀਆਂ ਪੀੜ੍ਹੀਆਂ ਤੀਕ ਸਾਂਭਿਆ ਰਹੇ।
34ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਹਾਰੂਨ ਨੇ ਸਾਖੀ ਦੇ ਅੱਗੇ ਉਸ ਨੂੰ ਸੰਭਾਲ ਰੱਖਿਆ।
35ਅਤੇ ਇਸਰਾਏਲੀਆਂ ਨੇ ਚਾਲੀ ਵਰਿਹਾਂ ਤੀਕ ਉਸ ਮੰਨ ਨੂੰ ਖਾਧਾ ਜਦ ਤੀਕ ਓਹ ਆਪਣੇ ਵੱਸਣ ਦੀ ਧਰਤੀ ਵਿੱਚ ਨਾ ਆਏ। ਉਨ੍ਹਾਂ ਨੇ ਉਸ ਮੰਨ ਨੂੰ ਖਾਧਾ ਜਦ ਤੀਕ ਓਹ ਕਨਾਨ ਦੇਸ ਦੀਆਂ ਹੱਦਾਂ ਵਿੱਚ ਨਾ ਆਏ।
36ਅਤੇ ਇੱਕ ਓਮਰ ਏਫਾ ਦਾ ਦੱਸਵਾਂ ਹਿੱਸਾ ਹੁੰਦਾ ਹੈ।