Loading Bible Translation
First-time download in progress. This may take a few seconds…
Punjabi Bible Wordproject Bible
25 verses
1ਲੇਵੀ ਦੇ ਘਰਾਣੇ ਦੇ ਇੱਕ ਮਨੱਖ ਨੇ ਜਾਕੇ ਲੇਵੀ ਦੀ ਇੱਕ ਧੀ ਨੂੰ ਵਿਆਹ ਲਿਆ।
2ਅਤੇ ਉਹ ਤੀਵੀਂ ਗਰਭਵੰਤੀ ਹੋਈ ਅਰ ਪੁੱਤ੍ਰ ਜਣੀ। ਜਾਂ ਉਸ ਨੇ ਵੇਖਿਆ ਕਿ ਉਹ ਸੋਹਣਾ ਹੈ ਤਾਂ ਉਸ ਨੂੰ ਤਿੰਨ ਮਹੀਨੇ ਲੁਕਾ ਛੱਡਿਆ।
3ਜਾਂ ਅੱਗੇ ਨੂੰ ਲੁਕਾ ਨਾ ਸੱਕੀ ਤਾਂ ਉਸ ਨੇ ਕਾਨਿਆਂ ਦਾ ਇੱਕ ਟੋਕਰਾ ਲੈ ਕੇ ਉਸ ਨੂੰ ਚੀਕਣੀ ਮਿੱਟੀ ਅਤੇ ਰਾਲ ਦੇ ਨਾਲ ਲਿੱਪਿਆ ਅਰ ਬਾਲ ਨੂੰ ਉਸ ਦੇ ਵਿੱਚ ਪਾਕੇ ਦਰਿਆ ਦੇ ਕੰਢੇ ਪਿਲਛੀ ਵਿੱਚ ਰੱਖ ਦਿੱਤਾ।
4ਅਤੇ ਉਸ ਦੀ ਭੈਣ ਦੂਰ ਖੜੀ ਸੀ ਤਾਂ ਜਾਣੇ ਭਈ ਉਸ ਨਾਲ ਕੀ ਬੀਤਦੀ ਹੈ।
5ਫ਼ਿਰਊਨ ਦੀ ਧੀ ਅਸ਼ਨਾਨ ਕਰਨ ਲਈ ਦਰਿਆ ਉੱਤੇ ਉੱਤਰੀ ਅਰ ਉਸ ਦੀਆਂ ਸਹੇਲੀਆਂ ਦਰਿਆ ਦੇ ਕੰਢੇ ਕੰਡੇ ਫਿਰਦੀਆਂ ਸਨ ਤਾਂ ਉਸ ਨੇ ਪਿਲਛੀ ਵਿੱਚ ਟੋਕਰਾ ਵੇਖਿਆ। ਉਸ ਆਪਣੀ ਟਹਿਲਣ ਨੂੰ ਉਸ ਦੇ ਲਿਆਉਣ ਲਈ ਘੱਲਿਆ।
6ਜਾਂ ਉਸ ਨੇ ਉਸ ਨੂੰ ਖੋਲ੍ਹਿਆ ਤਾਂ ਉਸ ਨੇ ਬਾਲ ਨੂੰ ਡਿੱਠਾ ਅਤੇ ਵੇਖੋ ਉਹ ਮੁੰਡਾ ਰੋ ਰਿਹਾ ਸੀ। ਉਸ ਨੂੰ ਉਸ ਉੱਤੇ ਤਰਸ ਆਇਆ ਅਰ ਉਸ ਨੇ ਆਖਿਆ ਕਿ ਏਹ ਇਬਰਾਨੀਆ ਦੇ ਬਾਲਾਂ ਵਿੱਚੋਂ ਹੈ।
7ਤਾਂ ਉਸ ਦੀ ਭੈਣ ਨੇ ਫਿਰਊਨ ਦੀ ਧੀ ਨੂੰ ਆਖਿਆ, ਮੈਂ ਜਾਕੇ ਇਬਰਾਨਣਾਂ ਵਿੱਚੋਂ ਕਿਸੇ ਚੁੰਘਾਵੀ ਨੂੰ ਤੁਹਾਡੇ ਕੋਲ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਏਸ ਬਾਲ ਨੂੰ ਦੁੱਧ ਚੁੰਘਾਇਆ ਕਰੇ?
8ਤਾਂ ਫ਼ਿਰਊਨ ਦੀ ਧੀ ਨੇ ਆਖਿਆ, ਜਾਹ। ਉਹ ਛੋਕਰੀ ਜਾਕੇ ਬਾਲ ਦੀ ਮਾਂ ਨੂੰ ਸੱਦ ਲਿਆਈ।
9ਤਾਂ ਫ਼ਿਰਊਨ ਦੀ ਧੀ ਨੇ ਉਸ ਨੂੰ ਆਖਿਆ, ਇਸ ਬਾਲ ਨੂੰ ਲੈ ਅਰ ਮੇਰੇ ਲਈ ਦੁੱਧ ਚੁੰਘਾ। ਮੈਂ ਤੈਨੂੰ ਮਜਦੂਰੀ ਦੇਵਾਂਗੀ। ਤਾਂ ਉਸ ਤੀਵੀਂ ਨੇ ਬਾਲ ਨੂੰ ਲੈ ਕੇ ਦੁੱਧ ਚੁੰਘਾਇਆ।
10ਜਾਂ ਬਾਲ ਵੱਡਾ ਹੋ ਗਿਆ ਤਾਂ ਉਹ ਉਸ ਦਾ ਪੁੱਤ੍ਰ ਠਹਿਰਿਆ ਅਤੇ ਉਸ ਨੇ ਇਹ ਕਹਿ ਕੇ ਉਹ ਦਾ ਨਾਮ ਮੂਸਾ ਰੱਖਿਆ ਭਈ ਮੈਂ ਏਸ ਨੂੰ ਪਾਣੀ ਵਿੱਚੋਂ ਕੱਢਿਆ ਹੈ
11ਫੇਰ ਐਉਂ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਜਾਂ ਮੂਸਾ ਵੱਡਾ ਹੋਇਆ ਤਾਂ ਉਸ ਆਪਣੇ ਭਰਾਵਾਂ ਕੋਲ ਬਾਹਰ ਜਾਕੇ ਉਨ੍ਹਾਂ ਦੇ ਭਾਰਾਂ ਨੂੰ ਡਿੱਠਾ ਅਰ ਉਸ ਨੇ ਇੱਕ ਮਿਸਰੀ ਨੂੰ ਵੇਖਿਆ ਜੋ ਉਸ ਦੇ ਭਰਾਵਾਂ ਵਿੱਚੋਂ ਇੱਕ ਇਬਰਾਨੀ ਨੂੰ ਮਾਰ ਰਿਹਾ ਸੀ।
12ਉਸ ਨੇ ਐਧਰ ਓਧਰ ਝਾਤੀ ਮਾਰੀ ਅਤੇ ਜਾਂ ਵੇਖਿਆ ਭਈ ਕੋਈ ਨਹੀਂ ਹੈ ਤਾਂ ਉਸ ਨੇ ਉਸ ਮਿਸਰੀ ਨੂੰ ਮਾਰ ਸੁੱਟਆ ਅਤੇ ਰੇਤ ਵਿੱਚ ਲੁਕਾ ਦਿੱਤਾ।
13ਜਾਂ ਦੂਜੇ ਦਿਨ ਬਾਹਰ ਗਿਆ ਤਾਂ ਵੇਖੋ ਦੋ ਇਬਰਾਨੀ ਆਪੋ ਵਿੱਚ ਲੜ ਰਹੇ ਸਨ ਤਾਂ ਉਸ ਨੇ ਝੂਠੇ ਨੂੰ ਆਖਿਆ, ਤੂੰ ਆਪਣੇ ਸਾਥੀ ਨੂੰ ਕਿਉਂ ਮਾਰਦਾ ਹੈਂ?
14ਤਾਂ ਉਸ ਆਖਿਆ, ਤੈਨੂੰ ਕਿਸ ਨੇ ਸਾਡੇ ਉੱਤੇ ਸਰਦਾਰ ਅਤੇ ਨਿਆਈ ਬਣਾ ਦਿੱਤਾ? ਭਲਾ,ਤੂੰ ਏਹ ਸੋਚਦਾ ਹੈਂ ਕਿ ਜਿਵੇਂ ਉਸ ਮਿਸਰੀ ਨੂੰ ਮਾਰ ਸੁੱਟਿਆ ਤਿਵੇਂ ਮੈਨੂੰ ਵੀ ਮਾਰ ਸੁੱਟੇਗਾਂ? ਤਾਂ ਮੂਸਾ ਡਰ ਗਿਆ ਅਤੇ ਆਖਿਆ, ਏਹ ਗੱਲ ਜਰੂਰ ਖੁੱਲ ਗਈ ਹੈ।
15ਜਾਂ ਫ਼ਿਰਊਨ ਨੇ ਏਹ ਗੱਲ ਸੁਣੀ ਤਾਂ ਮੂਸਾ ਨੂੰ ਜਾਨੋਂ ਮਾਰਨ ਦਾ ਜਤਨ ਕੀਤਾ ਪਰ ਮੂਸਾ ਫ਼ਿਰਊਨ ਦੇ ਅੱਗੋਂ ਭੱਜ ਕੇ ਮਿਦਯਾਨ ਦੇ ਦੇਸ ਜਾ ਟਿਕਿਆ ਅਤੇ ਇੱਕ ਖੂਹ ਦੇ ਕੋਲ ਬੈਠ ਗਿਆ।
16ਮਿਦਯਾਨ ਦੇ ਪੁਜਾਰੀ ਦੀਆਂ ਸੱਤ ਧੀਆਂ ਸਨ। ਉਨ੍ਹਾਂ ਆਕੇ ਪਾਣੀ ਕੱਢਿਆ ਅਤੇ ਆਪਣੇ ਪਿਤਾ ਦੇ ਇੱਜੜ ਨੂੰ ਪਿਲਾਉਣ ਲਈ ਚੁਬੱਚਿਆਂ ਨੂੰ ਭਰ ਲਿਆ।
17ਤਾਂ ਅਯਾਲੀਆਂ ਨੇ ਆਣ ਕੇ ਉਨ੍ਹਾਂ ਨੂੰ ਧੱਕੇ ਨਾਲ ਹਟਾ ਦਿੱਤਾ ਪਰ ਮੂਸਾ ਨੇ ਉੱਠ ਕੇ ਉਨ੍ਹਾਂ ਨੂੰ ਬਚਾਇਆ ਅਤੇ ਉਨ੍ਹਾਂ ਦੇ ਇੱਜੜ ਨੂੰ ਪਿਲਾਇਆ।
18ਜਾਂ ਓਹ ਆਪਣੇ ਪਿਤਾ ਰਊਏਲ ਕੋਲ ਆਈਆਂ ਤਾਂ ਉਸ ਨੇ ਪੁੱਛਿਆ, ਤੁਸੀਂ ਅੱਜ ਕਿਵੇਂ ਛੇਤੀ ਮੁੜ ਆਈਆਂ ਹੋ?
19ਉਨ੍ਹਾਂ ਨੇ ਆਖਿਆ, ਇੱਕ ਮਿਸਰੀ ਨੇ ਸਾਨੂੰ ਅਯਾਲੀਆਂ ਦੇ ਹੱਥੋਂ ਛੁਡਾਇਆ ਨਾਲੇ ਸਾਡੇ ਲਈ ਪਾਣੀ ਕੱਢ ਕੱਢ ਕੇ ਇੱਜੜ ਨੂੰ ਪਿਲਾਇਆ।
20ਤਾਂ ਉਸ ਨੇ ਆਪਣੀਆਂ ਧੀਆਂ ਨੂੰ ਆਖਿਆ, ਉਹ ਮਨੁੱਖ ਕਿੱਥੇ ਹੈ? ਤੁਸੀਂ ਉਸ ਨੂੰ ਕਿਉਂ ਛੱਡ ਆਈਆਂ ਹੋ? ਉਸ ਨੂੰ ਸੱਦੋ ਜੋ ਉਹ ਰੋਟੀ ਖਾਵੇ।
21ਤਾਂ ਮੂਸਾ ਉਸ ਮਨੁੱਖ ਕੋਲ ਰਹਿਣ ਲਈ ਰਾਜੀ ਹੋ ਗਿਆ ਅਰ ਉਸ ਆਪਣੀ ਧੀ ਸਿੱਪੋਰਾ ਮੂਸਾ ਨੂੰ ਵਿਆਹ ਦਿੱਤੀ।
22ਅਤੇ ਉਹ ਪੁੱਤ੍ਰ ਜਣੀ ਤਾਂ ਉਸਨੇ ਉਸ ਦਾ ਨਾਉਂ ਗੇਰਸ਼ੇਮ ਰੱਖਿਆ ਕਿਉਂ ਜੋ ਉਸ ਨੇ ਆਖਿਆ, ਮੈਂ ਪਰਦੇਸ ਵਿੱਚ ਪਰਦੇਸੀ ਹੋਇਆ ਹਾਂ।
23ਤਾਂ ਐਓਂ ਹੋਇਆ ਕਿ ਬਹੁਤ ਦਿਨਾਂ ਦੇ ਪਿੱਛੋਂ ਮਿਸਰ ਦਾ ਰਾਜਾ ਮਰ ਗਿਆ ਅਰ ਇਸਰਾਏਲੀਆਂ ਨੇ ਗੁਲਾਮੀ ਦੇ ਕਾਰਨ ਹੌਕੇ ਲਏ ਅਤੇ ਧਾਹਾਂ ਮਾਰ ਕੇ ਰੋਏ ਅਤੇ ਇਨ੍ਹਾਂ ਦੀ ਦੁਹਾਈ ਜੋ ਗੁਲਾਮੀ ਦੇ ਕਾਰਨ ਸੀ ਪਰਮੇਸ਼ੁਰ ਤੀਕ ਅੱਪੜੀ।
24ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀ ਹੂੰਗ ਸੁਣੀ ਅਤੇ ਪਰਮੇਸ਼ੁਰ ਨੇ ਆਪਣੇ ਨੇਮ ਨੂੰ ਜਿਹੜਾ ਅਬਰਾਹਾਮ,ਇਸਹਾਕ ਅਤੇ ਯਾਕੂਬ ਦੇ ਨਾਲ ਸੀ ਚੇਤੇ ਕੀਤਾ।
25ਤਾਂ ਪਰਮੇਸ਼ੁਰ ਨੇ ਇਸਰਾਏਲੀਆਂ ਵੱਲ ਨਿਗਾਹ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਖ਼ਬਰ ਲਈ।