Loading Bible Translation
First-time download in progress. This may take a few seconds…
Punjabi Bible Wordproject Bible
33 verses
1ਦਾਊਦ ਦੇ ਪੁੱਤਰ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਦੀਆਂ ਕਹਾਉਤਾਂ,—
2ਬੁੱਧ ਤੇ ਸਿੱਖਿਆ ਜਾਣਨ ਲਈ, ਅਤੇ ਸਮਝ ਦੀਆਂ ਗੱਲਾਂ ਬੁੱਝਣ ਲਈ,
3ਚਤਰਾਈ ਦੀ ਸਿੱਖਿਆ ਪ੍ਰਾਪਤ ਕਰਨ ਲਈ, ਨਾਲੇ ਧਰਮ, ਨਿਆਉਂ, ਤੇ ਇਨਸਾਫ਼ ਵੀ,
4ਭੋਲਿਆਂ ਨੂੰ ਸਿਆਣਪ, ਅਤੇ ਜੁਆਨਾਂ ਨੂੰ ਗਿਆਨ ਤੇ ਮੱਤ ਦੇਣ ਲਈ,
5ਭਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ, ਅਤੇ ਸਮਝ ਵਾਲਾ ਬੁੱਧ ਦੀਆਂ ਜੁਗਤਾਂ ਪ੍ਰਾਪਤ ਕਰੇ,
6ਭਈ ਓਹ ਕਹਾਉਤਾਂ ਤੇ ਦ੍ਰਿਸ਼ਟਾਂਤਾਂ, ਅਤੇ ਬੁੱਧਵਾਨਾਂ ਦੀਆਂ ਗੱਲਾਂ ਅਤੇ ਬੁਝਾਰਤਾਂ ਨੂੰ ਸਮਝਣ।
7ਯਹੋਵਾਹ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ।
8ਹੇ ਮੇਰੇ ਪੁੱਤਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ,
9ਕਿਉਂ ਜੋ ਓਹ ਤੇਰੇ ਸਿਰ ਲਈ ਸਿੰਗਾਰਨ ਵਾਲਾ ਸਿਹਰਾ ਅਤੇ ਤੇਰੇ ਗਲ ਦੇ ਲਈ ਕੈਂਠਾਂ ਹੋਣਗੀਆਂ।
10ਹੇ ਮੇਰੇ ਪੁੱਤਰ, ਜੇ ਕਦੀ ਪਾਪੀ ਤੈਨੂੰ ਫ਼ੁਸਲਾਉਣ, ਤਾਂ ਤੂੰ ਉਨ੍ਹਾਂ ਦੀ ਨਾ ਮੰਨੀਂ।
11ਜੇ ਓਹ ਆਖਣ ਭਈ ਸਾਡੇ ਨਾਲ ਚੱਲ, ਅਸੀਂ ਖ਼ੂਨ ਕਰਨ ਨੂੰ ਦਾਉ ਲਾਈਏ, ਆਪਾਂ ਨਹੱਕ ਬਿਦੋਸ਼ਾਂ ਦੀ ਘਾਤ ਵਿੱਚ ਲੁਕ ਕੇ ਬੈਠੀਏ,
12ਅਸੀਂ ਓਹਨਾਂ ਨੂੰ ਪਤਾਲ ਵਾਂਙੁ ਜੀਉਂਦਾ ਈ ਭੱਛ ਲਈਏ, ਅਤੇ ਸਾਬਤਾ, ਓਹਨਾਂ ਵਾਂਙੁ ਜੋ ਟੋਏ ਵਿੱਚ ਉਤਰਦੇ ਹਨ!
13ਸਾਨੂੰ ਸਭ ਪਰਕਾਰ ਦੇ ਅਣਮੁੱਲ ਪਦਾਰਥ ਮਿਲਨਗੇ, ਅਸੀਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ!
14ਸਾਡੇ ਵਿੱਚ ਹੀ ਆਪਣਾ ਗੁਣਾ ਪਾ ਲੈ, ਸਾਡੀ ਸਭਨਾਂ ਦੀ ਇੱਕੋ ਥੈਲੀ ਹੋਊ।
15ਹੇ ਮੇਰੇ ਪੁੱਤਰ, ਤੂੰ ਉਨ੍ਹਾਂ ਦੇ ਸੰਗ ਉਸ ਰਾਹ ਵਿੱਚ ਨਾ ਤੁਰੀਂ, ਉਨ੍ਹਾਂ ਦੇ ਮਾਰਗ ਤੋਂ ਆਪਣੇ ਪੈਰ ਨੂੰ ਰੋਕੀਂ,
16ਕਿਉਂ ਜੋ ਉਨ੍ਹਾਂ ਦੇ ਪੈਰ ਬੁਰਿਆਈ ਵੱਲ ਨੱਠਦੇ, ਅਤੇ ਖ਼ੂਨ ਕਰਨ ਨੂੰ ਫੁਰਤੀ ਕਰਦੇ ਹਨ!
17ਕਿਸੇ ਪੰਛੀ ਦੇ ਵੇਖਦਿਆਂ ਜਾਲ ਵਿਛਾਉਣਾ ਵਿਅਰਥ ਹੈ।
18ਓਹ ਆਪਣਾ ਹੀ ਖ਼ੂਨ ਕਰਨ ਲਈ ਦਾਉ ਲਾਉਂਦੇ ਹਨ, ਓਹ ਆਪਣੀਆਂ ਹੀ ਜਾਨਾਂ ਦੇ ਲਈ ਲੁਕ ਕੇ ਘਾਤ ਵਿੱਚ ਬੈਠਦੇ ਹਨ।
19ਨਫ਼ੇ ਦੇ ਸਾਰੇ ਲੋਭੀਆਂ ਦੀ ਚਾਲ ਅਜਿਹੀ ਹੁੰਦੀ ਹੈ, ਉਹ ਆਪਣੇ ਮਾਲਕਾਂ ਦੀ ਜਾਨ ਲੈ ਜਾਂਦਾ ਹੈ।
20ਬੁੱਧ ਗਲੀਆਂ ਵਿੱਚ ਉੱਚੀ ਦੇ ਕੇ ਬੋਲਦੀ ਹੈ, ਉਹ ਚੌਂਕਾਂ ਵਿੱਚ ਹਾਕਾਂ ਮਾਰਦੀ ਹੈ।
21ਉਹ ਬਜ਼ਾਰਾਂ ਦਿਆਂ ਸਿਿਰਆਂ ਉੱਤੇ ਹੋਕਾ ਦਿੰਦੀ ਹੈ, ਉਹ ਫਾਟਕਾਂ ਦੇ ਲਾਂਘਿਆਂ ਉੱਤੇ ਅਤੇ ਸ਼ਹਿਰ ਵਿੱਚ ਏਹ ਗੱਲਾਂ ਕਰਦੀ ਹੈ,—
22ਹੇ ਭੋਲਿਓ, ਤੁਸੀਂ ਕਦੋਂ ਤਾਈ ਭੋਲੇਪਣ ਨਾਲ ਪ੍ਰੀਤ ਪਾਲੋਗੇ? ਅਤੇ ਮਖੌਲੀਏ ਆਪਣੇ ਮਖੌਲਾਂ ਤੋਂ ਪਰਸੰਨ ਹੋਣਗੇ, ਅਤੇ ਮੂਰਖ ਗਿਆਨ ਨਾਲ ਵੈਰ ਰੱਖਣਗੇ?
23ਮੇਰੀ ਤਾੜ ਸੁਣ ਕੇ ਮੁੜੋ! ਵੇਖੋ, ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗੀ, ਮੈਂ ਆਪਣੇ ਬਚਨ ਤੁਹਾਨੂੰ ਸਮਝਾਵਾਂਗੀ।
24ਮੈਂ ਤਾਂ ਅਵਾਜ਼ ਮਾਰੀ ਪਰ ਤੁਸਾਂ ਆਖਾ ਨਾ ਮੰ���ਿਆ, ਮੈਂ ਹੱਥ ਪਸਾਰਿਆ ਪਰ ਕਿਸੇ ਨੇ ਵੀ ਧਿਆਨ ਨਾ ਕੀਤਾ,
25ਸਗੋਂ ਤੁਸਾਂ ਮੇਰੀਆਂ ਸਾਰੀਆਂ ਮੱਤਾਂ ਨੂੰ ਵਿਸਾਰ ਦਿੱਤਾ, ਅਤੇ ਮੇਰੀ ਤਾੜ ਦੀ ਕੁਝ ਚਾਹ ਨਾ ਕੀਤੀ।
26ਮੈਂ ਵੀ ਤੁਹਾਡੀ ਬਿਪਤਾ ਉੱਤੇ ਹੱਸਾਂਗੀ, ਅਤੇ ਜਦ ਤੁਹਾਡੇ ਉੱਤੇ ਭੈ ਆ ਪਵੇਗਾ ਤਾਂ ਮੈਂ ਠੱਠਾ ਮਾਰਾਂਗੀ,
27ਜਿਸ ਵੇਲੇ ਝੱਖੜ ਝੋਲੇ ਵਾਂਗਰ ਤੁਹਾਡੇ ਉੱਤੇ ਭੈ ਆ ਪਵੇਗਾ, ਅਤੇ ਵਾਵਰੋਲੇ ਦੀ ਨਿਆਈਂ ਤੁਹਾਡੇ ਉੱਤੇ ਬਿਪਤਾ ਆ ਪਵੇਗੀ, ਅਤੇ ਤੁਹਾਨੂੰ ਕਸ਼ਟ ਤੇ ਸੰਕਟ ਹੋਵੇਗਾ,
28ਉਸ ਵੇਲੇ ਓਹ ਮੇਰੀਆਂ ਦੁਹਾਈਆਂ ਦੇਣਗੇ ਪਰ ਮੈਂ ਉੱਤਰ ਨਾ ਦੇਵਾਂਗੀ, ਓਹ ਮਨੋਂ ਲਾ ਕੇ ਮੈਨੂੰ ਭਾਲਣਗੇ ਪਰ ਮੈਂ ਉਨ੍ਹਾਂ ਨੂੰ ਨਾ ਲੱਭਾਂਗੀ,
29ਕਿਉਂ ਜੋ ਉਨ੍ਹਾਂ ਨੇ ਗਿਆਨ ਨਾਲ ਵੈਰ ਰੱਖਿਆ, ਅਤੇ ਯਹੋਵਾਹ ਦਾ ਭੈ ਪਸੰਦ ਨਾ ਕੀਤਾ,
30ਉਨ੍ਹਾਂ ਮੇਰੀ ਮੱਤ ਦੀ ਕੁਝ ਲੋੜ ਨਾ ਰੱਖੀ, ਅਤੇ ਮੇਰੀ ਸਾਰੀ ਤਾੜ ਨੂੰ ਤੁੱਛ ਜਾਣਿਆ,
31ਏਸ ਲਈ ਓਹ ਆਪਣੀ ਕਰਨੀ ਦਾ ਫਲ ਭੋਗਣਗੇ, ਅਤੇ ਆਪਣੀਆਂ ਜੁਗਤਾਂ ਨਾਲ ਰੱਜਣਗੇ,
32ਕਿਉਂ ਜੋ ਭੋਲੇ ਫਿਰ ਜਾਣ ਕਰਕੇ ਮਾਰੇ ਜਾਣਗੇ, ਅਤੇ ਮੂਰਖਾਂ ਦੀ ਲਾਪਰਵਾਹੀ ਓਹਨਾਂ ਦਾ ਨਾਸ ਕਰੇਗੀ।
33ਪਰ ਜੋ ਮੇਰੀ ਸੁਣਦਾ ਹੈ ਉਹ ਸੁਖ ਨਾਲ ਵੱਸੇਗਾ, ਅਤੇ ਬਲਾ ਤੋਂ ਨਿਰਭੈ ਹੋ ਕੇ ਸ਼ਾਂਤੀ ਨਾਲ ਰਹੇਗਾ।