Loading Bible Translation
First-time download in progress. This may take a few seconds…
Punjabi Bible Wordproject Bible
39 verses
1ਤਦ ਫ਼ਰੀਸੀਆਂ ਅਰ ਗ੍ਰੰਥੀਆਂ ਨੇ ਯਰੂਸ਼ਲਮ ਤੋਂ ਯਿਸੂ ਦੇ ਕੋਲ ਆਣ ਕੇ ਕਿਹਾ,
2ਤੇਰੇ ਚੇਲੇ ਵੱਡਿਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ?
3ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਤੁਸੀਂ ਵੀ ਕਿਉਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਹੁਕਮ ਨੂੰ ਉਲੰਘਣ ਕਰਦੇ ਹੋ?
4ਕਿਉਂ ਜੋ ਪਰਮੇਸ਼ੁਰ ਨੇ ਫ਼ਰਮਾਇਆ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਯਾ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ।
5ਪਰ ਤੁਸੀਂ ਆਖਦੇ ਹੋ ਭਈ ਜਿਹੜਾ ਪਿਤਾ ਯਾ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸੱਕਦਾ ਸੀ ਸੋ ਭੇਟ ਹੋ ਗਿਆ, ਉਹ ਆਪਣੇ ਪਿਤਾ ਯਾ ਮਾਤਾ ਦਾ ਆਦਰ ਨਾ ਕਰੇ।
6ਐਉਂ ਤੁਸਾਂ ਆਪਣੀ ਰੀਤ ਨਾਲ ਪਰਮੇਸ਼ੁਰ ਦੇ ਬਚਨ ਨੂੰ ਅਕਾਰਥ ਕਰ ਦਿੱਤਾ।
7ਹੇ ਕਪਟੀਓ ! ਯਸਾਯਾਹ ਨੇ ਤੁਹਾਡੇ ਵਿਖੇ ਠੀਕ ਅਗੰਮ ਵਾਕ ਕੀਤਾ ਹੈ ਕਿ
8ਏਹ ਲੋਕ ਆਪਣੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
9ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿਖਿਆ ਦਿੰਦੇ ਹਨ।
10ਉਸ ਨੇ ਲੋਕਾਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ, ਸੁਣੋ ਅਤੇ ਸਮਝੋ।
11ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਬਲਕਣ ਜੋ ਮੂੰਹੋਂ ਨਿੱਕਲਦਾ ਹੈ ਸੋਈ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।
12ਤਦ ਚੇਲਿਆਂ ਨੇ ਨੇੜੇ ਆਣ ਕੇ ਉਹ ਨੂੰ ਆਖਿਆ, ਭਲਾ, ਤੈਨੂੰ ਮਲੂਮ ਹੈ ਜੋ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ।
13ਉਹ ਨੇ ਉੱਤਰ ਦਿੱਤਾ ਭਈ ਹਰੇਕ ਬੂਟਾ ਜੋ ਮੇਰੇ ਸੁਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ· ਪੁਟਿਆ ਜਾਵੇਗਾ।
14ਉਨ੍ਹਾਂ ਨੂੰ ਜਾਣ ਦਿਓ, ਓਹ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾਂ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।
15ਤਦ ਪਤਰਸ ਨੇ ਅੱਗੋਂ ਉਹ ਨੂੰ ਆਖਿਆ ਜੋ ਇਹ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ।
16ਉਹ ਨੇ ਕਿਹਾ, ਭਲਾ, ਤੁਸੀਂ ਵੀ ਅਜੇ ਨਿਰਬੁੱਧ ਹੋ?
17ਕੀ ਤੁਸੀਂ ਨਹੀਂ ਸਮਝਦੇ ਭਈ ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਢਿੱਡ ਵਿੱਚ ਪੈਂਦਾ ਅਤੇ ਬਾਹਰ ਸੇਦਖ਼ਾਨੇ ਵਿੱਚ ਸੁੱਟਿਆ ਜਾਂਦਾ ਹੈ?
18ਪਰ ਜਿਹੜੀਆਂ ਗੱਲਾਂ ਮੂੰਹੋਂ ਨਿੱਕਲਦੀਆਂ ਹਨ ਓਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਏਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ।
19ਕਿਉਂਕਿ ਬੁਰੇ ਖ਼ਿਆਲ, ਖ਼ੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਹੀਆਂ, ਕੁਫ਼ਰ ਦਿਲ ਵਿੱਚੋਂ ਨਿੱਕਲਦੇ ਹਨ।
20ਏਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ।
21ਯਿਸੂ ਉੱਥੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ।
22ਅਰ ਵੇਖੋ ਇੱਕ ਕਨਾਨੀ ਤੀਵੀਂ ਉਨ੍ਹਾਂ ਹੱਦਾਂ ਵਿੱਚੋਂ ਨਿੱਕਲ ਕੇ ਹਾਕਾਂ ਮਾਰਦੀ ਬੋਲੀ ਕਿ ਹੇ ਪ੍ਰਭੁ ਦਾਊਦ ਦੇ ਪੁੱਤ੍ਰ ਮੇਰੇ ਉੱਤੇ ਦਯਾ ਕਰੋ! ਮੇਰੀ ਧੀ ਦਾ ਬਦ ਰੂਹ ਦੇ ਸਾਯੇ ਨਾਲ ਬੁਰਾ ਹਾਲ ਹੈ।
23ਪਰ ਉਹ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ।
24ਤਦ ਉਹ ਦੇ ਚੇਲਿਆਂ ਨੇ ਕੋਲ ਆਣ ਕੇ ਉਹ ਦੇ ਅੱਗੇ ਅਰਜ਼ ਕੀਤੀ ਭਈ ਉਸ ਨੂੰ ਵਿਦਿਆ ਕਰ ਕਿਉਂ ਜੋ ਉਹ ਸਾਡੇ ਮਗਰ ਡੰਡ ਪਾਉਂਦੀ ਹੈ।
25ਪਰ ਉਹ ਆਈ ਅਤੇ ਉਹ ਦੇ ਅੱਗੇ ਮੱਥਾ ਟੇਕ ਕੇ ਬੋਲੀ, ਪ੍ਰਭੁ ਜੀ ਮੇਰੀ ਸਹਾਇਤਾ ਕਰੋ!
26ਤਾਂ ਉਹ ਨੇ ਉੱਤਰ ਦਿੱਤਾ ਕਿ ਬਾਲਕਾਂ ਦੀ ਰੋਟੀ ਲੈਕੇ ਕਤੂਰਿਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ।
27ਉਹ ਬੋਲੀ, ਠੀਕ ਪ੍ਰਭੁ ਜੀ ਪਰ ਜਿਹੜੇ ਚੂਰੇ ਭੂਰੇ ਉਨ੍ਹਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ ਓਹ ਕਤੂਰੇ ਭੀ ਖਾਂਦੇ ਹਨ।
28ਤਦ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੇ ਬੀਬੀ ਤੇਰੀ ਨਿਹਚਾ ਵੱਡੀ ਹੈ। ਜਿਵੇਂ ਤੂੰ ਚਾਹੁੰਦੀ ਹੈਂ ਤੇਰੇ ਲਈ ਤਿਵੇਂ ਹੀ ਹੋਵੇ ਅਤੇ ਉਸ ਦੀ ਧੀ ਉਸੇ ਘੜੀ ਚੰਗੀ ਹੋ ਗਈ।
29ਯਿਸੂ ਉੱਥੋਂ ਤੁਰ ਕੇ ਗਲੀਲ ਦੀ ਝੀਲ ਦੇ ਨੇੜੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬਹਿ ਗਿਆ।
30ਅਤੇ ਬਹੁਤ ਟੋਲੀਆਂ ਲੰਙਿਆਂ, ਅੰਨ੍ਹਿਆਂ, ਗੁੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈਕੇ ਉਹ ਦੇ ਕੋਲ ਆਈਆਂ ਅਤੇ ਉਨ੍ਹਾਂ ਨੂੰ ਉਹ ਦੇ ਚਰਨਾਂ ਉੱਤੇ ਪਾਇਆ ਅਰ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।
31ਐਥੋਂ ਤੋੜੀ ਕਿ ਜਾਂ ਲੋਕਾਂ ਨੇ ਵੇਖਿਆ ਜੋ ਗੁੰਗੇ ਬੋਲਦੇ, ਟੁੰਡੇ ਚੰਗੇ ਹੁੰਦੇ ਅਤੇ ਲੰਙੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਵਡਿਆਈ ਕੀਤੀ।
32ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ ਕਿਉਂ ਜੋ ਓਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਰਹਿੰਦੇ ਹਨ ਅਤੇ ਉਨ੍ਹਾਂ ਦੇ ਕੋਲ ਖਾਣ ਨੂੰ ਕੁਝ ਨਹੀਂ ਅਰ ਮੈਂ ਨਹੀਂ ਚਾਹੁੰਦਾ ਜੋ ਉਨ੍ਹਾਂ ਨੂੰ ਭੁੱਖਿਆ ਵਿਦਿਆ ਕਰਾਂ ਮਤੇ ਓਹ ਰਸਤੇ ਵਿੱਚ ਹੁੱਸ ਜਾਣ।
33ਤਾਂ ਚੇਲਿਆਂ ਨੇ ਉਹ ਨੂੰ ਕਿਹਾ ਕਿ ਉਜਾੜ ਵਿੱਚ ਅਸੀਂ ਐੱਨੀਆਂ ਰੋਟੀਆਂ ਕਿੱਥੋਂ ਲਿਆਈਏ ਜੋ ਐਡੀ ਭੀੜ ਨੂੰ ਰਜਾਈਏ?
34ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਓਹ ਬੋਲੇ, ਸੱਤ ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ।
35ਤਦ ਉਸ ਨੇ ਭੀੜ ਨੂੰ ਆਖਿਆ ਜੋ ਭੁੰਞੇਂ ਬੈਠ ਜਾਣ।
36ਤਾਂ ਉਸ ਨੇ ਓਹ ਸੱਤ ਰੋਟੀਆਂ ਅਰ ਮੱਛੀਆਂ ਲਈਆਂ ਅਤੇ ਸ਼ੁਕਰ ਕਰ ਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ।
37ਅਤੇ ਓਹ ਸੱਭੇ ਖਾ ਕੇ ਰੱਜ ਗਏ ਅਰ ਬਚਿਆਂ ਹੋਇਆਂ ਟੁਕੜਿਆਂ ਨਾਲ ਉਨ੍ਹਾਂ ਨੇ ਸੱਤ ਟੋਕਰੇ ਭਰੇ ਹੋਏ ਚੁੱਕ ਲਏ।
38ਅਤੇ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਬਿਨਾ ਚਾਰ ਹਜ਼ਾਰ ਮਰਦ ਸਨ।
39ਫੇਰ ਲੋਕਾਂ ਨੂੰ ਵਿਦਿਆ ਕਰ ਕੇ ਉਹ ਬੇੜੀ ਉੱਤੇ ਚੜ੍ਹ ਗਿਆ ਅਤੇ ਮਗਦਾਨ ਦੀਆਂ ਹੱਦਾਂ ਵਿੱਚ ਆਇਆ।