Loading Bible Translation
First-time download in progress. This may take a few seconds…
Punjabi Bible Wordproject Bible
28 verses
1ਕਿੰਨਿਆਂ ਦਿਨਾਂ ਦੇ ਪਿੱਛੋਂ ਜਾਂ ਉਹ ਕਫ਼ਰਨਾਹੂਮ ਵਿੱਚ ਫੇਰ ਆਇਆ ਤਾਂ ਇਹ ਸੁਣਿਆ ਗਿਆ ਜੋ ਉਹ ਘਰੇ ਹੀ ਹੈ।
2ਤਾਂ ਐਨੇ ਲੋਕ ਇਕੱਠੇ ਹੋਏ ਜੋ ਬੂਹੇ ਦੇ ਅੱਗੇ ਵੀ ਥਾਂ ਨਾ ਰਿਹਾ ਅਤੇ ਉਸ ਨੇ ਉਨ੍ਹਾਂ ਨੂੰ ਬਚਨ ਸੁਣਾਇਆ।
3ਇੱਕ ਅਧਰੰਗੀ ਨੂੰ ਚੌਹੁੰ ਮਨੁੱਖਾਂ ਕੋਲੋਂ ਚੁਕਵਾ ਕੇ ਉਹ ਦੇ ਕੋਲ ਲਿਆਏ।
4ਅਰ ਜਾਂ ਓਹ ਭੀੜ ਕਰਕੇ ਉਹ ਦੇ ਨੇੜੇ ਨਾ ਆ ਸੱਕੇ ਤਾਂ ਉਨ੍ਹਾਂ ਉਸ ਛੱਤ ਵਿੱਚ ਜਿੱਥੇ ਉਹ ਸੀ ਮੋਘ ਕੀਤਾ ਅਤੇ ਜਾਂ ਉਸ ਨੂੰ ਉਧੇੜਿਆ ਤਾਂ ਉਸ ਮੰਜੀ ਨੂੰ ਜਿਹ ਦੇ ਉੱਤੇ ਉਹ ਅਧਰੰਗੀ ਪਿਆ ਸੀ ਉਤਾਰ ਦਿੱਤਾ।
5ਅਤੇ ਯਿਸੂ ਨੇ ਉਨ੍ਹਾਂ ਦੀ ਨਿਹਚਾ ਵੇਖ ਕੇ ਉਸ ਅਧਰੰਗੀ ਨੂੰ ਕਿਹਾ, ਹੇ ਪੁੱਤ੍ਰ ਤੇਰੇ ਪਾਪ ਮਾਫ਼ ਹੋਏ।
6ਪਰ ਕਈ ਗ੍ਰੰਥੀਂ ਉੱਥੇ ਬੈਠੇ ਆਪਣੇ ਮਨਾਂ ਵਿੱਚ ਵਿਚਾਰ ਕਰਨ ਲੱਗੇ।
7ਭਈ ਇਹ ਕਿਉਂ ਇਸ ਤਰਾਂ ਬੋਲਦਾ ਹੈ? ਇਹ ਕੁਫ਼ਰ ਬਕਦਾ ਹੈ। ਇੱਕ ਪਰਮੇਸ਼ੁਰ ਦੇ ਬਿਨਾ ਹੋਰ ਕੌਣ ਪਾਪ ਮਾਫ਼ ਕਰ ਸੱਕਦਾ?
8ਅਤੇ ਓਵੇਂ ਯਿਸੂ ਨੇ ਆਪਣੇ ਆਤਮਾ ਨਾਲ ਜਾਣ ਕੇ ਜੋ ਓਹ ਆਪਣੇ ਮੰਨਾਂ ਵਿੱਚ ਇਉਂ ਵਿਚਾਰ ਕਰਦੇ ਹਨ ਉਨ੍ਹਾਂ ਨੂੰ ਕਿਹਾ, ਤੁਸੀਂ ਕਾਹ ਨੂੰ ਆਪਣੇ ਮਨਾਂ ਵਿੱਚ ਅਜੇਹੇ ਵਿਚਾਰ ਕਰਦੇ ਹੋ?
9ਕਿਹੜੀ ਗੱਲ ਸੁਖਾਲੀ ਹੈ, ਇਸ ਅਧਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ।
10ਪਰ ਇਸ ਲਈ ਜੋ ਤੁਸੀਂ ਜਾਣੋ ਭਈ ਮਨੁੱਖ ਦੇ ਪੁੱਤ੍ਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖ਼ਤਿਆਰ ਹੈ ਉਹ ਨੇ ਅਧਰੰਗੀ ਨੂੰ ਅਖਿਆ,
11ਮੈਂ ਤੈਨੂੰ ਆਖਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ।
12ਤਾਂ ਉਹ ਉੱਠਿਆ ਅਰ ਝੱਟ ਮੰਜੀ ਚੁੱਕ ਕੇ ਉਨ੍ਹਾਂ ਸਭਨਾਂ ਦੇ ਸਾਹਮਣੇ ਨਿੱਕਲ ਗਿਆ ! ਤਦ ਓਹ ਸੱਭੇ ਦੰਗ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਅਸਾਂ ਇਸ ਤਰਾਂ ਦੀ ਗੱਲ ਕਦੇ ਨਹੀਂ ਵੇਖੀ !
13ਉਹ ਫੇਰ ਬਾਹਰ ਝੀਲ ਦੇ ਕੰਢੇ ਉੱਤੇ ਗਿਆ ਅਰ ਸਾਰੀ ਭੀੜ ਉਹ ਦੇ ਕੋਲ ਆਈ ਅਤੇ ਉਸ ਨੇ ਉਨ੍ਹਾਂ ਨੂੰ ਉਪਦੇਸ਼ ਦਿੱਤਾ।
14ਅਰ ਜਾਂਦੇ ਹੋਏ ਉਹ ਨੇ ਹਲਫਾ ਦੇ ਪੁੱਤ੍ਰ ਲੇਵੀ ਨੂੰ ਮਸੂਲ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, ਮੇਰੇ ਪਿੱਛੇ ਹੋ ਤੁਰ। ਸੋ ਉਹ ਉੱਠ ਕੇ ਉਹ ਦੇ ਪਿੱਛੇ ਹੋ ਤੁਰਿਆ।
15ਤਾਂ ਐਉਂ ਹੋਇਆ ਕਿ ਉਹ ਉਸ ਦੇ ਘਰ ਵਿੱਚ ਰੋਟੀ ਖਾਣ ਬੈਠਾ ਅਤੇ ਬਹੁਤ ਸਾਰੇ ਮਸੂਲੀਏ ਅਤੇ ਪਾਪੀ ਯਿਸੂ ਅਰ ਉਹ ਦੇ ਚੇਲਿਆਂ ਨਾਲ ਬੈਠ ਗਏ ਕਿਉਂਕਿ ਓਹ ਬਹੁਤ ਸਾਰੇ ਸਨ ਅਤੇ ਉਹ ਦੇ ਮਗਰ ਤੁਰੇ ਆਉਂਦੇ ਸਨ।
16ਅਰ ਜਦ ਫ਼ਰੀਸੀਆਂ ਦੇ ਗ੍ਰੰਥੀਂਆਂ ਨੇ ਉਹ ਨੂੰ ਪਾਪੀਆਂ ਅਤੇ ਮਸੂਲੀਆਂ ਦੇ ਨਾਲ ਖਾਂਦਿਆਂ ਵੇਖਿਆ ਤਾਂ ਉਹ ਦੇ ਚੇਲਿਆਂ ਨੂੰ ਕਿਹਾ, ਉਹ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?
17ਯਿਸੂ ਨੇ ਸੁਣ ਕੇ ਉਨ੍ਹਾਂ ਨੂੰ ਆਖਿਆ, ਨਵੇਂ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਮੈਂ ਧਰਮੀਆਂ ਨੂੰ ਨਹੀਂ ਪਰ ਪਾਪੀਆਂ ਨੂੰ ਬੁਲਾਉਣ ਆਇਆ ਹਾਂ।
18ਯੂਹੰਨਾ ਦੇ ਚੇਲੇ ਅਰ ਫ਼ਰੀਸੀ ਵਰਤ ਰੱਖਦੇ ਸਨ ਅਰ ਉਨ੍ਹਾਂ ਨੇ ਆਣ ਕੇ ਉਹ ਨੂੰ ਕਿਹਾ, ਇਹ ਦਾ ਕੀ ਕਾਰਨ ਹੈ ਜੋ ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ?
19ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੀਕਰ ਲਾੜਾ ਜਨ���ਤੀਆਂ ਦੇ ਨਾਲ ਹੈ ਭਲਾ, ਓਹ ਵਰਤ ਰੱਖ ਸੱਕਦੇ ਹਨ? ਜਿੰਨਾ ਚਿਰ ਲਾੜਾ ਉਨ੍ਹਾਂ ਦੇ ਨਾਲ ਹੈ ਓਹ ਵਰਤ ਨਹੀਂ ਰੱਖ ਸੱਕਦੇ।
20ਪਰ ਓਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਤੋਂ ਅੱਡ ਕੀਤਾ ਜਾਵੇਗਾ ਤਦ ਉਸ ਦਿਨ ਓਹ ਵਰਤ ਰੱਖਣਗੇ।
21ਪੁਰਾਣੇ ਕੱਪੜੇ ਨੂੰ ਕੋਰੀ ਟਾਕੀ ਕੋਈ ਨਹੀਂ ਲਾਉਂਦਾ, ਨਹੀਂ ਤਾਂ ਉਹ ਟਾਕੀ ਜਿਹੜੀ ਲਾਈ ਹੈ ਉਸ ਤੋਂ ਕੁਝ ਖਿੱਚ ਲੈਂਦੀ ਅਰਥਾਤ ਨਵੀਂ ਪੁਰਾਣੀ ਤੋਂ ਅਤੇ ਉਹ ਲੰਗਾਰ ਵਧ ਜਾਂਦਾ ਹੈ।
22ਅਤੇ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ, ਨਹੀਂ ਤਾਂ ਮੈ ਮਸ਼ਕਾਂ ਨੂੰ ਪਾੜ ਦੇਵੇਗੀ ਅਰ ਮੈ ਅਤੇ ਮਸ਼ਕਾਂ ਦੋਹਾਂ ਦਾ ਨਾਸ ਹੋ ਜਾਂਦਾ ਹੈ ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ।
23ਤਾਂ ਐਉਂ ਹੋਇਆ ਜੋ ਉਹ ਸਬਤ ਦੇ ਦਿਨ ਪੈਲੀਆਂ ਵਿੱਚੋਂ ਦੀ ਲੰਘਦਾ ਸੀ ਅਰ ਉਹ ਦੇ ਚੇਲੇ ਰਾਹ ਚੱਲਦੇ ਸਿੱਟੇ ਤੋੜਨ ਲੱਗੇ।
24ਅਤੇ ਫ਼ਰੀਸੀਆਂ ਨੇ ਉਹ ਨੂੰ ਕਿਹਾ, ਵੇਖ ਏਹ ਸਬਤ ਦੇ ਦਿਨ ਉਹ ਕੰਮ ਕਿਉਂ ਕਰਦੇ ਹਨ ਜਿਹੜਾ ਕਰਨਾ ਜੋਗ ਨਹੀਂ ਹੈ?
25ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸਾਂ ਕਦੇ ਇਹ ਨਹੀਂ ਪੜ੍ਹਿਆ ਭਈ ਦਾਊਦ ਨੇ ਕੀ ਕੀਤਾ ਜਦ ਉਹ ਨੂੰ ਲੋੜ ਸੀ ਅਤੇ ਉਹ ਤੇ ਉਹ ਦੇ ਸਾਥੀ ਭੁੱਖੇ ਸਨ?
26ਜੋ ਉਹ ਕਿੱਕੁਰ ਸਰਦਾਰ ਅਬਯਾਥਾਰ ਦੇ ਸਮੇ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਦੇ ਬਿਨਾ ਹੋਰ ਕਿਸੇ ਨੂੰ ਜੋਗ ਨਹੀਂ ਅਰ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ?
27ਉਸ ਨੇ ਉਨ੍ਹਾਂ ਨੂੰ ਆਖਿਆ, ਸਬਤ ਦਾ ਦਿਨ ਮਨੁੱਖ ਦੀ ਖ਼ਾਤਰ ਬਣਿਆ ਹੈ, ਨਾ ਕਿ ਮਨੁੱਖ ਸਬਤ ਦੀ ਖ਼ਾਤਰ।
28ਇਸ ਲਈ ਮਨੁੱਖ ਦਾ ਪੁੱਤ੍ਰ ਸਬਤ ਦੇ ਦਿਨ ਦਾ ਵੀ ਮਾਲਕ ਹੈ।