Loading Bible Translation
First-time download in progress. This may take a few seconds…
Punjabi Bible Wordproject Bible
30 verses
1ਯਹੋਵਾਹ ਮੂਸਾ ਨੂੰ ਬੋਲਿਆ ਕਿ।
2ਜੇ ਕੋਈ ਪ੍ਰਾਣੀ ਪਾਪ ਕਰੇ ਅਤੇ ਯਹੋਵਾਹ ਦੇ ਅੱਗੇ ਦੋਸ਼ ਕਰੇ ਅਤੇ ਉਸ ਵਿੱਚ ਜੋ ਉਸ ਕੋਲ ਗਹਿਣਾ ਰੱਖਿਆ ਸੀ, ਆਪਣੇ ਗੁਆਂਢੀ ਨੂੰ ਝੂਠ ਆਖੇ, ਯਾ ਵਹਦੇ ਵਿੱਚ, ਯਾ ਠੱਗੀ ਵਿੱਚ, ਯਾ ਆਪਣੇ ਗੁਆਂਢੀ ਨਾਲ ਸਖ਼ਤੀ ਕੀਤੀ ਹੋਵੇ।
3ਯਾ ਉਸ ਵਸਤ ਨੂੰ ਜਿਹੜੀ ਗੁਆਚ ਗਈ ਹੋਵੇ ਲਭੇ ਅਤੇ ਉਸ ਦੇ ਉੱਤੇ ਝੂਠ ਆਖੇ ਅਤੇ ਝੂਠ ਦੀ ਸੌਂਹ ਚੁੱਕੇ, ਇਨ੍ਹਾਂ ਸਭਨਾਂ ਗੱਲਾਂ ਵਿੱਚ ਮਨੁੱਖ ਪਾਪ ਜੋ ਕਰੇ।
4ਤਾਂ ਅਜਿਹਾ ਹੋਵੇਗਾ, ਇਸ ਲਈ, ਜੋ ਉਸ ਨੇ ਪਾਪ ਕੀਤਾ ਅਤੇ ਦੋਸ਼ੀ ਹੋਇਆ ਤਾਂ ਉਸ ਵਸਤ ਨੂੰ ਜੋ ਉਸ ਨੇ ਖੋਹ ਲਈ ਸੀ, ਯਾ ਉਹ ਵਸਤ ਜੋ ਉਸ ਨੂੰ ਛਲ ਨਾਲ ਮਿਲੀ ਹੈ, ਯਾ ਉਹ ਜੋ ਉਸ ਦੇ ਕੋਲ ਅਮਾਨ ਰੱਖਿਆ ਹੈ, ਯਾ ਉਹ ਗੁਆਚੀ ਹੋਈ ਵਸਤ ਜੋ ਉਸ ਨੇ ਲੱਭੀ ਹੈ ਸੋ ਮੋੜ ਦੇਵੇ।
5ਯਾ ਉਹ ਸਾਰਾ ਜਿਸ ਦੇ ਵਿੱਚ ਉਸ ਨੇ ਝੂਠੀ ਸੌਂਹ ਚੁੱਕੀ ਉਹ ਉਸ ਨੂੰ ਉਸੇ ਤਰਾਂ ਸਾਰਾ ਮੋੜ ਦੇਵੇ ਅਤੇ ਉਸ ਦੇ ਨਾਲ ਭੀ ਇੱਕ ਪੰਜਵਾਂ ਹਿੱਸਾ ਹੋਰ ਪਾਕੇ ਉਸ ਨੂੰ ਜਿਸ ਦਾ ਹੈ ਦੇ ਦੇਵੇ, ਆਪਣੀ ਪਾਪ ਦੀ ਭੇਟ ਦੇ ਦਿਹਾੜੇ ਵਿੱਚ।
6ਅਤੇ ਉਹ ਆਪਣੇ ਦੋਸ਼ ਦੀ ਭੇਟ ਵਿੱਚ ਯਹੋਵਾਹ ਦੇ ਅੱਗੇ ਇੱਜੜ ਵਿੱਚੋਂ ਬੱਜ ਤੋਂ ਰਹਿਤ ਇੱਕ ਛੱਤ੍ਰਾ ਤੇਰੇ ਮੁੱਲ ਦੇ ਅਨੁਸਾਰ ਦੋਸ਼ ਦੀ ਭੇਟ ਕਰਕੇ ਜਾਜਕ ਦੇ ਕੋਲ ਲਿਆਵੇ।
7ਅਤੇ ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ ਅਤੇ ਜਿਸ ਦੇ ਵਿੱਚ ਉਸ ਨੇ ਪਾਪ ਕੀਤਾ ਹੈ, ਸੋ ਸਭ ਕੁਝ ਦੀ ਖਿਮਾ ਉਸ ਨੂੰ ਹੋ ਜਾਵੇਗੀ।
8ਅਤੇ ਯਹੋਵਾਹ ਮੂਸਾ ਨੂੰ ਬੋਲਿਆ ਕਿ।
9ਹਾਰੂਨ ਅਤੇ ਉਸ ਦੇ ਪ੍ਰੁੱਤਾਂ ਨੂੰ ਇਹ ਆਖ ਕੇ ਆਗਿਆ ਦੇਵੀਂ, ਹੋਮ ਦੀ ਭੇਟ ਦੀ ਬਿਵਸਥਾ ਇਹ ਹੈ। ਇਸ ਕਰਕੇ ਹੋਮ ਦੀ ਭੇਟ ਹੈ ਜੋ ਜਗਵੇਦੀ ਦੇ ਉੱਤੇ ਸਾਰੀ ਰਾਤ ਸਵੇਰ ਤੋੜੀ ਸੜਦੀ ਰਹਿੰਦੀ ਹੈ ਅਤੇ ਜਗਵੇਦੀ ਦੀ ਅੱਗ ਉਸ ਦੇ ਵਿੱਚ ਸੜਦੀ ਹੋਵੇ।
10ਅਤੇ ਜਾਜਕ ਆਪਣੇ ਕਤਾਨ ਦੇ ਵਸਤ੍ਰ ਪਹਿਰ ਲਵੇ ਅਤੇ ਆਪਣੀ ਕਤਾਨ ਦੀ ਕੱਛ ਆਪਣੇ ਸਰੀਰ ਉੱਤੇ ਪਾਕੇ ਜਿਹੜੀ ਹੋਮ ਬਲੀ ਦੇ ਨਾਲ ਜਗਵੇਦੀ ਉੱਤੇ ਅੱਗ ਨੇ ਭਸਮ ਕਰ ਲਈ ਹੈ ਉਹ ਸੁਵਾਹ ਚੁੱਕ ਕੇ ਜਗਵੇਦੀ ਦੇ ਇੱਕ ਪਾਸੇ ਰੱਖ ਦੇਵੇ।
11ਅਤੇ ਉਹ ਆਪਣੇ ਵਸਤ੍ਰ ਲਾਹ ਲਵੇ ਅਤੇ ਹੋਰ ਲੀੜੇ ਪਾਕੇ ਉਸ ਸੁਵਾਹ ਨੂੰ ਡੇਰਿਆਂ ਤੋਂ ਬਾਹਰ ਸੁਥਰੀ ਥਾਂ ਵਿੱਚ ਲੈ ਜਾਵੇ।
12ਅਤੇ ਜਗਵੇਦੀ ਦੇ ਉੱਤੇ ਜਿਹੜੀ ਅੱਗ ਹੈ ਸੋ ਉਸ ਦੇ ਵਿੱਚ ਬਲਦੀ ਰਹੇ। ਉਹ ਕਦੇ ਨਾ ਬੁਝਾਈ ਜਾਵੇ ਅਤੇ ਜਾਜਕ ਸਵੇਰ ਦੇ ਵੇਲੇ ਸਦਾ ਉਸ ਦੇ ਉੱਤੇ ਲੱਕੜਾਂ ਬਾਲਣ ਅਤੇ ਉਸ ਦੇ ਉੱਤੇ ਹੋਮ ਦੀ ਭੇਟ ਸੁਧਾਰ ਕੇ ਰੱਖੇ ਅਤੇ ਉਹ ਉਸ ਦੇ ਉੱਤੇ ਸੁੱਖ ਸਾਂਦ ਦੀਆਂ ਭੇਟਾਂ ਦੀ ਚਰਬੀ ਸਾੜੇ।
13ਜਗਵੇਦੀ ਦੇ ਉੱਤੇ ਅੱਗ ਸਦਾ ਬਲਦੀ ਰਹੇ, ਉਹ ਕਦੇ ਨਾ ਬੁਝੇ।
14ਮੈਦੇ ਦੀ ਭੇਟ ਦੀ ਬਿਵਸਥਾ ਇਹ ਹੈ, ਹਾਰੂਨ ਦੇ ਪੁੱਤ੍ਰ ਯਹੋਵਾਹ ਦੇ ਅੱਗੇ ਜਗਵੇਦੀ ਦੇ ਮੋਹਰੇ ਉਸ ਨੂੰ ਚੜ੍ਹਾਉਣ।
15ਅਤੇ ਉਸ ਤੋਂ ਇੱਕ ਮੁੱਠ ਭਰਕੇ ਅਰਥਾਤ ਉਸ ਮੈਦੇ ਦੀ ਭੇਟ ਦੇ ਮੈਦੇ ਤੋਂ ਅਤੇ ਉਸ ਦੇ ਤੇਲ ਤੋਂ ਅਤੇ ਸਾਰੇ ਲੁਬਾਨ ਤੋਂ ਜੋ ਮੈਦੇ ਦੀ ਭੇਟ ਉੱਤੇ ਹੈ, ਉਸ ਨੂੰ ਯਹੋਵਾਹ ਦੇ ਅੱਗੇ ਸਿਮਰਨ ਲਈ ਸੁੰਗਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੇ।
16ਅਤੇ ਜੋ ਉਸ ਤੋਂ ਵਧੇ, ਸੋ ਹਾਰੂਨ ਅਤੇ ਉਸ ਦੇ ਪੁੱਤ੍ਰ ਖਾਣ, ਉਹ ਪਤੀਰੀ ਰੋਟੀ ਨਾਲ ਪਵਿੱਤ੍ਰ ਥਾਂ ਵਿੱਚ ਖਾਧੀ ਜਾਵੇ, ਓਹ ਮੰਡਲੀ ਦੇ ਡੇਰੇ ਦੇ ਚੌਪਟੇ ਵਿੱਚ ਉਸ ਨੂੰ ਖਾਣ।
17ਉਹ ਖ਼ਮੀਰ ਨਾਲ ਪਕਾਇਆ ਨਾ ਜਾਵੇ। ਮੈਂ ਉਸ ਨੂੰ ਅੱਗ ਦੀਆਂ ਆਪਣੀਆਂ ਭੇਟਾਂ ਵਿੱਚੋਂ ਉਸ ਨੂੰ ਉਨ੍ਹਾਂ ਦਾ ਭਾਗ ਠਹਿਰਾ ਕੇ ਦੇ ਦਿੱਤਾ ਹੈ, ਇਹ ਜਿਹੀ ਪਾਪ ਦੇ ਭੇਟ, ਅਤੇ ਜਿਹੀ ਦੋਸ਼ ਦੀ ਭੇਟ ਅੱਤ ਪਵਿੱਤ੍ਰ ਹੈ।
18ਹਾਰੂਨ ਦੀ ਸ਼ੰਤਾਨ ਵਿੱਚੋਂ ਸੱਭੇ ਪੁਰਸ਼ ਉਸ ਤੋਂ ਖਾਣ, ਇਹ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਤੁਹਾਡੀਆਂ ਪੀੜ੍ਹੀਆਂ ਤੀਕੁਰ ਇੱਕ ਸਦਾ ਦੀ ਬਿਧੀ ਹੋਵੇ। ਜੋ ਉਨ੍ਹਾਂ ਨੂੰ ਛੋਹੇ ਸੋ ਪਵਿੱਤ੍ਰ ਹੋਵੇ।
19ਯਹੋਵਾਹ ਮੂਸਾ ਨਾਲ ਬੋਲਿਆ ਕਿ।
20ਹਾਰੂਨ ਅਤੇ ਉਸ ਦੇ ਪੁੱਤ੍ਰਾਂ ਦੀ ਭੇਟ ਜੋ ਉਨ੍ਹਾਂ ਨੂੰ ਉਸ ਦੇ ਮਸਹ ਕਰਨ ਦੇ ਦਿਨ ਵਿੱਚ ਯਹੋਵਾਹ ਦੇ ਅੱਗੇ ਚੜ੍ਹਾਉਣੀ ਹੈ ਸੋ ਇਹ ਹੈ, ਇੱਕ ਸਦਾ ਦੀ ਮੈਦੇ ਦੀ ਭੇਟ ਦੇ ਲਈ ਮੈਦੇ ਦੇ ਇੱਕ ਏਫਾਹ ਦਾ ਦਸਵਾਂ ਹਿੱਸਾ, ਅੱਧਾ ਸਵੇਰ ਨੂੰ ਅਤੇ ਅੱਧਾ ਰਾਤ ਨੂੰ।
21ਇੱਕ ਤਵੀ ਵਿੱਚ ਉਹ ਤੇਲ ਨਾਲ ਬਣਾਈ ਜਾਵੇ ਅਤੇ ਜਾਂ ਪੱਕ ਜਾਏ ਤਾਂ ਤੂੰ ਉਸ ਨੂੰ ਅੰਦਰ ਲੈ ਆਵੀਂ ਅਤੇ ਮੈਦੇ ਦੀ ਭੇਟ ਦੇ ਪਕਾਏ ਹੋਏ ਟੋਟੇ ਤੂੰ ਯਹੋਵਾਹ ਦੇ ਅੱਗੇ ਸੁਗੰਧਤਾ ਕਰਕੇ ਚੜ੍ਹਾਵੀਂ।
22ਅਤੇ ਉਸ ਦੇ ਪੁੱਤ੍ਰਾਂ ਵਿੱਚੋਂ ਜਿਸ ਜਾਜਕ ਨੂੰ ਉਸ ਦੀ ਥਾਂ ਵਿੱਚ ਮਸਹ ਕਰਨਾ ਹੈ, ਉਸ ਨੂੰ ਚੜ੍ਹਾਵੇ, ਇਹ ਯਹੋਵਾਹ ਦੇ ਅੱਗੇ ਇੱਕ ਸਦਾ ਦੀ ਬਿਧੀ ਹੈ। ਉਹ ਸਮੁੱਚਾ ਸਾੜਿਆ ਜਾਵੇ।
23ਕਿਉਂ ਜੋ ਜਾਜਕ ਦੇ ਲਈ ਸੱਭੇ ਮੈਦੇ ਦੀਆਂ ਭੇਟਾਂ ਸਮੁੱਚਾ ਸਾੜੀਆਂ ਜਾਣ, ਉਹ ਖਾਧੀਆਂ ਨਾ ਜਾਣ।
24ਯਹੋਵਾਹ ਮੂਸਾ ਨਾਲ ਬੋਲਿਆ ਕਿ।
25ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨਾਲ ਬੋਲ ਕਿ ਪਾਪ ਦੀ ਭੇਟ ਦੀ ਬਿਵਸਥਾ ਇਹ ਹੈ, ਜਿੱਥੇ ਹੋਮ ਦੀ ਭੇਟ ਕੱਟੀ ਜਾਂਦੀ ਹੈ ਉੱਥੇ ਪਾਪ ਦੀ ਭੇਟ ਭੀ ਯਹੋਵਾਹ ਦੇ ਅੱਗੇ ਕੱਟੀ ਜਾਏ, ਇਹ ਅੱਤ ਪਵਿੱਤ੍ਰ ਹੈ।
26ਜਿਹੜਾ ਜਾਜਕ ਉਸ ਨੂੰ ਪਾਪ ਦੇ ਲਈ ਚੜ੍ਹਾਵੇ ਸੋ ਉਸ ਨੂੰ ਖਾਵੇ, ਉਹ ਮੰਡਲੀ ਦੇ ਡੇਰੇ ਦੇ ਚੌਪਟੇ ਵਿੱਚ ਪਵਿੱਤ੍ਰ ਥਾਂ ਵਿੱਚ ਖਾਧੀ ਜਾਵੇ।
27ਜੋ ਕੁਝ ਉਸ ਦੇ ਮਾਸ ਨੂੰ ਛੋਹੇ ਸੋ ਪਵਿੱਤ੍ਰ ਹੋਵੇ ਅਤੇ ਜੇ ਉਸ ਦੇ ਲਹੂ ਦੀ ਕਿਸੇ ਲੀੜੇ ਉੱਤੇ ਛਿੱਟ ਪੈ ਜਾਏ ਤਾਂ ਤੂੰ ਉਸ ਨੂੰ ਜਿਸ ਦੇ ਉੱਤੇ ਛਿੱਟ ਪਈ ਪਵਿੱਤ੍ਰ ਥਾਂ ਵਿੱਚ ਧੋ ਸੁੱਟੀਂ।
28ਪਰ ਮਿੱਟੀ ਦੀ ਹਾਂਡੀ ਜਿਸ ਦੇ ਵਿੱਚ ਉਹ ਰਿੰਨ੍ਹਿਆ ਹੈ ਸੋ ਭੰਨੀ ਜਾਏ ਅਤੇ ਜੇ ਉਹ ਕਿਸੇ ਪਿੱਤਲ ਦੀ ਹਾਂਡੀ ਵਿੱਚ ਰਿੰਨ੍ਹਿਆ ਹੋਵੇ ਤਾਂ ਨਾਲੇ ਉਸ ਨੂੰ ਮਾਂਜਣਾ ਨਾਲੇ ਪਾਣੀ ਨਾਲ ਧੋਣਾ।
29ਜਾਜਕਾਂ ਵਿੱਚੋਂ ਸੱਭੇ ਪੁਰਖ ਉਸ ਤੋਂ ਖਾਣ। ਇਹ ਅੱਤ ਪਵਿੱਤ੍ਰ ਹੈ।
30ਅਤੇ ਕੋਈ ਪਾਪ ਦੀ ਭੇਟ ਜਿਸ ਦਾ ਕੁਝ ਲਹੂ ਮੰਡਲੀ ਦੇ ਡੇਰੇ ਵਿੱਚ ਪਵਿੱਤ੍ਰ ਥਾਂ ਵਿੱਚ ਪ੍ਰਾਸਚਿਤ ਕਰਨ ਲਈ ਆਂਦਾ ਜਾਵੇ, ਨਾ ਖਾਣਾ, ਉਹ ਅੱਗ ਵਿੱਚ ਸਾੜਿਆ ਜਾਵੇ।