Loading Bible Translation
First-time download in progress. This may take a few seconds…
Punjabi Bible Wordproject Bible
40 verses
1ਹੁਣ ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।
2ਅਤੇ ਇਸੇ ਵਿਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ।
3ਨਿਹਚਾ ਨਾਲ ਅਸੀਂ ਜਾਣਦੇ ਹਾਂ ਭਈ ਜਗਤ ਪਰਮੇਸ਼ੁਰ ਦੇ ਫ਼ਰਮਾਨ ਨਾਲ ਸਾਜਿਆ ਗਿਆ ਅਤੇ ਜੋ ਕੁਝ ਵੇਖਣ ਵਿੱਚ ਆਉਂਦਾ ਹੈ ਸੋ ਡਿੱਠੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ ਹੈ।
4ਨਿਹਚਾ ਨਾਲ ਹਾਬਲ ਨੇ ਕਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜ੍ਹਾਇਆ ਜਿਸ ਕਰਕੇ ਇਹ ਸਾਖੀ ਦਿੱਤੀ ਗਈ ਭਈ ਉਹ ਧਰਮੀ ਹੈ ਕਿਉਂ ਜੋ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਵਿਖੇ ਸਾਖੀ ਦਿੱਤੀ ਅਤੇ ਉਸ ਨਿਹਚਾ ਦੇ ਰਾਹੀਂ ਉਹ ਹੁਣ ਤੀਕੁਰ ਬੋਲਦਾ ਹੈ ਭਾਵੇਂ ਉਹ ਮਰ ਗਿਆ।
5ਨਿਹਚਾ ਨਾਲ ਹਨੋਕ ਉਤਾਹਾਂ ਚੁੱਕਿਆ ਗਿਆ ਭਈ ਮੌਤ ਨਾ ਵੇਖੇ ਅਤੇ ਉਹ ਦਾ ਪਤਾ ਨਾ ਲੱਗਾ ਇਸ ਲਈ ਜੋ ਪਰਮੇਸ਼ੁਰ ਨੇ ਉਹ ਨੂੰ ਉਤਾਹਾਂ ਚੁੱਕ ਲਿਆ ਕਿਉਂ ਜੋ ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਭਈ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ।
6ਅਤੇ ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ- ਦਾਤਾ ਹੈ।
7ਨਿਹਚਾ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਸਨ ਸਹਮ ਕੇ ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ ਅਤੇ ਉਸ ਨਿਹਚਾ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਕਾਰੀ ਹੋਇਆ ਜਿਹੜਾ ਨਿਹਚਾ ਤੋਂ ਹੀ ਹੁੰਦਾ ਹੈ।
8ਨਿਹਚਾ ਨਾਲ ਅਬਰਾਹਾਮ ਜਾਂ ਸੱਦਿਆ ਗਿਆ ਤਾਂ ਓਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹ ਨੂੰ ਉਹ ਨੇ ਅਧਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਨਹੀਂ ਸੀ ਜਾਣਦਾ ਭਈ ਮੈਂ ਕਿੱਧਰ ਨੂੰ ਲਗਾ ਜਾਂਦਾ ਹਾਂ ਤਾਂ ਵੀ ਨਿੱਕਲ ਤੁਰਿਆ।
9ਨਿਹਚਾ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਇਸਹਾਕ ਅਤੇ ਯਾਕੂਬ ਦੇ ਨਾਲ ਜਿਹੜੇ ਉਹ ਦੇ ਸੰਗ ਓਸੇ ਵਾਇਦੇ ਦੇ ਅਧਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ।
10ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਹ ਦੀਆਂ ਨੀਹਾਂ ਹਨ ਅਤੇ ਜਿਹ ਦਾ ਕਾਰੀਗਰ ਅਤੇ ਬਣਾਉਣਾ ਵਾਲਾ ਪਰਮੇਸ਼ੁਰ ਹੈ।
11ਨਿਹਚਾ ਨਾਲ ਸਾਰਾਹ ਨੇ ਆਪ ਵੀ ਜਦੋਂ ਬੁੱਢੀ ਹੋ ਗਈ ਗਰਭਵੰਤੀ ਹੋਣ ਦੀ ਸ਼ਕਤੀ ਪਾਈ ਇਸ ਲਈ ਜੋ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ।
12ਉਪਰੰਤ ਇੱਕ ਤੋਂ ਜੋ ਮੁਰਦਾ ਜਿਹਾ ਸੀ ਐਨੇਕੁ ਉਤਪਤ ਹੋਏ ਜਿੰਨੇਕੁ ਬਹੁਤਾਇਤ ਕਰਕੇ ਅਕਾਸ਼ ਦੇ ਤਾਰੇ ਹਨ ਅਤੇ ਜਿੰਨੇਕੁ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਜੋ ਅਣਗਿਣਤ ਹਨ।
13ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ ਪਰ ਓਹ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆਂ ਨੂੰ ਆਖਿਆ ਅਤੇ ਮੰਨ ਲਿਆ ਭਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।
14ਕਿਉਂਕਿ ਜਿਹੜੇ ਅਜੇਹੀਆਂ ਗੱਲਾਂ ਆਖਦੇ ਹਨ ਓਹ ਪਰਗਟ ਕਰਦੇ ਹਨ ਭਈ ਅਸੀਂ ਆਪਣੇ ਵਤਨ ਨੂੰ ਭਾਲਦੇ ਹਾਂ।
15ਅਤੇ ਜੇ ਉਸ ਦੇਸ ਨੂੰ ਜਿਸ ਤੋਂ ਨਿੱਕਲ ਆਏ ਸਨ ਚੇਤੇ ਰੱਖਦੇ ਤਾਂ ਉਨ੍ਹਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ।
16ਪਰ ਹੁਣ ਓਹ ਉਸ ਤੋਂ ਉੱਤਮ ਅਰਥਾਤ ਸੁਰਗੀ ਦੇਸ ਨੂੰ ਲੋਚਦੇ ਹਨ। ਇਸ ਕਾਰਨ ਪਰਮੇਸ਼ੁਰ ਉਨ੍ਹਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਨ੍ਹਾਂ ਦਾ ਪਰਮੇਸ਼ੁਰ ਕਹਾਵੇ ਕਿਉਂ ਜੋ ਉਹ ਨ�� ਉਨ੍ਹਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ।
17ਨਿਹਚਾ ਨਾਲ ਅਬਰਾਹਾਮ ਨੇ ਜਦ ਪਰਤਾਇਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ। ਹਾਂ, ਆਪਣੇ ਇੱਕਲੌਤੇ ਨੂੰ ਉਹ ਜਿਹ ਨੂੰ ਵਾਇਦੇ ਦਿੱਤੇ ਗਏ ਸਨ ਚੜ੍ਹਾਉਣ ਲੱਗਾ।
18ਅਤੇ ਜਿਹ ਨੂੰ ਇਹ ਆਖਿਆ ਗਿਆ ਭਈ ਇਸਹਾਕ ਤੋਂ ਤੇਰੀ ਅੰਸ ਅਖਵਾਏਗੀ।
19ਕਿਉਂ ਜੋ ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਭੀ ਉਠਾਲਣ ਨੂੰ ਸਮਰਥ ਹੈ ਜਿਨ੍ਹਾਂ ਵਿੱਚੋਂ ਉਹ ਨੇ ਮਾਨੋ ਉਹ ਨੂੰ ਪਰਾਪਤ ਵੀ ਕਰ ਲਿਆ।
20ਨਿਹਚਾ ਨਾਲ ਇਸਹਾਕ ਨੇ ਹੋਣ ਵਾਲੀਆਂ ਗੱਲਾਂ ਦੇ ਵਿਖੇ ਭੀ ਯਾਕੂਬ ਅਤੇ ਏਸਾਓ ਨੂੰ ਅਸੀਸ ਦਿੱਤੀ।
21ਨਿਹਚਾ ਨਾਲ ਯਾਕੂਬ ਨੇ ਮਰਨ ਲੱਗਿਆਂ ਯੂਸੁਫ਼ ਦੇ ਪੁੱਤ੍ਰਾਂ ਨੂੰ ਇੱਕ ਇੱਕ ਕਰਕੇ ਅਸੀਸ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਮੱਥਾ ਟੇਕਿਆ।
22ਨਿਹਚਾ ਨਾਲ ਯੂਸੁਫ਼ ਨੇ ਆਪਣੇ ਅੰਤਕਾਲ ਦੇ ਵੇਲੇ ਇਸਰਾਏਲੀਆਂ ਦੇ ਉੱਥੋਂ ਕੂਚ ਕਰਨ ਦੀ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਵਿਖੇ ਹੁਕਮ ਦਿੱਤਾ।
23ਨਿਹਚਾ ਨਾਲ ਜਾਂ ਮੂਸਾ ਜੰਮਿਆ ਤਾਂ ਉਹ ਦੇ ਮਾਪਿਆਂ ਨੇ ਉਹ ਨੂੰ ਤਿੰਨਾਂ ਮਹੀਨਿਆਂ ਤੀਕ ਲੁਕਾ ਰੱਖਿਆ ਕਿਉਂ ਜੋ ਉਨ੍ਹਾਂ ਵੇਖਿਆ ਭਈ ਬਾਲਕ ਸੋਹਣਾ ਹੈ ਅਤੇ ਓਹ ਪਾਤਸ਼ਾਹ ਦੇ ਫ਼ਰਮਾਨ ਤੋਂ ਨਾ ਡਰੇ।
24ਨਿਹਚਾ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤ੍ਰ ਅਖਵਾਉਣ ਤੋਂ ਇਨਕਾਰ ਕੀਤਾ।
25ਕਿਉਂ ਜੋ ਉਹ ਨੇ ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ।
26ਅਤੇ ਉਹ ਨੇ ਵਿਚਾਰ ਕੀਤਾ ਭਈ ਮਸੀਹ ਦੇ ਨਮਿੱਤ ਨਿੰਦਿਆ ਜਾਣਾ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਹੈ ਕਿਉਂ ਜੋ ਫਲ ਵੱਲ ਉਹ ਦਾ ਧਿਆਨ ਸੀ।
27ਨਿਹਚਾ ਨਾਲ ਉਹ ਨੇ ਪਾਤਸ਼ਾਹ ਦੇ ਕ੍ਰੋਧ ਤੋਂ ਭੈ ਨਾ ਕਰ ਕੇ ਮਿਸਰ ਨੂੰ ਛੱਡ ਦਿੱਤਾ ਕਿਉਂ ਜੋ ਉਹ ਅਲੱਖ ਨੂੰ ਜਾਣੀਦਾ ਲੱਖ ਕੇ ਤਕੜਾ ਰਿਹਾ।
28ਨਿਹਚਾ ਨਾਲ ਉਹ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਬਿਧੀ ਨੂੰ ਮੰਨਿਆ ਭਈ ਨਾ ਹੋਵੇ ਜੋ ਪਲੋਠਿਆਂ ਦਾ ਨਾਸ ਕਰਨ ਵਾਲਾ ਉਨ੍ਹਾਂ ਨੂੰ ਹੱਥ ਲਾਵੇ।
29ਨਿਹਚਾ ਨਾਲ ਓਹ ਲਾਲ ਸਮੁੰਦਰ ਦੇ ਵਿੱਚ ਦੀ ਜਿਵੇਂ ਸੁੱਕੀ ਜਮੀਨ ਉੱਤੇ ਦੀ ਪਾਰ ਲੰਘ ਗਏ ਪਰ ਇਹ ਦਾ ਜਾਂ ਮਿਸਰੀਆਂ ਨੇ ਉੱਦਮ ਕੀਤਾ ਤਾਂ ਡੁੱਬ ਮੋਏ।
30ਨਿਹਚਾ ਨਾਲ ਯਰੀਹੋ ਦੀ ਸਫ਼ੀਲ ਜਾਂ ਸੱਤਾਂ ਦਿਨਾਂ ਤੀਕ ਘੇਰੀ ਗਈ ਤਾਂ ਢਹਿ ਪਈ।
31ਨਿਹਚਾ ਨਾਲ ਰਹਾਬ ਬੇਸਵਾ ਬੇਪਰਤੀਤਿਆਂ ਦੇ ਸੰਗ ਨਾਸ ਨਾ ਹੋਈ ਕਿਉਂ ਜੋ ਉਹ ਨੇ ਖੋਜੀਆਂ ਨੂੰ ਸੁਖ ਸਾਂਦ ਨਾਲ ਆਪਣੇ ਘਰ ਉਤਾਰਿਆ।
32ਹੁਣ ਮੈਂ ਹੋਰ ਕੀ ਆਖਾਂ? ਕਿਉਂ ਜੋ ਵਿਹਲ ਨਹੀਂ ਭਈ ਗਿਦਾਊਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਦੀ ਵਾਰਤਾ ਕਰਾਂ।
33ਜਿਨ੍ਹਾਂ ਨੇ ਨਿਹਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਹ ਕੀਤਾ, ਧਰਮ ਦੇ ਕੰਮ ਕੀਤੇ, ਵਾਇਦਿਆਂ ਨੂੰ ਪਰਾਪਤ ਕੀਤਾ, ਬਬਰ ਸ਼ੇਰਾ ਦੇ ਮੂੰਹ ਬੰਦ ਕੀਤੇ,
34ਅੱਗ ਦੇ ਤਾਉ ਨੂੰ ਠੰਡਿਆਂ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਓਹ ਨਿਰਬਲਤਾਈ ਵਿੱਚ ਬਲੀ ਹੋਏ, ਜੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ।
35ਤੀਵੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆਂ ਹੋਇਆਂ ਨੂੰ ਲੱਭਿਆ। ਕਈਕੁ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪਰਾਪਤ ਕਰਨ।
36ਅਤੇ ਕਈਕੁ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ।
37ਓਹ ਪਥਰਾਓ ਕੀਤੇ ਗਏ, ਆਰਿਆਂ ਨਾਲ ਚੀਰੇ ਗਏ, ਪਰਤਾਏ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਝੱਲਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ, —
38ਸੰਸਾਰ ਓਹਨਾਂ ਦੇ ਜੋਗ ਨਹੀਂ ਸੀ— ਓਹ ਉਜਾੜਾਂ ਅਤੇ ਪਹਾੜਾਂ ਅਤੇ ਗੁਫ਼ਾਂ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁੱਕਦੇ ਪਏ ਫਿਰੇ।
39ਅਤੇ ਏਹ ਸੱਭੇ ਭਾਵੇਂ ਓਹਨਾਂ ਲਈ ਓਹਨਾਂ ਦੀ ਨਿਹਚਾ ਦੇ ਕਾਰਨ ਸਾਖੀ ਦਿੱਤੀ ਗਈ ਤਾਂ ਵੀ ਵਾਇਦੇ ਨੂੰ ਪਰਾਪਤ ਨਾ ਹੋਏ।
40ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਭਈ ਓਹ ਸਾਥੋਂ ਬਿਨਾ ਕਾਮਿਲ ਨਾ ਹੋਣ।