Loading Bible Translation
First-time download in progress. This may take a few seconds…
Punjabi Bible Wordproject Bible
42 verses
1ਸੋ ਜਦ ਪਿਲਾਤੁਸ ਨੇ ਯਿਸੂ ਨੂੰ ਫੜ ਕੇ ਕੋਰੜੇ ਮਰਵਾਏ।
2ਅਤੇ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹ ਦੇ ਸਿਰ ਉੱਤੇ ਧਰਿਆ ਅਰ ਉਹ ਨੂੰ ਬੈਂਗਣੀ ਚੋਗਾ ਪਹਿਨਾਇਆ।
3ਅਤੇ ਉਹ ਦੇ ਕੋਲ ਆਣ ਕੇ ਕਹਿਣ ਲੱਗੇ, ਹੇ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ! ਅਤੇ ਉਹ ਨੂੰ ਚਪੇੜਾਂ ਮਾਰੀਆਂ।
4ਤਦ ਪਿਲਾਤੁਸ ਨੇ ਫੇਰ ਬਾਹਰ ਨਿੱਕਲ ਕੇ ਉਨ੍ਹਾਂ ਨੂੰ ਆਖਿਆ, ਵੇਖੋ ਮੈਂ ਉਹ ਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤਾਂ ਤੁਸੀਂ ਜਾਣੋ ਭਈ ਮੈਂ ਉਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ।
5ਤਾਂ ਯਿਸੂ ਕੰਡਿਆਂ ਦਾ ਤਾਜ ਰੱਖੇ ਅਤੇ ਬੈਂਗਣੀ ਚੋਗਾ ਪਹਿਨੇ ਬਾਹਰ ਨਿੱਕਲਿਆ, ਅਰ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਵੇਖੋ ਐਸ ਮਨੁੱਖ ਨੂੰ!
6ਜਾਂ ਪਰਧਾਨ ਜਾਜਕਾਂ ਅਤੇ ਸਿਪਾਹੀਆਂ ਨੇ ਉਹ ਨੂੰ ਡਿੱਠਾ ਤਾਂ ਓਹ ਡੰਡ ਪਾ ਕੇ ਬੋਲੇ, ਉਹ ਨੂੰ ਸਲੀਬ ਦਿਓ, ਸਲੀਬ ਦਿਓ! ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਆਪੇ ਇਹ ਨੂੰ ਲੈ ਕੇ ਸਲੀਬ ਦਿਓ ਕਿਉਂ ਜੋ ਮੈਂ ਇਹ ਦਾ ਕੋਈ ਦੋਸ਼ ਨਹੀਂ ਵੇਖਦਾ ਹਾਂ।
7ਯਹੂਦੀਆਂ ਨੇ ਉਹ ਨੂੰ ਉੱਤਰ ਦਿੱਤਾ ਕਿ ਸਾਡੇ ਕੋਲ ਸ਼ਰਾ ਹੈ ਅਤੇ ਉਸ ਸ਼ਰਾ ਅਨੁਸਾਰ ਇਹ ਮਰਨ ਜੋਗ ਹੈ ਇਸ ਲਈ ਜੋ ਇਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਦਾ ਪੁੱਤ੍ਰ ਬਣਾਇਆ।
8ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਦ ਹੋਰ ਵੀ ਡਰ ਗਿਆ।
9ਅਤੇ ਕਚਹਿਰੀ ਦੇ ਅੰਦਰ ਫੇਰ ਜਾ ਕੇ ਯਿਸੂ ਤੋਂ ਪੁੱਛਿਆ, ਤੂੰ ਕਿੱਥੋਂ ਦਾ ਹੈਂ? ਪਰ ਯਿਸੂ ਨੇ ਉਹ ਨੂੰ ਉੱਤਰ ਨਾ ਦਿੱਤਾ।
10ਤਦ ਪਿਲਾਤੁਸ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਜੋ ਇਹ ਮੇਰੇ ਵੱਸ ਵਿਚ ਹੈ ਕਿ ਭਾਵੇਂ ਤੈਨੂੰ ਛੱਡ ਦਿਆਂ ਭਾਵੇਂ ਤੈਨੂੰ ਸਲੀਬ ਉੱਤੇ ਚੜ੍ਹਾਵਾਂ?
11ਯਿਸੂ ਨੇ ਉਹ ਨੂੰ ਉੱਤਰ ਦਿੱਤਾ ਜੇ ਤੈਨੂੰ ਇਹ ਉੱਪਰੋਂ ਨਾ ਦਿੱਤਾ ਜਾਂਦਾ ਤਾਂ ਮੇਰੇ ਉੱਤੇ ਤੇਰਾ ਕੁਝ ਵੱਸ ਨਾ ਚੱਲਦਾ। ਇਸ ਕਾਰਨ ਜਿਨ ਮੈਨੂੰ ਤੇਰੇ ਹਵਾਲੇ ਕੀਤਾ ਉਹ ਦਾ ਪਾਪ ਵੱਧ ਹੈ।
12ਇਸ ਗੱਲ ਕਰਕੇ ਪਿਲਾਤੁਸ ਨੇ ਉਸ ਦੇ ਛੱਡਣ ਦੀ ਭਾਲ ਕੀਤੀ ਪਰ ਯਹੂਦੀ ਡੰਡ ਪਾ ਕੇ ਕਹਿਣ ਲੱਗੇ, ਜੇ ਤੂੰ ਇਹ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤ੍ਰ ਨਹੀਂ! ਹਰੇਕ ਜੋ ਆਪਣੇ ਆਪ ਨੂੰ ਪਾਤਸ਼ਾਹ ਬਣਾਉਂਦਾ ਹੈ ਸੋ ਕੈਸਰ ਦੇ ਵਿਰੁੱਧ ਬੋਲਦਾ ਹੈ!
13ਤਦ ਪਿਲਾਤੁਸ ਏਹ ਗੱਲਾਂ ਸੁਣ ਕੇ ਯਿਸੂ ਨੂੰ ਬਾਹਰ ਲਿਆਇਆ ਅਤੇ ਉਸ ਥਾਂ ਜਿਹੜਾ ਪੱਥਰ ਦਾ ਚਬੂਤਰਾ ਇਬਰਾਨੀ ਭਾਖਿਆ ਵਿੱਚ ਗੱਬਥਾ ਕਰਕੇ ਆਖੀਦਾ ਹੈ ਅਦਾਲਤ ਦੀ ਗੱਦੀ ਉੱਤੇ ਬਹਿ ਗਿਆ।
14ਇਹ ਪਸਾਹ ਦੀ ਤਿਆਰੀ ਦਾ ਦਿਨ ਅਤੇ ਦੁਪਹਿਰ ਦਾ ਵੇਲਾ ਸੀ ਅਤੇ ਉਹ ਨੇ ਯਹੂਦੀਆਂ ਨੂੰ ਕਿਹਾ ਭਈ ਵੇਖੋ ਔਹ ਤੁਹਾਡਾ ਪਾਤਸ਼ਾਹ!
15ਤਦ ਓਹ ਡੰਡ ਪਾ ਉੱਠੇ ਕਿ ਲੈ ਜਾਓ, ਲੈ ਜਾਓ! ਉਹ ਨੂੰ ਸਲੀਬ ਦਿਓ! ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਮੈਂ ਤੁਹਾਡੇ ਪਾਤਸ਼ਾਹ ਨੂੰ ਸਲੀਬ ਦਿਆਂ? ਪਰਧਾਨ ਜਾਜਕਾਂ ਨੇ ਉੱਤਰ ਦਿੱਤਾ ਕਿ ਕੈਸਰ ਬਿਨਾ ਸਾਡਾ ਕੋਈ ਪਾਤਸ਼ਾਹ ਨਹੀਂ ਹੈ।
16ਸੋ ਉਹ ਨੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਭਈ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ।
17ਤਦ ਉਨ੍ਹਾਂ ਨੇ ਯਿਸੂ ਨੂੰ ਫੜ ਲਿਆ ਅਤੇ ਉਹ ਆਪੇ ਸਲੀਬ ਚੁੱਕੀ ਬਾਹਰ ਉਸ ਥਾਂ ਨੂੰ ਗਿਆ ਜਿਹੜਾ ਖੋਪਰੀ ਦਾ ਕਹਾਉਂਦਾ ਅਤੇ ਇਬਰਾਨੀ ਭਾਖਿਆ ਵਿੱਚ ਉਹ ਨੂੰ ਗਲਗਥਾ ਕਹਿੰਦੇ ਹਨ।
18ਉੱਥੇ ਉਨ੍���ਾਂ ਉਸ ਨੂੰ ਅਰ ਉਸ ਦੇ ਨਾਲ ਹੋਰ ਦੋਹੁੰ ਨੂੰ ਸਲੀਬ ਉੱਤੇ ਚੜ੍ਹਾਇਆ, ਇੱਕ ਐੱਧਰ ਤੇ ਇੱਕ ਉੱਧਰ ਅਤੇ ਯਿਸੂ ਵਿਚਾਲੇ।
19ਅਤੇ ਪਿਲਾਤੁਸ ਨੇ ਇੱਕ ਪੱਟੀ ਵੀ ਲਿਖਾ ਕੇ ਸਲੀਬ ਉੱਤੇ ਲਾਈ ਅਤੇ ਇਹ ਲਿਖਿਆ ਹੋਇਆ ਸੀ, ''ਯਿਸੂ ਨਾਸਰੀ ਯਹੂਦੀਆਂ ਦਾ ਪਾਤਸ਼ਾਹ''।
20ਤਦ ਉਸ ਪੱਟੀ ਨੂੰ ਬਹੁਤਿਆਂ ਯਹੂਦੀਆਂ ਨੇ ਵਾਚਿਆ ਕਿਉਂ ਜੋ ਉਹ ਥਾਂ ਜਿੱਥੇ ਯਿਸੂ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਸ਼ਹਿਰੋਂ ਨੇੜੇ ਸੀ ਅਰ ਉਹ ਇਬਰਾਨੀ ਅਤੇ ਲਾਤੀਨੀ ਅਤੇ ਯੂਨਾਨੀ ਭਾਖਿਆਂ ਵਿੱਚ ਲਿਖਿਆ ਹੋਇਆ ਸੀ।
21ਤਾਂ ਯਹੂਦੀਆਂ ਦੇ ਪਰਧਾਨ ਜਾਜਕਾਂ ਨੇ ਪਿਲਾਤੁਸ ਨੂੰ ਆਖਿਆ ਕਿ ''ਯਹੂਦੀਆਂ ਦਾ ਪਾਤਸ਼ਾਹ'' ਨਾ ਲਿਖੋ ਪਰ ਇਹ ਕਿ ''ਉਹ ਨੇ ਕਿਹਾ ਕਿ ਮੈਂ ਯਹੂਦੀਆਂ ਦਾ ਪਾਤਸ਼ਾਹ ਹਾਂ''।
22ਪਿਲਾਤੁਸ ਨੇ ਉੱਤਰ ਦਿੱਤਾ ਭਈ ਮੈਂ ਜੋ ਲਿਖਿਆ ਸੋ ਲਿਖਿਆ।
23ਫੇਰ ਸਿਪਾਹੀਆਂ ਨੇ ਜਾਂ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਸੀ ਤਾਂ ਉਹ ਦੇ ਬਸਤਰ ਲੈ ਕੇ ਚਾਰ ਹਿੱਸੇ ਕੀਤੇ, ਹਰੇਕ ਸਿਪਾਹੀ ਦੇ ਲਈ ਇੱਕ ਇੱਕ ਹਿੱਸਾ ਅਤੇ ਕੁੜਤਾ ਵੀ ਲੈ ਲਿਆ, ਅਰ ਉਹ ਕੁੜਤਾ ਸੀਤੇ ਬਿਨਾ ਉੱਪਰੋਂ ਸਾਰਾ ਬੁਣਿਆ ਹੋਇਆ ਸੀ।
24ਇਸ ਲਈ ਉਨ੍ਹਾਂ ਆਪਸ ਵਿੱਚੀ ਕਿਹਾ, ਅਸੀਂ ਇਹ ਨੂੰ ਨਾ ਪਾੜੀਏ ਪਰ ਇਹ ਦੇ ਉੱਤੇ ਗੁਣੇ ਪਾਈਏ ਜੋ ਇਹ ਕਿਹ ਨੂੰ ਲੱਭੇ। ਇਹ ਇਸ ਲਈ ਹੋਇਆ ਭਈ ਇਹ ਲਿਖਤ ਪੂਰੀ ਹੋਵੇ- ਉਨ੍ਹਾਂ ਮੇਰੇ ਕੱਪੜੇ ਆਪਸ ਵਿੱਚੀਂ ਵੰਡ ਲਏ, ਅਤੇ ਮੇਰੇ ਲਿਬਾਸ ਉੱਤੇ ਗੁਣੇ ਪਾਏ।
25ਸੋ ਸਿਪਾਹੀਆਂ ਨੇ ਇਹੋ ਕੀਤਾ ਅਤੇ ਯਿਸੂ ਦੀ ਸਲੀਬ ਦੇ ਮੁੱਢ ਉਹ ਦੀ ਮਾਤਾ ਅਰ ਉਹ ਦੀ ਮਾਸੀ ਕਲੋਪਾਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਖਲੌਤੀਆਂ ਸਨ।
26ਤਦ ਯਿਸੂ ਨੇ ਆਪਣੀ ਮਾਤਾ ਨੂੰ ਅਤੇ ਉਸ ਚੇਲੇ ਨੂੰ ਜਿਹ ਦੇ ਨਾਲ ਉਹ ਪਿਆਰ ਕਰਦਾ ਸੀ ਕੋਲ ਖਲੋਤੇ ਵੇਖ ਕੇ ਆਪਣੀ ਮਾਤਾ ਨੂੰ ਆਖਿਆ, ਹੇ ਬੀਬੀ ਜੀ, ਔਹ ਵੇਖ ਤੇਰਾ ਪੁੱਤ੍ਰ।
27ਫੇਰ ਉਸ ਚੇਲੇ ਨੂੰ ਕਿਹਾ, ਔਹ ਵੇਖ ਤੇਰੀ ਮਾਤਾ, ਅਤੇ ਉਸੇ ਵੇਲਿਓਂ ਉਹ ਚੇਲਾ ਉਸ ਨੂੰ ਆਪਣੇ ਘਰ ਲੈ ਗਿਆ।
28ਇਹ ਦੇ ਪਿੱਛੋਂ ਯਿਸੂ ਨੇ ਇਹ ਜਾਣ ਕੇ ਭਈ ਹੁਣ ਸੱਭੇ ਕੁਝ ਪੂਰਾ ਹੋ ਚੁੱਕਿਆ ਲਿਖਤ ਦੇ ਸੰਪੂਰਣ ਹੋਣ ਲਈ ਆਖਿਆ, ਮੈਂ ਤਿਹਾਇਆਂ ਹਾਂ।
29ਉੱਥੇ ਇੱਕ ਭਾਂਡਾ ਸਿਰਕੇ ਦਾ ਭਰਿਆ ਹੋਇਆ ਧਰਿਆ ਸੀ ਸੋ ਉਨ੍ਹਾਂ ਨੇ ਇੱਕ ਸਪੰਜ ਸਿਰਕੇ ਨਾਲ ਭਰਿਆ ਹੋਇਆ ਜ਼ੂਫੇ ਦੀ ਛਿਟੀ ਤੇ ਬੰਨ੍ਹ ਕੇ ਉਹ ਦੇ ਮੂੰਹ ਤਾਈ ਪੁਚਾਇਆ।
30ਸੋ ਜਾਂ ਯਿਸੂ ਨੇ ਸਿਰਕਾ ਲਿਆ ਤਾਂ ਆਖਿਆ, ਪੂਰਾ ਹੋਇਆ ਹੈ। ਤਦ ਉਹ ਨੇ ਸਿਰ ਨਿਵਾ ਕੇ ਜਾਨ ਦੇ ਦਿੱਤੀ।
31ਤਾਂ ਯਹੂਦੀਆਂ ਨੇ ਇਸ ਲਈ ਜੋ ਉਹ ਤਿਆਰੀ ਦਾ ਦਿਨ ਸੀ ਪਿਲਾਤੁਸ ਅੱਗੇ ਬੇਨਤੀ ਕੀਤੀ ਭਈ ਉਨ੍ਹਾਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਓਹ ਉਤਾਰੇ ਜਾਣ ਤਾਂ ਜੋ ਲੋਥਾਂ ਸਬਤ ਦੇ ਦਿਨ ਸਲੀਬ ਉੱਤੇ ਨਾ ਰਹਿਣ ਕਿਉਂ ਜੋ ਉਸ ਸਬਤ ਦਾ ਦਿਨ ਇੱਕ ਵੱਡਾ ਦਿਨ ਸੀ।
32ਤਦ ਸਿਪਾਹੀਆਂ ਨੇ ਆਣ ਕੇ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਪਿੱਛੋਂ ਦੂਏ ਦੀਆਂ ਵੀ ਜਿਹੜਾ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਇਆ ਹੋਇਆ ਸੀ।
33ਪਰ ਯਿਸੂ ਦੇ ਕੋਲ ਆਣ ਕੇ ਜਾਂ ਉਨ੍ਹਾਂ ਵੇਖਿਆ ਜੋ ਉਹ ਮਰ ਚੁੱਕਿਆ ਹੈ ਤਾਂ ਉਹ ਦੀਆਂ ਲੱਤਾਂ ਨਾ ਤੋੜੀਆਂ।
34ਪਰ ਸਿਪਾਹੀਆਂ ਵਿੱਚੋਂ ਇੱਕ ਨੇ ਬਰਛੀ ਨਾਲ ਉਹ ਦੀ ਵੱਖੀ ਵਿੰਨ੍ਹੀ ਅਤੇ ਓਵੇਂ ਹੀ ਲਹੂ ਅਤੇ ਪਾਣੀ ਨਿੱਕਲਿਆ।
35ਅਰ ਜਿਹ ਨੇ ਇਹ ਵੇਖਿਆ ਹੈ ਉਹ ਨੇ ਸਾਖੀ ਦਿੱਤੀ ਹੈ ਅਤੇ ਉਹ ਦੀ ਸਾਖੀ ਸਤ ਹੈ ਅਰ ਉਹ ਜਾਣਦਾ ਹੈ ਭਈ ਸਤ ਆਖਦਾ ਹੈ ਇਸ ਲਈ ਜੋ ਤੁਸੀਂ ਵੀ ਨਿਹਚਾ ਕਰੋ ।
36ਕਿਉਂਕਿ ਏਹ ਗੱਲਾਂ ਇਸ ਲਈ ਹੋਈਆਂ ਜੋ ਇਹ ਲਿਖਤ ਪੂਰੀ ਹੋਵੇ ਭਈ ਉਹ ਦੀ ਕੋਈ ਹੱਡੀ ਤੋੜੀ ਨਾ ਜਾਵੇਗੀ।
37ਫੇਰ ਇਹ ਦੂਜੀ ਲਿਖਤ ਹੈ ਕਿ ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ ਹੈ ਓਹ ਉਸ ਉੱਤੇ ਨਿਗਾਹ ਕਰਨਗੇ।
38ਇਹ ਦੇ ਪਿੱਛੋਂ ਅਰਿਮਥੇਆ ਦੇ ਯੂਸੂਫ਼ ਨੇ ਜਿਹੜਾ ਯਹੂਦੀਆਂ ਦੇ ਡਰ ਦੇ ਮਾਰੇ ਗੁੱਝਾ ਗੁੱਝਾ ਯਿਸੂ ਦਾ ਚੇਲਾ ਸੀ ਪਿਲਾਤੁਸ ਕੋਲ ਅਰਜ਼ ਕੀਤੀ ਜੋ ਮੈਂ ਯਿਸੂ ਦੀ ਲੋਥ ਲੈ ਜਾਵਾਂ, ਅਰ ਪਿਲਾਤੁਸ ਨੇ ਹੁਕਮ ਦੇ ਦਿੱਤਾ। ਸੋ ਉਹ ਆਇਆ ਅਰ ਉਹ ਦੀ ਲੋਥ ਲੈ ਗਿਆ
39ਅਤੇ ਨਿਕੁਦੇਮੁਸ ਵੀ ਜਿਹੜਾ ਪਹਿਲਾਂ ਉਹ ਦੇ ਕੋਲ ਰਾਤ ਨੂੰ ਆਇਆ ਸੀ ਪੰਜਾਹਕੁ ਸੇਰ ਗੰਧਰਸ ਅਤੇ ਊਦ ਰਲੇ ਹੋਏ ਲਿਆਇਆ।
40ਫੇਰ ਉਨ੍ਹਾਂ ਯਿਸੂ ਦੀ ਲੋਥ ਲੈ ਕੇ ਉਹ ਨੂੰ ਸੁਗੰਧਾਂ ਨਾਲ ਮਹੀਨ ਕਪੜੇ ਵਿੱਚ ਵਲ੍ਹੇਟਿਆ ਜਿਵੇਂ ਯਹੂਦੀਆਂ ਦੇ ਕਫ਼ਨਾਉਣ ਦਫ਼ਨਾਉਣ ਦੀ ਰੀਤ ਸੀ
41ਅਰ ਉਸ ਥਾਂ ਜਿੱਥੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਸੀ ਇੱਕ ਬਾਗ ਸੀ ਅਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਸ ਦੇ ਵਿੱਚ ਕੋਈ ਨਹੀਂ ਸੀ ਰੱਖਿਆ ਗਿਆ।
42ਸੋ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਕਾਰਨ ਉਨ੍ਹਾਂ ਯਿਸੂ ਨੂੰ ਉੱਥੇ ਹੀ ਰੱਖਿਆ ਕਿਉਂ ਜੋ ਇਹ ਕਬਰ ਨੇੜੇ ਸੀ।