Loading Bible Translation
First-time download in progress. This may take a few seconds…
Punjabi Bible Wordproject Bible
46 verses
1ਤੁਸਾਂ ਆਪਣੇ ਲਈ ਕੋਈ ਠਾਕੁਰ ਨਾ ਬਣਾਉਣਾ, ਨਾ ਆਪਣੇ ਲਈ ਕੋਈ ਉੱਕਰੀ ਹੋਈ ਮੂਰਤ ਯਾਂ ਥੰਮ੍ਹ ਖੜ੍ਹਾ ਕਰਨਾ, ਅਤੇ ਨਾ ਆਪਣੇ ਦੇਸ ਵਿੱਚ ਕੋਈ ਪੱਥਰ ਦੀ ਮੂਰਤ ਉਸ ਦੇ ਅੱਗੇ ਨਿਉਣ ਲਈ ਰੱਖਣੀ, ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
2ਤੁਸਾਂ ਮੇਰਿਆਂ ਸਬਤਾਂ ਦੀ ਮਨਾਉਤਾ ਕਰਨੀ ਅਤੇ ਮੇਰੇ ਪਵਿੱਤ੍ਰ ਅਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।
3ਜੇ ਤੁਸਾਂ ਮੇਰੀਆਂ ਬਿਧਾਂ ਵਿੱਚ ਚੱਲ ਕੇ ਮੇਰੇ ਹੁਕਮਾਂ ਨੂੰ ਮੰਨੋਗੇ ਅਤੇ ਪੂਰਾ ਕਰੋਗੇ
4ਤਾਂ ਮੈਂ ਤੁਹਾਨੂੰ ਵੇਲੇ ਸਿਰ ਮੀਂਹ ਦੇਵਾਂਗਾ ਅਤੇ ਧਰਤੀ ਆਪਣੀ ਖੱਟੀ ਦੇਵੇਗੀ ਅਤੇ ਧਰਤੀ ਦੇ ਬਿਰਛ ਫਲ ਉਗਾਉਣਗੇ।
5ਅਤੇ ਤੁਹਾਡਾ ਗਾਹ ਪਾਉਣਾ ਦਾਖਾਂ ਦੇ ਤੋੜਨ ਤਾਈਂ ਰਹੇਗਾ ਅਤੇ ਦਾਖਾਂ ਦਾ ਤੋੜਨਾ ਬੀਜਣ ਦੇ ਵੇਲੇ ਤਾਈਂ ਰਹੇਗਾ ਅਤੇ ਤੁਸੀਂ ਰੋਟੀ ਰੱਜਕੇ ਖਾਓਗੇ ਅਤੇ ਆਪਣੇ ਦੇਸ ਵਿੱਚ ਸੁਖ ਨਾਲ ਰਹੋਗੇ।
6ਅਤੇ ਮੈਂ ਉਸ ਦੇਸ ਵਿੱਚ ਸੁਖ ਬਖਸ਼ਾਗਾ ਅਤੇ ਤੁਸੀ ਲੰਮੇ ਪਓਗੇ ਅਤੇ ਕੋਈ ਤੁਹਾਨੂੰ ਉਦਰਾਵੇਗਾ ਨਹੀਂ ਅਤੇ ਮੈਂ ਮਾੜੇ ਦਰਿੰਦੇ ਦੇਸ ਵਿੱਚੋਂ ਕੱਢਾਂਗਾ ਅਤੇ ਤਲਵਾਰ ਤੁਹਾਡੇ ਦੇਸ ਵਿੱਚੋਂ ਨਾ ਲੰਘੇਗੀ।
7ਅਤੇ ਤੁਸੀਂ ਆਪਣੇ ਵੈਰੀਆਂ ਨੂੰ ਭਜਾਓਗੇ ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ।
8ਅਤੇ ਪੰਜ ਤੁਹਾਡੇ ਵਿੱਚੋਂ ਸੌ ਨੂੰ ਭਜਾਉਣਗੇ ਅਤੇ ਸੌ ਤੁਹਾਡੇ ਵਿੱਚੋਂ ਦਸ ਹਜਾਰ ਨੂੰ ਭਜਾਉਣਗੇ ਅਤੇ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ।
9ਮੈਂ ਤੁਹਾਡੀ ਵੱਲ ਧਿਆਨ ਕਰਾਂਗਾ ਅਤੇ ਤੁਹਾਨੂੰ ਫਲਾਵਾਂਗਾ ਅਤੇ ਤੁਹਾਨੂੰ ਵਧਾਵਾਂਗਾ ਅਤੇ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ।
10ਅਤੇ ਤੁਸੀਂ ਪੁਰਾਣਿਆਂ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣਿਆਂ ਪਦਾਰਥਾਂ ਨੂੰ ਕੱਢੋਗੇ।
11ਅਤੇ ਮੈਂ ਆਪਣਾ ਡੇਹਰਾ ਤੁਹਾਡੇ ਵਿੱਚ ਖਲਿਆਰਾਂਗਾ ਅਤੇ ਮੇਰਾ ਜੀ ਤੁਹਾਨੂੰ ਮਾੜੇ ਨਾ ਸਮਝੇਗਾ।
12ਅਤੇ ਮੈਂ ਤੁਹਾਡੇ ਨਾਲ ਹੀ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਬਣਾਂਗਾ ਅਤੇ ਤੁਸੀਂ ਮੇਰੇ ਲੋਕ ਬਣੋਗੇ।
13ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੂਹਾਨੂੰ ਮਿਸਰ ਦੇ ਦੇਸੋਂ ਕੱਢ ਲਿਆਇਆ ਜੋ ਤੁਸੀਂ ਉਨ੍ਹਾਂ ਦੇ ਦਾਸ ਨਾ ਰਹੋ ਅਤੇ ਮੈਂ ਤੁਹਾਡੇ ਧੌਣ ਦੇ ਜੂਲੇ ਨੂੰ ਭੰਨ ਕੇ ਤੁਹਾਨੂੰ ਸਿੱਧੇ ਕਰਕੇ ਤੋਰਿਆ।
14ਪਰ ਜੇ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਨ੍ਹਾਂ ਸਭਨਾਂ ਆਗਿਆਂ ਨੂੰ ਨਾ ਮੰਨੋਗੇ।
15ਅਤੇ ਜੇ ਤੁਸੀਂ ਮੇਰੀਆਂ ਬਿਧਾਂ ਨੂੰ ਤਿਆਗ ਦਿਓਗੇ ਯਾ ਜੇ ਤੁਹਾਡੇ ਜੀ ਨੂੰ ਮੇਰੇ ਨਿਆਉਂ ਮਾੜੇ ਲੱਗਣ, ਏਹੋ ਜੇਹੇ ਜੋ ਤੁਸੀਂ ਮੇਰੇ ਸਭਨਾਂ ਆਗਿਆ ਨੂੰ ਨਾ ਮੰਨੋ ਸਗੋਂ ਮੇਰੇ ਨੇਮ ਨੂੰ ਭੰਨ ਸੁੱਟੋ।
16ਮੈਂ ਭੀ ਤੁਹਾਡੇ ਨਾਲ ਇਹ ਕਰਾਂਗਾ, ਮੈਂ ਤੁਹਾਡੇ ਉੱਤੇ ਡਰ, ਖਈ ਰੋਗ ਅਤੇ ਤਾਪ ਜੋ ਤੁਹਾਡੀਆਂ ਅੱਖੀਆਂ ਦਾ ਨਾਸ ਕਰੇ ਅਤੇ ਤੁਹਾਡਿਆਂ ਰਿਦਿਆਂ ਨੂੰ ਦੁਖ ਦੇਵੇ ਠਹਿਰਾਵਾਂਗਾ ਅਤੇ ਤੁਸੀਂ ਆਪਣੇ ਬੀ ਬਿਅਰਥ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾਣਗੇ।
17ਅਤੇ ਮੈਂ ਆਪਣਾ ਮੂੰਹ ਤੁਹਾਡੇ ਵਿੱਰੁਧ ਰੱਖਾਂਗਾ ਅਤੇ ਤੁਸੀਂ ਆਪਣੇ ਵੈਰੀਆ��� ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ ਓਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡੇ ਮਗਰ ਨਾ ਲੱਗੇ ਤਾਂ ਭੀ ਤੁਸੀਂ ਭੱਜੋਗੇ।
18ਅਤੇ ਜੇ ਤੁਸੀਂ ਇਸ ਸਭ ਕਰਕੇ ਮੇਰੀ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਦੰਡ ਦੇਵਾਂਗਾ।
19ਅਤੇ ਮੈਂ ਤੁਹਾਡੀ ਜੋਰਾਵਰੀ ਦਾ ਅਹੰਕਾਰ ਤੋੜਾਂਗਾ ਅਤੇ ਮੈਂ ਤੁਹਾਡਾ ਅਕਾਸ਼ ਲੋਹੇ ਵਰਗਾ ਅਤੇ ਤੁਹਾਡੀ ਧਰਤੀ ਪਿੱਤਲ ਵਰਗੀ ਬਣਾਵਾਂਗਾ।
20ਅਤੇ ਤੁਹਾਡਾ ਜੋਰ ਐਵੇਂ ਜਾਏਗਾ ਕਿਉਂ ਜੋ ਤੁਹਾਡੀ ਧਰਤੀ ਹਾੜੀ ਨਾ ਉਗਾਵੇਗੀ ਅਤੇ ਧਰਤੀ ਦੇ ਬਿਰਛ ਭੀ ਫਲ ਨਾ ਉਗਾਉਣਗੇ।
21ਅਤੇ ਜੇ ਤੁਸੀਂ ਮੇਰੇ ਵਿੱਰੁਧ ਵਿੱਚ ਤੁਰੋ ਅਤੇ ਮੇਰੀ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਅਨੁਸਾਰ ਤੁਹਾਡੇ ਉੱਤੇ ਸੱਤ ਗੁਣਾ ਹੋਰ ਬਵਾ ਪਾਵਾਂਗਾ।
22ਮੈਂ ਜੰਗਲੀ ਜਾਨਵਰ ਵੀ ਤੁਹਾਡੀ ਵੱਲ ਘੱਲਾਂਗਾ ਜੋ ਤੁਹਾਡਿਆਂ ਬੱਚਿਆਂ ਨੂੰ ਖੋਹ ਲੈਣ ਅਤੇ ਤੁਹਾਡਿਆਂ ਡੰਗਰਾਂ ਦਾ ਨਾਸ ਕਰਨ ਅਤੇ ਤੁਹਾਨੂੰ ਘਟਾਉਣ ਅਤੇ ਤੁਹਾਡੀਆਂ ਪੱਕੀਆਂ ਸੜਕਾਂ ਵੇਹਲੀਆਂ ਰਹਿਣਗੀਆਂ।
23ਅਤੇ ਜੇ ਤੁਸੀਂ ਇਨ੍ਹਾਂ ਗੱਲਾਂ ਕਰਕੇ ਮੇਰੇ ਕੋਲੋਂ ਤਾੜੇ ਨਾ ਜਾਓਗੇ ਪਰ ਮੇਰੇ ਵਿਰੋਧ ਵਿੱਚ ਤੁਰੋਗੇ।
24ਤਾਂ ਮੈਂ ਭੀ ਤੁਹਾਡੇ ਵਿਰੋਧ ਵਿਚ ਤੁਰਾਂਗਾ ਅਤੇ ਤੁਹਾਡੇ ਪਾਪਾਂ ਦੇ ਕਾਰਨ ਸੱਤ ਗੁਣਾ ਹੋਰ ਭੀ ਦੰਡ ਦੇਵਾਂਗਾ।
25ਅਤੇ ਮੈਂ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਜਿਹੜੀ ਮੇਰੇ ਨੇਮ ਦਾ ਬਦਲਾ ਲਵੇ ਅਤੇ ਜਿਸ ਵੇਲੇ ਤੁਸੀਂ ਆਪਣਿਆਂ ਸ਼ਹਿਰਾਂ ਵਿੱਚ ਇੱਕਠੇ ਹੋ ਜਾਓ ਤਾਂ ਮੈਂ ਤੁਹਾਡੇ ਵਿੱਚ ਬਵਾ ਘਲਾਂਗਾ ਅਤੇ ਤੁਸੀਂ ਵੈਰੀ ਦੇ ਹੱਥ ਵਿੱਚ ਸੌਂਪੇ ਜਾਓਗੇ।
26ਅਤੇ ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਢਾਸਣਾ ਢਾਹ ਸੁੱਟਿਆ ਤਾਂ ਦਸ ਤੀਵੀਆਂ ਤੁਹਾਡੀਆਂ ਰੋਟੀਆਂ ਇੱਕੇ ਤੰਦੂਰ ਵਿੱਚ ਪਕਾਉਣਗੀਆਂ ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲਕੇ ਦੇਣਗੀਆਂ ਅਤੇ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ।
27ਅਤੇ ਤੁਸੀਂ ਏਸ ਸਭ ਕਰਕੇ ਮੇਰੇ ਵੱਲ ਧਿਆਨ ਨਾ ਕਰੋ ਪਰ ਮੇਰੇ ਵਿਰੋਧ ਵਿੱਚ ਤੁਰੋ।
28ਤਦ ਮੈਂ ਭੀ ਡਾਢੇ ਕਰੋਧ ਨਾਲ ਤੁਹਾਡੇ ਵਿਰੁੱਧ ਵਿੱਚ ਤੁਰਾਂਗਾ ਅਤੇ ਮੈਂ, ਹਾਂ, ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਦੰਡ ਪਾਵਾਂਗਾ।
29ਅਤੇ ਤੁਸੀਂ ਆਪਣੇ ਪੁੱਤ੍ਰਾਂ ਦਾ ਮਾਸ ਖਾਓਗੇ ਅਤੇ ਤੁਸੀਂ ਆਪਣੀਆਂ ਧੀਆਂ ਦਾ ਮਾਸ ਖਾਓਗੇ।
30ਅਤੇ ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨੂੰ ਢਾਵਾਂਗਾ ਅਤੇ ਤੁਹਾਡੇ ਸੂਰਜ ਦੇ ਖੰਭਿਆਂ ਨੂੰ ਵੱਢਾਂਗਾ ਅਤੇ ਤੁਹਾਡੀਆਂ ਲੋਥਾਂ ਨੂੰ ਤੁਹਾਡੇ ਠਾਕੁਰਾਂ ਦੀਆਂ ਲੋਥਾਂ ਉੱਤੇ ਸੁਟਾਂਗਾ ਅਤੇ ਤੁਸੀਂ ਮੇਰੇ ਜੀ ਨੂੰ ਮਾੜੇ ਲੱਗੋਗੇ।
31ਅਤੇ ਮੈਂ ਤੁਹਾਡਿਆਂ ਸ਼ਹਿਰਾਂ ਨੂੰ ਉਜਾੜਾਂਗਾ ਅਤੇ ਤੁਹਾਡਿਆਂ ਪਵਿੱਤ੍ਰ ਅਸਥਾਨਾਂ ਦਾ ਨਾਸ ਕਰਾਂਗਾ ਅਤੇ ਮੈਂ ਤੁਹਾਡੀਆਂ ਸੁਗੰਧਤਾਈਆਂ ਦਾ ਮੁਸ਼ਕ ਨਾ ਲਵਾਂਗਾ।
32ਅਤੇ ਮੈਂ ਉਸ ਦੇਸ ਦਾ ਨਾਸ ਕਰਵਾਵਾਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ ਸੋ ਵੇਖਕੇ ਅਚਰਜ ਹੋ ਜਾਣਗੇ।
33ਅਤੇ ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾਵਾਂਗਾ ਅਤੇ ਮੈਂ ਤੁਹਾਡੇ ਮਗਰੋਂ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ ਵੇਹਲਾ ਹੋ ਜਾਏਗਾ ਅਤੇ ਤੁਹਾਡੇ ਸ਼ਹਿਰ ਉੱਜੜ ਜਾਣਗੇ।
34ਤਾਂ ਜਦ ਤੋੜੀ ਉਹ ਦੇਸ ਵੇਹਲਾ ਰਹੇ ਅਤੇ ਤੁਸੀਂ ਆਪਣੇ ਵੈਰੀਆਂ ਦੇ ਦੇਸ ਵਿੱਚ ਰਹੋ ਤਦ ਤੋੜੀ ਉਹ ਆਪਣੇ ਸਬਤ ਦਾ ਸਵਾਦ ਚੱਖੇ, ਹਾਂ ਉਸ ਵੇਲੇ ਦੇਸ ਵਿਸਰਾਮ ਕਰੇ ਅਤੇ ਆਪਣਿਆਂ ਸਬਤਾਂ ਦਾ ਸਵਾਦ ਚੱਖੇ।
35ਜਿਥੋਂ ਤੋੜੀ ਉਹ ਵੇਹਲਾ ਰਹੇ ਉੱਥੋਂ ਤੋੜੀ ਵਿਸਰਾਮ ਕਰੇ ਕਿਉਂਕਿ ਜਿਸ ਵੇਲੇ ਤੁਸੀਂ ਉਸ ਦੇਸ ਵਿੱਚ ਵੱਸਦੇ ਸਾਓ ਤੁਹਾਡੇ ਸਬਤਾਂ ਵਿੱਚ ਉਸ ਨੂੰ ਵਿਸਰਾਮ ਨਾ ਮਿਲਿਆ।
36ਅਤੇ ਤੁਹਾਡੇ ਵਿੱਚੋਂ ਜੋ ਜੀਉਂਦੇ ਰਹਿਣ ਉਨ੍ਹਾਂ ਦਿਆਂ ਵੈਰੀਆਂ ਦੇ ਦੇਸਾਂ ਵਿੱਚ ਮੈਂ ਉਨ੍ਹਾਂ ਦਿਆਂ ਮਨਾਂ ਨੂੰ ਢਿੱਲੇ ਕਰਾਂਗਾ ਅਤੇ ਓਹ ਪੱਤਰ ਦੇ ਖੜਕਾਰ ਸੁਣਦਿਆਂ ਭੱਜ ਜਾਣਗੇ। ਜਿਵੇਂ ਤਲਵਾਰ ਤੋਂ ਭੱਜਦੇ ਹਨ ਤਿਵੇਂ ਹੀ ਭੱਜਣਗੇ ਅਤੇ ਕਿਸੇ ਦੇ ਮਗਰ ਲੱਗੇ ਤੋਂ ਬਿਨਾ ਹੀ ਡਿੱਗ ਪੈਣਗੇ।
37ਅਤੇ ਓਹ ਇੱਕ ਦੂਜੇ ਉੱਤੇ ਆ ਪੈਣਗੇ, ਜਿਹੇ ਕਿਸੇ ਦੇ ਮਗਰ ਲੱਗੇ ਤੋਂ ਹੀ ਬਿਨਾ ਤਲਵਾਰ ਦੇ ਅੱਗੇ ਅਤੇ ਆਪਣੇ ਵੈਰੀਆਂ ਦੇ ਅੱਗੇ ਅੜਨ ਦਾ ਕੁਝ ਤੁਹਾਡੇ ਵਿੱਚ ਜੋਰ ਨਾ ਰਹੇਗਾ।
38ਅਤੇ ਤੁਸੀਂ ਕੌਮਾਂ ਦੇ ਵਿੱਚ ਮਰ ਜਾਓਗੇ ਅਤੇ ਤੁਹਾਡਿਆਂ ਵੈਰੀਆਂ ਦਾ ਦੇਸ ਤੁਹਾਨੂੰ ਨਿਗਲ ਜਾਏਗਾ।
39ਅਤੇ ਉਹ ਜੋ ਤੁਹਾਡੇ ਵਿਚੋਂ ਰਹਿਣਗੇ ਸੋ ਤੁਹਾਡੇ ਵੈਰੀਆਂ ਦੇ ਦੇਸਾਂ ਵਿੱਚ ਬਦੀ ਕਰਦੇ ਕਰਦੇ ਲਿੱਸੇ ਪੈ ਜਾਣਗੇ, ਨਾਲੇ ਆਪਣੇ ਪਿਉ ਦਾਦਿਆਂ ਦੀਆਂ ਬਦੀਆਂ ਵਿੱਚ ਲਿੱਸੇ ਪੈ ਜਾਣਗੇ।
40ਜੇ ਓਹ ਆਪਣੀ ਬਦੀ ਨੂੰ ਅਤੇ ਆਪਣੇ ਪਿਉ ਦਾਦਿਆਂ ਦੀ ਬਦੀ ਨੂੰ, ਨਾਲੇ ਆਪਣੀ ਬੇਈਮਾਨੀ ਜਿਸ ਕਰਕੇ ਓਹਨਾਂ ਨੇ ਮੇਰੀ ਬੇਈਮਾਨੀ ਕੀਤੀ ਅਤੇ ਆਪਣੇ ਮੇਰੇ ਵਿਰੁੱਧ ਤੁਰਨ ਨੂੰ ਮੰਨ ਲੈਣ।
41ਅਤੇ ਏਹ ਭੀ ਕਿ ਮੈਂ ਉਨ੍ਹਾਂ ਦੇ ਵਿਰੁੱਧ ਤੁਰਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦਿਆਂ ਵੈਰੀਆਂ ਦੇ ਦੇਸ ਵਿੱਚ ਲਿਆਇਆ, ਜੇ ਕਦੀ ਉਸ ਵੇਲੇ ਉਨ੍ਹਾਂ ਦੇ ਅਸੁੰਨਤੀ ਰਿਦੇ ਨੀਵੇਂ ਹੋ ਜਾਣ ਅਤੇ ਓਹ ਉਸ ਵੇਲੇ ਆਪਣੀ ਬਦੀ ਦੇ ਦੰਡ ਨੂੰ ਮੰਨ ਲੈਣ।
42ਤਦ ਮੈਂ ਆਪਣਾ ਨੇਮ ਯਾਕੂਬ ਦੇ ਨਾਲ ਅਤੇ ਨਾਲੇ ਆਪਣਾ ਨੇਮ ਇਸਹਾਕ ਦੇ ਨਾਲ ਅਤੇ ਨਾਲੇ ਆਪਣਾ ਨੇਮ ਅਬਰਾਹਾਮ ਦੇ ਨਾਲ ਚੇਤੇ ਕਰਾਂਗਾ ਅਤੇ ਮੈਂ ਉਸ ਦੇਸ ਦਾ ਚੇਤਾ ਭੀ ਕਰਾਂਗਾ।
43ਨਾਲੇ ਉਹ ਦੇਸ ਉਨ੍ਹਾਂ ਕੋਲੋਂ ਛੱਡਿਆ ਜਾਏਗਾ ਅਤੇ ਆਪਣੇ ਸਬਤਾਂ ਦਾ ਸੁਆਦ ਚੱਖੇਗਾ ਜਿਸ ਵੇਲੇ ਉਹ ਉਨ੍ਹਾਂ ਤੋਂ ਬਿਨਾ ਵੇਹਲਾ ਰਹੇ ਅਤੇ ਓਹ ਆਪਣੀ ਬਦੀ ਦਾ ਦੰਡ ਮੰਨ ਲੈਣ ਕਿਉਂ, ਹਾਂ, ਕਿਉਂ ਜੋ ਉਨ੍ਹਾਂ ਨੇ ਮੇਰਿਆਂ ਨਿਆਵਾਂ ਨੂੰ ਤਿਆਗ ਦਿੱਤਾ ਅਤੇ ਮੇਰੀਆਂ ਬਿਧਾਂ ਉਨ੍ਹਾਂ ਦੇ ਜੀਆਂ ਨੂੰ ਮਾੜੀਆਂ ਲੱਗੀਆਂ।
44ਤਾਂ ਭੀ ਜਿਸ ਵੇਲੇ ਓਹ ਆਪਣੇ ਵੈਰੀਆਂ ਦੇ ਦੇਸ ਵਿੱਚ ਹੋਣ ਮੈਂ ਉਨ੍ਹਾਂ ਨੂੰ ਨਾ ਰੱਦਾਂਗਾ ਅਤੇ ਉਨ੍ਹਾਂ ਦਾ ਮੂਲੋਂ ਨਾਸ ਕਰਨ ਲਈ ਅਤੇ ਆਪਣਾ ਨੇਮ ਉਨ੍ਹਾਂ ਦੇ ਨਾਲ ਤੋੜਨ ਲਈ ਉਨ੍ਹਾਂ ਨੂੰ ਮਾੜੇ ਨਾ ਜਾਣਾਂਗਾ ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ।
45ਪਰ ਮੈਂ ਉਨ੍ਹਾਂ ਦੀ ਖਾਤਰ ਉਨ੍ਹਾਂ ਦੇ ਪਿਉ ਦਾਦਿਆਂ ਦਾ ਨੇਮ ਜਿਨ੍ਹਾਂ ਨੂੰ ਮੈਂ ਮਿਸਰ ਦੇ ਦੇਸੋਂ ਕੌਮਾਂ ਦੇ ਵੇਖਣ ਵਿੱਚ ਉਨ੍ਹਾਂ ਦਾ ਪਰਮੇਸ਼ੁਰ ਬਣਨ ਲਈ ਕੱਢ ਲਿਆਇਆ ਚੇਤੇ ਕਰਾਂਗਾ। ਮੈਂ ਯਹੋਵਾਹ ਹਾਂ।
46ਯਹੋਵਾਹ ਨੇ ਆਪਣੇ ਅਤੇ ਇਸਰਾਏਲੀਆਂ ਦੇ ਵਿੱਚ ਸੀਨਾ ਦੇ ਪਹਾੜ ਉੱਤੇ ਮੂਸਾ ਦੇ ਹੱਥੀਂ ਬਿਧਾਂ ਅਤੇ ਨਿਆਵਾਂ ਅਤੇ ਬਿਵਸਥਾਂ ਜੋ ਠਹਿਰਾਈਆਂ, ਸੋ ਏਹੋ ਹਨ।