Loading Bible Translation
First-time download in progress. This may take a few seconds…
Punjabi Bible Wordproject Bible
17 verses
1ਯਹੋਸ਼ੁਆ ਤੜਕੇ ਉੱਠਿਆ ਤਾਂ ਉਹ ਅਤੇ ਸਾਰੇ ਇਸਰਾਏਲੀ ਸ਼ਿੱਟੀਮ ਤੋਂ ਕੂਚ ਕਰ ਕੇ ਯਰਦਨ ਕੋਲ ਆਏ ਅਤੇ ਓਹ ਪਾਰ ਲੰਘਣ ਤੋਂ ਪਹਿਲਾਂ ਉੱਥੇ ਟਿਕ ਗਏ।
2ਤਾਂ ਐਉਂ ਹੋਇਆ ਕਿ ਤਿੰਨਾ ਦਿਨਾਂ ਦੇ ਪਿੱਛੋਂ ਹੁੱਦੇਦਾਰ ਡੇਰੇ ਦੇ ਵਿਚਕਾਰ ਦੀ ਲੰਘੇ।
3ਉਨ੍ਹਾਂ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਜਿਸ ਵੇਲੇ ਤੁਸੀਂ ਲੇਵੀਂ ਜਾਜਕਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦਾ ਸੰਦੂਕ ਚੁੱਕਿਆ ਹੋਇਆ ਵੇਖੋ ਤਾਂ ਤੁਸੀਂ ਆਪਣੇ ਅਸਥਾਨ ਤੋਂ ਕੂਚ ਕਰ ਕੇ ਉਹ ਦੇ ਮਗਰ ਮਗਰ ਚੱਲਿਓ।
4ਪਰ ਤੁਹਾਡੇ ਅਤੇ ਉਹ ਦੇ ਵਿੱਚਕਾਰ ਮਿਣਤੀ ਦੇ ਦੋ ਕੁ ਹਜ਼ਾਰ ਹੱਥ ਦੀ ਵਿੱਥ ਹੋਵੇ ਅਤੇ ਉਹ ਦੇ ਨੇੜੇ ਨਾ ਢੁੱਕਿਓ ਤਾਂ ਜੋ ਤੁਸੀਂ ਉਸ ਰਾਹ ਨੂੰ ਜਿੱਥੋਂ ਦੀ ਤੁਸੀਂ ਤੁਰਨਾ ਹੈ ਜਾਣੋ ਏਸ ਲਈ ਭਈ ਤੁਸੀਂ ਅੱਜ ਤੋਂ ਪਹਿਲਾਂ ਉਸ ਰਾਹ ਥਾਣੀ ਕਦੀ ਨਹੀਂ ਲੰਘੇ।
5ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਭਈ ਆਪਣੇ ਆਪ ਨੂੰ ਪਵਿੱਤਰ ਕਰੋਂ ਕਿਉਂ ਜੋ ਭਲਕੇ ਯਹੋਵਾਹ ਤੁਹਾਡੇ ਵਿੱਚ ਅਚੰਭਾ ਵਿਖਾਲੇਗਾ।
6ਫੇਰ ਯਹੋਸ਼ੁਆ ਨੇ ਜਾਜਕਾਂ ਨੂੰ ਆਖਿਆ ਕਿ ਤੁਸੀਂ ਨੇਮ ਦੇ ਸੰਦੂਕ ਨੂੰ ਚੁੱਕ ਕੇ ਲੋਕਾਂ ਦੇ ਅੱਗੇ ਅੱਗੇ ਪਾਰ ਲੰਘੋ ਤਾਂ ਉਨ੍ਹਾਂ ਨੇ ਨੇਮ ਦੇ ਸੰਦੂਕ ਨੂੰ ਚੁੱਕਿਆ ਅਤੇ ਲੋਕਾਂ ਦੇ ਅੱਗੇ ਅੱਗੇ ਤੁਰੇ।
7ਤਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਅੱਜ ਦੇ ਦਿਨ ਮੈਂ ਸਾਰੇ ਇਸਰਾਏਲ ਦੇ ਵੇਖਦਿਆਂ ਤੈਨੂੰ ਵਡਿਆਈ ਦੇਣ ਦਾ ਅਰੰਭ ਕਰਾਂਗਾ ਏਸ ਲਈ ਭਈ ਓਹ ਜਾਣਨ ਕਿ ਜਿਵੇਂ ਮੈਂ ਮੂਸਾ ਦੇ ਸੰਗ ਸੀ ਤਿਵੇਂ ਮੈਂ ਤੇਰੇ ਵੀ ਸੰਗ ਰਹਾਂਗਾ।
8ਅਤੇ ਤੂੰ ਓਹਨਾਂ ਜਾਜਕਾਂ ਨੂੰ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਦੇਹ ਭਈ ਜਦ ਤੁਸੀਂ ਯਰਦਨ ਦੇ ਪਾਣੀ ਦੇ ਕੰਢੇ ਉੱਤੇ ਅੱਪੜੋ ਤਾਂ ਤੁਸਾਂ ਯਰਦਨ ਦੇ ਵਿੱਚ ਖਲੋ ਜਾਣਾ।
9ਸੋ ਯਹੋਸ਼ੁਆ ਨੇ ਇਸਰਾਏਲੀਆਂ ਨੂੰ ਆਖਿਆ, ਉਰੇ ਆਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀਆਂ ਗੱਲਾਂ ਸੁਣੋ।
10ਤਾਂ ਯਹੋਸ਼ੁਆ ਨੇ ਆਖਿਆ ਕਿ ਹੁਣ ਤੁਸੀਂ ਏਸ ਤੋਂ ਜਾਣੋਗੇ ਭਈ ਜੀਉਂਦਾ ਪਰਮੇਸ਼ੁਰ ਤੁਹਾਡੇ ਵਿੱਚਕਾਰ ਹੈ ਅਤੇ ਉਹ ਕਨਾਨੀਆਂ, ਹਿੱਤੀਆਂ, ਹਿੱਵੀਆਂ, ਫਰਿੱਜ਼ੀਆਂ, ਗਿਰਗਾਸੀਆਂ, ਅਮੋਰੀਆਂ ਅਤੇ ਯਬੂਸੀਆਂ ਨੂੰ ਤੁਹਾਡੇ ਅੱਗੋਂ ਜ਼ਰੂਰ ਧੱਕ ਦੇਵੇਗਾ।
11ਵੇਖੋ, ਸਾਰੀ ਧਰਤੀ ਦੇ ਪ੍ਰਭੂ ਦੇ ਨੇਮ ਦਾ ਸੰਦੂਕ ਤੁਹਾਡੇ ਅੱਗੇ ਯਰਦਨ ਦੇ ਵਿੱਚੋਂ ਦੀ ਲੰਘਦਾ ਹੈ।
12ਹੁਣ ਤੁਸੀਂ ਬਾਰਾਂ ਜਣੇ ਇਸਰਾਏਲ ਦਿਆਂ ਗੋਤਾਂ ਵਿੱਚੋਂ ਇੱਕ ਇੱਕ ਗੋਤ ਪਿੱਛੇ ਇੱਕ ਇੱਕ ਮਨੁੱਖ ਆਪਣੇ ਲਈ ਲਓ।
13ਅਤੇ ਐਉਂ ਹੋਵੇਗਾ ਕਿ ਜਿਸ ਵੇਲੇ ਜਾਜਕਾਂ ਦੇ ਪੈਰਾਂ ਦੀਆਂ ਤਲੀਆਂ ਜਿਹੜੇ ਯਹੋਵਾਹ ਸਾਰੀ ਧਰਤੀ ਦੇ ਪ੍ਰਭੂ ਦਾ ਸੰਦੂਕ ਚੁੱਕਦੇ ਹਨ ਯਰਦਨ ਦਿਆਂ ਪਾਣੀਆਂ ਵਿੱਚ ਧਰੀਆਂ ਜਾਣ ਤਾਂ ਯਰਦਨ ਦੇ ਪਾਣੀ ਉਨ੍ਹਾਂ ਪਾਣੀਆਂ ਤੋਂ ਜਿਹੜੇ ਉੱਤੋਂ ਵਗਦੇ ਹਨ ਵੱਖਰੇ ਵੱਖਰੇ ਹੋ ਜਾਣਗੇ ਅਤੇ ਓਹ ਇੱਕ ਢੇਰ ਹੋ ਕੇ ਖਲੋ ਜਾਣਗੇ।
14ਤਾਂ ਐਉਂ ਹੋਇਆਂ ਜਦ ਲੋਕਾਂ ਨੇ ਆਪਣਿਆਂ ਤੰਬੂਆਂ ਤੋਂ ਕੂਚ ਕੀਤਾ ਭਈ ਯਰਦਨ ਦੇ ਪਾਰ ਲੰਘਣ ਅਤੇ ਜਾਜਕਾਂ ਨੇ ਲੋਕਾਂ ਦੇ ਅੱਗੇ ਅੱਗੇ ਨੇਮ ਦੇ ਸੰਦੂਕ ਨੂੰ ਚੁੱਕਿਆ ਹੋਇਆ ਸੀ।
15ਅਤੇ ਜਦ ਨੇਮ ਦੇ ਸੰਦੂਕ ਨੂੰ ਚੁੱਕਣ ਵਾਲੇ ਯਰਦਨ ਤੀਕ ਅੱਪੜੇ ਅਤੇ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ���ਨ ਓਹਨਾਂ ਜਾਜਕਾਂ ਦੇ ਪੈਰ ਕੰਢੇ ਦੇ ਪਾਣੀ ਵਿੱਚ ਡੁੱਬੇ ਕਿਉਂ ਜੋ ਯਰਦਨ ਦਾ ਦਰਿਆ ਫ਼ਸਲ ਵੱਡਣ ਦੇ ਸਮੇਂ ਵਿੱਚ ਆਪਣੇ ਸਾਰਿਆਂ ਕੰਢਿਆਂ ਉੱਤੇ ਚੜ੍ਹ ਜਾਂਦਾ ਸੀ।
16ਤਾਂ ਉੱਤੋਂ ਵਗਣ ਵਾਲੇ ਪਾਣੀ ਆਦਾਮ ਸ਼ਹਿਰ ਦੇ ਕੋਲ ਜਿਹੜਾ ਸਾਰਥਾਨ ਦੇ ਲਾਗੇ ਹੈ ਬਹੁਤ ਦੂਰੋਂ ਠਹਿਰ ਗਏ ਅਤੇ ਇੱਕ ਢੇਰ ਹੋ ਕੇ ਖਲੋ ਗਏ ਅਤੇ ਓਹ ਪਾਣੀ ਜਿਹੜੇ ਅਰਾਬਾਹ ਦੇ ਸਮੁੰਦਰ ਅਰਥਾਤ ਖਾਰੇ ਸਮੁੰਦਰ ਵੱਲ ਵਹਿੰਦੇ ਸਨ ਉੱਕੇ ਹੀ ਅੱਡ ਹੋ ਗਏ ਤਾਂ ਲੋਕ ਯਰੀਹੋ ਦੇ ਸਾਹਮਣੇ ਹੀ ਪਾਰ ਲੰਘੇ।
17ਅਤੇ ਓਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਯਰਦਨ ਦੇ ਵਿੱਚਕਾਰ ਸੁੱਕੀ ਧਰਤੀ ਉੱਤੇ ਪੱਕੇ ਪੈਰੀਂ ਖਲੋ ਗਏ ਅਤੇ ਸਾਰੇ ਇਸਰਾਏਲੀ ਸੁੱਕੀ ਧਰਤੀ ਉੱਤੋਂ ਦੀ ਲੰਘ ਗਏ ਜਦ ਤੀਕ ਸਾਰੀ ਕੌਮ ਯਰਦਨ ਦੇ ਪਾਰ ਲੰਘ ਨਾ ਚੁੱਕੀ।