Loading Bible Translation
First-time download in progress. This may take a few seconds…
Punjabi Bible Wordproject Bible
23 verses
1ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਰ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਖੁਸਰਾ ਤੇ ਜਲਾਦਾਂ ਦਾ ਸਰਦਾਰ ਸੀ ਉਸ ਨੂੰ ਇਸਮਾਏਲੀਆਂ ਦੇ ਹੱਥੋਂ ਜਿਹੜੇ ਉਸ ਨੂੰ ਉੱਥੇ ਲਿਆਏ ਸਨ ਮੁੱਲ ਲੈ ਲਿਆ।
2ਯਹੋਵਾਹ ਯੂਸੁਫ਼ ਦੇ ਅੰਗ ਸੰਗ ਸੀ ਸੋ ਉਹ ਭਾਗਵਾਨ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸਵਾਮੀ ਦੇ ਘਰ ਰਹਿੰਦਾ ਸੀ।
3ਤਾਂ ਉਸ ਦੇ ਸਵਾਮੀ ਨੇ ਵੇਖਿਆ ਕਿ ਯਹੋਵਾਹ ਉਸ ਦੇ ਅੰਗ ਸੰਗ ਹੈ ਅਰ ਜੋ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸੁਫਲ ਕਰਾਉਂਦਾ ਹੈ।
4ਸੋ ਯੂਸੁਫ਼ ਉੱਤੇ ਉਹ ਦੀ ਦਯਾ ਦੀ ਨਿਗਾਹ ਹੋਈ। ਉਸ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਆਪਣੇ ਘਰ ਦਾ ਮੁਖਤਿਆਰ ਬਣਾ ਦਿੱਤਾ ਅਰ ਜੋ ਕੁਝ ਉਹ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ।
5ਐਉਂ ਹੋਇਆ ਕਿ ਜਿਸ ਵੇਲੇ ਤੋਂ ਉਸ ਨੇ ਉਹ ਨੂੰ ਆਪਣੇ ਘਰ ਦਾ ਅਰ ਆਪਣੀਆਂ ਸਭ ਚੀਜ਼ਾਂ ਦਾ ਮੁਖਤਿਆਰ ਬਣਾ ਦਿੱਤਾ ਯਹੋਵਾਹ ਨੇ ਉਸ ਮਿਸਰੀ ਦੇ ਘਰ ਉੱਤੇ ਯੂਸੁਫ਼ ਦੇ ਕਾਰਨ ਬਰਕਤ ਬਖ਼ਸ਼ੀ ਅਤੇ ਯਹੋਵਾਹ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ ਭਾਵੇਂ ਓਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ।
6ਅਰ ਉਸ ਨੇ ਸਭ ਕੁਝ ਯੂਸੁਫ਼ ਦੇ ਹੱਥ ਵਿੱਚ ਛੱਡ ਦਿੱਤਾ ਅਰ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ ਅਤੇ ਯੂਸੁਫ਼ ਰੂਪਵੰਤ ਅਰ ਸੋਹਣਾ ਸੀ।
7ਤਾਂ ਏਹਨਾਂ ਗੱਲਾਂ ਦੇ ਪਿੱਛੋਂ ਐਉਂ ਹੋਇਆ ਕਿ ਉਸ ਦੇ ਸਵਾਮੀ ਦੀ ਤੀਵੀਂ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਰ ਉਸ ਉਹ ਨੂੰ ਆਖਿਆ, ਤੂੰ ਮੇਰੇ ਨਾਲ ਲੇਟ।
8ਪਰ ਉਸ ਨੇ ਨਾ ਮੰਨਿਆ ਅਰ ਆਪਣੇ ਸਵਾਮੀ ਦੀ ਤੀਵੀਂ ਨੂੰ ਆਖਿਆ, ਵੇਖੋ ਮੇਰਾ ਸਵਾਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕਿ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਦੇ ਦਿੱਤਾ ਹੈ।
9ਅਰ ਏਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ ਕਿਉਂਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?
10ਤਾਂ ਐਉਂ ਹੋਇਆ ਕਿ ਉਹ ਨਿੱਤ ਦਿਹਾੜੇ ਆਖਦੀ ਰਹੀ ਪਰ ਉਸ ਨੇ ਉਸ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਅਥਵਾ ਉਸ ਦੇ ਕੋਲ ਰਹੇ।
11ਤਾਂ ਇੱਕ ਦਿਨ ਐਉਂ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਰ ਘਰ ਦੇ ਮਨੁੱਖਾਂ ਵਿੱਚੋ ਕੋਈ ਉੱਥੇ ਘਰ ਵਿੱਚ ਨਹੀਂ ਸੀ।
12ਤਾਂ ਉਸ ਨੇ ਉਸ ਦਾ ਕੱਪੜਾ ਫੜ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਨੱਠਾ ਅਰ ਬਾਹਰ ਨਿੱਕਲਿਆ।
13ਫੇਰ ਐਉਂ ਹੋਇਆ ਕਿ ਜਾਂ ਉਸ ਨੇ ਵੇਖਿਆ ਕਿ ਉਹ ਆਪਣਾ ਕ���ਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਨੂੰ ਨੱਠ ਗਿਆ।
14ਤਾਂ ਉਸ ਨੇ ਆਪਣੇ ਘਰ ਦੇ ਮਨੁਖਾਂ ਨੂੰ ਬੁਲਾਇਆ ਅਰ ਉਨ੍ਹਾਂ ਨੂੰ ਆਖਿਆ ਵੇਖੋ ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਨੂੰ ਠੱਠੇ ਕਰੇ। ਉਹ ਮੇਰੇ ਕੋਲ ਅੰਦਰ ਆਇਆ ਤਾਂਜੋ ਉਹ ਮੇਰੇ ਨਾਲ ਲੇਟੇ ਤਾਂ ਮੈਂ ਵੱਡੀ ਆਵਾਜ਼ ਨਾਲ ਬੋਲ ਪਈ।
15ਅਤੇ ਐਉਂ ਹੋਇਆ ਕਿ ਜਦ ਉਸ ਨੇ ਸੁਣਿਆ ਕਿ ਮੈਂ ਉੱਚੀ ਦੇਕੇ ਅਵਾਜ਼ ਉਠਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਨੱਠ ਗਿਆ।
16ਸੋ ਉਸ ਨੇ ਆਪਣੇ ਸਵਾਮੀ ਦੇ ਘਰ ਆਉਣ ਤੀਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ।
17ਤਾਂ ਉਹ ਉਸ ਨੂੰ ਉਨ੍ਹਾਂ ਗੱਲਾਂ ਦੇ ਅਨੁਸਾਰ ਬੋਲੀ ਕਿ ਜਿਹੜਾ ਇਬਰਾਨੀ ਗੁਲਾਮ ਤੂੰ ਸਾਡੇ ਕੋਲ ਲੈ ਅਇਆ ਹੈਂ ਉਹ ਮੇਰੇ ਕੋਲ ਅੰਦਰ ਆ ਵੜਿਆ ਅਰ ਮੈਨੂੰ ਠੱਠੇ ਕਰਨ ਲੱਗਾ।
18ਤਾਂ ਐਉਂ ਹੋਇਆ ਕਿ ਜਾਂ ਮੈਂ ਉੱਚੀ ਦੇਕੇ ਅਵਾਜ਼ ਉਠਾਈ ਤਾਂ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਨੱਠ ਗਿਆ।
19ਫੇਰ ਐਉਂ ਹੋਇਆ ਕਿ ਜਦ ਉਸ ਦੇ ਸਵਾਮੀ ਨੇ ਆਪਣੀ ਤੀਵੀਂ ਦੀਆਂ ਗੱਲਾਂ ਸੁਣੀਆਂ ਜਿਹੜੀ ਏਹ ਬੋਲੀ ਕਿ ਤੇਰੇ ਗੁਲਾਮ ਨੇ ਮੇਰੇ ਨਾਲ ਐਉਂ ਐਉਂ ਕੀਤਾ ਤਾਂ ਉਸ ਦਾ ਕਰੋਧ ਭੜਕ ਉੱਠਿਆ।
20ਉਪਰੰਤ ਯੂਸੁਫ਼ ਦੇ ਸਵਾਮੀ ਨੇ ਉਸ ਨੂੰ ਲੈਕੇ ਉਸ ਕੈਦ ਵਿੱਚ ਪਾ ਦਿੱਤਾ ਜਿੱਥੇ ਸ਼ਾਹੀ ਕੈਦੀ ਕੈਦ ਸਨ ਅਰ ਉਹ ਉੱਥੇ ਕੈਦ ਵਿੱਚ ਰਿਹਾ।
21ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ ਕੀਤੀ ਅਰ ਉਸ ਨੇ ਕੈਦਖਾਨੇ ਦੇ ਦਰੋਗੇ ਦੀਆਂ ਅੱਖਾਂ ਵਿੱਚ ਦਯਾ ਪਾਈ।
22ਅਰ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਰ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ ਉਹੋ ਚਲਾਉਂਦਾ ਸੀ।
23ਅਰ ਕੈਦਖਾਨੇ ਦਾ ਦਰੋਗਾ ਕਿਸੇ ਚੀਜ਼ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ ਸੁਰਤ ਨਹੀਂ ਲੈਂਦਾ ਸੀ ਏਸ ਲਈ ਭਈ ਯਹੋਵਾਹ ਉਹ ਦੇ ਸੰਗ ਸੀ ਅਰ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸੁਫਲ ਬਣਾ ਦਿੰਦਾ ਸੀ।