Loading Bible Translation
First-time download in progress. This may take a few seconds…
Punjabi Bible Wordproject Bible
33 verses
1ਯਾਕਹ ਦੇ ਪੁੱਤਰ ਆਗੂਰ ਦੀਆਂ ਗੱਲਾਂ ਦਾ ਅਗੰਮ ਵਾਕ,—ਉਹ ਪੁਰਸ਼ ਈਥੀਏਲ, ਹਾਂ, ਈਥੀਏਲ ਅਤੇ ਉੱਕਾਲ ਨੂੰ ਆਖਦਾ,—
2ਸੱਚੀਂ ਮੁੱਚੀਂ ਮੈਂ ਹੋਰ ਮਨੁੱਖਾਂ ਨਾਲੋਂ ਪਸੂ ਵੱਤ ਹਾਂ, ਅਤੇ ਮੇਰੇ ਵਿੱਚ ਆਦਮੀ ਜਿਹੀ ਮੱਤ ਨਹੀਂ ਹੈ।
3ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿੱਤਰ ਪੁਰਖ ਦਾ ਗਿਆਨ ਹੈ।
4ਅਕਾਸ਼ ਉੱਤੇ ਕੌਣ ਚੜ੍ਹਿਆ ਅਤੇ ਫੇਰ ਹੇਠਾਂ ਉਤਰਿਆ? ਕਿਹ ਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ? ਕਿਹ ਨੇ ਪਾਣੀਆਂ ਨੂੰ ਚਾਦਰ ਵਿੱਚ ਬੰਨ੍ਹਿਆ? ਕਿਹ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ? ਉਹ ਦਾ ਕੀ ਨਾਮ ਅਤੇ ਉਹ ਦੇ ਪੁੱਤਰ ਦਾ ਕੀ ਨਾਮ ਹੈ?— ਜੇ ਤੂੰ ਜਾਣਦਾ ਹੈਂ!
5ਪਰਮੇਸ਼ਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਓਹਨਾਂ ਦੀ ਢਾਲ ਹੈ।
6ਤੂੰ ਉਹ ਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਉਂ ਨਾ ਹੋਵੇ ਭਈ ਉਹ ਤੈਨੂੰ ਤਾੜੇ ਅਤੇ ਤੂੰ ਝੂਠਾਂ ਨਿੱਕਲੇਂ।
7ਮੈਂ ਤੈਥੋਂ ਦੋ ਪਦਾਰਥ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਓਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ।
8ਮਿੱਥਿਆ ਅਤੇ ਝੂਠ ਨੂੰ ਮੈਥੋਂ ਦੂਰ ਕਰ ਦੇਹ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇਹ, ਮੇਰੀ ਲੋੜ ਜੋਗੀ ਰੋਟੀ ਮੈਨੂੰ ਖਿਲਾ,
9ਮਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਵਾਂ ਅਤੇ ਆਖਾਂ “ਯਹੋਵਾਹ ਕੌਣ ਹੈ”? ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ਰ ਦੇ ਨਾਮ ਦੀ ਭੰਡੀ ਕਰਾਂ।
10ਟਹਿਲੀਏ ਦੀ ਉਹ ਦੇ ਸੁਆਮੀ ਦੇ ਅੱਗੇ ਨਿੰਦਿਆ ਨਾ ਕਰ, ਮਤੇ ਉਹ ਤੈਨੂੰ ਸਰਾਪ ਦੇਵੇ ਅਤੇ ਤੂੰ ਦੋਸ਼ੀ ਠਹਿਰੇਂ।
11ਅਜੇਹੇ ਲੋਕ ਵੀ ਹਨ ਜਿਹੜੇ ਆਪਣੇ ਪਿਉ ਨੂੰ ਫਿਟਕਾਰਦੇ, ਅਤੇ ਆਪਣੀ ਮਾਂ ਨੂੰ ਮੁਬਾਰਕ ਨਹੀਂ ਕਹਿੰਦੇ।
12ਅਜੇਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸੁੱਧ ਹਨ, ਪਰ ਉਨ੍ਹਾਂ ਦੀ ਪਲੀਤੀ ਧੋਤੀ ਨਹੀਂ ਗਈ।
13ਅਜੇਹੇ ਲੋਕ ਵੀ ਹਨ ਜੋ ਓਹੋ! ਓਹਨਾਂ ਦੀ ਦ੍ਰਿਸ਼ਟ ਕਿਹੀ ਘੁਮੰਡ ਭਰੀ ਹੈ, ਅਤੇ ਓਹਨਾਂ ਦੀਆਂ ਪਲਕਾਂ ਕੇਹੀਆਂ ਉਤਾਹਾਂ ਨੂੰ ਉੱਠੀਆਂ ਰਹਿੰਦੀਆਂ ਹਨ!
14ਅਜੇਹੇ ਲੋਕ ਵੀ ਹਨ ਜਿਨ੍ਹਾਂ ਦੇ ਦੰਦ ਤਲਵਾਰਾਂ ਅਤੇ ਦਾੜ੍ਹਾਂ ਛੁਰੀਆਂ ਹਨ, ਭਈ ਓਹ ਮਸਕੀਨਾਂ ਨੂੰ ਧਰਤੀ ਉੱਤੋਂ ਅਤੇ ਕੰਗਾਲਾਂ ਨੂੰ ਆਦਮੀਆਂ ਵਿੱਚੋਂ ਖਾ ਜਾਣ।
15ਜੋਕ ਦੀਆਂ ਦੋ ਧੀਆਂ ਹਨ ਜੋ ਦਿਓ, ਦਿਓ! ਆਖਦੀਆਂ ਰਹਿੰਦੀਆਂ ਹਨ। ਤਿੰਨ ਚੀਜ਼ਾਂ ਹਨ ਜੋ ਕਦੀ ਰੱਜਦੀਆਂ ਹੀ ਨਹੀਂ, ਸਗੋਂ ਚਾਰ ਹਨ ਜੋ ਕਦੀ ਬੱਸ ਨਹੀਂ ਆਖਦੀਆਂ,—
16ਪਤਾਲ ਅਤੇ ਸੰਢ ਦਾ ਗਰਭ, ਧਰਤੀ ਜੋ ਜਲ ਨਾਲ ਤ੍ਰਿਪਤ ਨਹੀਂ ਹੁੰਦੀ, ਅਤੇ ਅੱਗ ਜੋ ਕਦੀ “ਬੱਸ” ਨਹੀਂ ਆਖਦੀ।
17ਜਿਹੜੀ ਅੱਖ ਪਿਉ ਦੀ ਹਾਸੀ ਕਰਦੀ, ਅਤੇ ਆਪਣੀ ਮਾਂ ਦੀ ਆਗਿਆਕਾਰੀ ਨੂੰ ਤੁੱਛ ਜਾਣਦੀ ਹੈ, ਵਾਦੀ ਦੇ ਕਾਂਉਂ ਉਹ ਨੂੰ ਪੁੱਟ ਕੱਢਣਗੇ। ਅਤੇ ਗਿਰਝਾਂ ਦੇ ਬੱਚੇ ਉਹ ਨੂੰ ਖਾ ਜਾਣਗੇ।
18ਇਹ ਤਿੰਨ ਗੱਲਾਂ ਮੇਰੇ ਲਈ ਬਾਹਲੀਆਂ ਅਚਰਜ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ,—
19ਅਕਾਸ਼ ਵਿੱਚ ਉ��ਾਬ ਦਾ ਰਾਹ, ਚਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿੱਚ ਜਹਾਜ਼ ਦਾ ਰਾਹ, ਅਤੇ ਮੁਟਿਆਰ ਨਾਲ ਪੁਰਸ਼ ਦਾ ਵਰਤਾਵਾ।
20ਵਿਭਚਾਰਨ ਦਾ ਢੰਗ ਵੀ ਏਹੋ ਹੈ,—ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ, ਤੇ ਆਖਦੀ ਹੈ, ਮੈਂ ਕੋਈ ਬੁਰਿਆਈ ਨਹੀਂ ਕੀਤੀ।
21ਤਿੰਨ ਗੱਲਾਂ ਕਰਕੇ ਧਰਤੀ ਕੰਬਦੀ ਹੈ ਸਗੋਂ ਚਾਰ ਗੱਲਾਂ ਕਰਕੇ, ਜਿਹੜੀਆਂ ਉਸ ਤੋਂ ਨਹੀਂ ਸਹਾਰੀਦੀਆਂ,—
22ਦਾਸ ਜਦ ਉਹ ਪਾਤਸ਼ਾਹ ਬਣ ਜਾਵੇ, ਮੂਰਖ ਜਦ ਉਹ ਰੋਟੀ ਨਾਲ ਰੱਜ ਗਿਆ ਹੋਵੇ,
23ਘਿਣਾਉਣੀ ਇਸਤਰੀ ਜਦ ਉਹ ਵਿਆਹੀ ਜਾਵੇ, ਅਤੇ ਗੋੱਲੀ ਜਦ ਉਹ ਆਪਣੀ ਮਾਲਕਣ ਦੀ ਵਾਰਸ ਬਣੇ।
24ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ,—
25ਕੀੜੀਆਂ ਸ਼ਕਤ ਵਾਲੀਆਂ ਤਾਂ ਨਹੀਂ, ਤਾਂ ਵੀ ਉਨ੍ਹਾਲ ਵਿੱਚ ਆਪਣਾ ਖਾਜਾ ਸਮੇਟ ਲੈਂਦੀਆਂ ਹਨ,
26ਪਹਾੜੀ ਸੈਹੇ ਭਾਵੇਂ ਨਤਾਣੇ ਹਨ, ਪਰ ਚਟਾਨਾਂ ਵਿੱਚ ਆਪਣੇ ਘਰ ਬਣਾਉਂਦੇ ਹਨ,
27ਸਲਾ ਦਾ ਕੋਈ ਰਾਜਾ ਨਹੀਂ, ਤਾਂ ਵੀ ਓਹ ਸੱਭੇ ਦਲ ਬੰਨ੍ਹ ਕੇ ਨਿੱਕਲਦੀਆਂ ਹਨ।
28ਕਿਰਲੀ ਤੂੰ ਹੱਥਾਂ ਵਿੱਚ ਫੜ ਸੱਕਦਾ, ਤਾਂ ਵੀ ਪਾਤਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ।
29ਇਹ ਤਿੰਨ ਵਸਤਾਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜਿਨ੍ਹਾਂ ਦੀ ਚਾਲ ਸੋਹਣੀ ਹੈ,—
30ਇੱਕ ਤਾਂ ਬਬਰ ਸ਼ੇਰ ਜਿਹੜਾ ਸਾਰਿਆਂ ਪਸੂਆਂ ਵਿੱਚੋਂ ਜਰਵਾਣਾ ਹੈ, ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,
31ਸ਼ਿਕਾਰੀ ਕੁੱਤਾ ਅਤੇ ਬੱਕਰਾ, ਅਤੇ ਪਾਤਸ਼ਾਹ ਜਦ ਸੈਨਾ ਉਹ ਦੇ ਨਾਲ ਹੈ।
32ਜੇ ਤੂੰ ਮੂਰਖਤਾਈ ਨਾਲ ਆਪਣੇ ਆਪ ਨੂੰ ਉੱਚਿਆਂ ਕੀਤਾ ਹੈ, ਅਥਵਾ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ,
33ਕਿਉਂ ਜੋ ਦੁੱਧ ਰਿੜਕਣ ਥੀਂ ਮੱਖਣ ਨਿੱਕਲਦਾ ਹੈ, ਅਤੇ ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਲੜਾਈ ਉੱਠਦੀ ਹੈ।