Loading Bible Translation
First-time download in progress. This may take a few seconds…
Punjabi Bible Wordproject Bible
35 verses
1ਉਸ ਦੇਸ ਵਿੱਚ ਇੱਕ ਕਾਲ ਪਹਿਲੇ ਕਾਲ ਤੋਂ ਬਿਨਾ ਜਿਹੜਾ ਅਬਰਾਹਾਮ ਦੇ ਦਿਨਾਂ ਵਿੱਚ ਪਿਆ ਸੀ ਪੈ ਗਿਆ ਤਾਂ ਇਸਹਾਕ ਅਬੀਮਲਕ ਕੋਲ ਜਿਹੜਾ ਫਿਲਿਸਤਿਆਂ ਦਾ ਰਾਜਾ ਸੀ ਗਰਾਰ ਨੂੰ ਚਲਾ ਗਿਆ।
2ਤਦ ਯਹੋਵਾਹ ਨੇ ਉਹ ਨੂੰ ਦਰਸ਼ਨ ਦੇਕੇ ਆਖਿਆ, ਮਿਸਰ ਨੂੰ ਨਾ ਉੱਤਰੀਂ ਪਰ ਉਸ ਦੇਸ ਵਿੱਚ ਵੱਸੀਂ ਜਿਹੜਾ ਮੈਂ ਤੈਨੂੰ ਦੱਸਾਂਗਾ।
3ਤੂੰ ਉਸ ਦੇਸ ਵਿੱਚ ਜਾ ਟਿੱਕੀਂ। ਮੈਂ ਤੇਰੇ ਅੰਗ ਸੰਗ ਹੋਵਾਂਗਾ ਅਰ ਤੈਨੂੰ ਬਰਕਤ ਦਿਆਂਗਾ। ਕਿਉਂਜੋ ਮੈਂ ਤੈਨੂੰ ਅਰ ਤੇਰੀ ਅੰਸ ਨੂੰ ਇਹ ਸਾਰੇ ਦੇਸ ਦਿਆਂਗਾ। ਮੈਂ ਉਸ ਸੌਂਹ ਨੂੰ ਜਿਹੜੀ ਮੈਂ ਤੇਰੇ ਪਿਤਾ ਅਬਰਾਹਾਮ ਨਾਲ ਖਾਧੀ ਸੀ ਪੂਰੀ ਕਰਾਂਗਾ।
4ਅਰ ਮੈਂ ਤੇਰੀ ਅੰਸ ਨੂੰ ਅਕਾਸ਼ ਦੇ ਤਾਰਿਆਂ ਵਾਂਙੁ ਵਧਾਵਾਂਗਾ, ਅਰ ਮੈਂ ਤੇਰੀ ਅੰਸ ਨੂੰ ਏਹ ਸਾਰੇ ਦੇਸ ਦਿਆਂਗਾ ਅਰ ਤੇਰੀ ਅੰਸ ਤੋਂ ਧਰਤੀ ਦੀਆਂ ਸਾਰੀਆਂ ਕੋਮਾਂ ਬਰਕਤ ਪਾਉਣਗੀਆਂ।
5ਕਿਉਂਜੋ ਅਬਰਾਹਾਮ ਨੇ ਮੇਰੀ ਅਵਾਜ਼ ਨੂੰ ਸੁਣਿਆ ਅਰ ਮੇਰੇ ਫਰਜ਼ਾਂ ਅਰ ਮੇਰੇ ਹੁਕਮਾਂ ਅਰ ਮੇਰੀ ਬਿਧੀਆਂ ਅਰ ਮੇਰੀਆਂ ਬਿਵਸਥਾਂ ਦੀ ਪਾਲਨਾ ਕੀਤੀ।
6ਅਤੇ ਇਸਹਾਕ ਗਰਾਰ ਵਿੱਚ ਟਿਕਿਆ ਰਿਹਾ।
7ਅਰ ਉਸ ਥਾਂ ਦੇ ਮਨੁੱਖਾਂ ਨੇ ਉਸ ਦੀ ਤੀਵੀਂ ਵਿਖੇ ਪੁੱਛਿਆ ਤਾਂ ਉਸ ਆਖਿਆ, ਉਹ ਮੇਰੀ ਭੈਣ ਹੈ ਕਿਉਂਜੋ ਉਹ ਇਹ ਆਖਦਾ ਹੋਇਆ ਭੈ ਖਾਂਦਾ ਸੀ ਭਈ ਉਹ ਮੇਰੀ ਤੀਵੀਂ ਹੈ ਅਜਿਹਾ ਨਾ ਹੋਵੇ ਕਿ ਉਸ ਥਾਂ ਦੇ ਮਨੁੱਖ ਰਿਬਕਾਹ ਦੇ ਕਾਰਨ ਮੈਨੂੰ ਮਾਰ ਸੁੱਟਣ ਕਿਉਂਜੋ ਉਹ ਵੇਖਣ ਵਿੱਚ ਸੋਹਣੀ ਸੀ।
8ਤਾਂ ਐਉਂ ਹੋਇਆ ਕਿ ਜਦ ਉਹ ਉੱਥੇ ਢੇਰ ਦਿਨ ਰਿਹਾ ਤਾਂ ਅਬੀਮਲਕ ਫ਼ਿਲਿਸਤੀਆਂ ਦੇ ਰਾਜਾ ਨੇ ਇੱਕ ਤਾਕੀ ਵਿੱਚ ਦੀ ਝਾਤੀ ਮਾਰਕੇ ਡਿੱਠਾ ਤਾਂ ਵੇਖੋ ਇਸਹਾਕ ਆਪਣੀ ਤੀਵੀਂ ਰਿਬਕਾਹ ਨਾਲ ਕਲੋਲ ਕਰ ਰਿਹਾ ਸੀ।
9ਤਾਂ ਅਬੀਮਲਕ ਨੇ ਇਸਹਾਕ ਨੂੰ ਬੁਲਾਕੇ ਆਖਿਆ, ਵੇਖ ਉਹ ਸੱਚ ਮੁੱਚ ਤੇਰੀ ਤੀਵੀਂ ਹੈ ਅਰ ਤੂੰ ਕਿਉਂ ਆਖਿਆ, ਕਿ ਉਹ ਮੇਰੀ ਭੈਣ ਹੈ? ਇਸਹਾਕ ਨੇ ਉਹ ਨੂੰ ਆਖਿਆ, ਕਿਤੇ ਮੈਂ ਉਹ ਦੇ ਕਾਰਨ ਮਰ ਨਾ ਜਾਵਾਂ।
10ਅਬੀਮਲਕ ਨੇ ਆਖਿਆ, ਤੈਂ ਸਾਡੇ ਨਾਲ ਇਹ ਕੀ ਕੀਤਾ? ਜੇ ਜ਼ਰਾਕੁ ਨੂੰ ਲੋਕਾਂ ਵਿੱਚੋਂ ਕੋਈ ਤੇਰੀ ਤੀਵੀਂ ਦੇ ਸੰਗ ਲੇਟਦਾ ਤਾਂ ਤੂੰ ਸਾਡੇ ਉੱਤੇ ਪਾਪ ਚੜਾਉਂਦਾ।
11ਤਾਂ ਅਬੀਮਲਕ ਨੇ ਸਾਰਿਆ ਲੋਕਾਂ ਨੂੰ ਏਹ ਹੁਕਮ ਦਿੱਤਾ ਕਿ ਜੋ ਕੋਈ ਏਸ ਮਨੁੱਖ ਨੂੰ ਅਰ ਏਸ ਦੀ ਤੀਵੀਂ ਨੂੰ ਹੱਥ ਲਾਵੇਗਾ ਉਹ ਜ਼ਰੂਰ ਮਾਰਿਆ ਜਾਵੇਗਾ।।
12ਇਸਹਾਕ ਉਸ ਧਰਤੀ ਵਿੱਚ ਬੀ ਬੀਜਿਆ ਅਰ ਉਸੇ ਸਾਲ ਸੋ ਗੁਣਾ ਪ੍ਰਾਪਤ ਕੀਤਾ ਅਤੇ ਯਹੋਵਾਹ ਉਸ ਨੂੰ ਬਰਕਤ ਦਿੱਤੀ।
13ਸੋ ਉਹ ਮਨੁੱਖ ਵਧ ਗਿਆ ਅਰ ਵਧਦਾ ਚਲਾ ਗਿਆ ਅਰ ਉਹ ਅੱਤ ਵੱਡਾ ਹੋ ਗਿਆ।
14ਤਾਂ ਉਹ ਭੇਡਾਂ ਬੱਕਰੀਆਂ ਅਰ ਗਾਈਆਂ ਬਲਦਾਂ ਅਰ ਬਹੁਤ ਸਾਰੇ ਟਹਿਲੂਆਂ ਦਾ ਮਾਲਕ ਹੋ ਗਿਆ ਅਤੇ ਫਿਲਿਸਤੀ ਉਸ ਤੋਂ ਸੜਨ ਲੱਗੇ।
15ਅਰ ਸਾਰੇ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਦੇ ਟਹਿਲੂਆਂ ਨੇ ਉਹ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਸਨ ਫ਼ਿਲਿਸਤੀਆਂ ਨੇ ਬੰਦ ਕੀਤਾ ਅਰ ਮਿੱਟੀ ਨਾਲ ਭਰ ਦਿੱਤਾ।
16ਅਬੀਮਲਕ ਨੇ ਇਸਹਾਕ ਨੂੰ ਆਖਿਆ, ਸਾਡੇ ਕੋਲੋਂ ਚਲਾ ਜਾਹ ਕਿਉਂਜੋ ਤੂੰ ਸਾਡੇ ਨਾਲੋਂ ਵੱਡਾ ਬਲਵੰਤ ਹੋ ਗਿਆ।
17ਤਦ ਇਸਹਾਕ ਉੱਥੋਂ ਚਲਾ ਗਿਆ ਅਤੇ ਗਰਾਰ ਦੇ ਬੇਟ ਵਿੱਚ ਆਪਣਾ ਤੰਬੂ ਲਾਇਆ ਅਰ ਉੱਥੇ ਟਿਕਿਆ।
18ਤਾਂ ਇਸਹਾਕ ਨੇ ਪਾਣੀ ਦਿਆਂ ਖੂਹਾਂ ਨੂੰ ਜਿਹੜੇ ਉਸ ਦੇ ਪਿਤਾ ਅਬਰਾਹਾਮ ਦੇ ਦਿਨਾਂ ਵਿੱਚ ਪੁੱਟੇ ਗਏ ਸਨ ਅਰ ਜਿਹੜੇ ਫ਼ਿਲਿਸਤੀਆਂ ਨੇ ਅਬਰਾਹਾਮ ਦੀ ਮੋਤ ਦੇ ਪਿੱਛੇਂ ਬੰਦ ਕਿਤੇ ਹੋਏ ਸਨ ਮੁੜਕੇ ਪੁੱਟਿਆ ਅਤੇ ਉਸ ਉਨ੍ਹਾਂ ਦੇ ਨਾਉਂ ਅਬਰਾਹਾਮ ਦੇ ਰੱਖੇ ਹੋਏ ਨਾਵਾਂ ਉੱਤੇ ਰੱਖੇ।
19ਇਸਹਾਕ ਦੇ ਟਹਿਲੂਆਂ ਨੇ ਬੇਟ ਵਿੱਚ ਪੁੱਟਿਆ ਅਰ ਉਨ੍ਹਾਂ ਨੂੰ ਉੱਥੇ ਸੁੰਬ ਫੁੱਟਦੇ ਪਾਣੀ ਦਾ ਇੱਕ ਖੂਹ ਲੱਭਾ।
20ਤਾਂ ਗਰਾਰ ਦੇ ਪਾਲੀ ਇਸਹਾਕ ਦੇ ਪਾਲੀਆਂ ਨੂੰ ਕੌੜੇ ਬਚਨ ਬੋਲੇ ਕਿ ਏਹ ਪਾਣੀ ਸਾਡਾ ਹੈ ਅਤੇ ਉਸ ਨੇ ਉਸ ਖੂਹ ਦਾ ਨਾਉਂ ਏਸਕ ਰੱਖਿਆ ਕਿਉਂਜੋ ਓਹ ਉਹ ਦੇ ਨਾਲ ਝਗੜਦੇ ਸਨ।
21ਤਾਂ ਉਨ੍ਹਾਂ ਨੇ ਇੱਕ ਹੋਰ ਖੂਹ ਪੁੱਟਿਆ ਅਰ ਉਸ ਦੇ ਵਿਖੇ ਭੀ ਓਹ ਕੌੜੇ ਬਚਨ ਬੋਲੇ ਉਪਰੰਤ ਉਸ ਨੇ ਉਹ ਦਾ ਨਾਉਂ ਸਿਟਨਾ ਰੱਖਿਆ।
22ਤਦ ਉਹ ਉੱਥੋਂ ਅੱਗੇ ਤੁਰ ਪਿਆ ਅਰ ਉਸ ਨੇ ਇੱਕ ਹੋਰ ਖੂਹ ਪੁੱਟਿਆ ਅਰ ਉਹ ਉਸ ਵਿਖੇ ਕੋੜੇ ਬਚਨ ਨਹੀਂ ਬੋਲੇ ਉਪਰੰਤ ਉਸ ਨੇ ਉਹ ਦਾ ਨਾਉਂ ਏਹ ਆਖਕੇ ਰਹੋਬੋਥ ਰੱਖਿਆ ਕਿ ਹੁਣ ਯਹੋਵਾਹ ਨੇ ਸਾਨੂੰ ਮੋਕਲੀ ਥਾਂ ਦਿੱਤੀ ਹੈ ਅਰ ਅਸੀਂ ਏਸ ਧਰਤੀ ਵਿੱਚ ਫਲਾਂਗੇ।
23ਜਾਂ ਉਹ ਉੱਥੋਂ ਉਤਾਹਾਂ ਬਏਰਸਬਾ ਨੂੰ ਗਿਆ। ਤਾਂ ਉੱਸੇ ਰਾਤ ਯਹੋਵਾਹ ਨੇ ਉਹ ਨੂੰ ਦਰਸ਼ਨ ਦਿੱਤਾ ਅਰ ਆਖਿਆ, ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ।
24ਨਾ ਡਰ ਕਿਉਂਜੋ ਮੈਂ ਤੇਰੇ ਸੰਗ ਹਾਂ ਅਤੇ ਮੈਂ ਤੈਨੂੰ ਬਰਕਤ ਦਿਆਂਗਾ ਅਰ ਤੇਰੀ ਅੰਸ ਨੂੰ ਅਬਰਾਹਾਮ ਆਪਣੇ ਦਾਸ ਦੇ ਕਾਰਨ ਵਧਵਾਂਗਾ।
25ਉਪਰੰਤ ਉਸ ਉੱਥੇ ਇੱਕ ਜਗਵੇਦੀ ਬਣਾਈ ਅਤੇ ਯਹੋਵਾਹ ਦਾ ਨਾਮ ਲਿਆ ਅਤੇ ਉੱਥੇ ਆਪਣਾ ਤੰਬੂ ਖੜਾ ਕੀਤਾ ਅਤੇ ਉੱਥੇ ਇਸਹਾਕ ਦੇ ਟਹਿਲੂਆਂ ਨੇ ਇੱਕ ਖੂਹ ਪੁੱਟਿਆ।
26ਅਬੀਮਲਕ ਅਰ ਅਹੁੱਜ਼ਥ ਉਹ ਦਾ ਮਿੱਤ੍ਰ ਅਰ ਫੀਕੋਲ ਉਹ ਦੀ ਸੈਨਾ ਦਾ ਸਰਦਾਰ ਗਰਾਰ ਤੋਂ ਉਹ ਦੇ ਕੋਲ ਆਏ।
27ਪਰ ਇਸਹਾਕ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਉਂ ਮੇਰੇ ਕੋਲ ਆਏ ਹੋ ਜਦ ਕਿ ਤੁਸਾਂ ਮੇਰੇ ਨਾਲ ਵੈਰ ਕਰਕੇ ਮੈਨੂੰ ਆਪਣੇ ਵਿੱਚੋਂ ਮੈਨੂੰ ਕੱਢ ਦਿੱਤਾ?
28ਤਾਂ ਉਨ੍ਹਾਂ ਨੇ ਆਖਿਆ ਭਈ ਹੁਣ ਸਫਾਈ ਨਾਲ ਅਸਾਂ ਵੇਖਿਆ ਹੈ ਕਿ ਯਹੋਵਾਹ ਤੁਹਾਡੇ ਸੰਗ ਹੈ ਤਾਂ ਅਸਾਂ ਆਖਿਆ ਕਿ ਸਾਡੇ ਦੋਹਾਂ ਦੇ ਵਿਚਕਾਰ ਅਰਥਾਤ ਸਾਡੇ ਅਰ ਤੁਹਾਡੇ ਵਿੱਚ ਇੱਕ ਪਰਨ ਹੋਵੇ ਅਤੇ ਅਸੀਂ ਇੱਕ ਨੇਮ ਤੁਹਾਡੇ ਨਾਲ ਬੰਨ੍ਹੀਏ।
29ਤੁਸੀਂ ਸਾਡੇ ਨਾਲ ਬੁਰਿਆਈ ਨਾ ਕਰਨੀ ਜਿਵੇਂ ਅਸੀਂ ਤੁਹਾਨੂੰ ਹੱਥ ਨਹੀਂ ਲਾਇਆ ਅਰ ਤੁਹਾਡੇ ਨਾਲ ਭਲਿਆਈ ਹੀ ਕੀਤੀ ਅਤੇ ਤੁਹਾਨੂੰ ਸ਼ਾਂਤੀ ਨਾਲ ਤੋਰ ਦਿੱਤਾ। ਹੁਣ ਤੁਸੀਂ ਯਹੋਵਾਹ ਵੱਲੋਂ ਮੁਬਾਰਕ ਹੋ।
30ਤਾਂ ਉਹ ਨੇ ਉਹਨਾਂ ਦੀ ਦਾਉਤ ਕੀਤੀ ਅਰ ਉਨ੍ਹਾਂ ਨੇ ਖਾਧਾ ਪੀਤਾ।
31ਅਰ ਸਵੇਰੇ ਉੱਠਕੇ ਹਰ ਇੱਕ ਨੇ ਆਪਣੇ ਭਰਾ ਨਾਲ ਸੌਂਹ ਖਾਧੀ ਅਰ ਇਸਹਾਕ ਨੇ ਉਨ੍ਹਾਂ ਨੂੰ ਤੋਰ ਦਿੱਤਾ ਅਤੇ ਉਹ ਸ਼ਾਂਤੀ ਨਾਲ ਉੱਥੋਂ ਚਲੇ ਗਏ।
32ਉਸੇ ਦਿਨ ਐਉਂ ਹੋਇਆ ਕਿ ਇਸਹਾਕ ਦੇ ਟਹਿਲੂਆਂ ਨੇ ਆਕੇ ਉਸ ਖੂਹ ਦੇ ਵਿਖੇ ਜਿਹੜਾ ਉਨ੍ਹਾਂ ਪੁੱਟਿਆ ਸੀ ਉਹ ਨੂੰ ਦੱਸਿਆ ਕਿ ਸਾਨੂੰ ਪਾਣੀ ਲੱਭਾ ਹੈ।
33ਤਾਂ ਉਸ ਨੇ ਉਨ੍ਹਾਂ ਦਾ ਨਾਉਂ ਸ਼ਿਬਆਹ ਰਖਿਆ। ਏਸ ਕਾਰਨ ਉਸ ਨਗਰ ਦਾ ਨਾਉਂ ਅੱਜ ਤੀਕ ਬਏਰਸਬਾ ਹੈ।
34ਜਾਂ ਏਸਾਓ ਚਾਲੀਆਂ ਵਰਿਹਾਂ ਦਾ ਸੀ ਤਾਂ ਉਹ ਬੇਰੀ ਹਿੱਤੀ ਦੀ ਧੀ ਯਹੂਦਿਥ ਅਰ ਏਲੋਨ ਹਿੱਤੀ ਦੀ ਧੀ ਬਾਸਮਥ ਨੂੰ ਵਿਆਹ ਲਿਆਇਆ।
35ਅਤੇ ਏਹ ਇਸਹਾਕ ਅਰ ਰਿਬਕਾਹ ਦੇ ਮਨਾਂ ਲਈ ਕੁੜੱਤਣ ਸੀ।