Loading Bible Translation
First-time download in progress. This may take a few seconds…
Punjabi Bible Wordproject Bible
40 verses
1ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ।
2ਇਸਰਾਏਲੀਆਂ ਨੂੰ ਫ਼ਰਮਾ ਭਈ ਓਹ ਮੇਰੇ ਲਈ ਚੜ੍ਹਾਵਾ ਲਿਆਉਣ। ਹਰ ਇੱਕ ਮਨੁੱਖ ਤੋਂ ਜਿਹ ਦਾ ਮਨ ਉਹ ਨੂੰ ਪਰੇਰੇ ਤੁਸੀਂ ਮੇਰਾ ਚੜ੍ਹਾਵਾ ਲਿਓ।
3ਏਹ ਉਹ ਚੜ੍ਹਾਵਾ ਹੈ ਜਿਹੜਾ ਤੁਸੀਂ ਉਨ੍ਹਾਂ ਤੋਂ ਲਿਓ ਅਰਥਾਤ ਸੋਨਾ ਚਾਂਦੀ ਪਿੱਤਲ।
4ਨੀਲਾ ਅਰ ਬੈਂਗਣੀ ਅਰ ਕਿਰਮਚੀ ਰੰਗ ਅਤੇ ਮਹੀਨ ਕਤਾਨ ਅਰ ਪਸ਼ਮ।
5ਅਰ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਰ ਬੱਕਰਿਆਂ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ।
6ਅਤੇ ਦੀਵੇ ਦਾ ਤੇਲ ਅਰ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਦੀ ਧੂਪ ਦਾ ਮਸਾਲਾ।
7ਸੁਲੇਮਾਨੀ ਪੱਥਰ ਅਰ ਏਫੋਦ ਵਿੱਚ ਅਰ ਸੀਨੇ ਬੰਦ ਵਿੱਚ ਜੜਨ ਲਈ ਨਗ।
8ਅਤੇ ਓਹ ਮੇਰੇ ਲਈ ਇੱਕ ਪਵਿੱਤ੍ਰ ਅਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿੱਚਕਾਰ ਵੱਸਾਂ।
9ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਂਦਾ ਹਾਂ ਡੇਹਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ ਬਣਾਇਓ।
10ਓਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੁੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ।
11ਤੂੰ ਉਸ ਉੱਤੇ ਕੁੰਦਨ ਸੋਨਾ ਮੜ੍ਹੀਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜ੍ਹੀ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫੇਰੇ ਬਣਾਈਂ।
12ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ ਕੇ ਉਹ ਦਿਆਂ ਚੌਹਾਂ ਪਾਵਿਆਂ ਵਿੱਚ ਲਾਈਂ ਅਰਥਾਤ ਦੋ ਕੜੇ ਇੱਕ ਪਾਸੇ ਦੋ ਕੜੇ ਦੂਜੇ ਪਾਸੇ।
13ਨਾਲੇ ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹੀਂ।
14ਤੂੰ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆ ਦੇ ਕੜਿਆਂ ਵਿੱਚ ਪਾਵੀਂ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ।
15ਚੋਬਾ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਓਹ ਉਨ੍ਹਾਂ ਵਿੱਚੋਂ ਕੱਢੀਆਂ ਨਾ ਜਾਣ।
16ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ।
17ਤੂੰ ਪਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਰ ਚੁੜਾਈ ਡੇਢ ਹੱਥ ਹੋਵੇ।
18ਤੂੰ ਸੋਨੇ ਦੇ ਦੋ ਕਰੂਬੀ ਬਣਾਈਂ। ਤੂੰ ਉਨ੍ਹਾਂ ਨੂੰ ਘੜਕੇ ਪਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਬਣਾਈਂ।
19ਤੂੰ ਇੱਕ ਕਰੁਬੀ ਇੱਕ ਸਿਰੇ ਤੋਂ ਅਰ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈਂ। ਪਰਾਸਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੁੰ ਬਣਾਇਓ।
20ਅਤੇ ਓਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਲਾਰੇ ਹੋਏ ਹੋਣ ਅਤੇ ਓਹ ਆਪਣੇ ਖੰਭਾ ਨਾਲ ਪਰਾਸ਼ਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਰ ਉਨ੍ਹਾਂ ਦੇ ਮੂੰਹ ਆਹਮੋ ਸਾਹਮਣੇ ਹੋਣ ਕਰੂਬੀਆਂ ਦੇ ਮੂੰਹ ਪਰ��ਸਚਿਤ ਦੇ ਸਰਪੋਸ਼ ਵੱਲ ਹੋਣ।
21ਅਤੇ ਤੂੰ ਪਰਾਸਚਿਤ ਨੂੰ ਉਤਾਂਹਾ ਸੰਦੂਕ ਦੇ ਉੱਤੇ ਰੱਖੀਂ ਅਰ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ।
22ਤਾਂ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਓਹ ਗੱਲਾ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ।
23ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਮੇਜ਼ ਬਣਾਈਂ। ਉਸ ਦੀ ਲੰਬਾਈ ਦੋ ਹੱਥ ਅਰ ਉਸ ਦੀ ਚੁੜਾਈ ਇੱਕ ਹੱਥ ਅਰ ਉਸ ਦੀ ਉਚਾਈ ਡੇਢ ਹੱਥ ਹੋਵੇ।
24ਤੂੰ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹੀਂ ਅਤੇ ਉਸ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈਂ।
25ਤੂੰ ਉਹ ਦੇ ਲਈ ਚੁਫੇਰੇ ਇੱਕ ਚੱਪਾ ਕਨਾਰੀ ਬਣਾਈ ਅਤੇ ਤੂੰ ਕਨਾਰੀ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈਂ।
26ਤੂੰ ਉਹ ਦੇ ਲਈ ਸੋਨੇ ਦੇ ਚਾਰ ਕੜੇ ਬਣਾਈਂ ਅਰ ਤੂੰ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਉਸ ਦੇ ਚੌਹਾਂ ਪਾਵਿਆਂ ਉੱਤੇ ਹਨ ਪਾਈਂ।
27ਕਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਓਹ ਮੇਜ਼ ਦੇ ਚੁੱਕਣ ਨੂੰ ਚੋਬਾਂ ਦੇ ਲਈ ਥਾਂ ਹੋਣ।
28ਤੂੰ ਓਹ ਚੋਬਾਂ ਸ਼ਿੱਟੀਮ ਦੀ ਲੱਕੜੀ ਦੀਆਂ ਬਣਾਈਂ। ਤੂੰ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਤਾਂ ਜੋ ਮੇਜ਼ ਉਨ੍ਹਾਂ ਨਾਲ ਚੁੱਕੀ ਜਾਵੇ।
29ਨਾਲੇ ਤੂੰ ਉਸ ਦੀਆਂ ਥਾਲੀਆਂ ਚਮਚੇ ਉਸ ਦੇ ਗੜਵੇ ਅਰ ਡੋਹਲਣ ਦੇ ਕਟੋਰੇ ਬਣਾਈਂ ਓਹ ਕੰਦਨ ਸੋਨੇ ਦੇ ਬਣਾਈਂ।
30ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜੂਰੀ ਦੀਆਂ ਰੋਟੀਆਂ ਸਦਾ ਲਈ ਰੱਖਿਆ ਕਰੀਂ।
31ਤੂੰ ਸ਼ਾਮਦਾਨ ਕੁੰਦਨ ਸੋਨੇ ਦਾ ਬਣਾਈਂ। ਉਹ ਸ਼ਾਮਦਾਨ ਘੜਕੇ ਬਣਾਇਆ ਜਾਵੇ। ਉਸ ਦਾ ਪਾਏਦਾਨ ਅਤੇ ਉਸ ਦਾ ਡੰਡਾ ਉਸ ਦੇ ਕਟੋਰੇ ਉਸ ਦੇ ਗੋਲੇ ਅਰ ਉਸ ਦੇ ਫੁੱਲ ਉਸ ਦੇ ਵਿੱਚੋਂ ਹੀ ਹੋਣ।
32ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਣ। ਸ਼ਮਾਦਾਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ।
33ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਰ ਫੁੱਲ ਅਰ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਰ ਇੱਕ ਫੁੱਲ ਅਤੇ ਐਉਂ ਹੀ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ।
34ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਰ ਉਹ ਦੇ ਫੁੱਲ।
35ਅਤੇ ਉਸੇ ਤੋਂ ਦੋਹਾ ਟਹਿਣੀਆਂ ਹੇਠ ਇੱਕ ਗੋਲਾ ਅਰ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਰ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਹੋਵੇ ਅਤੇ ਐਉਂ ਹੀ ਉਨ੍ਹਾਂ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ।
36ਉਨ੍ਹਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸ ਤੋਂ ਹੋਣ ਅਰਥਾਤ ਏਹ ਸਾਰਾ ਘੜਿਆ ਹੋਇਆ ਕੁੰ ਦਨ ਸੋਨੇ ਦੇ ਇੱਕ ਟੁਕੜੇ ਤੋਂ ਹੋਵੇ।
37ਤੂੰ ਉਸ ਦੇ ਸੱਤ ਦੀਵੇ ਬਣਾਈਂ ਅਰ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਉਹ ਆਹਮੋ ਸਾਹਮਣੇ ਚਾਨਣ ਦੇਣ।
38ਉਸ ਦੇ ਗੁਲ ਤਰਾਸ਼ ਅਰ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਹੋਣ।
39ਅਤੇ ਕੁੰਦਨ ਸੋਨੇ ਦੇ ਇੱਕ ਮਣ ਦੇ ਲਗ ਭਗ ਤੋਂ ਏਹ ਅਤੇ ਏਹ ਸਾਰੇ ਭਾਂਡੇ ਬਣਾਏ ਜਾਣ।
40ਸੋ ਵੇਖ ਤੂੰ ਉਨ੍ਹਾਂ ਨੂੰ ਉਸੇ ਦੇ ਨਮੂਨੇ ਦੇ ਬਣਾਈਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ।