Loading Bible Translation
First-time download in progress. This may take a few seconds…
Punjabi Bible Wordproject Bible
28 verses
1ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ।
2ਸਿਆਣਾ ਟਹਿਲੂਆ ਖੱਜਲ ਕਰਨ ਵਾਲੇ ਪੁੱਤਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ।
3ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।
4ਕੁਕਰਮੀ ਖੋਟੇ ਬੁੱਲ੍ਹਾਂ ਵੱਲ ਧਿਆਨ ਦਿੰਦਾ ਹੈ, ਅਤੇ ਝੂਠਾ ਸ਼ਰਾਰਤੀ ਜ਼ਬਾਨ ਵੱਲ ਕੰਨ ਲਾਉਂਦਾ ਹੈ।
5ਜਿਹੜਾ ਦੀਣ ਨੂੰ ਠੱਠਾ ਮਾਰਦਾ ਹੈ ਉਹ ਉਸ ਦੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਅਤੇ ਜੋ ਬਿਪਤਾ ਤੋਂ ਅਨੰਦ ਹੁੰਦਾ ਹੈ ਉਹ ਡੰਨੋਂ ਬਿਨਾ ਨਾ ਛੁੱਟੇਗਾ।
6ਪੋਤੇ ਬੁੱਢਿਆਂ ਦਾ ਮੁਕਟ ਹਨ, ਅਤੇ ਪੁੱਤਰਾਂ ਦੀ ਸੋਭਾ ਓਹਨਾਂ ਦੇ ਪਿਉ ਹਨ।
7ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ, ਤਾਂ ਪਤਵੰਤ ਨੂੰ ਝੂਠੇ ਬੁੱਲ੍ਹ ਕਿਵੇਂ ਫੱਬਣਗੇ?
8ਵੱਢੀ ਉਹ ਦੇ ਦੇਣ ਵਾਲੇ ਦੀਆਂ ਅੱਖਾਂ ਵਿੱਚ ਬਹੁਮੁੱਲਾ ਰਤਨ ਹੈ, ਜਿੱਧਰ ਉਹ ਮੂੰਹ ਕਰਦਾ ਹੈ, ਉਹ ਸਫ਼ਲ ਹੁੰਦਾ ਹੈ।
9ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤਰਾਂ ਵਿੱਚ ਫੁੱਟ ਪਾ ਦਿੰਦਾ ਹੈ।
10ਸਮਝ ਵਾਲੇ ਤੇ ਇੱਕ ਤਾੜ, ਮੂਰਖ ਤੇ ਸੌ ਕੋਰੜਿਆਂ ਨਾਲੋਂ ਬਹੁਤਾ ਅਸਰ ਕਰਦੀ ਹੈ।
11ਭੈੜਾ ਪੁਰਸ਼ ਬੱਸ ਆਕੀਪੁਣਾ ਕਰਨਾ ਹੀ ਚਾਹੁੰਦਾ ਹੈ, ਸੋ ਇੱਕ ਜ਼ਾਲਮ ਹਰਕਾਰਾ ਉਹ ਦੇ ਵਿਰੁੱਧ ਘੱਲਿਆ ਜਾਵੇਗਾ।
12ਰਿੱਛਣੀ ਜਿਹ ਦੇ ਬੱਚੇ ਖੁੱਸ ਗਏ ਹੋਣ ਮਨੁੱਖ ਨੂੰ ਟੱਕਰੇ, ਪਰ ਨਾ ਕਿ ਮੂਰਖ ਆਪਣੀ ਮੂਰਖਤਾਈ ਵਿੱਚ।
13ਜਿਹੜਾ ਭਲਿਆਈ ਦੇ ਵੱਟੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੀ ਨਾ ਹਟੇਗੀ।
14ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।
15ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਓਹਨਾਂ ਦੋਹਾਂ ਤੋਂ ਘਿਣ ਕਰਦਾ ਹੈ।
16ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਕਿਉਂ ਹੋਵੇ, ਜਦ ਉਹ ਚਾਹ ਨਹੀਂ ਕਰਦਾ?
17ਮਿੱਤਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਨ ਲਈ ਜੰਮਿਆ ਹੈ।
18ਬੇਸਮਝ ਆਦਮੀ ਹੱਥ ਮਾਰਦਾ ਹੈ, ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਾਮਨ ਬਣ ਜਾਂਦਾ ਹੈ।
19ਅਪਰਾਧ ਦਾ ਪ੍ਰੇਮੀ ਕੁਪੱਤ ਦਾ ਪ੍ਰੇਮੀ ਹੈ, ਜਿਹੜਾ ਆਪਣੇ ਦਰਵੱਜੇ ਨੂੰ ਉੱਚਾ ਕਰਦਾ ਹੈ ਉਹ ਆਪਣਾ ਨਾਸ ਭਾਲਦਾ ਹੈ।
20ਪੁੱਠੇ ਦਿਲ ਵਾਲਾ ਭਲਿਆਈ ਨਾ ਪਾਵੇਗਾ, ਅਤੇ ਉਲਟੀ ਜ਼ਬਾਨ ਵਾਲਾ ਬਿਪਤਾ ਵਿੱਚ ਡਿੱਗੇਗਾ।
21ਮੂਰਖ ਦਾ ਜਮਾਉਣ ਵਾਲਾ ਦੁੱਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਉ ਨੂੰ ਕੁਝ ਅਨੰਦ ਨਹੀਂ।
22ਖੁਸ਼ ਦਿਲੀ ਦਵਾ ਵਾਂਙੁ ਚੰਗਾ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ।
23ਦੁਸ਼ਟ ਬੁੱਕਲ ਵਿੱਚੋਂ ਵੱਢੀ ਲੈਂਦਾ ਹੈ, ਭਈ ਉਹ ਨਿਆਉਂ ਦੇ ਮਾਰਗਾਂ ਨੂੰ ਵਿਗਾੜ ਦੇਵੇ।
24ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖੀਆਂ ਧਰਤੀ ਦੇ ਬੰਨਿਆਂ ਵੱਲ ਲੱਗੀਆਂ ਰਹਿੰਦੀਆਂ ਹਨ।
25ਮੂਰਖ ਪੁੱਤਰ ਆਪਣੇ ਪਿਉ ਲਈ ਗ਼ਮ, ਅਤੇ ਆਪਣੀ ਮਾਂ ਲਈ ਕੁੜੱਤਨ ਹੈ।
26ਧਰਮੀ ਨੂੰ ਡੰਨ ਲਾਉਣਾ ਚੰਗਾ ਨਹੀਂ, ਨਾ ਪਤਵੰਤਾਂ ਨੂੰ ਸਿਿਧਆਈ ਦੇ ਕਾਰਨ ਮਾਰਨਾ।
27ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।
28ਮੂਰਖ ਵੀ ਜਿੰਨਾ ਚਿਰ ਚੁਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਬੁੱਲ੍ਹ ਬੰਦ ਰੱਖੇ ਤਾਂ ਸਿਆਣਾ ਸਮਝੀਦਾ ਹੈ।