Loading Bible Translation
First-time download in progress. This may take a few seconds…
Punjabi Bible Wordproject Bible
28 verses
1"ਅਜਿਹੀਆਂ ਖਾਨਾਂ ਹਨ ਜਿੱਥੋਂ ਲੋਕ ਚਾਂਦੀ ਪ੍ਰਾਪਤ ਕਰਦੇ ਹਨ ਅਤੇ ਅਜਿਹੀਆਂ ਥਾਵਾਂ ਹਨ ਜਿੱਥੋਂ ਲੋਕ ਸੋਨੇ ਨੂੰ ਸ਼ੁਧ ਕਰਨ ਲਈ ਪਿਘਲਾਉਂਦੇ ਹਨ।
2ਲੋਕੀਂ ਧਰਤੀ ਵਿੱਚੋਂ ਲੋਹਾ ਕੱਢਦੇ ਨੇ। ਪੱਥਰ ਤੋਂ ਤਾਂਬਾ ਪਿਘਲਾਇਆ ਜਾਂਦਾ ਹੈ।
3ਕਾਮੇ ਰੋਸ਼ਨੀਆਂ ਗੁਫ਼ਾਵਾਂ ਅੰਦਰ ਲੈ ਜਾਂਦੇ ਨੇ। ਉਹ ਡੂੰਘੀਆਂ ਗੁਫਾਵਾਂ ਅੰਦਰ ਖੋਜਦੇ ਨੇ। ਡੂੰਘੇ ਹਨੇਰੇ ਵਿੱਚ, ਉਹ ਚੱਟਾਨਾਂ ਨੂੰ ਖੋਜਦੇ ਨੇ।
4ਮਜ਼ਦੂਰ ਕੱਚੀ ਧਾਤ ਦੀਆਂ ਨੜਾਂ ਦੇ ਪਿੱਛੇ ਚੱਲਕੇ ਧਰਤੀ ਦੀ ਡੂੰਘਾਈ ਤੀਕ ਖੁਦਾਈ ਕਰਦੇ ਹਨ। ਉਹ ਧਰਤੀ ਵਿੱਚ ਡੂੰਘੇ ਜਾਂਦੇ ਨੇ, ਉਨ੍ਹਾਂ ਥਾਵਾਂ ਤੋਂ ਬਹੁਤ ਦੂਰ ਜਿੱਥੇ ਲੋਕ ਰਹਿੰਦੇ ਨੇ, ਹੇਠਾਂ ਤੱਕ ਜਿੱਥੇ ਕੋਈ ਵੀ ਪਹਿਲਾਂ ਨਹੀਂ ਗਿਆ ਉਹ ਰੱਸਿਆਂ ਨਾਲ ਬਹੁਤ ਹੇਠਾਂ ਧਰਤੀ ਦੇ ਹੋਰਾਂ ਲੋਕਾਂ ਤੋਂ ਬਹੁਤ ਦੂਰ ਲਟਕਦੇ ਨੇ।
5ਭੋਜਨ ਧਰਤੀ ਦੇ ਉੱਪਰ ਉਤਾਂਹ ਵੱਲ ਉੱਗਦਾ ਹੈ। ਪਰ ਧਰਤੀ ਦੇ ਹੇਠਾਂ ਵੱਖਰੀ ਗੱਲ ਹੁੰਦੀ ਹੈ। ਜਿਵੇਂ ਅੱਗ ਨਾਲ ਹਰ ਸ਼ੈਅ ਪਿਘਲੀ ਹੋਵੇ।
6ਨੀਲਮ ਧਰਤੀ ਦੇ ਹੇਠਾਂ ਲੱਭਦੇ ਹਨ ਅਤੇ ਸੋਨੇ ਕਣ ਵੀ ਧੂੜ ਵਿੱਚ ਹਨ।
7ਜੰਗਲੀ ਪੰਛੀਆਂ ਨੂੰ ਵੀ ਧਰਤੀ ਦੇ ਹੇਠਲੇ ਰਾਹਾਂ ਦਾ ਨਹੀਂ ਪਤਾ ਹੁੰਦਾ। ਕਿਸੇ ਵੀ ਬਾਜ਼ ਨੇ ਉਨ੍ਹਾਂ ਹਨੇਰੇ ਰਾਹਾਂ ਨੂੰ ਨਹੀਂ ਦੇਖਿਆ।
8ਜੰਗਲੀ ਜਾਨਵਰ ਕਦੇ ਉਨ੍ਹਾਂ ਰਾਹਾਂ ਉੱਤੇ ਨਹੀਂ ਤੁਰੇ, ਕਦੇ ਸ਼ੇਰ ਵੀ ਉਨ੍ਹਾਂ ਰਾਹਾਂ ਉੱਤੇ ਨਹੀਂ ਘੁੰਮੇ।
9ਮਜ਼ਦੂਰ ਸਭ ਤੋਂ ਸਖਤ ਚੱਟਾਨ ਨੂੰ ਖੋਦਦੇ ਨੇ। ਉਹ ਪਰਬਤਾਂ ਦੇ ਬਲ੍ਲੇ ਖੁਦਾਈ ਕਰਦੇ ਨੇ।
10ਮਜ਼ਦੂਰ ਚੱਟਾਨਾਂ ਦੇ ਵਿੱਚੋਂ ਦੀ ਸੁਰਂਗਾਂ ਖੋਦਦੇ ਨੇ। ਉਹ ਚੱਟਾਨ ਦੇ ਸਾਰੇ ਖਜ਼ਾਨਿਆਂ ਨੂੰ ਤੱਕਦੇ ਨੇ।
11ਕਾਮੇ ਪਾਣੀ ਨੂੰ ਰੋਕਣ ਲਈ ਬੰਨ੍ਹ ਉਸਾਰਦੇ ਨੇ। ਉਹ ਛੁਪੀਆਂ ਚੀਜ਼ਾਂ ਨੂੰ ਰੋਸ਼ਨੀ ਵਿੱਚ ਲਿਆਉਂਦੇ ਨੇ।
12"ਪਰ ਬੰਦਾ ਸਿਆਣਪ ਕਿੱਥੋ ਲੱਭ ਸਕਦਾ ਹੈ? ਅਸੀਂ ਕਿੱਥੋ ਜਾਕੇ ਸਮਝ ਨੂੰ ਲੱਭ ਸਕਦੇ ਹਾਂ।
13ਆਦਮੀ ਨਹੀਂ ਜਾਣਦਾ ਸਿਆਣਪ ਕਿੱਥੋ ਹੈ? ਇਹ ਓਥੇ ਨਹੀਂ ਲੱਭਦੀ ਜਿੱਥੇ ਲੋਕ ਰਹਿੰਦੇ ਹਨ।
14ਗਹਿਰਾ ਸਮੁੰਦਰ ਆਖਦਾ ਹੈ, 'ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।' ਸਾਗਰ ਆਖਦਾ ਹੈ, 'ਮੇਰੇ ਕੋਲ ਇੱਥੇ ਸਿਆਣਪ ਨਹੀਂ ਹੈ।'
15ਤੁਸੀਂ ਸਿਆਣਪ ਨੂੰ ਸਭ ਤੋਂ ਚੰਗੇ ਸੋਨੇ ਨਾਲ ਵੀ ਨਹੀਂ ਖਰੀਦ ਸਕਦੇ। ਸਿਆਣਪ ਖਰੀਦਣ ਵਾਸਤੇ ਦੁਨੀਆਂ ਅੰਦਰ ਕਾਫ਼ੀ ਚਾਂਦੀ ਨਹੀਂ ਹੈ।
16ਤੁਸੀਂ ਸਿਆਣਪ ਨੂੰ ਉਫੀਰ ਦੇ ਸੋਨੇ ਨਾਲ ਜਾਂ ਕੀਮਤੀ ਸੁਲੇਮਾਨੀ ਜਾਂ ਨੀਲਮ ਨਾਲ ਨਹੀਂ ਖਰੀਦ ਸਕਦੇ ।
17ਸਿਆਣਪ ਸੋਨੇ ਜਾਂ ਬਿਲੌਰ ਤੋਂ ਵਧੇਰੇ ਮੁੱਲਵਾਨ ਹੈ। ਸੋਨੇ ਵਿੱਚ ਜੜੇ ਕੀਮਤੀ ਹੀਰੇ ਸਿਆਣਪ ਨੂੰ ਨਹੀਂ ਖਰੀਦ ਸਕਦੇ।
18ਸਿਆਣਪ ਮੂਂਗੇ ਜਾਂ ਜੈਸਪਰ ਤੋਂ ਵਧੇਰੇ ਕੀਮਤੀ ਹੈ। ਸਿਆਣਪ ਮਨਕਿਆਂ ਨਾਲੋਂ ਵਧੇਰੇ ਕੀਮਤੀ ਹੈ।
19ਇਬੋਪੀਆ ਦੇਸ ਦਾ ਪੁਖਰਾਜ ਵੀ ਇੰਨਾ ਕੀਮਤੀ ਨਹੀਂ ਜਿੰਨੀ ਸਿਆਣਪ ਹੈ। ਤੁਸੀਂ ਸਿਆਣਪ ਸ਼ੁਧ ਸੋਨੇ ਨਾਲ ਵੀ ਨਹੀਂ ਖਰੀਦ ਸਕਦੇ।
20ਇਸ ਲਈ ਸਿਆਣਪ ਕਿਬੋਁ ਆਉਂਦੀ ਹੈ? ਅਸੀਂ ਸਮਝ ਨੂੰ ਕਿੱਥੋ ਲੱਭ ਸਕਦੇ ਹਾਂ?
21ਸਿਆਣਪ ਧਰਤੀ ਦੀ ਹਰ ਜਿਉਂਦੀ ਸ਼ੈਅ ਪਾਸੋਂ ਛੁਪੀ ਹੋਈ ਹੈ। ਅਕਾਸ਼ ਦੇ ਪੰਛੀ ਵੀ ਸਿਆਣਪ ਨੂੰ ਨਹੀਂ ਦੇਖ ਸਕਦੇ।
22ਮੌਤ ਅਤੇ ਤਬਾਹੀ ਆਖਦੀ ਹੈ। 'ਅਸੀਂ ਸਿਆਣਪ ਨਹੀਂ ਲੱਭੀ,ਅਜੇ ਅਸੀਂ ਇਸ ਬਾਰੇ ਸਿਰਫ਼ ਅਫ਼ਵਾਹਾਂ ਹੀ ਸੁਣੀਆਂ ਨੇ।'
23ਸਿਰਫ਼ ਪਰਮੇਸ਼ੁਰ ਸਿਆਣਪ ਦਾ ਰਾਹ ਜਾਣਦਾ ਹੈ। ਸਿਰਫ਼ ਪਰਮੇਸ਼ੁਰ ਜਾਣਦਾ ਹੈ ਕਿ ਸਿਆਣਪ ਕਿੱਥੋ ਹੈ।
24ਪਰਮੇਸ਼ੁਰ ਧਰਤੀ ਦੇ ਅੰਤਾਂ ਨੂੰ ਦੇਖ ਸਕਦਾ ਹੈ। ਪਰਮੇਸ਼ੁਰ ਅਕਾਸ਼ ਹੇਠਲੀ ਹਰ ਸ਼ੈਅ ਨੂੰ ਦੇਖਦਾ ਹੈ।
25ਪਰਮੇਸ਼ੁਰ ਨੇ ਹਵਾ ਨੂੰ ਇਸ ਦੀ ਸ਼ਕਤੀ ਦਿੱਤੀ। ਪਰਮੇਸ਼ੁਰ ਨੇ ਨਿਰਣਾ ਕੀਤਾ ਕਿ ਸਮੁੰਦਰ ਕਿੰਨੇ ਵੱਡੇ ਬਣਾਏ ਜਾਣ।
26ਪਰਮੇਸ਼ੁਰ ਨੇ ਨਿਰਣਾ ਕੀਤਾ ਕਿ ਬਾਰਿਸ਼ ਕਿੱਥੋ ਭੇਜੀ ਜਾਵੇ, ਤੇ ਕੜਕਦੇ ਤੂਫ਼ਾਨਾਂ ਨੂੰ ਕਿੱਥੋ ਜਾਣਾ ਚਾਹੀਦਾ ਹੈ।
27ਉਸ ਵੇਲੇ ਪਰਮੇਸ਼ੁਰ ਨੇ ਸਿਆਣਪ ਦੇਖੀ ਤੇ ਇਸ ਬਾਰੇ ਸੋਚਿਆ। ਪਰਮੇਸ਼ੁਰ ਨੇ ਵੇਖਿਆ ਕਿ ਸਿਆਣਪ ਕਿੰਨੀ ਮੁੱਲਵਾਨ ਸੀ ਅਤੇ ਸਿਆਣਪ ਨੂੰ ਮਨਜ਼ੂਰੀ ਦਿੱਤੀ।"
28ਤੇ ਪਰਮੇਸ਼ੁਰ ਨੇ ਲੋਕਾਂ ਨੂੰ ਆਖਿਆ, "ਡਰੋ ਤੇ ਯਹੋਵਾਹ ਦਾ ਆਦਰ ਕਰੋ ਇਹੀ ਸਿਆਣਪ ਹੈ। ਬੁਰੀਆਂ ਗੱਲਾਂ ਨਾ ਕਰੋ ਇਹੀ ਸਮਝ ਹੈ।"