Loading Bible Translation
First-time download in progress. This may take a few seconds…
Punjabi Bible Wordproject Bible
28 verses
1ਏਹ ਵੀ ਸੁਲੇਮਾਨ ਦੀਆਂ ਕਹਾਉਤਾਂ ਹਨ, ਜਿਨ੍ਹਾਂ ਦੀ ਯਹੋਵਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਆਦਮੀਆਂ ਨੇ ਨਕਲ ਕੀਤੀ,—
2ਪਰਮੇਸ਼ਰ ਦੀ ਮਹਿਮਾ ਗੱਲ ਨੂੰ ਗੁਪਤ ਰੱਖਣ ਵਿੱਚ ਹੈ, ਪਰ ਪਾਤਸ਼ਾਹਾਂ ਦੀ ਮਹਿਮਾ ਗੱਲ ਦੀ ਪੜਤਾਲ ਕਰਨ ਵਿੱਚ ਹੁੰਦੀ ਹੈ।
3ਅਕਾਸ਼ ਦੀ ਉਚਿਆਈ, ਧਰਤੀ ਦੀ ਡੁੰਘਿਆਈ, ਅਤੇ ਪਾਤਸ਼ਾਹਾਂ ਦਾ ਮਨ ਅਗੋਚਰ ਹਨ।
4ਚਾਂਦੀ ਦਾ ਖੋਟ ਕੱਢੋ, ਤਾਂ ਸਰਾਫ਼ ਲਈ ਭਾਂਡਾ ਬਣੇਗਾ।
5ਪਾਤਸ਼ਾਹ ਦੇ ਅੱਗੋਂ ਦੁਸ਼ਟ ਕੱਢੋ, ਤਾਂ ਉਹ ਦੀ ਗੱਦੀ ਧਰਮ ਨਾਲ ਅਸਥਿਰ ਹੋ ਜਾਵੇਗੀ।
6ਪਾਤਸ਼ਾਹ ਦੇ ਹਜ਼ੂਰ ਆਪਣਾ ਆਦਰ ਨਾ ਕਰ, ਅਤੇ ਵੱਡਿਆਂ ਲੋਕਾਂ ਦੇ ਥਾਂ ਉੱਤੇ ਨਾ ਖਲੋ,
7ਕਿਉਂ ਜੋ ਉਸ ਪਤਵੰਤ ਦੇ ਸਾਹਮਣੇ ਨੀਵਿਆਂ ਕੀਤੇ ਜਾਣ ਨਾਲੋਂ ਤੇਰੇ ਲਈ ਇਹ ਚੰਗਾ ਹੈ ਭਈ ਤੈਨੂੰ ਆਖਿਆ ਜਾਵੇ, ਐਧਰ ਉਤਾਹਾਂ ਆ ਜਾਹ, ਜਿਵੇਂ ਤੇਰੀਆਂ ਅੱਖੀਆਂ ਨੇ ਵੇਖਿਆ ਹੈ।
8ਝਗੜਾ ਕਰਨ ਲਈ ਛੇਤੀ ਅਗਾਹਾਂ ਨਾ ਹੋ, ਓੜਕ ਜਾਂ ਤੇਰਾ ਗੁਆਂਢੀ ਤੈਨੂੰ ਸ਼ਰਮਿੰਦਿਆਂ ਕਰੇ ਤਾਂ ਤੂੰ ਕੀ ਕਰੇਂਗਾ?
9ਆਪਣੇ ਗੁਆਂਢੀ ਨਾਲ ਹੀ ਆਪਣੇ ਝਗੜੇ ਤੇ ਗੱਲ ਬਾਤ ਕਰ, ਅਤੇ ਏਸ ਭੇਤ ਨੂੰ ਕਿਸੇ ਦੂਜੇ ਤੇ ਨਾ ਖੋਲ੍ਹ,
10ਮਤੇ ਸੁਣਨ ਵਾਲਾ ਤੈਨੂੰ ਬੁਰਾ ਭਲਾ ਕਹੇ, ਅਤੇ ਤੇਰਾ ਅਪਜਸ ਨਾ ਮਿਟੇ।
11ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।
12ਬੁੱਧਵਾਨ ਦੀ ਤਾੜ ਸੁਣਨ ਵਾਲੇ ਦੇ ਕੰਨ ਦੇ ਲਈ ਸੋਨੇ ਦੀ ਬਾਲੀ ਅਤੇ ਕੁੰਦਨ ਦਾ ਗਹਿਣਾ ਹੈ।
13ਜਿਵੇਂ ਵਾਢੀ ਦੇ ਦਿਨੀਂ ਬਰਫ਼ ਦੀ ਠੰਡ ਹੁੰਦੀ ਹੈ, ਓਵੇਂ ਹੀ ਮਾਤਬਰ ਸਨੇਹੀਆ ਆਪਣੇ ਘੱਲਣ ਵਾਲਿਆਂ ਦੇ ਲਈ ਹੁੰਦਾ ਹੈ, ਕਿਉਂ ਜੋ ਉਹ ਆਪਣੇ ਮਾਲਕਾਂ ਦਾ ਜੀ ਠੰਡਾ ਕਰਦਾ ਹੈ।
14ਜਿਹੜਾ ਦਾਨ ਦਿੱਤਿਆਂ ਬਿਨਾ ਹੀ ਫੋਕੀ ਵਡਿਆਈ ਮਾਰਦਾ ਹੈ, ਉਹ ਉਸ ਬੱਦਲ ਤੇ ਪੌਣ ਵਰਗਾ ਹੈ ਜਿਹ ਦੇ ਵਿੱਚ ਵਰਖਾ ਨਾ ਹੋਵੇ।
15ਧੀਰਜ ਨਾਲ ਹਾਕਮ ਰਾਜੀ ਹੋ ਜਾਂਦਾ ਹੈ, ਅਤੇ ਕੋਮਲ ਰਸਨਾ ਹੱਡੀ ਨੂੰ ਵੀ ਭੰਨ ਸੁੱਟਦੀ ਹੈ।
16ਜੇ ਤੈਨੂੰ ਸ਼ਹਿਤ ਲੱਭਾ ਹੈ ਤਾਂ ਜਿੰਨਾ ਤੈਨੂੰ ਲੋੜੀਂਦਾ ਹੈ ਓੱਨਾ ਹੀ ਖਾਹ, ਕਿਤੇ ਵਧੇਰੇ ਖਾ ਕੇ ਉਗਲੱਛ ਨਾ ਦੇਵੇਂ।
17ਆਪਣੇ ਗੁਆਂਢੀ ਦੇ ਘਰ ਪੈਰ ਤਾਂ ਧਰੀਂ ਪਰ ਸੰਗੁੱਚ ਕੇ, ਅਜਿਹਾ ਨਾ ਹੋਵੇ ਭਈ ਉਹ ਅੱਕ ਕੇ ਤੈਥੋਂ ਕਰਾਹਤ ਕਰੇ।
18ਜਿਹੜਾ ਆਪਣੇ ਗੁਆਂਢੀ ਦੇ ਉੱਤੇ ਝੂਠੀ ਗਵਾਹੀ ਦਿੰਦਾ ਹੈ, ਉਹ ਗੁਰਜ ਅਤੇ ਤਲਵਾਰ ਅਤੇ ਤਿੱਖਾ ਬਾਣ ਹੈ।
19ਬਿਪਤਾ ਦੇ ਵੇਲੇ ਬੇਵਿਸਾਹੇ ਮਨੁੱਖ ਦਾ ਵਿਸਾਹ ਕਰਨਾ ਖਰਾਬ ਦੰਦ ਅਤੇ ਮੋਚੇ ਹੋਏ ਪੈਰ ਵਰਗਾ ਹੈ।
20ਕਿਸੇ ਸੋਗੀ ਦੇ ਅੱਗੇ ਰਾਗ ਗਾਉਣਾ, ਸਿਆਲ ਵਿੱਚ ਕੱਪੜਾ ਲਾਹੁਣ, ਅਤੇ ਸੱਜੀ ਉੱਤੇ ਸਿਰਕਾ ਪਾਉਣ ਵਰਗਾ ਹੈ।
21ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਹ ਨੂੰ ਰੋਟੀ ਖੁਆ, ਅਤੇ ਤਿਹਾਇਆ ਹੋਵੇ ਤਾਂ ਉਹ ਨੂੰ ਪਾਣੀ ਪਿਆ,
22ਕਿਉਂ ਜੋ ਤੂੰ ਉਹ ਦੇ ਸਿਰ ਉੱਤੇ ਅੰਗਿਆਰਿਆਂ ਦਾ ਢੇਰ ਲਾਵੇਂਗਾ, ਅਤੇ ਯਹੋਵਾਹ ਤੈਨੂੰ ਫਲ ਦੇਵੇਗਾ।
23ਉੱਤਰੀ ਪੌਣ ਵਰਖਾ ਨੂੰ ਲਿਆਉਂਦੀ ਹੈ, ਅਤੇ ਨਿੰਦਿਆ ਕਰਨ ਵਾਲੀ ਜੀਭ ਨਾਰਾਜ਼ ਝਾਕੀਆਂ।
24ਝਗੜਾਲੂ ਪਤਨੀ ਨਾਲ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਵੱਸਣ ਨਾਲੋਂ ਛੱਤ ਉੱਤੇ ਇੱਕ ਨੁੱਕਰ ਵਿੱਚ ਰਹਿਣਾ ਚੰਗਾ ਹੀ ਹੈ।
25ਜਿਵੇਂ ਥੱਕੇ ਮਾਂਦੇ ਦੀ ਜਾਨ ਦੇ ਲਈ ਠੰਡਾ ਪਾਣੀ, ਤਿਵੇਂ ਹੀ ਦੂਰ ਦੇਸੋਂ ਆਇਆ ਹੋਇਆ ਚੰਗਾ ਸਮਾਚਾਰ ਹੈ
26ਧਰਮੀ ਪੁਰਸ਼ ਜੋ ਦੁਸ਼ਟ ਦੇ ਅੱਗੇ ਦੱਬ ਜਾਂਦਾ ਹੈ, ਉਹ ਗੰਧਲੇ ਸੁੰਬ ਅਤੇ ਪਲੀਤ ਸੋਤੇ ਵਰਗਾ ਹੈ।
27ਬਾਹਲਾ ਸ਼ਹਿਤ ਖਾਣਾ ਚੰਗਾ ਨਹੀਂ, ਅਤੇ ਆਪਣੀ ਮਹਿਮਾ ਦੀ ਭਾਲ ਕਰਨੀ ਮਨੁੱਖਾਂ ਲਈ ਉਚਿਤ ਨਹੀਂ।
28ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।