Loading Bible Translation
First-time download in progress. This may take a few seconds…
Punjabi Bible Wordproject Bible
15 verses
1ਏਹ ਇਸਰਾਏਲੀਆਂ ਦੀਆਂ ਮਿਲਖਾਂ ਕਨਾਨ ਦੇਸ ਵਿੱਚ ਹਨ ਜਿਹੜੀਆਂ ਅਲਆਜ਼ਾਰ ਜਾਜਕ, ਨੂਨ ਦੇ ਪੁੱਤ੍ਰ ਯਹੋਸ਼ੁਆ ਅਤੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਇਸਰਾਏਲੀਆਂ ਨੂੰ ਮਿਲਖ ਵਿੱਚ ਵੰਡੀਆਂ।
2ਅਤੇ ਗੁਣਿਆਂ ਨਾਲ ਉਨ੍ਹਾਂ ਨੂੰ ਮਿਲਖ ਦਿੱਤੀ ਜਿਵੇਂ ਯਹੋਵਾਹ ਨੇ ਮੂਸਾ ਦੇ ਰਾਹੀਂ ਸਾਢਿਆਂ ਨੌਵਾਂ ਗੋਤਾਂ ਨੂੰ ਹੁਕਮ ਦਿੱਤਾ ਸੀ।
3ਕਿਉਂ ਜੋ ਮੂਸਾ ਨੇ ਯਰਦਨ ਦੇ ਪਾਰ ਢਾਈਆਂ ਗੋਤਾਂ ਨੂੰ ਮਿਲਖ ਦਿੱਤੀ ਪਰ ਉਸ ਨੇ ਲੇਵੀਆਂ ਨੂੰ ਉਨ੍ਹਾਂ ਦੇ ਵਿੱਚ ਮਿਲਖ ਨਾ ਦਿੱਤੀ।
4ਯੂਸੁਫ਼ ਦੀ ਅੰਸ ਦੇ ਦੋ ਗੋਤ ਸਨ ਅਰਥਾਤ ਮਨੱਸ਼ਹ ਅਤੇ ਅਫ਼ਰਾਈਮ ਅਤੇ ਉਨ੍ਹਾਂ ਨੇ ਲੇਵੀਆਂ ਨੂੰ ਦੇਸ ਵਿੱਚ ਕੋਈ ਹਿੱਸਾ ਨਹੀਂ ਦਿੱਤਾ ਕੇਵਲ ਵੱਸਣ ਦੇ ਸ਼ਹਿਰ ਅਤੇ ਉਨ੍ਹਾਂ ਦੇ ਪਸੂਆਂ ਅਤੇ ਮਾਲ ਲਈ ਸ਼ਾਮਲਾਤ ਦਿੱਤੀ।
5ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਓਵੇਂ ਇਸਰਾਏਲੀਆਂ ਨੇ ਕੀਤਾ ਅਤੇ ਦੇਸ ਨੂੰ ਵੱਡ ਲਿਆ।
6ਤਦ ਯਹੂਦੀ ਗਿਲਗਾਲ ਵਿੱਚ ਯਹੋਸ਼ੁਆ ਕੋਲ ਆਏ ਅਤੇ ਯਫੁੰਨਾਹ ਕਨਿੱਜ਼ੀ ਦੇ ਪੁੱਤ੍ਰ ਕਾਲੇਬ ਨੇ ਉਹ ਨੂੰ ਆਖਿਆ ਕਿ ਤੂੰ ਉਸ ਗੱਲ ਨੂੰ ਜਾਣਦਾ ਹੈਂ ਜਿਹੜੀ ਯਹੋਵਾਹ ਨੇ ਪਰਮੇਸ਼ੁਰ ਦੇ ਬੰਦੇ ਮੂਸਾ ਨੂੰ ਕਾਦੇਸ਼ ਬਰਨੇਆ ਵਿੱਚ ਮੇਰੇ ਵਿਖੇ ਅਤੇ ਤੇਰੇ ਵਿਖੇ ਕੀਤੀ ਸੀ।
7ਮੈਂ ਚਾਲੀਆਂ ਵਰਿਹਾਂ ਦਾ ਸਾਂ ਜਦ ਯਹੋਵਾਹ ਦੇ ਦਾਸ ਮੂਸਾ ਨੇ ਮੈਨੂੰ ਕਾਦੇਸ਼ ਬਰਨੇਆ ਤੋਂ ਉਸ ਦੇਸ ਦਾ ਖੋਜ ਕੱਢਣ ਲਈ ਘੱਲਿਆ ਅਤੇ ਜਿਵੇਂ ਮੇਰੇ ਮਨ ਵਿੱਚ ਆਇਆ ਮੈਂ ਉਹ ਖਬਰ ਉਹ ਨੂੰ ਦਿੱਤੀ।
8ਤਦ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਤਾਹਾਂ ਗਏ ਲੋਕਾਂ ਦੇ ਦਿਲਾਂ ਨੂੰ ਪਾਣੀਓਂ ਪਾਣੀ ਕਰ ਦਿੱਤਾ ਪਰ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਪਿੱਛੇ ਲੱਗਾ ਰਿਹਾ।
9ਤਾਂ ਮੂਸਾ ਨੇ ਉੱਸੇ ਦਿਨ ਏਹ ਸੌਂਹ ਖਾਧੀ ਭਈ ਜ਼ਰੂਰ ਏਹ ਧਰਤੀ ਜਿੱਥੋਂ ਦੀ ਤੇਰੇ ਪੈਰ ਲੰਘ ਗਏ ਹਨ ਤੇਰੇ ਲਈ ਤੇਰੇ ਪੁੱਤ੍ਰਾਂ ਲਈ ਏਸ ਕਾਰਨ ਸਦਾ ਦੀ ਮਿਲਖ ਹੋਵੇਗੀ ਕਿ ਤੂੰ ਯਹੋਵਾਹ ਮੇਰੇ ਪਰਮੇਸ਼ੁਰ ਦੇ ਪਿੱਛੇ ਲੱਗਾ ਰਿਹਾ ਹੈਂ।
10ਹੁਣ ਵੇਖੋ ਯਹੋਵਾਹ ਨੇ ਮੈਨੂੰ ਏਹ ਪੰਤਾਲੀ ਵਰਹੇ ਜੀਉਂਦਾ ਰੱਖਿਆ ਹੈ ਜਿਵੇਂ ਉਹ ਬੋਲਿਆ ਸੀ ਅਰਥਾਤ ਉਸ ਵੇਲੇ ਤੋਂ ਜਦ ਯਹੋਵਾਹ ਨੇ ਮੂਸਾ ਨਾਲ ਏਹ ਗੱਲ ਕੀਤੀ ਅਤੇ ਇਸਰਾਏਲ ਉਜਾੜ ਦੇ ਵਿੱਚ ਦੀ ਤੁਰਿਆ ਜਾ ਰਿਹਾ ਸੀ। ਹੁਣ ਵੇਖੋ ਮੈਂ ਅੱਜ ਪਚਾਸੀਆਂ ਵਰਿਹਾਂ ਦਾ ਹਾਂ।
11ਮੈਂ ਅੱਜੇ ਤੀਕ ਇੰਨਾ ਬਲਵੰਤ ਹਾਂ ਜਿੰਨਾ ਉਸ ਦਿਨ ਸਾਂ ਜਦ ਮੂਸਾ ਨੇ ਮੈਨੂੰ ਘੱਲਿਆ ਸੀ। ਜਿਵੇਂ ਮੇਰਾ ਬਲ ਉਸ ਵੇਲੇ ਸੀ ਓਵੇਂ ਮੇਰਾ ਬਲ ਲੜਾਈ ਕਰਨ ਲਈ ਅਤੇ ਆਉਣ ਜਾਣ ਲਈ ਹੁਣ ਵੀ ਹੈ।
12ਹੁਣ ਮੈਨੂੰ ਏਹ ਪਹਾੜੀ ਦੇਸ ਦੇਹ ਜਿਹ ਦਾ ਯਹੋਵਾਹ ਨੇ ਉਸ ਦਿਨ ਬਚਨ ਕੀਤਾ ਸੀ ਕਿਉਂ ਜੋ ਤੈਂ ਉਸੇ ਦਿਨ ਸੁਣਿਆ ਕਿ ਅਨਾਕੀ ਉੱਥੇ ਸਨ ਅਤੇ ਸ਼ਹਿਰ ਵੱਡੇ ਅਤੇ ਗੜ੍ਹਾਂ ਵਾਲੇ ਸਨ। ਸ਼ਾਇਤ ਯਹੋਵਾਹ ਮੇਰੇ ਨਾਲ ਰਹੇ ਅਤੇ ਮੈਂ ਓਹਨਾਂ ਨੂੰ ਕੱਢ ਸੱਕਾਂ ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ।
13ਤਾਂ ਯਹੋਸ਼ੁਆ ਨੇ ਉਸ ਨੂੰ ਬਰਕਤ ਦਿੱਤੀ ਅਤੇ ਯਫੁੰਨਾਹ ਦੇ ਪੁੱਤ੍ਰ ਕਾਲੇਬ ਨੂੰ ਹਬਰੋਨ ਮਿਲਖ ਵਿੱਚ ਦਿੱਤਾ।
14ਏਸ ਕਾਰਨ ਅੱਜ ਦੇ ਦਿਨ ਹਬਰੋਨ ਯਫੁੰਨਾਹ ਕਨਿੱਜ਼ੀ ਦੇ ਪੁੱਤ੍ਰ ਕਾਲੇਬ ਦੀ ਮਿਲਖ ਹੈ ਕਿਉਂ ਜੋ ਉਹ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਮਗਰ ਮਗਰ ਤੁਰ���ਾ ਰਿਹਾ।
15ਅਤੇ ਹਬਰੋਨ ਦਾ ਨਾਉਂ ਏਸ ਤੋਂ ਅੱਗੇ ਕਿਰਯਥ-ਅਰਬਾ ਸੀ, ਉਹ ਅਰਬਾ ਅਨਾਕੀਆਂ ਵਿੱਚ ਸਭ ਤੋਂ ਵੱਡਾ ਆਦਮੀ ਸੀ। ਫੇਰ ਦੇਸ ਨੂੰ ਲੜਾਈ ਤੋਂ ਅਰਾਮ ਮਿਲਿਆ।