Loading Bible Translation
First-time download in progress. This may take a few seconds…
Punjabi Bible Wordproject Bible
18 verses
1ਹੇ ਯਹੋਵਾਹ, ਤੂੰ ਦੂਰ ਕਿਉਂ ਖੜਾ ਰਹਿੰਦਾ ਹੈਂ? ਬਿਪਤਾ ਦੇ ਵੇਲੇ ਤੂੰ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈਂ?
2ਦੁਸ਼ਟ ਆਪਣੇ ਹੰਕਾਰ ਵਿੱਚ ਮਸਕੀਨਾਂ ਦਾ ਪਿੱਛਾ ਤੁੰਦੀ ਨਾਲ ਕਰਦਾ ਹੈ, ਜਿਹੜੀਆਂ ਜੁਗਤਾਂ ਉਨ੍ਹਾਂ ਨੇ ਸੋਚੀਆਂ ਓਹਨਾਂ ਵਿੱਚ ਓਹ ਆਪ ਫਸ ਜਾਣ!
3ਕਿਉਂ ਜੋ ਦੁਸ਼ਟ ਆਪਣੇ ਮਨ ਦੀਆਂ ਕਾਮਨਾਂ ਉੱਤੇ ਫੂੰ ਫੂੰ ਕਰਦਾ ਹੈ, ਅਤੇ ਲੋਭੀ ਯਹੋਵਾਹ ਨੂੰ ਫਿਟਕਾਰਦਾ ਅਤੇ ਤੁੱਛ ਜਾਣਦਾ ਹੈ।
4ਦੁਸ਼ਟ ਆਪਣੇ ਮੁਖ ਦੇ ਹੰਕਾਰ ਦੇ ਕਾਰਨ ਉਹ ਨੂੰ ਨਹੀਂ ਭਾਲੇਗਾ, ਉਸ ਦਾ ਸਾਰਾ ਵਿਚਾਰ ਏਹ ਹੈ ਭਈ ਪਰਮੇਸ਼ੁਰ ਹੈ ਹੀ ਨਹੀਂ!
5ਉਹ ਦੀ ਚਾਲ ਹਰ ਵੇਲੇ ਇਸਥਿਰ ਹੁੰਦੀ ਹੈ, ਤੇਰੇ ਨਿਆਉਂ ਉਹ ਦੀ ਸਮਝ ਤੋਂ ਉੱਚੇ ਹਨ, ਉਹ ਆਪਣੇ ਸਾਰੇ ਵਿਰੋਧੀਆਂ ਉੱਤੇ ਫੁੰਕਾਰੇ ਮਾਰਦਾ ਹੈ।
6ਉਹ ਆਪਣੇ ਮਨ ਵਿੱਚ ਆਖਦਾ ਹੈ ਭਈ ਮੈਂ ਕਦੇ ਨਾ ਡੋਲਾਂਗਾ, ਪੀੜ੍ਹੀਓਂ ਪੀੜ੍ਹੀ ਮੈਂ ਦੁਖ ਵਿੱਚ ਨਹੀਂ ਹੋਵਾਂਗਾ।
7ਉਹ ਦਾ ਮੂੰਹ ਫਿਟਕਾਰ, ਛਲ ਅਰ ਅਨ੍ਹੇਰ ਨਾਲ ਭਰਿਆ ਹੋਇਆ ਹੈ, ਉਹ ਦੀ ਜੀਭ ਦੇ ਹੇਠ ਸ਼ਰਾਰਤ ਅਰ ਬਦੀ ਹੈ।
8ਉਹ ਪਿੰਡਾਂ ਦੇ ਓਹਲਿਆਂ ਵਿੱਚ ਬਹਿੰਦਾ ਹੈ, ਉਹ ਗੁਪਤ ਥਾਂਵਾਂ ਵਿੱਚ ਨਿਰਦੋਸ਼ਾਂ ਦਾ ਘਾਤ ਕਰਦਾ ਹੈ, ਉਹ ਦੀਆਂ ਅੱਖੀਆਂ ਅਨਾਥਾਂ ਦੀ ਤੱਕ ਵਿੱਚ ਲੱਗੀਆਂ ਹੋਈਆਂ ਹਨ।
9ਜਿਵੇਂ ਬਬਰ ਸ਼ੇਰ ਆਪਣੇ ਘੁਰਨੇ ਵਿੱਚ, ਤਿਵੇਂ ਹੀ ਉਹ ਆਪਣੇ ਗੁਪਤ ਥਾਂ ਵਿੱਚ ਛਹਿ ਕੇ ਬੈਠਾ ਰਹਿੰਦਾ ਹੈ, ਉਹ ਮਸਕੀਨ ਨੂੰ ਫੜਨ ਲਈ ਛਹਿ ਵਿੱਚ ਬੈਠਦਾ ਹੈ, ਉਹ ਮਸਕੀਨ ਨੂੰ ਆਪਣੇ ਜਾਲ ਵਿੱਚ ਧੂਹ ਫੜ ਲੈਂਦਾ ਹੈ।
10ਉਹ ਦਾਬਾ ਮਾਰ ਕੇ ਝੁਕ ਜਾਂਦਾ ਹੈ, ਅਨਾਥ ਉਹ ਦਿਆਂ ਬਲ ਵਾਲੇ ਹੱਥੀਂ ਡਿੱਗ ਪੈਂਦੇ ਹਨ।
11ਉਸ ਆਪਣੇ ਮਨ ਵਿੱਚ ਆਖਿਆ ਹੈ ਭਈ ਪਰਮੇਸ਼ੁਰ ਭੁੱਲ ਗਿਆ ਹੈ, ਉਸ ਆਪਣਾ ਮੂੰਹ ਛਿਪਾਇਆ ਹੈ, ਉਹ ਕਦੀ ਵੀ ਨਾ ਵੇਖੇਗਾ!
12ਉੱਠ, ਹੇ ਯਹੋਵਾਹ! ਹੇ ਪਰਮੇਸ਼ੁਰ, ਆਪਣਾ ਹੱਥ ਚੁੱਕ, ਮਸਕੀਨਾਂ ਨੂੰ ਨਾ ਵਿਸਾਰ।
13ਦੁਸ਼ਟ ਨੇ ਕਿਉਂ ਪਰਮੇਸ਼ੁਰ ਨੂੰ ਤੁੱਛ ਜਾਤਾ ਹੈ, ਅਤੇ ਆਪਣੇ ਮਨ ਵਿੱਚ ਆਖਿਆ ਕਿ ਤੂੰ ਪੁੱਛ ਗਿੱਛ ਨਹੀਂ ਕਰੇਂਗਾ?
14ਤੈਂ ਤਾਂ ਵੇਖਿਆ ਹੈ ਕਿਉਂ ਜੋ ਤੂੰ ਸ਼ਰਾਰਤ ਅਰ ਡਾਹ ਉੱਤੇ ਨਿਗਾਹ ਰੱਖਦਾ ਹੈਂ, ਭਈ ਆਪਣੇ ਹੀ ਹੱਥ ਵਿੱਚ ਲੈ ਲਵੇਂ। ਅਨਾਥ ਆਪਣੇ ਆਪ ਨੂੰ ਤੇਰੇ ਉੱਤੇ ਛੱਡਦਾ ਹੈ, ਯਤੀਮ ਦਾ ਸਹਾਇਕ ਤੂੰ ਹੀ ਰਿਹਾ ਹੈਂ!
15ਦੁਸ਼ਟ ਦੀ ਬਾਹ ਭੰਨ ਸੁੱਟ! ਦੁਸ਼ਟ ਦੀ ਬਦੀ ਨੂੰ ਭਾਲ ਜਦ ਤੱਕ ਕੁਝ ਹੋਰ ਨਾ ਲੱਭੇ।
16ਯਹੋਵਾਹ ਜੁੱਗੋ ਜੁੱਗ ਪਾਤਸ਼ਾਹ ਹੈ। ਪਰਾਈਆਂ ਕੌਮਾਂ ਉਹ ਦੇ ਦੇਸ ਵਿੱਚੋਂ ਨਸ਼ਟ ਹੋ ਗਈਆਂ।
17ਹੇ ਯਹੋਵਾਹ, ਤੂੰ ਮਸਕੀਨਾਂ ਦੀ ਇੱਛਿਆ ਸੁਣੀ ਹੈ, ਤੂੰ ਉਨ੍ਹਾਂ ਦਿਆਂ ਮਨਾਂ ਨੂੰ ਦ੍ਰਿੜ੍ਹ ਕਰੇਂਗਾ, ਤੂੰ ਆਪਣਾ ਕੰਨ ਲਾਏਂਗਾ,
18ਤਾਂ ਜੋ ਤੂੰ ਯਤੀਮ ਅਰ ਸਤਾਏ ਹੋਏ ਦਾ ਨਿਆਉਂ ਕਰੇਂ, ਭਈ ਇਨਸਾਨ ਜਿਹੜਾ ਮਿੱਟੀ ਦਾ ਹੈ ਫੇਰ ਕਦੀ ਅਨ੍ਹੇਰ ਨਾ ਕਰੇ।