Loading Bible Translation
First-time download in progress. This may take a few seconds…
Punjabi Bible Wordproject Bible
25 verses
1ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਜਿਹਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ।
2ਤੂੰ ਓਹ ਸਾਰੀਆਂ ਗੱਲਾਂ ਜਿਨ੍ਹਾਂ ਦਾ ਮੈਂ ਤੈਨੂੰ ਹੁਕਮ ਦਿੱਤਾ ਹੈ ਕਰੀਂ ਅਰ ਤੇਰਾ ਭਰਾ ਹਾਰੂਨ ਫ਼ਿਰਊਨ ਨਾਲ ਗੱਲਾਂ ਕਰੇਗਾ ਕਿ ਉਹ ਇਸਰਾਏਲੀਆਂ ਨੂੰ ਆਪਣੇ ਦੇਸ ਤੋਂ ਜਾਣ ਦੇਵੇ।
3ਅਰ ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਰ ਆਪਣੇ ਨਿਸ਼ਾਨਾਂ ਅਰ ਅਚਰਜ ਕੰਮਾਂ ਨੂੰ ਮਿਸਰ ਦੇਸ ਵਿੱਚ ਵਧਾਵਾਂਗਾ।
4ਪਰ ਫ਼ਿਰਊਨ ਤੁਹਾਡੀ ਨਹੀਂ ਸੁਣੇਗਾ ਅਰ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ ਅਤੇ ਆਪਣੀਆਂ ਸੈਨਾਂ ਅਰਥਾਤ ਆਪਣੀ ਪਰਜਾ ਇਸਰਾਏਲ ਨੂੰ ਵੱਡਿਆਂ ਨਿਆਵਾਂ ਨਾਲ ਮਿਸਰ ਦੇਸ ਤੋਂ ਬਾਹਰ ਲੈ ਆਵਾਂਗਾ।
5ਤਾਂ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ ਜਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਅਰ ਇਸਰਾਏਲੀਆਂ ਨੂੰ ਉਨ੍ਹਾਂ ਵਿੱਚੋਂ ਕੱਢ ਲਿਆਵਾਂਗਾ।
6ਤਾਂ ਮੂਸਾ ਅਤੇ ਹਾਰੁਨ ਨੇ ਓਵੇਂ ਕੀਤਾ। ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਓਵੇਂ ਹੀ ਕੀਤਾ।
7ਅਤੇ ਜਿਸ ਵੇਲੇ ਉਨ੍ਹਾਂ ਦੋਹਾਂ ਨੇ ਫ਼ਿਰਊਨ ਨਾਲ ਗੱਲ ਕੀਤੀ ਮੂਸਾ ਅੱਸੀਆਂ ਵਰਿਹਾਂ ਦਾ ਅਰ ਹਾਰੂਨ ਤਿਰਾਸੀਆਂ ਵਰਿਹਾਂ ਦਾ ਸੀ।
8ਤਾਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਐਉਂ ਆਖਿਆ,
9ਜਦ ਫ਼ਿਰਊਨ ਤੁਹਾਡੇ ਨਾਲ ਏਹ ਗੱਲ ਕਰੇ ਕਿ ਤੁਸੀਂ ਕੋਈ ਅਚਰਜ ਕੰਮ ਵਿਖਾਓ ਤਾਂ ਤੂੰ ਹਾਰੂਨ ਨੂੰ ਆਖੀਂ ਕਿ ਤੂੰ ਆਪਣਾ ਢਾਂਗਾ ਲੈਕੇ ਫ਼ਿਰਊਨ ਅੱਗੇ ਸੁੱਟ ਦੇਹ ਤਾਂ ਜੋ ਉਹ ਇੱਕ ਸਰਾਲ ਹੋ ਜਾਵੇ।
10ਸੋ ਮੂਸਾ ਅਤੇ ਹਾਰੂਨ ਫ਼ਰਊਨ ਕੋਲ ਗਏ ਅਰ ਓਵੇਂ ਕੀਤਾ ਜਿਵੇਂ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਹਾਰੂਨ ਨੇ ਆਪਣਾ ਢਾਂਗਾ ਫ਼ਿਰਊਨ ਦੇ ਅੱਗੇ ਅਰ ਉਸ ਦੇ ਟਹਿਲੂਆਂ ਦੇ ਅੱਗੇ ਸੁੱਟਿਆ ਤਾਂ ਉਹ ਸਰਾਲ ਹੋ ਗਿਆ।
11ਫੇਰ ਫ਼ਿਰਊਨ ਨੇ ਵੀ ਸਿਆਣਿਆਂ ਅਰ ਮੰਤ੍ਰੀਆਂ ਨੂੰ ਸੱਦਿਆ ਤਾਂ ਮਿਸਰ ਦੇ ਜਾਦੂਗਰਾਂ ਨੇ ਵੀ ਆਪਣੇ ਮੰਤ੍ਰਾਂ ਜੰਤ੍ਰਾਂ ਨਾਲ ਤਿਵੇਂ ਹੀ ਕੀਤਾ।
12ਉਨ੍ਹਾਂ ਸਭਨਾਂ ਨੇ ਆਪਣੇ ਆਪਣੇ ਢਾਂਗੇ ਸੁੱਟੇ ਅਰ ਓਹ ਸਰਾਲਾਂ ਹੋ ਗਏ ਪਰ ਹਾਰੂਨ ਦਾ ਢਾਂਗਾ ਉਨ੍ਹਾਂ ਦੇ ਢਾਂਗਿਆਂ ਨੂੰ ਨਿਗਲ ਗਿਆ।
13ਤਾਂ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਰ ਉਸ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾਹ ਨੇ ਗੱਲ ਕੀਤੀ ਸੀ।
14ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਦਾ ਮਨ ਭਾਰੀ ਹੋ ਗਿਆ ਹੈ ਜੋ ਉਹ ਲੋਕਾਂ ਨੂੰ ਨਹੀਂ ਜਾਣ ਦਿੰਦਾ।
15ਤੂੰ ਸਵੇਰੇ ਫ਼ਿਰਊਨ ਕੋਲ ਚੱਲਿਆ ਜਾਹ। ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ। ਤੂੰ ਦਰਿਆ ਦੇ ਕੰਢੇ ਉਸ ਦੇ ਮਿਲਨ ਲਈ ਖੜਾ ਹੋ ਜਾਵੀਂ ਅਰ ਉਹ ਢਾਂਗਾ ਜਿਹੜਾ ਸੱਪ ਹੋ ਗਿਆ ਸੀ ਆਪਣੇ ਹੱਥ ਵਿੱਚ ਲਵੀਂ।
16ਅਰ ਤੂੰ ਉਹ ਨੂੰ ਆਖੀਂ, ਯਹੋਵਾਹ ਇਬਰਾਨੀਆਂ ਦੇ ਪਰਮੇਸ਼ੁਰ ਨੇ ਮੈਨੂੰ ���ੇਰੇ ਕੋਲ ਏਹ ਫ਼ਰਮਾ ਕੇ ਘੱਲਿਆ ਹੈ ਭਈ ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਉਜਾੜ ਵਿੱਚ ਮੇਰੀ ਉਪਾਸਨਾ ਕਰੇ ਅਤੇ ਵੇਖ ਹੁਣ ਤੀਕ ਤੈਂ ਮੇਰੀ ਨਹੀਂ ਸੁਣੀ।
17ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਤੂੰ ਇਸ ਤੋਂ ਜਾਣੇਂਗਾ ਕਿ ਮੈਂ ਯਹੋਵਾਹ ਹਾਂ, ਵੇਖ ਮੈਂ ਏਹ ਢਾਂਗਾ ਜਿਹੜਾ ਮੇਰੇ ਹੱਥ ਵਿੱਚ ਹੈ ਪਾਣੀਆਂ ਉੱਤੇ ਜਿਹੜੇ ਦਰਿਆ ਵਿੱਚ ਹਨ ਮਾਰਾਂਗਾ ਅਤੇ ਓਹ ਲਹੂ ਹੋ ਜਾਣਗੇ।
18ਅਰ ਮੱਛੀਆਂ ਜਿਹੜੀਆਂ ਦਰਿਆ ਵਿੱਚ ਹਨ ਮਰ ਜਾਣਗੀਆਂ ਅਰ ਦਰਿਆ ਤੋਂ ਸੜਿਆਹਣ ਆਵੇਗੀ ਅਤੇ ਮਿਸਰੀ ਦਰਿਆ ਦੇ ਪਾਣੀ ਨੂੰ ਪੀਣ ਤੋਂ ਘਿਣ ਕਰਨਗੇ।
19ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ ਆਪਣਾ ਢਾਂਗਾ ਲਏ ਅਰ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਤੇ ਅਰਥਾਤ ਉਨ੍ਹਾਂ ਦੀਆਂ ਨਹਿਰਾਂ ਉੱਤੇ ਉਨ੍ਹਾਂ ਦੇ ਦਰਿਆਵਾਂ ਉੱਤੇ ਅਰ ਉਨ੍ਹਾਂ ਦੇ ਤਲਾਬਾਂ ਉੱਤੇ ਅਰ ਉਨ੍ਹਾਂ ਦੇ ਪਾਣੀਆਂ ਦੇ ਸਾਰੇ ਜ਼ਖੀਰਿਆਂ ਉੱਤੇ ਪਸਾਰੇ ਤਾਂ ਜੋ ਓਹ ਲਹੂ ਹੋ ਜਾਣ ਅਤੇ ਸਾਰੇ ਮਿਸਰ ਦੇਸ ਵਿੱਚ ਲੱਕੜੀ ਅਰ ਪੱਥਰ ਦੇ ਭਾਂਡਿਆਂ ਵਿੱਚ ਲਹੂ ਹੋ ਜਾਵੇਗਾ।
20ਤਾਂ ਮੂਸਾ ਅਰ ਹਾਰੂਨ ਨੇ ਉਵੇਂ ਕੀਤਾ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਤਾਂ ਉਸ ਢਾਂਗਾ ਉਤਾਹਾਂ ਚੁੱਕ ਕੇ ਫ਼ਿਰਊਨ ਦੀਆਂ ਅੱਖਾਂ ਦੇ ਅੱਗੇ ਅਰ ਉਸ ਦੇ ਟਹਿਲੂਆਂ ਦੀਆਂ ਅੱਖਾਂ ਦੇ ਅੱਗੇ ਦਰਿਆ ਦੇ ਪਾਣੀਆਂ ਉੱਤੇ ਮਾਰਿਆ ਤਾਂ ਸਾਰੇ ਪਾਣੀ ਜਿਹੜੇ ਦਰਿਆ ਵਿੱਚ ਸਨ ਲਹੂ ਬਣ ਗਏ।
21ਅਤੇ ਮੱਛੀਆਂ ਜਿਹੜੀਆਂ ਦਰਿਆ ਵਿੱਚ ਸਨ ਮਰ ਗਈਆਂ ਅਰ ਦਰਿਆ ਤੋਂ ਸੜਿਆਹਣ ਆਈ ਅਰ ਮਿਸਰੀ ਦਰਿਆ ਦਾ ਪਾਣੀ ਪੀ ਨਾ ਸਕਦੇ ਸਨ ਅਰ ਮਿਸਰ ਦੇ ਸਾਰੇ ਦੇਸ ਵਿੱਚ ਲਹੂ ਹੋ ਗਿਆ।
22ਮਿਸਰ ਦੇ ਜਾਦੂਗਰਾਂ ਨੇ ਆਪਣੇ ਮੰਤ੍ਰਾਂ ਜੰਤ੍ਰਾਂ ਨਾਲ ਓਵੇਂ ਹੀ ਕੀਤਾ ਪਰ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਜੋ ਉਸ ਉਨ੍ਹਾਂ ਦੀ ਨਾ ਸੁਣੀ ਜਿਵੇਂ ਯਹੋਵਾਹ ਨੇ ਫ਼ਰਮਾਇਆ ਸੀ।
23ਤਾਂ ਫ਼ਿਰਊਨ ਮੁੜ ਕੇ ਆਪਣੇ ਮਹਿਲੀਂ ਜਾ ਵੜਿਆ ਅਰ ਏਸ ਗੱਲ ਉੱਤੇ ਵੀ ਆਪਣਾ ਮਨ ਨਾ ਧਰਿਆ।
24ਤਾਂ ਸਾਰੇ ਮਿਸਰੀ ਦੇ ਆਲੇ ਦੁਆਲੇ ਪੀਣ ਦੇ ਪਾਣੀ ਲਈ ਪੁੱਟਣ ਲੱਗੇ ਕਿਉਂ ਜੋ ਓਹ ਦਰਿਆ ਦਾ ਪਾਣੀ ਨਾ ਪੀ ਸੱਕੇ।
25ਅਰ ਸੱਤ ਦਿਨ ਪੂਰੇ ਹੋਏ ਉਸ ਦੇ ਪਿੱਛੋਂ ਕਿ ਯਹੋਵਾਹ ਨੇ ਦਰਿਆ ਨੂੰ ਮਾਰਿਆ।