Loading Bible Translation
First-time download in progress. This may take a few seconds…
Punjabi Bible Wordproject Bible
31 verses
1ਇਹ ਦਰਸ਼ਨ ਆਮੋਸ ਦੇ ਪੁੱਤਰ ਯਸਾਯਾਹ ਦਾ ਹੈ। ਪਰਮੇਸ਼ੁਰ ਨੇ ਯਸਾਯਾਹ ਨੂੰ ਉਹ ਗੱਲਾਂ ਦਰਸਾਈਆਂ ਜਿਹੜੀਆਂ ਯਹੂਦਾਹ ਅਤੇ ਯਰੂਸ਼ਲਮ ਨਾਲ ਵਾਪਰਨਗੀਆਂ। ਯਸਾਯਾਹ ਨੇ ਇਹ ਚੀਜ਼ਾਂ ਉਦੋਂ ਦੇਖੀਆਂ ਜਦੋਂ ਉਜ਼ੀਯ੍ਯਾਹ, ਯੋਬਾਮ, ਆਹਾਜ਼ ਅਤੇ ਹਿਜ਼ਕੀਯਾਹ ਯਹੂਦਾਹ ਦੇ ਰਾਜੇ ਸਨ।
2ਹੇ ਅਕਾਸ਼ ਤੇ ਧਰਤੀ, ਯਹੋਵਾਹ ਦੀ ਗੱਲ ਧਿਆਨ ਨਾਲ ਸੁਣੋ! ਯਹੋਵਾਹ ਆਖਦਾ ਹੈ, "ਮੈਂ ਆਪਣੇ ਬੱਚਿਆਂ ਨੂੰ ਪਾਲਿਆ ਮੈਂ ਉਨ੍ਹਾਂ ਦੀ ਵਧਣ ਫ਼ੁਲ੍ਲਣ ਵਿੱਚ ਸਹਾਇਤਾ ਕੀਤੀ। ਪਰ ਮੇਰੇ ਬੱਚੇ ਮੇਰੇ ਹੀ ਖਿਲਾਫ਼ ਹੋ ਗਏ।
3ਗਾਂ ਆਪਣੇ ਮਾਲਕ ਨੂੰ ਜਾਣਦੀ ਹੈ। ਅਤੇ ਇੱਕ ਗਧਾ ਓਸ ਥਾਂ ਨੂੰ ਜਾਣਦਾ ਹੈ ਜਿੱਥੇ ਉਸਦਾ ਮਾਲਕ ਉਸਨੂੰ ਚਾਰਾ ਪਾਉਂਦਾ ਹੈ। ਪਰ ਇਸਰਾਏਲ ਦੇ ਲੋਕ ਮੈਨੂੰ ਨਹੀਂ ਜਾਣਦੇ। ਮੇਰੇ ਬੰਦੇ ਸਮਝਦੇ ਨਹੀਂ।"
4ਇਸਰਾਏਲ ਦੀ ਕੌਮ ਪਾਪ ਨਾਲ ਭਰੀ ਹੋਈ ਹੈ। ਇਹ ਪਾਪ ਉਸ ਭਾਰੇ ਵਜ਼ਨ ਵਰਗਾ ਹੈ ਜਿਹੜਾ ਲੋਕਾਂ ਨੂੰ ਚੁੱਕਣਾ ਪੈ ਰਿਹਾ ਹੈ। ਉਹ ਲੋਕ ਬੁਰੇ ਪਰਿਵਾਰਾਂ ਦੇ ਮੰਦੇ ਬੱਚਿਆਂ ਵ੍ਵਰਗੇ ਹਨ। ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ। ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ (ਪਰਮੇਸ਼ੁਰ) ਦਾ ਅਪਮਾਨ ਕੀਤਾ। ਉਨ੍ਹਾਂ ਨੇ ਉਸਨੂੰ ਤਿਆਗ ਦਿੱਤਾ ਅਤੇ ਉਸਦੇ ਨਾਲ ਅਜਨਬੀ ਵਰਗਾ ਵਰਤਾਓ ਕੀਤਾ।
5ਪਰਮੇਸ਼ੁਰ ਆਖਦਾ ਹੈ, "ਮੈਂ ਕਿਉਂ ਤੁਹਾਨੂੰ ਸਜ਼ਾ ਦਿੰਦਾ ਰਹਾਂ? ਮੈਂ ਤੁਹਾਨੂੰ ਸਜ਼ਾ ਦਿੱਤੀ, ਪਰ ਤੁਸੀਂ ਨਹੀਂ ਬਦਲੇ। ਤੁਸੀਂ ਮੇਰੇ ਖਿਲਾਫ਼ ਬਗਾਵਤ ਜਾਰੀ ਰੱਖੀ ਹੋਈ ਹੈ। ਹੁਣ ਹਰ ਸਿਰ ਅਤੇ ਹਰ ਦਿਲ ਬਿਮਾਰ ਹੈ।
6ਸਿਰ ਤੋਂ ਪੈਰਾਂ ਤੀਕ ਤੁਹਾਡੇ ਸ਼ਰੀਰ ਉੱਤੇ ਜ਼ਖਮ ਅਤੇ ਫ਼ੋੜੇ ਹਨ। ਤੁਸੀਂ ਆਪਣੇ ਫ਼ੋੜਿਆਂ ਦਾ ਇਲਾਜ ਨਹੀਂ ਕੀਤਾ। ਤੁਹਾਡੇ ਜ਼ਖਮਾਂ ਦੀ ਸਫ਼ਾਈ ਅਤੇ ਮਰਹਮ ਪੱਟੀ ਨਹੀਂ ਹੋਈ।
7"ਤੁਹਾਡੀ ਜ਼ਮੀਨ ਬਰਬਾਦ ਹੋ ਗਈ ਹੈ। ਤੁਹਾਡੇ ਸ਼ਹਿਰ ਅੱਗ ਨਾਲ ਸਾੜੇ ਗਏ ਹਨ। ਤੁਹਾਡੇ ਦੁਸ਼ਮਣਾਂ ਨੇ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਿਆ ਹੈ। ਤੁਹਾਡੀ ਧਰਤੀ ਉਸ ਤਰ੍ਹਾਂ ਤਬਾਹ ਹੋ ਗਈ ਹੈ ਜਿਵੇਂ ਕਿਸੇ ਦੇਸ਼ ਨੂੰ ਫ਼ੌਜਾਂ ਤਬਾਹ ਕਰ ਦਿੰਦੀਆਂ ਹਨ।
8ਸੀਯੋਨ ਦੀ ਧੀ ਹੁਣ ਅੰਗੂਰਾਂ ਦੇ ਬਾਗ ਵਿੱਚ ਸੱਖਣੇ ਤੰਬੂ ਵਰਗੀ ਹੈ। ਹੁਣ ਇਹ ਕਕੜੀਆਂ ਦੇ ਖੇਤ ਵਿੱਚ ਛੱਡੀ ਹੋਈ ਪੁਰਾਣੀ ਝੁਗ੍ਗੀ ਜਾਂ ਘਿਰੇ ਹੋਏ ਸ਼ਹਿਰ ਵਰਗੀ ਹੈ।"
9ਇਹ ਠੀਕ ਹੈ, ਪਰ ਸਰਬ ਸ਼ਕਤੀਮਾਨ ਯਹੋਵਾਹ ਨੇ ਕੁਝ ਲੋਕਾਂ ਨੂੰ ਜਿਉਂਦੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਸੀ। ਸਾਨੂੰ ਸਦੂਮ ਅਤੇ ਅਮੂਰਾਹ ਦੇ ਸ਼ਹਿਰਾਂ ਵਾਂਗ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ ਗਿਆ।
10ਸਦੂਮ ਦੇ ਆਗੂਓ ਸੁਣੋ ਤੁਸੀਂ, ਯਹੋਵਾਹ ਦੇ ਪੈਗਾਮ ਨੂੰ। ਤੁਸੀਂ, ਅਮੂਰਾਹ ਦੇ ਲੋਕੋ ਯਹੋਵਾਹ ਦੀ ਬਿਵਸਬਾ ਨੂੰ ਸੁਣੋ!
11ਯਹੋਵਾਹ ਆਖਦਾ ਹੈ, "ਕਿਉਂ ਤੁਸੀਂ ਮੈਨੂੰ ਇਹ ਸਾਰੀਆਂ ਬਲੀਆਂ ਚੜਾਉਂਦੇ ਜਾ ਰਹੇ ਹੋ? ਮੈਂ ਤੁਹਾਡੇ ਭੇਡੂਆਂ ਅਤੇ ਮੋਟੇ-ਤਾਜ਼ੇ ਜਾਨਵਰਾਂ ਦੀਆਂ ਕਾਫੀ ਬਲੀਆਂ ਪ੍ਰਾਪਤ ਕਰ ਚੁਕਿਆ ਹ੍ਹਾਂ। ਮੈਨੂੰ ਤੁਹਾਡੀਆਂ ਬੱਕਰੀਆਂ, ਬਲਦਾਂ ਅਤੇ ਭੇਡਾਂ ਦੇ ਖੂਨ ਵਿੱਚ ਪ੍ਰਸਂਨਤਾ ਨਹੀਂ ਮਿਲਦੀ।
12"ਜਦੋਂ ਤੁਸੀਂ ਲੋਕ ਮੈਨੂੰ ਮਿਲਣ ਆਉਂਦੇ ਹੋ ਤਾਂ ਮੇਰੇ ਵਿਹੜੇ ਦੀ ਹਰ ਸ਼ੈਅ ਨੂੰ ਪੈਰਾਂ ਹੇਠਾਂ ਲਿਤਾੜ ਜਾਂਦੇ ਹੋ। ਕਿਸੇ ਨੇ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਸੀ?
13"ਮੇਰੇ ਲਈ ਇਹ ਫ਼ਿਜ਼ੂਲ ਬਲੀਆਂ ਨਾ ਲਿਆਉਂਦੇ ਰਹੋ। ਮੈਨੂੰ ਨਫ਼ਰਤ ਹੈ ਉਸ ਧੂਫ਼ ਨਾਲ ਜਿਹੜੀ ਤੁਸੀਂ ਮੈਨੂੰ ਪੇਸ਼ ਕਰਦੇ ਹੋ। ਮੈਂ ਤੁਹਾਡੇ ਨਵੇਂ ਚੰਨ ਸਬਤ ਅਤੇ ਤੁਹਾਡੇ ਹੋਰ ਪਰਬਾਂ ਦੀਆਂ ਦਾਅਵਤਾਂ ਨੂੰ ਨਹੀਂ ਸਹਿਨ ਕਰ ਸਕਦਾ। ਮੈਂ ਉਸ ਬਦੀ ਨਾਲ ਨਫ਼ਰਤ ਕਰਦਾ ਹਾਂ ਜਿਹੜੀ ਤੁਸੀਂ ਆਪਣੀਆਂ ਪਵਿੱਤਰ ਮਿਲਣੀਆਂ ਵਿੱਚ ਕਮਾਉਂਦੇ ਹੋ।
14ਮੈਂ ਪੂਰੇ ਦਿਲੋਂ ਤੁਹਾਡੀ ਮਹੀਨੇਵਾਰ ਮਜਲਿਸਾਂ ਅਤੇ ਸਲਾਹ ਮਸ਼ਵਰਿਆਂ ਨੂੰ ਨਫ਼ਰਤ ਕਰਦਾ ਹਾਂ। ਇਹ ਮਜਲਿਸਾਂ ਹੁਣ ਮੇਰੇ ਲਈ ਭਾਰੀ ਬੋਝ ਬਣ ਗਈਆਂ ਹਨ। ਅਤੇ ਮੈਂ ਇਨ੍ਹਾਂ ਦੇ ਬੋਝ ਨੂੰ ਚੁੱਕਦਾ ਹੋਇਆ ਬਕ੍ਕ ਗਿਆ ਹਾਂ।
15"ਤੁਸੀਂ ਲੋਕ ਹੱਥ ਚੁੱਕ ਕੇ ਮੇਰੇ ਅੱਗੇ ਪ੍ਰਾਰਥਨਾ ਕਰਦੇ ਹੋ - ਪਰ ਮੈਂ ਤੁਹਾਡੇ ਵੱਲ ਦੇਖਣ ਤੋਂ ਇਨਕਾਰ ਕਰਦਾ ਹਾਂ। ਤੁਸੀਂ ਲੋਕ ਹੋਰ-ਹੋਰ ਪ੍ਰਾਰਬਨਾਵਾਂ ਕਰੋਗੇ - ਪਰ ਮੈਂ ਤੁਹਾਨੂੰ ਨਹੀਂ ਸੁਣਾਂਗਾ। ਕਿਉਂਕਿ ਤੁਹਾਡੇ ਹੱਥ ਖੂਨ ਨਾਲ ਭਰੇ ਹੋਏ ਹਨ।
16"ਹੱਥ ਧੋ ਲਵੋ। ਆਪਣੇ-ਆਪ ਨੂੰ ਸਾਫ਼ ਕਰੋ! ਬੁਰੇ ਕੰਮ ਕਰਨੇ ਛੱਡ ਦਿਓ। ਮੈਂ ਉਨ੍ਹਾਂ ਬੁਰੀਆਂ ਚੀਜ਼ਾਂ ਨੂੰ ਹੋਰ ਨਹੀਂ ਦੇਖਣਾ ਚਾਹੁੰਦਾ। ਬਦੀ ਕਰਨੀ ਛੱਡ ਦਿਓ!
17ਨੇਕੀ ਕਰਨੀ ਸਿਖੋ। ਹੋਰਾਂ ਲੋਕਾਂ ਨਾਲ ਇਨਸਾਫ਼ ਕਰੋ। ਜਿਹੜੇ ਦੂਸਰਿਆਂ ਨੂੰ ਦੁੱਖ ਦਿੰਦੇ ਹਨ ਉਨ੍ਹਾਂ ਨੂੰ ਸਜ਼ਾ ਦਿਓ। ਯਤੀਮ ਬੱਚਿਆਂ ਦੀ ਸਹਾਇਤਾ ਕਰੋ। ਵਿਧਵਾਵਾਂ ਦੀ ਸਹਾਇਤਾ ਕਰੋ।"
18ਯਹੋਵਾਹ ਆਖਦਾ ਹੈ, "ਆਓ, ਅਸੀਂ ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰੀਏ। ਤੁਹਾਡੇ ਪਾਪ ਸੂਹੇ ਕੱਪੜੇ ਵਾਂਗ ਲਾਲ ਹਨ, ਪਰ ਉਹ ਧੋਤੇ ਜਾ ਸਕਦੇ ਹਨ। ਤੁਸੀਂ ਬਰਫ਼ ਵਾਂਗ ਸਫ਼ੇਦ ਹੋਵੋਗੇ। ਤੁਹਾਡੇ ਪਾਪ ਚਮਕੀਲੇ ਲਾਲ ਹਨ ਪਰ ਤੁਸੀਂ ਉਨ ਵਰਗੇ ਚਿੱਟੇ ਬਣ ਸਕਦੇ ਹੋ।
19"ਜੇ ਤੁਸੀਂ ਉਨ੍ਹਾਂ ਗੱਲਾਂ ਨੂੰ ਸੁਣੋਗੇ ਜਿਹੜੀਆਂ ਮੈਂ ਤੁਹਾਨੂੰ ਆਖਦਾ ਹਾਂ ਤਾਂ ਤੁਹਾਨੂੰ ਇਸ ਧਰਤੀ ਦੀਆਂ ਚੰਗੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ।
20ਪਰ ਜੇ ਤੁਸੀਂ ਸੁਣਨ ਤੋਂ ਇਨਕਾਰ ਕੀਤਾ ਤਾਂ ਤੁਸੀਂ ਮੇਰੇ ਖਿਲਾਫ਼ ਹੋ। ਅਤੇ ਤੁਹਾਡੇ ਦੁਸ਼ਮਣ ਤੁਹਾਨੂੰ ਤਬਾਹ ਕਰ ਦੇਣਗੇ।" ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ।
21ਪਰਮੇਸ਼ੁਰ ਆਖਦਾ ਹੈ, "ਯਰੂਸ਼ਲਮ ਵੱਲ ਦੇਖੋ। ਉਹ ਅਜਿਹੀ ਨਗਰੀ ਸੀ ਜਿਹੜੀ ਮੇਰੇ ਉੱਤੇ ਵਿਸ਼ਵਾਸ ਕਰਦੀ ਸੀ ਅਤੇ ਮੇਰੇ ਪਿੱਛੇ ਚਲਦੀ ਸੀ। ਕਿਸ ਚੀਜ਼ ਨੇ ਉਸਨੂੰ ਇੱਕ ਵੇਸਵਾ ਵਾਂਗ ਬਣਾ ਦਿੱਤਾ? ਉਹ ਹੁਣ ਮੇਰੀ ਅਗਵਾਈ ਵਿੱਚ ਨਹੀਂ ਚਲਦੀ। ਯਰੂਸ਼ਲਮ ਨੂੰ ਇਨਸਾਫ਼ ਨਾਲ ਭਰਿਆ ਹੋਣਾ ਚਾਹੀਦਾ ਹੈ। ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਰਮੇਸ਼ੁਰ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਪਰ ਹੁਣ ਉੱਥੇ ਕਾਤਲ ਰਹਿੰਦੇ ਹਨ।
22"ਨੇਕੀ ਚਾਂਦੀ ਵਰਗੀ ਹੈ। ਪਰ ਤੁਹਾਡੀ ਚਾਂਦੀ ਨਿਰਾਰਬਕ ਬਣ ਚੁੱਕੀ ਹੈ। ਤੁਹਾਡੀ ਸ਼ਰਾਬ (ਨੇਕੀ) ਵਿੱਚ ਪਾਣੀ ਮਿਲਿਆ ਹੋਇਆ ਹੈ - ਇਹ ਹੁਣ ਬੇ ਅਸਰ ਹੋ ਚੁੱਕੀ ਹੈ।
23ਤੁਹਾਡੇ ਹਾਕਮ ਬਾਗ਼ੀ ਹਨ ਅਤੇ ਚੋਰਾਂ ਦੇ ਯਾਰ ਹਨ। ਤੁਹਾਡੇ ਸਾਰੇ ਹਾਕਮ ਵਢ੍ਢੀ ਮੰਗਦੇ ਹਨ - ਉਹ ਗ਼ਲਤ ਕੰਮ ਕਰਨ ਲਈ ਪੈਸਾ ਲੈਂਦੇ ਹਨ। ਤੁਹਾਡੇ ਸਾਰੇ ਹਾਕਮ ਲੋਕਾਂ ਨੂੰ ਧੋਖਾ ਦੇਣ ਦੀ ਤਨਖਾਹ ਲੈਂਦੇ ਹਨ। ਤੁਹਾਡੇ ਹਾਕਮ ਯਤੀਮਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਤੁਹਾਡੇ ਹਾਕਮ ਵਿਧਵਾਵਾਂ ਦੀਆਂ ਲੋੜਾਂ ਬਾਰੇ ਧਿਆਨ ਨਹੀਂ ਦਿੰਦੇ।"
24ਇਨ੍ਹਾਂ ਸਾਰੀਆਂ ਗੱਲਾਂ ਕਰਕੇ, ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰਖ ਆਖਦਾ ਹੈ, "ਮੈਂ ਤੁਹਾਨੂੰ ਸਜ਼ਾ ਦੇਵਾਂਗਾ, ਮੇਰੇ ਦੁਸਮਣੋ। ਤੁਸੀਂ ਮੈਨੂੰ ਹੋਰ ਕਸ਼ਟ ਨਹੀਂ ਦੇ ਸਕੋਁਗੇ।
25ਲੋਕੀਂ ਚਾਂਦੀ ਨੂੰ ਸਾਫ਼ ਕਰਨ ਲਈ ਸੱਜੀ ਦੀ ਵਰਤੋਂ ਕਰਦੇ ਹਨ ਇਸੇ ਤਰ੍ਹਾਂ, ਮੈਂ ਤੁਹਾਡੇ ਬੁਰੇ ਕੰਮਾਂ ਨੂੰ ਸਾਫ਼ ਕਰ ਦਿਆਂਗਾ। ਮੈਂ ਤੁਹਾਡੀਆਂ ਸਾਰੀਆਂ ਫ਼ਿਜ਼ੂਲ ਚੀਜ਼ਾਂ ਤੁਹਾਡੇ ਕੋਲੋਂ ਖੋਹ ਲਵਾਂਗਾ।
26ਮੈਂ ਉਸੇ ਤਰ੍ਹਾਂ ਦੇ ਨਿਆਂਕਾਰ ਵਾਪਸ ਲਿਆਵਾਂਗਾ ਜਿਹੋ ਜਿਹੇ ਸ਼ੁਰੂ ਵਿੱਚ ਤੁਹਾਡੇ ਕੋਲ ਸਨ। ਤੁਹਾਡੇ ਸਲਾਹਕਾਰ ਉਨ੍ਹਾਂ ਸਲਾਹਕਾਰਾਂ ਵਰਗੇ ਹੋਣਗੇ ਜਿਹੜੇ ਬਹੁਤ ਪਹਿਲੋਁ ਹੁੰਦੇ ਸਨ। ਫ਼ੇਰ ਤੁਸੀਂ 'ਨੇਕ ਅਤੇ ਵਫ਼ਾਦਾਰ ਸ਼ਹਿਰ' ਦੇ ਵਾਸੀ ਅਖਵਾਓਗੇ।'
27ਸੀਯੋਨ ਨਿਆਂ ਦੁਆਰਾ ਮੁਕਤ ਕਰਵਾਇਆ ਜਾਵੇਗਾ, ਅਤੇ ਉਸ ਵਿੱਚ ਉਹ ਜਿਹੜੇ, ਪਰਮੇਸ਼ੁਰ ਵੱਲ ਪਰਤਦੇ ਹਨ ਚੰਗਿਆਈ ਦੁਆਰਾ ਮੁਕਤ ਕਰਵਾਏ ਜਾਣਗੇ।
28ਪਰ ਸਾਰੇ ਮੁਜਰਿਮ ਅਤੇ ਪਾਪੀ ਤਬਾਹ ਹੋ ਜਾਣਗੇ। ਉਹ ਅਜਿਹੇ ਲੋਕ ਹਨ ਜਿਹੜੇ ਯਹੋਵਾਹ ਦੇ ਅਨੁਯਾਈ ਨਹੀਂ ਹਨ।
29ਭਵਿੱਖ ਵਿੱਚ, ਤੁਸੀਂ ਉਨ੍ਹਾਂ ਬਗੀਚਿਆਂ ਅਤੇ ਓਕ ਦੇ ਰੁੱਖਾਂ ਤੇ ਸ਼ਰਮਸ਼ਾਰ ਹੋਵੋਂਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਬੁੱਤਾਂ ਦੀ ਉਪਾਸਨਾ ਲਈ ਚੁਣਿਆ ਸੀ।
30ਇਹ ਇਸ ਲਈ ਵਾਪਰੇਗਾ ਕਿਉਂਕਿ ਤੁਸੀਂ ਲੋਕ ਓਕ ਦੇ ਉਸ ਰੁੱਖ ਵਾਂਗ ਹੋਵੋਂਗੇ ਜਿਸਦੇ ਪੱਤੇ ਸੁੱਕ ਗਏ ਹਨ। ਤੁਸੀਂ ਉਸ ਬਾਗ ਵਰਗੇ ਹੋਵੋਗੇ ਜਿਹੜਾ ਪਾਣੀ ਦੀ ਕਮੀ ਕਾਰਣ ਮਰ ਰਿਹਾ ਹੋਵੇ।
31ਸ਼ਕਤੀਸ਼ਾਲੀ ਲੋਕ ਲਕੜੀ ਦੇ ਛੋਟੇ ਟੁਕੜਿਆਂ ਵਰਗੇ ਹੋਣਗੇ। ਅਤੇ ਉਹ ਗੱਲਾਂ ਜਿਹੜੀਆਂ ਉਹ ਲੋਕ ਕਰਦੇ ਹਨ ਉਹ ਚਂਗਿਆੜੀਆਂ ਵਰਗੀਆਂ ਹੋਣਗੀਆਂ ਜਿਹੜੀਆਂ ਅੱਗ ਲਾਉਂਦੀਆਂ ਹਨ ਸ਼ਕਤੀਸ਼ਾਲੀ ਲੋਕ ਅਤੇ ਉਨ੍ਹਾਂ ਦੇ ਅਮਲ ਸੜ ਜਾਵਣਗੇ। ਅਤੇ ਕੋਈ ਵੀ ਬੰਦਾ ਉਸ ਅੱਗ ਨੂੰ ਬੁਝਾ ਨਹੀਂ ਸਕੇਗਾ।