Loading Bible Translation
First-time download in progress. This may take a few seconds…
Punjabi Bible Wordproject Bible
31 verses
1ਉੱਸੇ ਦਿਨ ਦਬੋਰਾਹ ਤੇ ਅਬੀਨੋਅਮ ਦੇ ਪੁੱਤ੍ਰ ਬਾਰਾਕ ਨੇ ਇਉਂ ਗਾਇਆ, —
2ਇਸਰਾਏਲ ਦੇ ਸਰਦਾਰਾਂ ਦੀ ਸਰਦਾਰੀ ਲਈ, ਅਤੇ ਲੋਕਾਂ ਦੇ ਆਪੇ ਹੀ ਭਰਤੀ ਹੋਣ ਲਈ ਯਹੋਵਾਹ ਨੂੰ ਧੰਨ ਆਖੋ!
3ਹੇ ਰਾਜਿਓ, ਸੁਣੇ ਅਤੇ ਹੇ ਰਾਜ ਪੁੱਤ੍ਰੋ, ਕੰਨ ਲਾਓ! ਮੈਂ, ਹਾਂ, ਮੈਂ ਯਹੋਵਾਹ ਲਈ ਗਾਵਾਂਗੀ, ਮੈਂ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤ ਕਰਾਂਗੀ।
4ਹੇ ਯਹੋਵਾਹ, ਜਦ ਤੂੰ ਸੇਈਰ ਤੋਂ ਨਿੱਕਲਿਆ, ਜਦ ਤੂੰ ਅਦੋਮ ਦੀ ਭੂਮੀ ਤੋਂ ਤੁਰਿਆ, ਤਾਂ ਧਰਤੀ ਵੀ ਕੰਬ ਉੱਠੀ, ਅਕਾਸ਼ ਵੀ ਚੋ ਪਏ, ਘਟਾਂ ਤੋਂ ਵੀ ਕਣੀਆਂ ਵਰ੍ਹੀਆਂ।
5ਪਹਾੜ ਯਹੋਵਾਹ ਦੇ ਅੱਗਿਓਂ ਢਲ ਗਏ, ਏਹ ਸੀਨਈ ਵੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੇ ਅੱਗਿਓਂ।
6ਅਨਾਥ ਦੇ ਪੁੱਤ੍ਰ ਸ਼ਮਗਰ ਦੇ ਦਿਨਾਂ ਵਿੱਚ, ਯਾਏਲ ਦੇ ਦਿਨਾਂ ਵਿੱਚ ਸੜਕਾਂ ਵੇਹਲੀਆਂ ਰਹਿੰਦੀਆਂ ਸਨ, ਅਤੇ ਰਾਹੀ ਪੈਹਿਆਂ ਦੇ ਰਾਹ ਤੁਰਦੇ ਸਨ।
7ਇਸਰਾਏਲ ਵਿੱਚ ਆਗੂ ਮੁੱਕ ਗਏ, ਓਹ ਉੱਕਾ ਹੀ ਮੁੱਕ ਗਏ, ਜਦ ਤੀਕ ਮੈਂ, ਦਬੋਰਾਹ, ਨਾ ਉੱਠੀ, ਜਦ ਤੀਕ ਮੈਂ ਇਸਰਾਏਲ ਵਿੱਚ ਮਾਤਾ ਬਣ ਕੇ ਨਾ ਉੱਠੀ!
8ਉਨ੍ਹਾਂ ਨੇ ਨਵੇਂ ਦਿਓਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ। ਭਲਾ, ਇਸਰਾਏਲ ਦਿਆਂ ਚਾਲੀ ਹਜ਼ਾਰਾਂ ਵਿੱਚੋਂ ਇੱਕ ਢਾਲ ਯਾ ਇੱਕ ਬਰਛੀ ਵੀ ਦਿੱਸੀ?
9ਮੇਰਾ ਮਨ ਇਸਰਾਏਲ ਦੇ ਹਾਕਮਾਂ ਵੱਲ ਲੱਗਾ ਹੋਇਆ ਹੈ, ਜਿਨ੍ਹਾਂ ਨੇ ਆਪੋ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾਹ ਨੂੰ ਧੰਨ ਆਖੋ!
10ਹੇ ਬੱਗਿਆਂ ਖੋਤਿਆਂ ਉੱਤੇ ਚੜ੍ਹਨ ਵਾਲਿਓ! ਹੇ ਨਫ਼ੀਸ ਗਲੀਚਿਆਂ ਉੱਤੇ ਬੈਠਣ ਵਾਲਿਓ! ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਏਹ ਦਾ ਚਰਚਾ ਕਰੋ!
11ਬਾਉਲੀਆਂ ਉੱਤੇ ਤੀਰ-ਬਾਜ਼ਾਂ ਦੀ ਆਵਾਜ਼ ਤੋਂ ਦੂਰ, ਉੱਥੇ ਓਹ ਯਹੋਵਾਹ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, —ਇਸਰਾਏਲ ਵਿੱਚ ਉਹ ਦੇ ਧਰਮੀ ਕੰਮਾਂ ਨੂੰ। ਤਦ ਯਹੋਵਾਹ ਦੇ ਲੋਕ ਫਾਟਕਾਂ ਕੋਲ ਗਏ।
12ਜਾਗ ਜਾਗ, ਹੇ ਦਬੋਰਾਹ, ਜਾਗ ਜਾਗ ਤੇ ਗੀਤ ਗਾ! ਉੱਠ, ਹੇ ਬਾਰਾਕ ਅਬੀਨੋਅਮ ਦੇ ਪੁੱਤ੍ਰ! ਅਤੇ ਆਪਣੇ ਬੰਧੂਆਂ ਨੂੰ ਬੰਨ੍ਹ।
13ਤਦ ਮੁਖੀਆਂ ਦੇ ਬਕੀਏ ਨੇ ਪਰਜਾ ਦੇ ਉੱਤੇ ਰਾਜ ਕੀਤਾ, ਯਹੋਵਾਹ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ।
14ਇਫ਼ਰਾਈਮ ਵਿੱਚੋਂ ਓਹ ਆਏ ਜਿਨ੍ਹਾਂ ਦੀ ਜੜ੍ਹ ਅਮਾਲੇਕ ਵਿੱਚ ਸੀ, ਤੇਰੇ ਪਿੱਛੇ, ਹੇ ਬਿਨਯਾਮੀਨ, ਤੇਰੇ ਲੋਕਾਂ ਵਿੱਚ। ਮਾਕੀਰ ਵਿੱਚੋਂ ਹਾਕਮ ਉਤਰ ਆਏ, ਅਤੇ ਜ਼ਬੂਲੁਨ ਵਿੱਚੋਂ ਓਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ।
15ਅਤੇ ਯਿੱਸਾਕਾਰ ਦੇ ਸਰਦਾਰ ਦਬੋਰਾਹ ਦੇ ਨਾਲ ਸਨ, ਯਿੱਸਾਕਾਰ ਤੇ ਬਾਰਾਕ ਵੀ। ਉਹ ਖੱਡ ਵਿੱਚ ਪੈਦਲ ਘੱਲਿਆ ਗਿਆ। ਰਊਬੇਨ ਦੇ ਜਥਿਆਂ ਵਿੱਚ ਵੱਡੀਆਂ ਵੱਡੀਆਂ ਚਿਤਮਣੀਆਂ ਹੋਈਆਂ।
16ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ? ਇੱਜੜਾਂ ਦੇ ਮਿਆਂਕਣੇ ਨੂੰ ਸੁਣਨ ਲਈ? ਰਊਬੇਨ ਦੇ ਜਥਿਆਂ ਲਈ ਵੱਡੀਆਂ ਵੱਡੀਆਂ ਚਿਤਮਣੀਆਂ ਹੋਈਆਂ।
17ਗਿਲਆਦ ਯਰਦਨ ਪਾਰ ਵੱਸਿਆ, ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ? ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵੱਸਿਆ, ਅਤੇ ਆਪਣੇ ਘਾਟਾਂ ਵਿੱਚ ਬੈਠਾ ਰਿਹਾ।
18ਜ਼ਬੂਲੁਨ ਅਤੇ ਨਫ਼ਤਾਲੀ ਓਹ ਲੋਕ ਸਨ ਜਿਨ੍ਹਾਂ ਨੇ ਰੜੇ ਦਿਆਂ ਉੱਚਿਆਂ ਥਾਵਾਂ ਉੱਤੇ ਆਪਣਿਆਂ ਪ੍ਰਾਣਾਂ ਨੂੰ ਤੁੱਛ ਜਾਣਿਆ।
19ਰਾਜੇ ਆਣ ਕੇ ਲੜੇ, ਤਦ ਕਨਾਨ ਦੇ ਰਾਜੇ ਲੜੇ, ਤਆਨਾਕ ਵਿੱਚ ਮਗਿੱਦੋ ਦੇ ਪਾਣੀਆਂ ਕੋਲ, —ਉਨ੍ਹਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ।
20ਓਹ ਅਕਾਸ਼ੋਂ ਲੜੇ, ਤਾਰੇ ਆਪਣੀਆਂ ਦੌੜ੍ਹਾਂ ਵਿੱਚ ਸੀਸਰਾ ਨਾਲ ਲੜੇ।
21ਕੀਸ਼ੋਨ ਦੀ ਨਦੀ ਉਨ੍ਹਾਂ ਨੂੰ ਰੋੜ੍ਹ ਕੇ ਲੈ ਗਈ—ਉਹ ਪੁਰਾਣੀ ਨਦੀ, ਕੀਸ਼ੋਨ ਦੀ ਨਦੀ। ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ!
22ਤਦ ਘੋੜਿਆਂ ਦੇ ਖੁਰ ਟਾਪਾਂ ਮਾਰਦੇ ਸਨ, ਬਲਵਾਨਾਂ ਦੇ ਕੁੱਦ ਕੁੱਦਣ ਤੋਂ।
23ਮੇਰੋਜ਼ ਨੂੰ ਸਰਾਪ ਦਿਓ, ਯਹੋਵਾਹ ਦੇ ਦੂਤ ਨੇ ਆਖਿਆ, ਉਹ ਦੇ ਵਸਨੀਕਾਂ ਨੂੰ ਕਰੜਾ ਸਰਾਪ ਦਿਓ! ਕਿਉਂ ਜੋ ਓਹ ਯਹੋਵਾਹ ਦੀ ਸਹਾਇਤਾ ਨੂੰ ਨਾ ਆਏ, ਯਹੋਵਾਹ ਦੀ ਸਹਾਇਤਾ ਨੂੰ ਸੂਰਬੀਰਾਂ ਦੇ ਵਿਰੁੱਧ।
24ਹਬਰ ਕੇਨੀ ਦੀ ਤੀਵੀਂ ਯਾਏਲ ਸਭਨਾਂ ਤੀਵੀਆਂ ਨਾਲੋਂ ਮੁਬਾਰਕ ਹੋਵੇ, ਉਸ ਤੰਬੂ ਦੀਆਂ ਤੀਵੀਆਂ ਨਾਲੋਂ ਮੁਬਾਰਕ!
25ਉਹ ਨੇ ਪਾਣੀ ਮੰਗਿਆ, ਉਸ ਨੇ ਦੁੱਧ ਦਿੱਤਾ, ਉਹ ਧਨੀਆਂ ਦੇ ਥਾਲ ਵਿੱਚ ਦਹੀਂ ਲਿਆਈ।
26ਉਸ ਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ, ਅਤੇ ਆਪਣਾ ਸੱਜਾ ਹੱਥ ਕਾਰੀਗਰ ਦੀ ਮੁੰਗਲੀ ਉੱਤੇ ਅਤੇ ਸੀਸਰਾ ਨੂੰ ਠੋਕਿਆ, ਉਹ ਦੇ ਸਿਰ ਨੂੰ ਭੰਨ ਸੁੱਟਿਆ, ਉਹ ਦੀ ਪੁੜਪੁੜੀ ਨੂੰ ਦੁਸਾਰ ਪਾਰ ਵਿੰਨ੍ਹ ਦਿੱਤਾ!
27ਉਸ ਦੇ ਪੈਰਾਂ ਵਿੱਚ ਉਹ ਨਿਵਿਆ, ਉਹ ਡਿੱਗਿਆ, ਉਹ ਲੰਮਾ ਪਿਆ। ਉਸ ਦੇ ਪੈਰਾਂ ਵਿੱਚ ਉਹ ਨਿਵਿਆ, ਉਹ ਡਿੱਗ ਪਿਆ, ਜਿੱਥੇ ਉਹ ਨਿਵਿਆ ਉੱਥੇ ਹੀ ਉਹ ਮੁਰਦਾ ਡਿੱਗਿਆ।
28ਸੀਸਰਾ ਦੀ ਮਾਤਾ ਬਾਰੀ ਵਿੱਚੋਂ ਝਾਕ ਮਾਰ ਕੇ ਝਰੋਖੇ ਵਿੱਚੋਂ ਚਿੱਲਾਈ, ਉਹ ਦੇ ਰਥ ਦੇ ਆਉਣ ਵਿੱਚ ਇੱਡਾ ਚਿਰ ਕਿਉਂ ਲੱਗਾ? ਉਹ ਦੇ ਰਥਾਂ ਦੇ ਪਹੀਏ ਢਿੱਲ ਕਿਉਂ ਲਾਉਂਦੇ ਹਨ?
29ਉਹ ਦੀਆਂ ਸਿਆਣੀਆਂ ਸਰਦਾਰਨੀਆਂ ਨੇ ਉਹ ਨੂੰ ਉੱਤਰ ਦਿੱਤਾ, ਸਗੋਂ ਉਸ ਨੇ ਆਪਣੇ ਆਪ ਨੂੰ ਉੱਤਰ ਦਿੱਤਾ,
30ਭਲਾ, ਓਹ ਨਹੀਂ ਲੁੱਟ ਪਾ ਪਾ ਕੇ ਉਹ ਨੂੰ ਵੰਡਦੇ ਹਨ, ਇੱਕ ਇੱਕ ਵੀਰ ਨੂੰ ਇੱਕ ਦੋ ਕੁੜੀਆਂ, ਅਤੇ ਸੀਸਰਾ ਨੂੰ ਰੰਗ ਬਰੰਗੇ ਬਸਤਰ ਦੀ ਲੁੱਟ? ਰੰਗ ਬਰੰਗੇ ਕੱਢਿਆਂ ਹੋਇਆਂ ਬਸਤਰਾਂ ਦੀ ਲੁੱਟ? ਲੁੱਟੇ ਹੋਇਆਂ ਦੀਆਂ ਧੌਣਾਂ ਦਾ ਦੋ ਪਾਸਾ ਕੰਢਿਆ ਹੋਇਆ ਰੰਗ ਬਰੰਗਾ ਬਸਤਰ?
31ਇਸੇ ਤਰਾਂ, ਹੇ ਯਹੋਵਾਹ, ਤੇਰੇ ਸਾਰੇ ਵੈਰੀ ਨਾਸ ਹੋ ਜਾਣ! ਪਰ ਉਹ ਦੇ ਪ੍ਰੇਮੀ ਸੂਰਜ ਵਾਂਗਰ ਹੋਣ, ਜਦ ਉਹ ਆਪਣੇ ਬਲ ਨਾਲ ਚੜ੍ਹਦਾ ਹੈ। ਅਤੇ ਦੇਸ ਨੂੰ ਚਾਲੀ ਵਰਹੇ ਸੁਖ ਰਿਹਾ।