Loading Bible Translation
First-time download in progress. This may take a few seconds…
Punjabi Bible Wordproject Bible
34 verses
1ਤਦ ਯਹੋਸ਼ੁਆ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਸੱਦਿਆ।
2ਅਤੇ ਉਨ੍ਹਾਂ ਨੂੰ ਆਖਿਆ ਕਿ ਤੁਸੀਂ ਉਸ ਸਾਰੇ ਦੀ ਪਾਲਨਾ ਕੀਤੀ ਆਖਿਆ ਕਿ ਜਿਹੜਾ ਹੁਕਮ ਤੁਹਾਨੂੰ ਯਹੋਵਾਹ ਦੇ ਦਾਸ ਮੂਸਾ ਨੇ ਦਿੱਤਾ ਸੀ ਅਤੇ ਤੁਸਾਂ ਮੇਰੇ ਸਾਰੇ ਬੋਲਾਂ ਨੂੰ ਮੰਨਿਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ।
3ਤੁਸਾਂ ਢੇਰ ਸਾਰੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਆਪਣੇ ਭਰਾਵਾਂ ਨੂੰ ਨਹੀਂ ਵਿਸਾਰਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਜ਼ੁਮੇਵਾਰੀ ਦੀ ਪਾਲਨਾ ਕੀਤੀ।
4ਅਤੇ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਭਰਾਵਾਂ ਨੂੰ ਸੁਖ ਦਿੱਤਾ ਜਿਵੇਂ ਉਸ ਉਨ੍ਹਾਂ ਨਾਲ ਬਚਨ ਕੀਤਾ ਸੀ। ਹੁਣ ਤੁਸੀਂ ਮੁੜ ਜਾਓ ਅਤੇ ਆਪਣੇ ਤੰਬੂਆਂ ਵਿੱਚ ਆਪਣੀ ਮਿਲਖ ਦੇ ਦੇਸ ਨੂੰ ਜਿਹੜੀ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਦਿੱਤੀ ਸੀ ਜਾਓ।
5ਕੇਵਲ ਤੁਸੀਂ ਉਸ ਹੁਕਮਨਾਮੇ ਦੀ ਅਤੇ ਬਿਵਸਥਾ ਦੀ ਬੜੇ ਉੱਦਮ ਨਾਲ ਪੂਰਾ ਕਰਨ ਦੀ ਪਾਲਨਾ ਕਰਿਓ ਜਿਨ੍ਹਾਂ ਦਾ ਯਹੋਵਾਹ ਦੇ ਦਾਸ ਮੂਸਾ ਨੇ ਤੂਹਾਨੂੰ ਹੁਕਮ ਦਿੱਤਾ ਸੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪਿਆਰ ਕਰੋ ਅਤੇ ਉਸ ਦਿਆਂ ਸਾਰਿਆਂ ਰਾਹਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਹ ਨੂੰ ਚਿੰਬੜੇ ਰਹੋ ਅਤੇ ਆਪਣੇ ਸਾਰੇ ਮਨ ਨਾਲ, ਆਪਣੀ ਸਾਰੀ ਜਾਨ ਨਾਲ ਉਸ ਦੀ ਉਪਾਸਨਾ ਕਰੋ।
6ਤਾਂ ਯਹੋਸ਼ੁਆ ਨੇ ਉਨ੍ਹਾਂ ਨੂੰ ਬਰਕਤ ਦਿੱਤੀ ਅਤੇ ਉਨ੍ਹਾਂ ਨੂੰ ਵਿਦਿਆ ਕੀਤਾ, ਫੇਰ ਓਹ ਆਪਣੇ ਤੰਬੂਆਂ ਨੂੰ ਤੁਰ ਗਏ।
7ਮਨੱਸ਼ਹ ਦੇ ਅੱਧੇ ਗੋਤ ਨੂੰ ਮੂਸਾ ਨੇ ਬਾਸ਼ਾਨ ਵਿੱਚ ਮਿਲਖ ਦਿੱਤੀ ਅਤੇ ਉਸ ਦੇ ਦੂਜੇ ਅੱਧ ਨੂੰ ਯਹੋਸ਼ੁਆ ਨੇ ਉਸ ਦੇ ਭਰਾਵਾਂ ਦੇ ਨਾਲ ਯਰਦਨ ਪਾਰ ਲਹਿੰਦੀ ਵੱਲ ਮਿਲਖ ਦਿੱਤੀ ਤਾਂ ਫੇਰ ਜਦ ਯਹੋਸ਼ੁਆ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਤੰਬੂਆਂ ਨੂੰ ਘੱਲਿਆ ਤਾਂ ਉਨ੍ਹਾਂ ਨੂੰ ਬਰਕਤ ਦਿੱਤੀ।
8ਅਤੇ ਉਹ ਨੇ ਉਨ੍ਹਾਂ ਨੂੰ ਆਖਿਆ ਕਿ ਵੱਡੇ ਧਨ ਨਾਲ ਅਤੇ ਬਹੁਤ ਵੱਡੇ ਚੌਣੇ ਨਾਲ ਅਤੇ ਚਾਂਦੀ, ਸੋਨੇ, ਪਿੱਤਲ, ਲੋਹੇ ਅਤੇ ਬਸਤਰਾਂ ਦੇ ਵੱਡੇ ਢੇਰ ਨਾਲ ਤੰਬੂਆਂ ਨੂੰ ਮੁੜ ਜਾਓ ਅਤੇ ਆਪਣੇ ਵੈਰੀਆਂ ਦੀ ਲੁੱਟ ਨੂੰ ਆਪਣੇ ਭਰਾਵਾਂ ਨਾਲ ਵੰਡ ਲਓ।
9ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਵਿੱਚੋਂ ਸ਼ੀਲੋਹ ਤੋਂ ਮੁੜ ਤੁਰਿਆ ਜਿਹੜਾ ਕਨਾਨ ਦੇਸ਼ ਵਿੱਚ ਹੈ ਭਈ ਓਹ ਗਿਲਆਦ ਦੇ ਦੇਸ ਨੂੰ ਆਪਣੀ ਜਗੀਰ ਵਿੱਚ ਜਾਣ ਜਿੱਥੇ ਉਨ੍ਹਾਂ ਨੂੰ ਮੂਸਾ ਦੇ ਰਾਹੀਂ ਯਹੋਵਾਹ ਦੇ ਹੁਕਮ ਅਨੁਸਾਰ ਕਬਜ਼ਾ ਦਿੱਤਾ ਗਿਆ ਸੀ।
10ਅਤੇ ਜਦ ਓਹ ਯਰਦਨ ਦੇ ਇਲਾਕਿਆਂ ਵਿੱਚ ਆਏ ਜਿਹੜੇ ਕਨਾਨ ਦੇਸ ਵਿੱਚ ਹਨ ਤਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਉੱਥੇ ਇੱਕ ਜਗਵੇਦੀ ਬਣਾਈ ਅਰਥਾਤ ਯਰਦਨ ਦੇ ਉੱਤੇ ਇੱਕ ਜਗਵੇਦੀ ਜਿਹੜੀ ਵੇਖਣ ਵਿੱਚ ਵੱਡੀ ਸਾਰੀ ਲੱਗੇ। ਕਨਾਨ ਦੇਸ ਦੇ ਸਾਹਮਣੇ ਯਰਦਨ ਦੇ ਇਲਾਕਿਆ ਦੀ ਸਾਰੀ ਮੰਡਲੀ
11ਤਾਂ ਇਸਰਾਏਲੀਆਂ ਨੇ ਸੁਣਿਆਂ ਕਿ ਵੇਖੋ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਕਨਾਨ ਦੇਸ ਦੇ ਸਾਹਮਣੇ ਯਰਦਨ ਦੇ ਇਲਾਕਿਆਂ ਵਿਚ ਜਗਵੇਦੀ ਦੇ ਪਾਸੇ ਵੱਲ ਬਣਾ ਲਈ ਹੈ।
12ਅਤੇ ਜਦ ਇਸਰਾਏਲੀਆਂ ਨੇ ਇਹ ਸੁਣਿਆ ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ ਕਿ ਉਨ੍ਹਾਂ ਨਾਲ ਜੁੱਧ ਕਰਨ ਲ�� ਚੜ੍ਹਾਈ ਕਰਨ।
13ਤਾਂ ਇਸਰਾਏਲੀਆਂ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਅਲਆਜ਼ਾਰ ਜਾਜਕ ਦੇ ਪੁੱਤ੍ਰ ਫ਼ੀਨਹਾਸ ਨੂੰ ਗਿਲਆਦ ਦੇ ਦੇਸ ਵਿੱਚ ਘੱਲਿਆ।
14ਅਤੇ ਦਸ ਪਰਧਾਨ ਉਸ ਦੇ ਨਾਲ ਇਸਰਾਏਲ ਦੇ ਪਿਉ ਦਾਦਿਆਂ ਦੇ ਘਰਾਣਿਆਂ ਦਿਆਂ ਕੁਲ ਗੋਤਾਂ ਦਾ ਇੱਕ ਇੱਕ ਪਰਧਾਨ ਅਤੇ ਹਰ ਮਨੁੱਖ ਆਪਣੇ ਪਿਉ ਦਾਦਿਆਂ ਦੇ ਘਰਾਣੇ ਦਾ ਅਤੇ ਇਸਰਾਏਲ ਦੇ ਹਜ਼ਾਰਾਂ ਦਾ ਸਰਦਾਰ ਸੀ।
15ਅਤੇ ਓਹਨਾਂ ਰਊਬੇਨੀਆਂ, ਗਾਦੀਆਂ, ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਗਿਲਆਦ ਨੂੰ ਜਾ ਕੇ ਓਹਨਾਂ ਨਾਲ ਗੱਲ ਕੀਤੀ।
16ਕਿ ਯਹੋਵਾਹ ਦੀ ਸਾਰੀ ਮੰਡਲੀ ਇਉਂ ਆਖਦੀ ਹੈ, ਏਹ ਕੀ ਬੇਈਮਾਨੀ ਹੈ ਜਿਹੜੀ ਤੁਸਾਂ ਇਸਰਾਏਲ ਦੇ ਪਰਮੇਸ਼ੁਰ ਦੇ ਵਿਰੁੱਧ ਕੀਤੀ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਗਏ ਹੋ ਅਤੇ ਆਪਣੇ ਲਈ ਇੱਕ ਜਗਵੇਦੀ ਬਣਾ ਲਈ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਆਕੀ ਹੋ ਜਾਓ?
17ਕੀ ਸਾਡੇ ਲਈ ਪਓਰ ਦੀ ਬੁਰਿਆਈ ਛੋਟੀ ਹੈ ਜਿਸ ਤੋਂ ਅਸਾਂ ਆਪਣੇ ਆਪ ਨੂੰ ਅਜੇ ਪਾਕ ਨਹੀਂ ਕੀਤਾ ਭਾਵੇਂ ਯਹੋਵਾਹ ਦੀ ਮੰਡਲੀ ਵਿੱਚ ਬਵਾ ਪੈ ਗਈ ਸੀ?
18ਕੀ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਤੁਰਨ ਤੋਂ ਮੁਕਰਦੇ ਹੋ? ਤਾਂ ਐਉਂ ਹੋਵੇਗਾ ਕਿ ਜੇ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਆਕੀ ਹੋਵੋਗੇ ਤਾਂ ਭਲਕੇ ਉਹ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਗੁੱਸੇ ਹੋ ਜਾਵੇਗਾ।
19ਤਾਂ ਵੀ ਜੇ ਤੁਹਾਡੀ ਆਪਣੀ ਜਗੀਰ ਦੀ ਧਰਤੀ ਅੱਸ਼ੁਧ ਹੋ ਗਈ ਹੋਵੇ ਤਾਂ ਤੁਸੀਂ ਯਹੋਵਾਹ ਦੀ ਮਿਲਖ ਦੇ ਦੇਸ ਨੂੰ ਲੰਘੋ ਜਿਥੇ ਯਹੋਵਾਹ ਦਾ ਡੇਹਰਾ ਟਿਕਿਆ ਹੋਇਆ ਹੈ ਅਤੇ ਸਾਡੇ ਵਿੱਚ ਮਿਲਖ ਲੈ ਲਓ ਪਰ ਨਾ ਯਹੋਵਾਹ ਤੋਂ ਆਕੀ ਹੋਵੋ ਅਤੇ ਨਾ ਸਾਥੋਂ ਆਕੀ ਹੋਵੋ ਕਿ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਦੇ ਬਿਨਾ ਕੋਈ ਹੋਰ ਆਪਣੇ ਲਈ ਜਗਵੇਦੀ ਬਣਾ ਲਓ।
20ਕੀ ਜ਼ਰਹ ਦੇ ਪੁੱਤ੍ਰ ਆਕਾਨ ਨੇ ਮਣਸੀਆਂ ਹੋਈਆਂ ਚੀਜ਼ਾਂ ਵਿੱਚ ਬੇਈਮਾਨੀ ਨਹੀਂ ਕੀਤੀ ਸੀ ਕਿ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਕ੍ਰੋਧ ਆ ਪਿਆ? ਅਤੇ ਉਹ ਮਨੁੱਖ ਇਕੱਲਾ ਹੀ ਆਪਣੀ ਬੁਰਿਆਈ ਵਿੱਚ ਨਾਸ ਨਹੀ ਹੋਇਆ ਸੀ।
21ਤਾਂ ਰਊਬੇਨੀਆਂ, ਗਾਦੀਆ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੂੰ ਉੱਤਰ ਦੇ ਕੇ ਇਹ ਗੱਲ ਕੀਤੀ।
22ਯਹੋਵਾਹ ਸਮਰਥ ਪਰਮੇਸ਼ੁਰ, ਹਾਂ, ਯਹੋਵਾਹ ਸਮਰਥ ਪਰਮੇਸ਼ੁਰ, ਉਹੀ ਜਾਣਦਾ ਹੈ ਅਤੇ ਇਸਰਾਏਲ ਵੀ ਜਾਣੇਗਾ ਕਿ ਜੇ ਆਕੀ ਹੋਣ ਵਿੱਚ ਅਥਵਾ ਯਹੋਵਾਹ ਦੇ ਵਿਰੁੱਧ ਬੇਈਮਾਨੀ ਕਰਨ ਵਿੱਚ ਕੁਝ ਹੋਇਆ ਹੋਵੇ ਤਾਂ ਅੱਜ ਦੇ ਦਿਨ ਸਾਨੂੰ ਨਾ ਛੱਡੋ।
23ਕਿ ਜੇ ਅਸਾਂ ਆਪਣੇ ਲਈ ਏਹ ਜਗਵੇਦੀ ਬਣਾਈ ਹੋਵੇ ਕਿ ਯਹੋਵਾਹ ਦੇ ਪਿੱਛੇ ਤੁਰਨ ਤੋਂ ਮੁੜ ਜਾਈਏ ਅਤੇ ਜੇ ਉਹ ਦੇ ਉੱਤੇ ਹੋਮ ਦੀਆਂ ਬਲੀਆਂ ਅਥਵਾ ਮੈਦੇ ਦੀਆਂ ਭੇਟਾਂ ਚੜ੍ਹਾਈਏ ਅਥਵਾ ਸੁਖ ਸਾਂਦ ਦੀਆਂ ਬਲੀਆਂ ਦੇਈਏ ਤਾਂ ਯਹੋਵਾਹ ਹੀ ਲੇਖਾ ਲਵੇ।
24ਅਥਵਾ ਅਸਾਂ ਏਸ ਗੱਲ ਦੇ ਡਰ ਨਾਲ ਏਹ ਨਹੀਂ ਕੀਤਾ ਕਿ ਆਉਣ ਵਾਲਿਆਂ ਸਮਿਆਂ ਵਿੱਚ ਤੁਹਾਡੇ ਪੁੱਤ੍ਰ ਸਾਡੇ ਪੁੱਤ੍ਰਾਂ ਨੂੰ ਆਖਣਗੇ ਕਿ ਤੁਹਾਨੂੰ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਕੀ ਕੰਮ ਹੈ?
25ਹੇ ਰੂਬੇਨੀਓ ਅਤੇ ਗਾਦੀਓ, ਯਹੋਵਾਹ ਨੇ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਯਰਦਨ ਹੱਦ ਠਹਿਰਾਈ ਹੈ ਸੋ ਤੁਹਾਡੇ ਲਈ ਯਹੋਵਾਹ ਵਿੱਚ ਕੋਈ ਹਿੱਸਾ ਨਹੀਂ। ਸ਼ਾਇਤ ਤੁਹਾਡੇ ਪੁੱਤ੍ਰਾਂ ਨੂੰ ਯਹੋਵਾਹ ਦਾ ਡਰ ਮੰਨਣ ਤੋਂ ਮੁਕਰਾ ਦੇਣ।
26ਏਸ ਲਈ ਅਸਾਂ ਆਖਿਆ ਕਿ ਅਸੀਂ ਆਪਣੇ ਲਈ ਜਗਵੇਦੀ ਬਣਾਈਏ, ਉਹ ਤਾਂ ਨਾ ਹੋਮ ਦੀਆਂ ਭੇਟਾਂ ਅਤੇ ਨਾ ਬਲੀਆਂ ਲਈ ਹੈ।
27ਸਗੋਂ ਉਹ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇੱਕ ਗਵਾਹੀ ਹੋਵੇਗੀ ਕਿ ਅਸੀਂ ਯਹੋਵਾਹ ਦੀ ਉਪਾਸਨਾ ਉਸ ਦੇ ਅੱਗੇ ਆਪਣੀਆਂ ਹੋਮ ਦੀਆਂ ਭੇਟਾਂ ਨਾਲ ਅਤੇ ਬਲੀਆਂ ਨਾਲ ਅਤੇ ਸੁਖ ਸਾਂਦ ਦੀਆਂ ਭੇਟਾਂ ਨਾਲ ਚੜ੍ਹਾਈਏ ਤਾਂ ਜੋ ਤੁਹਾਡੇ ਪੁੱਤ੍ਰ ਆਉਣ ਵਾਲਿਆਂ ਸਮਿਆਂ ਵਿੱਚ ਸਾਡੇ ਪੁੱਤ੍ਰਾਂ ਨੂੰ ਨਾ ਆਖਣ ਕਿ ਤੁਹਾਡੇ ਲਈ ਯਹੋਵਾਹ ਵਿੱਚ ਕੋਈ ਹਿੱਸਾ ਨਹੀਂ।
28ਤਾਂ ਅਸਾਂ ਆਖਿਆ ਕਿ ਐਉਂ ਹੋਵੇਗਾ ਕਿ ਜਦ ਓਹ ਸਾਨੂੰ ਯਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਉਂ ਆਖਣਗੇ ਤਾਂ ਅਸੀਂ ਆਖਾਂਗੇ, ਯਹੋਵਾਹ ਦੀ ਜਗਵੇਦੀ ਦਾ ਨਮੂਨਾ ਵੇਖੋ ਜਿਹੜੀ ਸਾਡੇ ਪਿਉ ਦਾਦਿਆਂ ਨੇ ਨਾ ਤਾਂ ਹੋਮ ਦੀ ਭੇਟਾਂ ਲਈ ਬਲੀਆਂ ਲਈ ਬਣਾਈ ਸੀ ਸਗੋਂ ਉਹ ਤੁਹਾਡੇ ਅਤੇ ਸਾਡੇ ਵਿੱਚਕਾਰ ਇੱਕ ਸਾਖੀ ਹੈ।
29ਏਹ ਸਾਥੋਂ ਦੂਰ ਹੋਵੇ ਜੇ ਅਸੀਂ ਯਹੋਵਾਹ ਦੇ ਵਿਰੁੱਧ ਆਕੀ ਹੋ ਕੇ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਜਾਈਏ ਅਤੇ ਇੱਕ ਜਗਵੇਦੀ ਹੋਮ ਦੀਆਂ ਅਤੇ ਮੈਦੇ ਦੀਆਂ ਭੇਟਾਂ ਲਈ ਅਤੇ ਬਲੀਆਂ ਲਈ ਬਣਾ ਲਈਏ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਤੋਂ ਬਿਨਾ ਜਿਹੜੀ ਉਸ ਦੇ ਡੇਹਰੇ ਦੇ ਸਾਹਮਣੇ ਹੈ।
30ਜਦ ਫ਼ੀਨਹਾਸ ਜਾਜਕ ਅਤੇ ਮੰਡਲੀ ਦੇ ਪਰਧਾਨਾਂ ਅਤੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੇ ਜਿਹੜੇ ਉਸ ਦੇ ਨਾਲ ਸਨ ਏਹ ਗੱਲਾਂ ਸੁਣੀਆਂ ਜਿਹੜੀਆਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੀਆਂ ਨੇ ਕੀਤੀਆਂ ਸਨ ਤਾਂ ਉਨ੍ਹਾਂ ਨੂੰ ਏਹ ਚੰਗਾ ਲੱਗਾ।
31ਅਤੇ ਅਲਆਜ਼ਾਰ ਜਾਜਕ ਦੇ ਪੁੱਤ੍ਰ ਫ਼ੀਨਹਾਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੀਆਂ ਨੂੰ ਆਖਿਆ ਭਈ ਅਸੀਂ ਜਾਣਦੇ ਹਾਂ ਭਈ ਅੱਜ ਦੇ ਦਿਨ ਯਹੋਵਾਹ ਸਾਡੇ ਵਿੱਚ ਹੈ ਕਿਉਂ ਜੋ ਤੁਸਾਂ ਏਹ ਬੇਈਮਾਨੀ ਯਹੋਵਾਹ ਦੇ ਵਿਰੁੱਧ ਨਹੀਂ ਕੀਤੀ। ਹੁਣ ਤੁਸਾਂ ਇਸਰਾਏਲੀਆਂ ਨੂੰ ਯਹੋਵਾਹ ਦੇ ਹੱਥੋਂ ਛੁਡਾ ਲਿਆ ਹੈ।
32ਅਲਆਜ਼ਾਰ ਜਾਜਕ ਦਾ ਪੁੱਤ੍ਰ ਫ਼ੀਨਹਾਸ ਅਤੇ ਓਹ ਪਰਧਾਨ ਰਊਬੇਨੀਆਂ ਅਤੇ ਗਾਦੀਆਂ ਤੋਂ ਗਿਲਆਦ ਦੇ ਦੇਸ ਵਿੱਚੋਂ ਕਨਾਨ ਦੇਸ ਨੂੰ ਇਸਰਾਏਲੀਆਂ ਕੋਲ ਮੁੜ ਆਏ ਅਤੇ ਉਨ੍ਹਾਂ ਨੂੰ ਖਬਰ ਦਿੱਤੀ।
33ਤਾਂ ਏਹ ਗੱਲ ਇਸਰਾਏਲੀਆਂ ਨੂੰ ਚੰਗੀ ਲੱਗੀ ਅਤੇ ਇਸਰਾਏਲੀਆਂ ਨੇ ਪਰਮੇਸ਼ੁਰ ਨੂੰ ਮੁਬਾਰਕ ਅਖਿਆ ਅਤੇ ਫੇਰ ਉਨ੍ਹਾਂ ਉੱਤੇ ਜੁੱਧ ਲਈ ਚੜ੍ਹਾਈ ਕਰਨ ਦੀਆਂ ਅਤੇ ਦੇਸ ਨੂੰ ਜਿੱਥੇ ਰਊਬੇਨੀ ਅਤੇ ਗਾਦੀ ਵੱਸਦੀ ਸਨ ਨਾਸ ਕਰਨ ਦੀਆਂ ਗੱਲਾਂ ਛੱਡ ਦਿੱਤੀਆਂ।
34ਤਾਂ ਰਊਬੇਨੀਆਂ ਅਤੇ ਗਾਦੀਆਂ ਨੇ ਉਸ ਜਗਵੇਦੀ ਨੂੰ “ਸਾਖੀ” ਆਖਿਆ ਕਿਉਂ ਜੋ ਸਾਡੇ ਵਿੱਚ ਏਹ ਸਾਖੀ ਹੈ ਭਈ ਯਹੋਵਾਹ ਹੀ ਪਰਮੇਸ਼ੁਰ ਹੈ।