Loading Bible Translation
First-time download in progress. This may take a few seconds…
Punjabi Bible Wordproject Bible
38 verses
1ਬਸਲਏਲ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖ ਕੰਮ ਕਰਨ। ਯਹੋਵਾਹ ਨੇ ਉਨ੍ਹਾਂ ਨੂੰ ਬੁੱਧ ਅਤੇ ਸਮਝ ਦਿੱਤੀ ਕਿ ਓਹ ਜਾਣਨ ਭਈ ਪਵਿੱਤ੍ਰ ਅਸਥਾਨ ਦੀ ਉਪਾਸਨਾ ਦਾ ਸਾਰਾ ਕੰਮ ਯਹੋਵਾਹ ਦੇ ਸਾਰੇ ਹੁਕਮਾਂ ਅਨੁਸਾਰ ਕਿਵੇਂ ਕਰਨਾ ਹੈ।
2ਫੇਰ ਮੂਸਾ ਨੇ ਬਸਲਏਲ ਅਰ ਆਹਾਲੀਆਬ ਅਰ ਸਾਰੇ ਬੁੱਧਵਾਨ ਮਨੁੱਖਾਂ ਨੂੰ ਜਿਨ੍ਹਾਂ ਦੇ ਮਨਾਂ ਵਿੱਚ ਯਹੋਵਾਹ ਨੇ ਬੁੱਧ ਦਿੱਤੀ ਸੀ ਸੱਦਿਆ ਅਰਥਾਤ ਸਾਰੇ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਭਈ ਓਹ ਨੇੜੇ ਆਕੇ ਏਹ ਕੰਮ ਕਰਨ।
3ਉਨ੍ਹਾਂ ਨੇ ਮੂਸਾ ਦੇ ਅੱਗੋਂ ਸਾਰੀਆਂ ਭੇਟਾਂ ਨੂੰ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਪਵਿੱਤ੍ਰ ਅਸਥਾਨ ਦੀ ਉਪਾਸਨਾ ਦੇ ਕੰਮ ਨੂੰ ਪੂਰਾ ਕਰਨ ਲਈ ਲਿਆਦਾਂ ਸੀ ਲੈ ਲਿਆ ਪਰ ਓਹ ਉਹ ਦੇ ਕੋਲ ਹਰ ਸਵੇਰ ਨੂੰ ਖ਼ੁਸ਼ੀ ਦੀਆਂ ਭੇਟਾਂ ਵਾਫਰ ਲਿਆਉਂਦੇ ਰਹੇ।
4ਤਾਂ ਸਾਰੇ ਬੁੱਧਵਾਨ ਜਿਹੜੇ ਪਵਿਤ੍ਰ ਅਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ ਆਪਣੇ ਕੰਮ ਤੋਂ ਜਿਹੜਾ ਓਹ ਕਰਦੇ ਸਨ ਆਏ।
5ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ ਕਿ ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹ ਦਾ ਯਹੋਵਾਹ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਾਫਰ ਲਿਆਉਂਦੇ ਹਨ।
6ਤਾਂ ਮੂਸਾ ਨੇ ਹੁਕਮ ਦਿੱਤਾ ਅਰ ਉਨ੍ਹਾਂ ਨੇ ਏਹ ਆਖ ਕੇ ਸਾਰੇ ਡੇਰੇ ਵਿੱਚ ਹੋਕਾ ਫਿਰਾਇਆ ਭਈ ਮਨੁੱਖ ਅਤੇ ਇਸਤਰੀਆਂ ਪਵਿੱਤ੍ਰ ਅਸਥਾਨ ਦੀ ਭੇਟਾਂ ਲਈ ਹੋਰ ਪਰਬੰਦ ਨਾ ਕਰਨ। ਸੋ ਲੋਕ ਲਿਆਉਣ ਤੋਂ ਹਟ ਗਏ।
7ਕਿਉਂ ਜੋ ਉਸ ਸਾਰੇ ਕੰਮ ਦੇ ਬਣਾਉਣ ਲਈ ਮਸਾਲਾ ਬਹੁਤ ਸੀ ਸਗੋਂ ਵਾਫਰ ਵੀ ਸੀ।
8ਤਾਂ ਉਨ੍ਹਾਂ ਸਾਰਿਆ ਬੁੱਧਵਾਨਾਂ ਨੇ ਜੇਹੜੇ ਏਹ ਕੰਮ ਕਰਦੇ ਸਨ ਡੇਹਰੇ ਦੇ ਦਸ ਪੜਦੇ ਉਣੀ ਹੋਈ ਮਹੀਨ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਏ। ਉਸ ਨੇ ਉਨ੍ਹਾਂ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ।
9ਹਰ ਇੱਕ ਪੜਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪੜਦੇ ਦੀ ਚੁੜਾਈ ਚਾਰ ਹੱਥ ਸੀ ਅਤੇ ਇੱਕੋ ਹੀ ਨਾਪ ਸਾਰਿਆਂ ਪੜਦਿਆਂ ਦਾ ਸੀ।
10ਉਸ ਨੇ ਪੰਜ ਪੜਦੇ ਇੱਕ ਦੂਜੇ ਨਾਲ ਜੋੜੇ ਅਤੇ ਦੂਜੇ ਪੰਜ ਪੜਦੇ ਭੀ ਇੱਕ ਦੂਜੇ ਨਾਲ ਜੋੜੇ।
11ਅਤੇ ਉਸ ਨੇ ਨੀਲੇ ਰੰਗ ਦੇ ਬੀੜੇ ਹਰ ਇੱਕ ਪੜਦੇ ਦੀ ਸੰਜਾਫ਼ ਵਿੱਚ ਜੋੜ ਦੇ ਸਿਰੇ ਵੱਲ ਬਣਾਏ ਅਤੇ ਐਉਂ ਹੀ ਉਸ ਪੜਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਏ।
12ਪੰਜਾਹ ਬੀੜੇ ਉਸ ਨੇ ਇੱਕ ਪੜਦੇ ਵਿੱਚ ਅਤੇ ਪੰਜਾਹ ਬੀੜੇ ਉਸ ਨੇ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਸੀ ਬਣਾਏ। ਓਹ ਬੀੜੇ ਇੱਕ ਦੂਜੇ ਦੇ ਆਹਮੋ ਸਾਹਮਣੇ ਸਨ।
13ਅਤੇ ਉਸ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਰ ਪੜਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜਿਆ। ਐਉਂ ਡੇਹਰਾ ਇੱਕੋ ਹੀ ਸੀ।
14ਅਤੇ ਉਸ ਨੇ ਪਸ਼ਮ ਦੇ ਪੜਦੇ ਡੇਹਰੇ ਦੇ ਉਪਰਲੇ ਤੰਬੂ ਲਈ ਬਣਾਏ ਅਰ ਉਸ ਨੇ ਓਹ ਗਿਆਰਾਂ ਪੜਦੇ ਬਣਾਏ।
15ਹਰ ਇੱਕ ਪੜਦੇ ਦੀ ਲੰਬਾਈ ਤੀਹ ਹੱਥ ਅਰ ਹਰ ਇੱਕ ਪੜਦੇ ਦੀ ਚੁੜਾਈ ਚਾਰ ਹੱਥ ਅਰ ਏਹ ਗਿਆਰਾਂ ਪੜਦੇ ਇੱਕੋ ਨਾਪ ਦੇ ਸਨ।
16ਉਸ ਨੇ ਪੰਜ ਪੜਦੇ ਵੱਖਰੇ ਜੋੜੇ ਅਰ ਛੇ ਪੜਦੇ ਵੱਖਰੇ।
17ਉਸ ਨੇ ਪੰਜਾਹ ਬੀੜੇ ਉਸ ਪੜਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਸੀ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਸੰਜਾਫ਼ ਵਿੱਚ ਬਣਾਏ।
18ਅਤੇ ਉਸ ਨੇ ਪੰਜਾਹ ਕੁੰਡੀਆਂ ਪਿੱਤਲ ਦੀਆਂ ਤੰਬੂ ਦੇ ਜੋੜਨ ਲਈ ਬਣਾਈਆਂ ਤਾਂ ਜੋ ਉਹ ਇੱਕੋ ਹੀ ਹੋ ਜਾਵੇ।
19ਅਰ ਉਸ ਨੇ ਤੰਬੂ ਦਾ ਢੱਕਣ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਉਤਲਾ ਢਕਣ ਬੱਕਰਿਆਂ ਦੀਆਂ ਖੱਲਾਂ ਦਾ ਬਣਾਇਆ।।
20ਉਸ ਨੇ ਸ਼ਿਟੀਮ ਦੀ ਲੱਕੜੀ ਦੇ ਖੜਵੇਂ ਫੱਟੇ ਡੇਹਰੇ ਲਈ ਬਣਾਏ।
21ਹਰ ਫੱਟੇ ਦੀ ਲੰਬਾਈ ਦਸ ਹੱਥ ਅਰ ਹਰ ਫੱਟੇ ਦੀ ਚੁੜਾਈ ਡੂਢ ਹੱਥ ਸੀ।
22ਅਰ ਹਰ ਫੱਟੇ ਵਿੱਚ ਦੋ ਚੂਲਾਂ ਇੱਕ ਦੂਜੇ ਨੂੰ ਜੋੜਨ ਲਈ ਸਨ। ਐਉਂ ਉਸ ਨੇ ਡੇਹਰੇ ਦੇ ਸਾਰੇ ਫੱਟੇ ਬਣਾਏ।
23ਉਸ ਨੇ ਡੇਹਰੇ ਦੇ ਫੱਟੇ ਐਉਂ ਬਣਾਏ — ਬੀਹ ਫੱਟੇ ਦੱਖਣ ਦੇ ਪਾਸੇ ਵੱਲ ਲਈ।
24ਅਤੇ ਉਸ ਨੇ ਚਾਂਦੀ ਦੀਆਂ ਚਾਲੀ ਚੀਥੀਆਂ ਉਨ੍ਹਾਂ ਬੀਹ ਫੱਟਿਆਂ ਦੇ ਹੇਠ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਉਨ੍ਹਾਂ ਦੀਆਂ ਦੋਹਾਂ ਚੂਲਾਂ ਲਈ ਬਣਾਈਆਂ ਅਤੇ ਦੂਜੇ ਫੱਟੇ ਲਈ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ।
25ਅਤੇ ਡੇਹਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਬੀਹ ਫੱਟੇ ਬਣਾਏ।
26ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਫੱਟੇ ਹੇਠ ਦੋ ਚੀਥੀਆਂ।
27ਅਤੇ ਡੇਹਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਵੱਲ ਉਸ ਨੇ ਛੇ ਫੱਟੇ ਬਣਾਏ।
28ਉਸ ਨੇ ਦੋ ਫੱਟੇ ਡੇਹਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਏ।
29ਓਹ ਹੇਠੋਂ ਦੋਹਰੇ ਸਨ ਅਤੇ ਓਹ ਏਸ ਪਰਕਾਰ ਆਪਣਿਆਂ ਸਿਰਿਆਂ ਤੀਕ ਇੱਕ ਕੜੇ ਨਾਲ ਸਾਬਤ ਰਹਿੰਦੇ ਸਨ। ਐਉਂ ਉਸ ਦੇ ਉਨ੍ਹਾਂ ਦੋਹਾਂ ਨੂੰ ਦੋਹਾਂ ਖੂੰਜਿਆਂ ਵਿੱਚ ਬਣਾਇਆ।
30ਅਰ ਓਹ ਅੱਠ ਫੱਟੇ ਸਨ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਸਨ ਅਰਥਾਤ ਹਰ ਫੱਟੇ ਹੇਠ ਦੋ ਚੀਥੀਆਂ।
31ਅਤੇ ਉਸ ਨੇ ਸ਼ਿਟੀਮ ਦੀ ਲੱਕੜੀ ਦੇ ਹੋੜੇ ਬਣਾਏ ਡੇਹਰੇ ਦੇ ਇੱਕ ਪਾਸੇ ਦਿਆਂ ਫੱਟਿਆਂ ਲਈ ਪੰਜ ਹੋੜੇ ਅਤੇ ਡੇਹਰੇ ਦੇ ਦੂਜੇ ਪਾਸੇ ਦਿਆਂ ਫੱਟਿਆਂ ਲਈ ਪੰਜ ਹੋੜੇ।
32ਅਤੇ ਡੇਹਰੇ ਦੇ ਪਿਛਵਾੜੇ ਦੇ ਲਹਿਂਦੇ ਪਾਸੇ ਦਿਆਂ ਫੱਟਿਆਂ ਲਈ ਪੰਜ ਹੋੜੇ।
33ਅਤੇ ਵਿੱਚਲਾ ਹੋੜਾ ਫੱਟਿਆਂ ਦੇ ਵਿਚਕਾਰੋਂ ਦੁਸਾਰ ਪਾਰ ਲੰਘਇਆ।
34ਅਰ ਉਸ ਨੇ ਫੱਟਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਏ ਅਤੇ ਉਸ ਨੇ ਹੋੜਿਆਂ ਨੂੰ ਸੋਨੇ ਨਾਲ ਮੜ੍ਹਿਆ।
35ਉਸ ਨੇ ਨੀਲੇ, ਬੈਂਗਣੀ ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪੜਦਾ ਬਣਾਇਆ। ਉਸ ਨੇ ਉਹ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ।
36ਉਸ ਨੇ ਸ਼ਿਟੀਮ ਦੀ ਲਕੜੀ ਦੀਆਂ ਚਾਰ ਥੰਮ੍ਹੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਸਨ ਅਰ ਉਸ ਨੇ ਚਾਂਦੀ ਦੀਆਂ ਚਾਰ ਚੀਥੀਆਂ ਉਨ੍ਹਾਂ ਲਈ ਢਾਲੀਆਂ।
37ਅਰ ਉਸ ਨੇ ਤੰਬੂ ਦੇ ਦਰਵੱਜੇ ਲਈ ਇੱਕ ਓਟ ਨੀਲੇ ਬੈਂਗਣੀ ਕਿਰਮਚੀ ਰੰਗ ਦੀ ਮਹੀਨ ਉਣੇ ਹੋਏ ਕਤਾਨ ਦੀ ਬਣਾਈ।
38ਉਸ ਨੇ ਪੰਜ ਥੰਮ੍ਹੀਆਂ ਉਹ ਦੇ ਲਈ ਕੁੰਡਿਆਂ ਸਣੇ ਬਣਾਈਆਂ ਅਤੇ ਉਨ੍ਹਾਂ ਦੇ ਸਿਰਿਆਂ ਅਤੇ ਕੜਿਆਂ ਨੂੰ ਸੋਨੇ ਨਾਲ ਮੜ੍ਹਿਆ ਅਰ ਉਨ੍ਹਾਂ ਦੀਆਂ ਪੰਜ ਚੀਥੀਆਂ ਪਿੱਤਲ ਦੀਆਂ ਸਨ।