Loading Bible Translation
First-time download in progress. This may take a few seconds…
Punjabi Bible Wordproject Bible
27 verses
1ਯਰੀਹੋ ਇਸਰਾਏਲੀਆਂ ਦੇ ਕਾਰਨ ਵੱਡੀ ਪਕਿਆਈ ਨਾਲ ਬੰਦ ਕੀਤਾ ਹੋਇਆ ਸੀ, ਨਾ ਤਾਂ ਕੋਈ ਅੰਦਰ ਆ ਸਕਦਾ ਸੀ, ਨਾ ਕੋਈ ਬਾਹਰ ਜਾ ਸੱਕਦਾ ਸੀ।
2ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਕਿ ਵੇਖ ਮੈਂ ਯਰੀਹੋ, ਉਸ ਦੇ ਰਾਜੇ ਅਤੇ ਉਸ ਦੇ ਸੂਰਬੀਰਾਂ ਨੂੰ ਤੇਰੇ ਹੱਥ ਦੇ ਦਿੱਤਾ ਹੈ।
3ਸੋ ਤੁਸੀਂ ਸਾਰੇ ਜੋਧੇ ਸ਼ਹਿਰ ਨੂੰ ਘੇਰ ਲਓ ਅਤੇ ਇੱਕ ਵੇਰ ਸ਼ਹਿਰ ਦੇ ਆਲੇ ਦੁਆਲੇ ਫਿਰੋ ਅਤੇ ਛੇਆਂ ਦਿਨਾਂ ਤੀਕ ਤੁਸਾਂ ਏਵੇਂ ਹੀ ਕਰਨਾ।
4ਸਭ ਜਾਜਕ ਸੰਦੂਕ ਦੇ ਅੱਗੇ ਮੈਢੇ ਦੇ ਸਿੰਙਾਂ ਦੀਆਂ ਸੱਤ ਤੁਰ੍ਹੀਆਂ ਲੈ ਜਾਣ ਅਤੇ ਤੁਸੀਂ ਸੱਤਵੇਂ ਦਿਨ ਸੱਤ ਵੇਰੀ ਸ਼ਹਿਰ ਦੇ ਦੁਆਲੇ ਫਿਰਿਓ ਅਤੇ ਜਾਜਕ ਤੁਰ੍ਹੀਆਂ ਵਜਾਉਣ।
5ਤਾਂ ਐਉਂ ਹੋਵੇਗਾ ਕਿ ਜਦ ਓਹ ਚਿਰ ਤੀਕ ਮੇਢੇ ਦੇ ਸਿੰਙਾਂ ਦੀਆਂ ਤੁਰ੍ਹੀਆਂ ਵਜਾਉਣ ਅਤੇ ਜਦ ਤੁਸੀਂ ਤੁਰ੍ਹੀ ਦੀ ਅਵਾਜ਼ ਸੁਣੋ ਤਾਂ ਸਾਰੇ ਲੋਕ ਵੱਡੇ ਜੋਰ ਨਾਲ ਜੈ ਕਾਰਾ ਗਜਾਉਣ। ਤਾਂ ਸ਼ਹਿਰ ਦਾ ਧੂੜਕੋਟ ਮੁੱਢ ਤੀਕ ਢਹਿ ਪਵੇਗਾ ਅਤੇ ਪਰਜਾ ਵਿੱਚੋਂ ਹਰ ਮਨੁੱਖ ਆਪਣੇ ਸਾਹਮਣੇ ਸਿੱਧਾ ਉਤਾਹਾਂ ਜਾਵੇਗਾ।
6ਤਾਂ ਨੂਨ ਦੇ ਪੁੱਤ੍ਰ ਯਹੋਸ਼ੁਆ ਨੇ ਜਾਜਕਾਂ ਨੂੰ ਬਲਾਇਆ ਅਤੇ ਉਨ੍ਹਾਂ ਆਖਿਆ, ਤੁਸੀ ਨੇਮ ਦੇ ਸੰਦੂਕ ਨੂੰ ਚੁੱਕ ਲਓ ਅਤੇ ਸੱਤ ਜਾਜਕ ਮੈਢੇ ਦਿਆਂ ਸਿੰਙਾਂ ਦੀਆਂ ਸੱਤ ਤੁਰ੍ਹੀਆਂ ਯਹੋਵਾਹ ਦੇ ਸੰਦੂਕ ਦੇ ਅੱਗੇ ਚੁੱਕ ਲੈਣ।
7ਫੇਰ ਉਸ ਨੇ ਉਨ੍ਹਾਂ ਲੋਕਾਂ ਨੂੰ ਆਖਿਆ, ਲੰਘੋ ਅਤੇ ਸ਼ਹਿਰ ਨੂੰ ਘੇਰ ਲਓ ਅਰ ਸ਼ਸਤਰ ਧਾਰੀ ਯਹੋਵਾਹ ਦੇ ਸੰਦੂਕ ਦੇ ਅੱਗੇ ਲੰਘਣ।
8ਅਤੇ ਐਉਂ ਹੋਇਆ ਕਿ ਜਦ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ ਤਾਂ ਸੱਤ ਜਾਜਕ ਮੇਢੇ ਦਿਆਂ ਸਿੰਙਾਂ ਦੀਆਂ ਸੱਤ ਤੁਰ੍ਹੀਆਂ ਲੈ ਕੇ ਯਹੋਵਾਹ ਦੇ ਅੱਗੇਂ ਦੀ ਲੰਘੇ ਅਤੇ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਯਹੋਵਾਹ ਦੇ ਨੇਮ ਦਾ ਸੰਦੂਕ ਉਨ੍ਹਾਂ ਦੇ ਮਗਰ ਆਉਂਦਾ ਸੀ।
9ਅਤੇ ਸ਼ਸਤਰ ਧਾਰੀ ਜਾਜਕਾਂ ਦੇ ਜਿਹੜੇ ਤੁਰ੍ਹੀਆਂ ਵਜਾਉਂਦੇ ਸਨ ਅੱਗੇ ਅੱਗੇ ਤੁਰੇ ਜਾਂਦੇ ਸਨ ਅਤੇ ਪਿੱਛਲੇ ਸੰਦੂਕ ਦੇ ਮਗਰ ਮਗਰ ਤੁਰੇ ਆਉਂਦੇ ਸਨ ਜਦ ਓਹ ਜਾਂਦੇ ਜਾਂਦੇ ਤੁਰ੍ਹੀਆਂ ਵਜਾਉਂਦੇ ਸਨ।
10ਤਾਂ ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਤੁਸਾਂ ਜੈ ਕਾਰਾ ਨਾ ਗਜਾਉਣਾ ਅਤੇ ਨਾ ਹੀ ਤੁਹਾਡੀ ਅਵਾਜ਼ ਸੁਣਾਈ ਦੇਵੇ ਅਤੇ ਤੁਹਾਡੇ ਮੂੰਹੋ ਕੋਈ ਗੱਲ ਨਾ ਨਿੱਕਲੇ ਜਿਸ ਦਿਨ ਤੀਕ ਕਿ ਮੈਂ ਤੁਹਾਨੂੰ ਜੈ ਕਾਰਾ ਗਜਾਉਣ ਨੂੰ ਨਾ ਆਖਾ, ਤਦ ਤੁਸੀਂ ਜੈ ਕਾਰਾ ਗਜਾਇਓ।
11ਉਪਰੰਤ ਯਹੋਵਾਹ ਦਾ ਸੰਦੂਕ ਸ਼ਹਿਰ ਦੇ ਦੁਆਲੇ ਇੱਕ ਵੇਰ ਭੌਂ ਆਇਆ ਤਾਂ ਓਹ ਡੇਰੇ ਵਿੱਚ ਮੁੜ ਆਏ ਅਤੇ ਡੇਰੇ ਵਿੱਚ ਰਾਤ ਰਹੇ।
12ਤਾਂ ਯਹੋਸ਼ੁਆ ਤੜਕੇ ਉੱਠਿਆ ਅਤੇ ਜਾਜਕਾਂ ਨੇ ਯਹੋਵਾਹ ਦਾ ਸੰਦੂਕ ਚੁੱਕ ਲਿਆ।
13ਅਤੇ ਸੱਤ ਜਾਜਕ ਮੇਢੇ ਦੇ ਸਿੰਙਾਂ ਦੀਆਂ ਸੱਤ ਤੁਰ੍ਹੀਆਂ ਲਈ ਯਹੋਵਾਹ ਦੇ ਸੰਦੂਕ ਦੇ ਅੱਗੇ ਅੱਗੇ ਤੁਰੇ ਜਾਂਦੇ ਸਨ ਅਤੇ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ ਅਤੇ ਸ਼ਸਤਰ ਧਾਰੀ ਉਨ੍ਹਾਂ ਦੇ ਅੱਗੇ ਤੁਰੇ ਜਾਂਦੇ ਸਨ। ਅਤੇ ਓਹ ਤੁਰ੍ਹੀਆਂ ਵਜਾਉਂਦੇ ਜਾਂਦੇ ਸਨ।
14ਓਹ ਦੂਜੇ ਦਿਨ ਫੇਰ ਇੱਕ ਵਾਰੀ ਸ਼ਹਿਰ ਦੇ ਦੁਆਲੇ ਫਿਰੇ ਅਤੇ ਡੇਰੇ ਵਿੱਚ ਮੁੜ ਆਏ। ਇਉਂ ਉਨ੍ਹਾਂ ਨੇ ਛੇ ਦਿਨ ਤੀਕ ਕੀਤਾ।
15ਅਤੇ ਐਉਂ ਹੋਇਆ ਕਿ ਸੱਤਵੇਂ ਦਿਨ ਓਹ ਤੜਕੇ ਹੀ ਦਿਨ ਚੜ੍ਹਨ ਦੇ ਵੇਲ�� ਉੱਠੇ ਅਤੇ ਓਵੇਂ ਹੀ ਸ਼ਹਿਰ ਦੇ ਦੁਆਲੇ ਸੱਤ ਵੇਰ ਫਿਰੇ। ਨਿਰਾ ਉੱਸੇ ਦਿਨ ਓਹ ਸ਼ਹਿਰ ਦੇ ਦੁਆਲੇ ਸੱਤ ਵੇਰ ਫਿਰੇ।
16ਤਾਂ ਸੱਤਵੀਂ ਵਾਰ ਐਉਂ ਹੋਇਆ ਕਿ ਜਦ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਯਹੋਸ਼ੁਆ ਨੇ ਲੋਕਾਂ ਨੂੰ ਆਖਿਆ, ਜੈ ਕਾਰਾ ਗਜਾਓ! ਕਿਉਂ ਜੋ ਯਹੋਵਾਹ ਨੇ ਏਹ ਸ਼ਹਿਰ ਤਹਾਨੂੰ ਦੇ ਦਿੱਤਾ ਹੈ?
17ਏਹ ਸ਼ਹਿਰ ਅਤੇ ਜੋ ਕੁਝ ਉਸ ਵਿੱਚ ਹੈ ਯਹੋਵਾਹ ਲਈ ਅਰਪਣ ਕੀਤਾ ਜਾਵੇਗਾ ਪਰ ਨਿਰੀ ਰਾਹਾਬ ਵੇਸਬਾ ਅਤੇ ਜੋ ਕੋਈ ਉਸ ਦੇ ਘਰ ਵਿੱਚ ਹਨ ਜੀਉਂਦੇ ਰਹਿਣਗੇ ਕਿਉਂ ਜੋ ਉਸ ਓਹਨਾਂ ਹਲਕਾਰਿਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਅਸਾਂ ਘੱਲਿਆ ਸੀ।
18ਪਰ ਤੁਸੀਂ ਵੱਡੇ ਜਤਨ ਨਾਲ ਆਪਣੇ ਆਪ ਨੂੰ ਮਣਸੀਆਂ ਹੋਇਆਂ ਚੀਜ਼ਾਂ ਤੋਂ ਬਚਾਈ ਰੱਖਿਓ ਮਤੇ ਤੁਸੀਂ ਅਰਪਣ ਕੀਤੇ ਹੋਏ ਵਿੱਚੋਂ ਲਓ ਅਤੇ ਇਉਂ ਤੁਸੀਂ ਇਸਰਾਏਲ ਦੇ ਡੇਰੇ ਨੂੰ ਸਰਾਪੀ ਬਣਾਓ ਅਤੇ ਉਸ ਨੂੰ ਦੁੱਖ ਦਿਓ।
19ਸਾਰੀ ਚਾਂਦੀ, ਸੋਨਾਂ, ਪਿੱਤਲ ਅਤੇ ਲੋਹੇ ਦੇ ਸਾਰੇ ਭਾਂਡੇ ਯਹੋਵਾਹ ਲਈ ਪਵਿੱਤ ਹਨ ਸੋ ਓਹ ਯਹੋਵਾਹ ਦੇ ਖਜ਼ਾਨੇ ਵਿੱਚ ਪਾਏ ਜਾਣਗੇ।
20ਲੋਕਾਂ ਨੇ ਜੈ ਕਾਰਾ ਗਜਾਇਆ ਅਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ ਤਾਂ ਐਉਂ ਹੋਇਆ ਕਿ ਜਦ ਲੋਕਾਂ ਨੇ ਤੁਰ੍ਹੀਆਂ ਦੀ ਅਵਾਜ਼ ਸੁਣੀ ਅਤੇ ਲੋਕ ਗੱਜ ਕੇ ਜੈ ਕਾਰਾ ਬੋਲੇ ਤਾਂ ਧੂੜਕੋਟ ਮੁੱਢ ਤੀਕ ਢੈਹ ਗਿਆ ਏਥੋਂ ਤੀਕ ਕਿ ਲੋਕਾਂ ਵਿੱਚੋਂ ਹਰ ਇੱਕ ਮਨੁੱਖ ਆਪਣੇ ਸਾਹਮਣੇ ਸਿੱਧਾ ਸ਼ਹਿਰ ਵਿੱਚ ਜਾ ਵੜਿਆ ਸੋ ਸ਼ਹਿਰ ਨੂੰ ਲੈ ਲਿਆ।
21ਅਤੇ ਉਨ੍ਹਾਂ ਨੇ ਓਹਨਾਂ ਸਾਰਿਆਂ ਨੂੰ ਜਿਹੜੇ ਸ਼ਹਿਰ ਵਿੱਚ ਸਨ ਕੀ ਮਨੁੱਖ ਕੀ ਤੀਵੀਂ, ਕੀ ਜੁਆਨ ਕੀ ਬੁੱਢਾ, ਕੀ ਬਲਦ ਕੀ ਭੇਡ ਕੀ ਖੋਤਾ, ਤੇਗ ਦੀ ਧਾਰ ਨਾਲ ਅਰਪਣ ਕਰ ਲਿਆ।
22ਪਰ ਯਹੋਸ਼ੁਆ ਨੇ ਉਨ੍ਹਾਂ ਦੋਹਾਂ ਮਨੁੱਖਾਂ ਨੂੰ ਜਿਹੜੇ ਉਸ ਦੇਸ ਦਾ ਖੋਜ ਕੱਢਣ ਗਏ ਸਨ ਆਖਿਆ ਕਿ ਉਸ ਬੇਸਵਾ ਦੇ ਘਰ ਜਾਓ ਅਤੇ ਉਸ ਤੀਵੀਂ ਨੂੰ ਅਰ ਜੋ ਕੁਝ ਉਸ ਦਾ ਹੈ ਬਾਹਰ ਲੈ ਆਓ ਜਿਵੇਂ ਤੁਸਾਂ ਉਸ ਨਾਲ ਸੌਂਹ ਖਾਧੀ ਸੀ।
23ਤਾਂ ਓਹ ਜੁਆਨ ਖੋਜੀ ਅੰਦਰ ਗਏ ਅਤੇ ਰਾਹਾਬ ਨੁੰ ਉਸ ਦੇ ਪਿਤਾ, ਮਾਤਾ ਅਤੇ ਭਾਰਾਵਾਂ ਨੂੰ ਅਤੇ ਉਸ ਦੇ ਨਿੱਕੜ ਸੁੱਕੜ ਨੂੰ ਬਾਹਰ ਲੈ ਆਏ, ਨਾਲੇ ਉਸ ਦਾ ਸਾਰਾ ਟੱਬਰ ਵੀ ਬਾਹਰ ਲੈ ਆਂਦਾ ਅਤੇ ਉਸ ਨੂੰ ਇਸਰਾਏਲੀਆਂ ਦੇ ਡੇਰੇ ਦੇ ਬਾਹਰ ਰੱਖਿਆ।
24ਫੇਰ ਉਨ੍ਹਾਂ ਨੇ ਉਸ ਸ਼ਹਿਰ ਨੂੰ ਅਤੇ ਜੋ ਕੁਝ ਉਸ ਵਿੱਚ ਸੀ ਸਾੜ ਸੁੱਟਿਆ ਪਰ ਚਾਂਦੀ, ਸੋਨਾ ਪਿੱਤਲ ਅਤੇ ਲੋਹੇ ਦੇ ਭਾਂਡੇ ਯਹੋਵਾਹ ਦੇ ਘਰ ਦੇ ਖਜ਼ਾਨੇ ਵਿੱਚ ਰੱਖ ਦਿੱਤੇ।
25ਤਾਂ ਯਹੋਸ਼ੁਆ ਨੇ ਰਾਹਾਬ ਵੇਸਵਾ ਦੀ ਅਤੇ ਉਸ ਦੇ ਪਿਉ ਦੇ ਟੱਬਰ ਦੀ ਓਹਨਾਂ ਸਭਨਾਂ ਸਣੇ ਜਿਹੜੇ ਉਸ ਦੇ ਸਨ ਜਾਨ ਬਚਾ ਦਿੱਤੀ ਅਤੇ ਉਸ ਦੀ ਵੱਸੋਂ ਅੱਜ ਤੀਕ ਇਸਰਾਏਲ ਦੇ ਵਿੱਚ ਹੈ ਇਸ ਲਈ ਕਿ ਜਿਨ੍ਹਾਂ ਹਲਕਾਰਿਆਂ ਨੂੰ ਯਹੋਸ਼ੁਆ ਨੇ ਯਰੀਹੋ ਦੀ ਖੋਜ ਕੱਢਣ ਲਈ ਘੱਲਿਆ ਸੀ ਉਸ ਨੇ ਲੁਕਾਇਆ ਸੀ।
26ਤਾਂ ਯਹੋਸ਼ੁਆ ਨੇ ਉਸ ਵੇਲੇ ਸੌਂਹ ਖਾਧੀ ਸੀ ਭਈ ਜੋ ਮਨੁੱਖ ਉੱਠ ਕੇ ਏਸ ਸ਼ਹਿਰ ਯਰੀਹੋ ਨੂੰ ਫੇਰ ਬਣਾਵੇ ਉਹ ਯਹੋਵਾਹ ਦੇ ਅੱਗੇ ਸਰਾਪੀ ਹੋਵੇ। ਉਹ ਆਪਣੇ ਪਲੋਠੇ ਉੱਤੇ ਉਹ ਦੀ ਨਿਉਂ ਰੱਖੇਗਾ ਅਤੇ ਆਪਣੇ ਛੋਟੇ ਪੁੱਤ੍ਰ ਉੱਤੇ ਉਹ ਦਾ ਬੂਹਾ ਲਾਵੇਗਾ।
27ਪਰ ਯਹੋਵਾਹ ਯਹੋਸ਼ੁਆ ਦੇ ਅੰਗ ਸੰਗ ਸੀ ਅਤੇ ਉਸ ਦੀ ਧੁੰਮ ਸਾਰੇ ਦੇਸ ਵਿੱਚ ਪੈ ਗਈ।