Loading Bible Translation
First-time download in progress. This may take a few seconds…
Punjabi Bible Wordproject Bible
25 verses
1ਜਦ ਬਿਲਆਮ ਨੇ ਵੇਖਿਆ ਕਿ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਪਹਿਲਾਂ ਕਦੀ ਕਦਾਈਂ ਜਾਦਾਂ ਸੀ ਉਹ ਹੁਣ ਜਾਦੂਗਰਾਂ ਨਾਲ ਮਿਲਣ ਲਈ ਨਾ ਗਿਆ ਪਰ ਉਸ ਨੇ ਆਪਣਾ ਮੂੰਹ ਉਜਾੜ ਵੱਲ ਕੀਤਾ।
2ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਵੇ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ।
3ਤਦ ਉਸ ਆਪਣਾ ਅਗੰਮ ਵਾਕ ਖੋਲ ਕੇ ਆਖਿਆ, ਬਓਰ ਦੇ ਪੁੱਤ੍ਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਹ ਦੀਆਂ ਅੱਖਾਂ ਖੁਲ੍ਹੀਆਂ ਹਨ।
4ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਣ ਪਾਉਂਦਾ ਹੈ, ਜਿਹੜਾ ਖੁੱਲ੍ਹੀਆਂ ਅੱਖਾਂ ਨਾਲ ਡਿੱਗ ਪੈਦਾਂ ਹੈ।
5ਹੇ ਯਾਕੂਬ , ਤੇਰੇ ਤੰਬੂ ਕੇਡੇ ਚੰਗੇ ਹਨ! ਹੇ ਇਸਰਾਏਲ, ਤੇਰੇ ਵਾਸ ਵੀ!
6ਵਾਦੀ ਵਾਂਙ ਓਹ ਫੈਲੇ ਹੋਏ ਹਨ, ਨਹਿਰ ਦੇ ਉੱਤੇ ਦੇ ਬਾਗ਼ਾਂ ਵਾਂਙ ਹਨ, ਯਹੋਵਾਹ ਦੇ ਲਾਏ ਹੋਏ ਅਗਰ ਦੇ ਬਿਰਛਾਂ ਵਾਂਙ, ਅਤੇ ਪਾਣੀ ਦੇ ਕੰਢੇ ਦੇ ਦਿਆਰ ਵਾਂਙ,
7ਪਾਣੀ ਉਸ ਦੇ ਕੁਰਾਲਾਂ ਤੋਂ ਵਗੇਗਾ, ਅਤੇ ਉਸ ਦਾ ਬੀ ਬਹੁਤ ਪਾਣੀਆਂ ਵਿੱਚ ਹੋਵੇਗਾ, ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ, ਉਸ ਦਾ ਰਾਜ ਵਧਦਾ ਜਾਵੇਗਾ।
8ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ, ਸਾਨ੍ਹ ਜਿਹਾ ਉਸ ਦਾ ਬਲ ਹੈ, ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ, ਉਨ੍ਹਾਂ ਦੀਆਂ ਹੱਡੀਆਂ ਚੂਰ ਚੂਰ ਕਰੇਗਾ, ਅਤੇ ਓਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ।
9ਉਹ ਛੇਹ ਗਿਆ, ਉਹ ਸਿੰਘ ਵਾਂਙ ਲੇਟਿਆ, ਅਤੇ ਸਿੰਘਣੀ ਵਾਂਙ,— ਕੌਣ ਉਹ ਨੂੰ ਛੇੜੇਗਾ? ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ, ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ।
10ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਬਦ ਦੁਆ ਦੇਣ ਲਈ ਸੱਦਿਆ ਅਤੇ ਵੇਖ, ਤੈਂ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ।
11ਹੁਣ ਆਪਣੇ ਥਾਂ ਨੂੰ ਨੱਠ ਜਾਹ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡੀ ਪਤ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਪਤ ਲੈਣ ਤੋਂ ਮਨਾ ਕੀਤਾ।
12ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਹਲਕਾਰਿਆ ਨੂੰ ਜਿਹੜੇ ਤੈਂ ਮੇਰੇ ਕੋਲ ਘੱਲੇ ਸਨ ਨਹੀਂ ਆਖਿਆ ਸੀ।
13ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸੱਕਦਾ ਕਿ ਆਪਣੇ ਹੀ ਮਨ ਤੋਂ ਭਲਾ ਯਾ ਬੁਰਾ ਕਰਾਂ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ।
14ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ। ਆ, ਮੈਂ ਤੈਨੂੰ ਦੱਸਾਂਗਾ ਭਈ ਏਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ।
15ਫੇਰ ਉਸ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ,—ਬਓਰ ਦੇ ਪੁ��ਤ੍ਰ ਬਿਲਆਮ ਦਾ ਵਾਕ, ਉਸ ਪੁਰਸ਼ ਦਾ ਵਾਕ ਜਿਹ ਦੀਆਂ ਅੱਖਾਂ ਖੁਲੀਆਂ ਹਨ,
16ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ, ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ, ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਣ ਪਾਉਂਦਾ ਹੈ, ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਦਾ ਹੈ।
17ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ, ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ। ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਆਸਾ ਉੱਠੇਗਾ। ਉਹ ਮੋਆਬ ਦੇ ਮੱਥਿਆਂ ਨੂੰ ਵਿੰਨ੍ਹੇਗਾ, ਅਤੇ ਸਾਰੇ ਫ਼ਸਾਦੀਆਂ ਨੂੰ ਉਧਾੜੇਗਾ।
18ਅਦੋਮ ਉਹ ਦੀ ਮਿਲਖ ਹੋਵੇਗਾ, ਅਤੇ ਸੇਈਰ ਵੀ ਉਹ ਦੀ ਮਿਲਖ ਹੋਵੇਗਾ, ਜਿਹੜੇ ਉਹ ਦੇ ਵੈਰੀ ਹਨ, ਅਤੇ ਇਸਰਾਏਲ ਸੂਰਬੀਰਤਾ ਕਰਦਾ ਜਾਵੇਗਾ।
19ਯਾਕੂਬ ਤੋਂ ਉਹ ਰਾਜ ਕਰੇਗਾ, ਅਤੇ ਸ਼ਹਿਰ ਦੇ ਬਚਿਆਂ ਹੋਇਆਂ ਨੂੰ ਨਾਸ ਕਰੇਗਾ।
20ਫੇਰ ਉਸ ਨੇ ਅਮਾਲੇਕ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਅਮਾਲੇਕ ਕੌਮਾਂ ਵਿੱਚ ਪਹਿਲੀ ਸੀ, ਪਰ ਉਸ ਦਾ ਅੰਤ ਤਾਂ ਨਸ਼ਟ ਹੋਣਾ ਹੈ।
21ਫੇਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ, ਤੇਰਾ ਵਸੇਬਾ ਅਸਥਿਰ ਤਾਂ ਹੈ, ਅਤੇ ਤੇਰਾ ਆਹਲਣਾ ਚਟਾਨ ਵਿੱਚ ਤਾਂ ਹੈ,
22ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ, ਜਦ ਤੀਕ ਅੱਸ਼ੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ।
23ਉਸ ਨੇ ਫੇਰ ਆਪਣਾ ਅਗੰਮ ਵਾਕ ਖੋਲ੍ਹ ਕੇ ਆਖਿਆ,— ਹਾਏ! ਪਰਮੇਸ਼ੁਰ ਦੀ ਕਰਨੀ ਤੋਂ ਬਿਨਾ ਕੌਣ ਜੀਉਂਦਾ ਰਹੇਗਾ?
24ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ, ਅਤੇ ਅੱਸ਼ੂਰ ਨੂੰ ਦੁਖ ਦੇਣਗੇ ਅਤੇ ਏਬਰ ਨੂੰ ਦੁਖ ਦੇਣਗੇ, ਪਰ ਉਹ ਵੀ ਨਸ਼ਟ ਹੋ ਜਾਵੇਗਾ।
25ਤਾਂ ਬਿਲਆਮ ਉੱਠ ਕੇ ਚੱਲਾ ਗਿਆ ਅਤੇ ਆਪਣੇ ਅਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪਿਆ।