Loading Bible Translation
First-time download in progress. This may take a few seconds…
Punjabi Bible Wordproject Bible
30 verses
1ਲਿਖਤੁਮ ਪੌਲੁਸ ਅਰ ਤਿਮੋਥਿਉਸ ਮਸੀਹ ਯਿਸੂ ਦੇ ਦਾਸ, ਅੱਗੇ ਜੋਗ ਫ਼ਿਲਿੱਪੈ ਵਿੱਚ ਦੇ ਜਿੰਨੇ ਮਸੀਹ ਯਿਸੂ ਵਿੱਚ ਸੰਤ ਹਨ ਉਨ੍ਹਾਂ ਸਭਨਾਂ ਨੂੰ ਕਲੀਸਿਯਾ ਦਿਆਂ ਨਿਗਾਹਬਾਨਾਂ ਅਤੇ ਸੇਵਕਾਂ ਸਣੇ,
2ਸਾਡੇ ਪਿਤਾ ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ।
3ਮੈਂ ਜਦ ਕਦੇ ਤੁਹਾਨੂੰ ਚੇਤੇ ਕਰਦਾ ਹਾਂ ਤਾਂ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ
4ਅਤੇ ਮੈਂ ਆਪਣੀ ਹਰੇਕ ਬੇਨਤੀ ਵਿੱਚ ਸਦਾ ਤੁਸਾਂ ਸਭਨਾਂ ਲਈ ਅਨੰਦ ਨਾਲ ਬੇਨਤੀ ਕਰਦਾ ਹਾਂ।
5ਇਸ ਲਈ ਜੋ ਤੁਸੀਂ ਪਹਿਲੇ ਦਿਨੋਂ ਹੁਣ ਤੀਕੁਰ ਖੁਸ਼ ਖਬਰੀ ਦੇ ਫੈਲਾਉਣ ਵਿੱਚ ਸਾਂਝੀ ਰਹੇ
6ਅਤੇ ਇਸ ਗੱਲ ਦੀ ਮੈਨੂੰ ਪਰਤੀਤ ਹੈ ਭਈ ਜਿਹ ਨੇ ਤੁਹਾਡੇ ਵਿੱਚ ਸ਼ੁਭ ਕੰਮ ਦਾ ਮੁੱਢ ਧਰਿਆ ਸੋ ਯਿਸੂ ਮਸੀਹ ਦੇ ਦਿਨ ਤੋੜੀ ਉਹ ਨੂੰ ਪੂਰਿਆਂ ਕਰੇਗਾ।
7ਇਉਂ ਤੁਸਾਂ ਸਭਨਾਂ ਦੇ ਲਈ ਮੈਨੂੰ ਇਹੋ ਮੰਨਣਾ ਉਚਿਤ ਹੈ ਕਿਉਂ ਜੋ ਤੁਸੀਂ ਮੇਰੇ ਦਿਲ ਵਿੱਚ ਹੋ ਇਸ ਲਈ ਜੋ ਮੇਰੇ ਬੰਧਨਾਂ ਵਿੱਚ, ਨਾਲੇ ਖੁਸ਼ ਖਬਰੀ ਦੇ ਨਮਿੱਤ ਉੱਤਰ ਅਤੇ ਪਰਮਾਣ ਦੇਣ ਵਿੱਚ ਤੁਸੀਂ ਸੱਭੇ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ।
8ਪਰਮੇਸ਼ੁਰ ਤਾਂ ਮੇਰਾ ਗਵਾਹ ਹੈ ਜੋ ਮੈਂ ਮਸੀਹ ਯਿਸੂ ਜਿਹਾ ਹਿਤ ਕਰਕੇ ਤੁਸਾਂ ਸਭਨਾਂ ਨੂੰ ਕਿੰਨਾ ਹੀ ਲੋਚਦਾ ਹਾਂ
9ਅਤੇ ਮੈਂ ਇਹ ਪਾ੍ਰਰਥਨਾ ਕਰਦਾ ਹਾਂ ਭਈ ਤੁਹਾਡਾ ਪ੍ਰੇਮ ਸਮਝ ਅਤੇ ਸਭ ਪ੍ਰਕਾਰ ਦੇ ਬਿਬੇਕ ਨਾਲ ਹੋਰ ਤੋਂ ਵਧਦਾ ਚੱਲਿਆ ਜਾਵੇ।
10ਭਈ ਤੁਸੀਂ ਚੰਗ ਚੰਗੇਰੀਆਂ ਗੱਲਾਂ ਨੂੰ ਪਸੰਦ ਕਰੋ ਤਾਂ ਜੋ ਮਸੀਹ ਦੇ ਦਿਨ ਤੋੜੀ ਨਿਸ਼ਕਪਟ ਅਤੇ ਬੇਦੋਸ਼ ਰਹੋ
11ਅਤੇ ਧਰਮ ਦੇ ਫਲ ਨਾਲ ਜੋ ਯਿਸੂ ਮਸੀਹ ਦੇ ਵਸੀਲੇ ਕਰਕੇ ਹੁੰਦਾ ਹੈ ਭਰੇ ਹੋਏ ਰਹੋ ਭਈ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਹੋਵੇ।
12ਹੇ ਭਰਾਵੋ, ਮੈਂ ਚਾਹੁੰਦਾ ਹਾਂ ਜੋ ਤੁਸੀਂ ਇਹ ਜਾਣੋ ਭਈ ਮੇਰੇ ਉੱਤੇ ਜੋ ਬੀਤਿਆ ਸੋ ਇੰਜੀਲ ਦੇ ਫੈਲਰ ਜਾਣ ਦਾ ਹੀ ਕਾਰਨ ਹੋਇਆ।
13ਐਥੋਂ ਤੋੜੀ ਜੋ ਪਾਤਸ਼ਾਹ ਦੀ ਸਾਰੀ ਪਲਟਣ ਅਤੇ ਹੋਰ ਸਭਨਾਂ ਉੱਤੇ ਉਜਾਗਰ ਹੋਇਆ ਭਈ ਮੇਰੇ ਬੰਧਨ ਮਸੀਹ ਦੇ ਨਮਿੱਤ ਹਨ
14ਅਰ ਬਹੁਤੇ ਜੋ ਪ੍ਰਭੁ ਵਿੱਚ ਭਾਈ ਹਨ ਮੇਰੇ ਬੰਧਨਾਂ ਦੇ ਕਾਰਨ ਤਕੜੇ ਹੋ ਕੇ ਨਿਧੜਕ ਬਚਨ ਸੁਣਾਉਣ ਲਈ ਹੋਰ ਵੀ ਦਿਲੇਰ ਹੋ ਗਏ ਹਨ।
15ਕਈ ਤਾਂ ਖਾਰ ਅਤੇ ਝਗੜੇ ਨਾਲ ਅਰ ਕਈ ਭਲੀ ਮਨਸ਼ਾ ਨਾਲ ਭੀ ਮਸੀਹ ਦਾ ਪਰਚਾਰ ਕਰਦੇ ਹਨ।
16ਏਹ ਤਾਂ ਪ੍ਰੇਮ ਨਾਲ ਕਰਦੇ ਹਨ ਇਹ ਜਾਣ ਕੇ ਭਈ ਮੈਂ ਇੰਜੀਲ ਲਈ ਉੱਤਰ ਦੇਣ ਨੂੰ ਥਾਪਿਆ ਹੋਇਆ ਹਾਂ
17ਪਰ ਓਹ ਨਿਸ਼ਕਪਟਤਾ ਨਾਲ ਤਾਂ ਨਹੀਂ ਸਗੋਂ ਧੜੇ ਬਾਜ਼ੀ ਨਾਲ ਮਸੀਹ ਦਾ ਪਰਚਾਰ ਕਰਦੇ ਹਨ, ਇਹ ਸਮਝ ਕੇ ਭਈ ਮੇਰਿਆਂ ਬੰਧਨਾਂ ਵਿੱਚ ਮੈਨੂੰ ਹੋਰ ਵੀ ਕਲੇਸ਼ ਪੁਚਾਉਣ।
18ਤਾਂ ਕੀ ਹੋਇਆ? ਭਾਵੇਂ ਬਹਾਨੇ ਭਾਵੇਂ ਸਚਿਆਈ ਨਾਲ ਹਰ ਤਰਾਂ ਮਸੀਹ ਦਾ ਪਰਚਾਰ ਹੁੰਦਾ ਹੈ ਅਤੇ ਮੈਂ ਇਸ ਗੱਲੋਂ ਅਨੰਦ ਹਾਂ ਅਤੇ ਰਹਾਂਗਾ ਭੀ।
19ਕਿਉਂ ਜੋ ਮੈਂ ਜਾਣਦਾ ਹਾਂ ਭਈ ਤੁਹਾਡੀ ਬੇਨਤੀ ਤੋਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਤੋਂ ਏਹ ਮੇਰੀ ਮੁਕਤੀ ਦੇ ਲਈ ਨਿੱਕਲੇਗਾ।
20ਮੇਰੀ ਵੱਡੀ ਤਾਂਘ ਅਤੇ ਆਸ ਦੇ ਅਨੁਸਾਰ ਕਿ ਮੈਂ ਕਿਸੇ ਗੱਲ ਵਿੱਚ ਲੱਜਿਆਵਾਨ ਨਹੀਂ ਹੋਵਾਂਗਾ ਸਗੋਂ ਪੂਰੀ ਦਿਲੇਰੀ ਨਾਲ ਜਿਵੇਂ ਸਦਾ ਤਿਵੇਂ ਹੁਣ ਭੀ ਮੇਰੀ ਦੇਹੀ ਵਿੱਚ ਭਾਵੇਂ ਜੀਉਣ ਤੋਂ ਭਾਵੇਂ ਮਰਨ ਤੋਂ ਮਸੀਹ ਦੀ ਵਡਿਆਈ ਹੋਵੇਗੀ।
21ਕਿਉਂਕਿ ਜੀਉਣਾ ਮੇਰੇ ਲਈ ਮਸੀਹ ਹੈ ਅਤੇ ਮਰਨਾ ਲਾਭ ਹੈ।
22ਪਰ ਜੇ ਸਰੀਰ ਵਿੱਚ ਜੀਉਂਦਾ ਰਹਿਣਾ, ਜੇ ਇਸ ਤੋਂ ਮੈਨੂੰ ਮਿਹਨਤ ਦਾ ਫਲ ਪਰਾਪਤ ਹੋਵੇ ਤਾਂ ਮੈਂ ਨਹੀਂ ਜਾਣਦਾ ਜੋ ਮੈਂ ਕਿਹ ਨੂੰ ਚੁਣਾਂ,
23ਪਰ ਮੈਂ ਦੋਹਾਂ ਦੇ ਵਿਚਾਲੇ ਫਸਿਆ ਹੋਇਆਂ ਹਾਂ। ਮੈਂ ਚਾਹੁੰਦਾ ਹਾਂ ਭਈ ਛੁਟਕਾਰਾ ਪਾਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ ਇਸ ਲਈ ਜੋ ਇਹ ਬਹੁਤ ਹੀ ਉੱਤਮ ਹੈ,
24ਪਰ ਸਰੀਰ ਵਿੱਚ ਮੇਰਾ ਰਹਿਣਾ ਤੁਹਾਡੇ ਨੱਮਿਤ ਵਧੀਕ ਲੋੜੀਂਦਾ ਹੈ
25ਅਤੇ ਇਸ ਗੱਲ ਦੀ ਪਰਤੀਤ ਹੋਣ ਕਰਕੇ ਮੈਂ ਜਾਣਦਾ ਹਾਂ ਜੋ ਮੈਂ ਜੀਉਂਦਾ ਰਹਾਂਗਾ ਅਤੇ ਤੁਸਾਂ ਸਭਨਾਂ ਦੇ ਨਾਲ ਠਹਿਰਾਂਗਾ ਭਈ ਨਿਹਚਾ ਵਿੱਚ ਤੁਹਾਡੀ ਉੱਨਤੀ ਅਤੇ ਅਨੰਦ ਹੋਵੇ।
26ਤਾਂ ਜੋ ਮਸੀਹ ਯਿਸੂ ਵਿੱਚ ਤੁਹਾਡਾ ਅਭਮਾਨ ਜੋ ਮੇਰੇ ਉੱਤੇ ਹੈ ਤੁਹਾਡੇ ਕੋਲ ਮੇਰੇ ਫੇਰ ਆਉਣ ਕਰਕੇ ਵਧ ਜਾਵੇ।
27ਨਿਰੀ ਤੁਸੀਂ ਮਸੀਹ ਦੀ ਖੁਸ਼ ਖਬਰੀ ਦੇ ਜੋਗ ਚਾਲ ਚੱਲੋ ਇਸ ਲਈ ਜੋ ਮੈਂ ਭਾਵੇਂ ਆਣ ਕੇ ਤੁਹਾਨੂੰ ਮਿਲਾਂ ਭਾਵੇਂ ਤੁਹਾਥੋਂ ਪਰੋਖੇ ਹੋਵਾਂ ਪਰ ਤੁਹਾਡੀ ਇਹ ਵਿਥਿਆ ਸੁਣਾਂ ਭਈ ਤੁਸੀਂ ਇੱਕੋ ਆਤਮਾ ਵਿੱਚ ਦ੍ਰਿੜ੍ਹ ਅਤੇ ਇੱਕ ਮਨ ਹੋ ਕੇ ਖੁਸ਼ ਖਬਰੀ ਦੀ ਨਿਹਚਾ ਲਈ ਜਤਨ ਕਰਦੇ
28ਅਤੇ ਕਿਸੇ ਗੱਲ ਵਿੱਚ ਵਿਰੋਧੀਆਂ ਤੋਂ ਨਹੀਂ ਡਰਦੇ ਹੋ ਜਿਹੜਾ ਓਹਨਾਂ ਲਈ ਨਾਸ ਦਾ ਪੱਕਾ ਨਿਸ਼ਾਨ ਹੈ ਪਰ ਤੁਹਾਡੀ ਮੁਕਤੀ ਦਾ, ਅਤੇ ਇਹ ਪਰਮੇਸ਼ੁਰ ਦੀ ਵੱਲੋਂ ਹੈ।
29ਕਿਉਂ ਜੋ ਮਸੀਹ ਦੇ ਲਈ ਤੁਹਾਡੇ ਉੱਤੇ ਇਹ ਕਿਰਪਾ ਹੋਈ ਭਈ ਤੁਸੀਂ ਨਾ ਕੇਵਲ ਉਸ ਉੱਤੇ ਨਿਹਚਾ ਹੀ ਕਰੋ ਸਗੋਂ ਉਹ ਦੇ ਲਈ ਦੁਖ ਵੀ ਝੱਲੋ
30ਅਤੇ ਤੁਸੀਂ ਉਹੋ ਜਿਹਾ ਜਤਨ ਕਰੋ ਜੋ ਤੁਸਾਂ ਮੈਨੂੰ ਕਰਦਿਆਂ ਡਿੱਠਾ ਅਤੇ ਹੁਣ ਵੀ ਸੁਣਦੇ ਹੋ।