Loading Bible Translation
First-time download in progress. This may take a few seconds…
Punjabi Bible Wordproject Bible
16 verses
1ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
2ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਪਰਵਾਰ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਆਖੋ, ਜਿਹੜੀ ਗੱਲ ਦੀ ਯਹੋਵਾਹ ਨੇ ਆਗਿਆ ਦਿੱਤੀ ਹੈ ਸੋ ਇਹ ਹੈ।
3ਭਾਵੇਂ ਕੋਈ ਮਨੁੱਖ ਇਸਰਾਏਲ ਦੇ ਘਰਾਣੇ ਤੋਂ ਹੋਵੇ, ਜੋ ਬਲਦ, ਯਾ ਲੇਲਾ, ਯਾ ਬੱਕਰਾ ਡੇਰੇ ਵਿੱਚ ਕੱਟ ਸੁੱਟੇ ਯਾ ਡੇਰੇ ਤੋਂ ਬਾਹਰ ਕੱਟੇ।
4ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਯਹੋਵਾਹ ਦੇ ਅੱਗੇ, ਯਹੋਵਾਹ ਦੇ ਡੇਹਰੇ ਦੇ ਅੱਗੇ ਬਲੀ ਚੜ੍ਹਾਉਣ ਨੂੰ ਉਸ ਨੂੰ ਨਾ ਲਿਆਵੇ, ਓਸ ਦੇ ਜੁੰਮੇ ਖੂੰਨ ਗਿਣਿਆ ਜਾਏ। ਉਸ ਨੇ ਲਹੂ ਬਹਾਇਆ ਅਤੇ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
5ਏਸ ਕਰਕੇ ਜੋ ਇਸਰਾਏਲੀਆਂ ਆਪਣੀਆਂ ਬਲੀਆਂ ਨੂੰ ਜੋ ਓਹ ਖੁਲ੍ਹੇ ਰੜੇ ਵਿੱਚ ਚੜ੍ਹਾਉਂਦੇ ਹਨ ਲਿਆਉਣ ਭਈ ਓਹ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਜਾਜਕ ਦੇ ਅੱਗੇ ਲਿਆਉਣ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਭੇਟਾਂ ਕਰਕੇ ਚੜ੍ਹਾਉਣ।
6ਅਤੇ ਜਾਜਕ ਉਸ ਲਹੂ ਨੂੰ ਯਹੋਵਾਹ ਦੀ ਜਗਵੇਦੀ ਦੇ ਉੱਤੇ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਛਿਣਕੇ ਅਤੇ ਚਰਬੀ ਨੂੰ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਸਾੜੇ।
7ਅਤੇ ਉਹ ਫੇਰ ਕਦੀ ਆਪਣੀਆਂ ਬਲੀਆਂ ਭੂਤ ਬੱਕਰਿਆਂ ਦੇ ਅੱਗੇ ਜਿਨ੍ਹਾਂ ਦੇ ਮਗਰ ਉਹ ਲੱਗ ਕੇ ਜਨਾਹ ਕਰਦੇ ਸਨ ਨਾ ਚੜ੍ਹਾਉਣ, ਇਹ ਉਨ੍ਹਾਂ ਦੇ ਲਈ ਉਨ੍ਹਾਂ ਦੀਆਂ ਪੀੜ੍ਹੀਆਂ ਤੋੜੀ ਇੱਕ ਸਦਾ ਦੀ ਬਿਧੀ ਹੋਵੇ।
8ਤੈਂ ਉਨ੍ਹਾਂ ਨੂੰ ਇਸ ਤਰਾਂ ਆਖਣਾ, ਭਾਵੇਂ ਇਸਰਾਏਲ ਦੇ ਘਰਾਣੇ ਦਾ ਕੋਈ ਮਨੁੱਖ ਹੋਵੇ, ਯਾ ਓਪਰਿਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਰਹਿੰਦੇ ਹਨ, ਜਿਹੜਾ ਹੋਮ ਦੀ ਭੇਟ, ਯਾ ਬਲੀ ਚੜ੍ਹਾਵੇ।
9ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਬੂਹੇ ਦੇ ਕੋਲ ਯਹੋਵਾਹ ਦੇ ਅੱਗੇ ਚੜ੍ਹਾਉਣ ਲਈ ਉਸ ਨੂੰ ਨਾ ਲਿਆਵੇ, ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਏ।
10ਅਤੇ ਭਾਵੇਂ ਕੋਈ ਮਨੁੱਖ ਇਸਰਾਏਲ ਦੇ ਘਰਾਣੇ ਦਾ ਹੋਵੇ, ਯਾ ਉਨ੍ਹਾਂ ਓਪਰਿਆਂ ਵਿੱਚੋਂ ਜੋ ਤੁਹਾਡੇ ਵਿੱਚ ਵੱਸਦੇ ਹਨ ਜਿਹੜਾ ਕਿਸੇ ਪਰਕਾਰ ਦਾ ਲਹੂ ਖਾਵੇ ਤਾਂ ਜਿਹੜਾ ਲਹੂ ਖਾਵੇ, ਮੈਂ ਓਸ ਪ੍ਰਾਣੀ ਦਾ ਵਿਰੋਧੀ ਬਣਾਂਗਾ ਅਤੇ ਉਸ ਨੂੰ ਉਸ ਦਿਆਂ ਲੋਕਾਂ ਵਿੱਚੋਂ ਛੇਕ ਦਿਆਂਗਾ।
11ਕਿਉਂ ਜੋ ਸਰੀਰ ਦੀ ਜਿੰਦ ਉਸ ਦੇ ਲਹੂ ਵਿੱਚ ਹੈ ਅਤੇ ਮੈਂ ਉਸ ਨੂੰ ਜਗਵੇਦੀ ਦੇ ਉੱਤੇ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਕਰਨ ਲਈ ਤੁਹਾਨੂੰ ਦਿੱਤਾ ਹੈ, ਕਿਉਂ ਕਿ ਜਿਹੜਾ ਪ੍ਰਾਸਚਿਤ ਕਰਦਾ ਹੈ ਸੋ ਜਿੰਦ ਦੇ ਕਾਰਨ ਲਹੂ ਹੈ।
12ਇਸ ਲਈ ਮੈਂ ਇਸਰਾਏਲੀਆਂ ਨੂੰ ਆਖਿਆ, ਜੋ ਤੁਹਾਡੇ ਵਿੱਚੋਂ ਕੋਈ ਪ੍ਰਾਣੀ ਲਹੂ ਨਾ ਖਾਵੇ, ਨਾ ਕੋਈ ਓਪਰਾ ਜੋ ਤੁਹਾਡੇ ਵਿਚਕਾਰ ਵੱਸਦਾ ਹੈ ਲਹੂ ਖਾਵੇ।
13ਅਤੇ ਭਾਵੇਂ ਕੋਈ ਮਨੁੱਖ ਇਸਰਾਏਲੀਆਂ ਦਾ ਹੋਵੇ ਯਾ ਓਪਰਿਆਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ ਜਿਹੜਾ ਸ਼ਿਕਾਰ ਕਰਕੇ ਕਿਸੇ ਖਾਣ ਜੋਗ ਪਸੂ ਯਾ ਪੰਛੀ ਨੂੰ ਫੜ ਲਵੇ, ਉਹ ਉਸ ਦਾ ਲਹੂ ਕੱਢ ਕੇ ਉਸ ਨੂੰ ਮਿੱਟੀ ਨਾਲ ਕੱਜੇ।
14ਕਿਉਂ ਜੋ ਉਹ ਸਾਰੇ ਮਾਸ ਦੀ ਜਿੰਦ ਹੈ, ਉਸ ਦਾ ਲਹੂ ਉਸ ਦੀ ਜਿੰਦ ਦੇ ਲਈ ਹੈ, ਇਸ ਲਈ ਮੈਂ ਇਸਰਾਏਲੀਆਂ ਨੂੰ ਆਖਿਆ, ਤੁਸਾਂ ਕਿਸੇ ਪਰਕਾਰ ਦੇ ਮਾਸ ਦਾ ਲਹੂ ਨਾ ਖਾਣਾ ਕਿਉਂ ਜੋ ਸਾਰੇ ਮਾਸ ਦੀ ਜਿੰਦ ਉਸ ਦਾ ਲਹੂ ਹੈ। ਜਿਹੜਾ ਉਸ ਨੂੰ ਖਾਵੇ ਉਹ ਛੇਕਿਆ ਜਾਵੇ।
15ਅਤੇ ਜਿਹੜਾ ਪ੍ਰਾਣੀ ਉਸ ਨੂੰ ਜੋ ਆਪੇ ਮਰ ਗਿਆ ਹੋਵੇ ਯਾ ਉਸ ਨੂੰ ਜਿਹੜਾ ਪਸੂਆਂ ਨੇ ਪਾੜਿਆ ਹੋਵੇ ਉਹ ਖਾਵੇ, ਭਾਵੇਂ ਆਪਣੇ ਦੇਸ ਦਾ, ਭਾਵੇਂ ਓਪਰਾ ਹੋਵੇ ਤਾਂ ਉਹ ਨਾਲੇ ਆਪਣੇ ਲੀੜੇ ਧੋਵੇ, ਨਾਲੇ ਪਾਣੀ ਵਿੱਚ ਨ੍ਹਾਵੇ, ਅਤੇ ਸੰਧਿਆ ਤੋੜੀ ਅਸ਼ੁੱਧ ਰਹੇ, ਫੇਰ ਉਹ ਸ਼ੁੱਧ ਬਣੇ।
16ਪਰ ਜੇ ਉਹ ਨਾ ਧੋਵੇ ਨਾ ਨ੍ਹਾਵੇ ਤਾਂ ਉਸ ਦਾ ਦੋਸ਼ ਉਸ ਦੇ ਜੁੰਮੇ ਹੈ।