Loading Bible Translation
First-time download in progress. This may take a few seconds…
Punjabi Bible Wordproject Bible
176 verses
1ਧੰਨ ਓਹ ਹਨ ਜਿਹੜੇ ਪਰਮ ਚਾਲ ਹਨ, ਜਿਹੜੇ ਯਹੋਵਾਹ ਦੀ ਬਿਵਸਥਾ ਉੱਤ ਚੱਲਦੇ ਹਨ!
2ਧੰਨ ਓਹ ਹਨ ਜਿਹੜੇ ਉਹ ਦੀਆਂ ਸਾਖੀਆਂ ਨੂੰ ਮੰਨਦੇ, ਅਤੇ ਮਨੋਂ ਤਨੋਂ ਉਹ ਨੂੰ ਭਾਲਦੇ ਹਨ!
3ਓਹ ਤਾਂ ਬਦੀ ਨਹੀਂ ਕਰਦੇ, ਓਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ।
4ਤੈਂ ਸਾਨੂੰ ਆਪਣੇ ਫ਼ਰਮਾਨਾਂ ਦਾ ਹੁਕਮ ਦਿੱਤਾ, ਭਈ ਅਸੀਂ ਮਨ ਲਾ ਕੇ ਉਨ੍ਹਾ��� ਦੀ ਪਾਲਨਾ ਕਰੀਏ।
5ਕਾਸ਼ ਕਿ ਮੇਰੀ ਚਾਲ ਤੇਰੀਆਂ ਬਿਧੀਆਂ ਦੀ ਪਾਲਨਾ ਕਰਨ ਲਈ ਪੱਕੀ ਹੋਵੇ!
6ਜਦ ਮੈਂ ਤੇਰੇ ਸਾਰੇ ਹੁਕਮਾਂ ਉੱਤੇ ਗੌਹ ਕਰਾਂਗਾ, ਤਦ ਮੈਂ ਲੱਜਿਆਵਾਨ ਨਾ ਹੋਵਾਂਗਾ।
7ਜਦ ਮੈਂ ਤੇਰਿਆਂ ਸੱਚਿਆਂ ਨਿਆਵਾਂ ਨੂੰ ਸਿੱਖ ਲਵਾਂਗਾ, ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ।
8ਮੈਂ ਤੇਰੀਆਂ ਬਿਧੀਆਂ ਦੀ ਪਾਲਨਾ ਕਰਾਂਗਾ, ਤੂੰ ਮੈਨੂੰ ਮੂਲੋਂ ਹੀ ਤਿਆਗ ਨਾ ਦੇਹ!।
9ਜੁਆਨ ਕਿਦਾਂ ਆਪਣੀ ਚਾਲ ਨੂੰ ਸੁੱਧ ਰੱਖੇ? ਉਹ ਤੇਰੇ ਬਚਨ ਦੇ ਅਨੁਸਾਰ ਉਹ ਦੀ ਚੌਕਸੀ ਕਰੇ।
10ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਭਾਲਿਆ ਹੈ, ਆਪਣੇ ਹੁਕਮਾਂ ਤੋਂ ਮੈਨੂੰ ਭਟਕਣ ਨਾ ਦੇਹ!
11ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ, ਤਾਂ ਜੋ ਤੇਰਾ ਪਾਪ ਨਾ ਕਰਾਂ।
12ਹੇ ਯਹੋਵਾਹ, ਤੂੰ ਮੁਬਾਰਕ ਹੈਂ, ਆਪਣੀਆਂ ਬਿਧੀਆਂ ਮੈਨੂੰ ਸਿਖਲਾ!
13ਮੈਂ ਆਪਣੇ ਬੁੱਲ੍ਹਾਂ ਨਾਲ ਤੇਰੇ ਮੂੰਹ ਦੇ ਸਾਰੇ ਨਿਆਵਾਂ ਦਾ ਨਿਰਨਾ ਕੀਤਾ।
14ਮੈਂ ਤੇਰੀਆਂ ਸਾਖੀਆਂ ਦੇ ਰਾਹ ਵਿੱਚ ਖੁਸ਼ ਰਿਹਾ, ਜਿਵੇਂ ਸਾਰੀ ਦੌਲਤ ਉੱਤੇ।
15ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਹੋਵਾਂਗਾ, ਅਤੇ ਤੇਰੇ ਮਾਰਗਾਂ ਉੱਤੇ ਗੌਹ ਕਰਾਂਗਾ।
16ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ, ਮੈਂ ਤੇਰੇ ਬਚਨ ਨੂੰ ਨਹੀਂ ਵਿਸਾਰਾਂਗਾ।
17ਆਪਣੇ ਸੇਵਕ ਉੱਤੇ ਉਪਕਾਰ ਕਰ ਭਈ ਮੈਂ ਜੀਉਂਦਾ ਰਹਾਂ, ਤੇ ਤੇਰੇ ਬਚਨ ਦੀ ਪਾਲਨਾ ਕਰਾਂ।
18ਮੇਰੀਆਂ ਅੱਖਾਂ ਖੋਲ੍ਹ, ਭਈ ਮੈਂ ਤੇਰੀ ਬਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ!
19ਮੈਂ ਧਰਤੀ ਉੱਤੇ ਪਰਦੇਸੀ ਹਾਂ, ਆਪਣੇ ਹੁਕਮ ਮੈਥੋਂ ਗੁਪਤ ਨਾ ਰੱਖ।
20ਮੇਰੀ ਜਾਨ ਹਰ ਵੇਲੇ ਤੇਰਿਆਂ ਨਿਆਵਾਂ ਦੀ ਤਾਂਘ ਵਿੱਚ ਟੁੱਟਦੀ ਹੈ।
21ਮੈਂ ਸਰਾਪੀ ਹੰਕਾਰੀਆਂ ਨੂੰ ਵਰਜਿਆ ਹੈ, ਜਿਹੜੇ ਤੇਰੇ ਹੁਕਮਾਂ ਤੋਂ ਭੁੱਲੇ ਫਿਰਦੇ ਹਨ।
22ਮੇਰੇ ਉੱਤੋਂ ਨਿੰਦਿਆ ਤੇ ਨਫ਼ਰਤ ਰੇਹੜ ਦੇਹ, ਕਿਉਂ ਜੋ ਮੈਂ ਤੇਰੀਆਂ ਸਾਖੀਆਂ ਨੂੰ ਸੰਭਾਲਿਆ ਹੈ!
23ਸਰਦਾਰਾਂ ਨੇ ਵੀ ਬਹਿ ਕੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ, ਪਰ ਤੇਰਾ ਸੇਵਕ ਤੇਰੀਆਂ ਬਿਧੀਆਂ ਵਿੱਚ ਲੀਨ ਰਹੇਗਾ।
24ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ, ਅਤੇ ਮੇਰੇ ਲਈ ਸਲਾਹਕਾਰ ਹਨ।
25ਮੇਰੀ ਜਾਨ ਖਾਕ ਵਿੱਚ ਰਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਜਿਵਾਲ!
26ਮੈਂ ਆਪਣੀ ਚਾਲ ਨੂੰ ਪਰਗਟ ਕੀਤਾ ਅਤੇ ਤੈਂ ਮੈਨੂੰ ਉੱਤਰ ਦਿੱਤਾ, ਆਪਣੀਆਂ ਬਿਧੀਆਂ ਮੈਨੂੰ ਸਿਖਲਾ!
27ਆਪਣੇ ਫ਼ਰਮਾਨਾਂ ਦਾ ਰਾਹ ਮੈਨੂੰ ਸਮਝਾ, ਤਾਂ ਮੈਂ ਤੇਰੇ ਅਚਰਜ ਕੰਮਾਂ ਉੱਤੇ ਧਿਆਨ ਲਾਵਾਂਗਾ।
28ਮੇਰੀ ਜਾਨ ਉਦਾਸੀ ਦੇ ਕਾਰਨ ਢਲ ਗਈ ਹੈ, ਆਪਣੇ ਬਚਨ ਦੇ ਅਨੁਸਾਰ ਮੈਨੂੰ ਦ੍ਰਿੜ੍ਹ ਕਰ!
29ਝੂਠ ਦਾ ਰਾਹ ਮੈਥੋਂ ਦੂਰ ਕਰ, ਅਤੇ ਆਪਣੀ ਬਿਵਸਥਾ ਦਯਾ ਨਾਲ ਮੈਨੂੰ ਬਖ਼ਸ਼ ਦੇਹ!
30ਮੈਂ ਵਫ਼ਾਦਾਰੀ ਦਾ ਰਾਹ ਚੁਣ ਲਿਆ ਹੈ, ਮੈਂ ਤੇਰਿਆਂ ਨਿਆਵਾਂ ਨੂੰ ਆਪਣੇ ਸਨਮੁਖ ਰੱਖਿਆ।
31ਮੈਂ ਤੇਰੀਆਂ ਸਾਖੀਆਂ ਨੂੰ ਫੜ ਛੱਡਿਆ ਹੈ, ਹੇ ਯਹੋਵਾਹ, ਮੈਨੂੰ ਲੱਜਿਆਵਾਨ ਨਾ ਕਰ!
32ਜਦ ਤੂੰ ਮੇਰੇ ਮਨ ਨੂੰ ਵਧਾਵੇਂਗਾ, ਤਦ ਮੈਂ ਤੇਰੇ ਹੁਕਮਾਂ ਦੇ ਮਾਰਗ ਉੱਤੇ ਦੌੜਿਆ ਜਾਵਾਂਗਾ!।
33ਹੇ ਯਹੋਵਾਹ, ਤੂੰ ਆਪਣੀਆਂ ਬਿਧੀਆਂ ਦਾ ਰਾਹ ਮੈਨੂੰ ਸਿਖਲਾ, ਤਾਂ ਮੈਂ ਅੰਤ ਤੀਕ ਉਹ ਨੂੰ ਸੰਭਾਲੀ ਰੱਖਾਂਗਾ।
34ਮੈਨੂੰ ਸਮਝ ਦੇਹ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਨਾ ਕਰਾਂਗਾ।
35ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ, ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ!
36ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ, ਨਾ ਕਿ ਲੋਭ ਵੱਲ,—
37ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇਹ, ਆਪਣੇ ਰਾਹਾਂ ਉੱਤੇ ਮੈਨੂੰ ਜਿਵਾਲ!
38ਆਪਣੇ ਬਚਨ ਨੂੰ ਆਪਣੇ ਸੇਵਕ ਲਈ ਕਾਇਮ ਰੱਖ, ਜਿਹੜਾ ਤੇਰੇ ਭੈ ਮੰਨਣ ਵਾਲਿਆਂ ਦੇ ਲਈ ਹੈ।
39ਮੇਰੀ ਨਿੰਦਿਆ ਨੂੰ ਜਿਸ ਤੋਂ ਮੈਂ ਡਰਦਾ ਹਾਂ ਮੈਥੋਂ ਲੰਘਾ ਦੇਹ, ਤੇਰੇ ਨਿਆਉਂ ਭਲੇ ਹਨ!
40ਵੇਖ, ਮੈਂ ਤੇਰੇ ਫ਼ਰਮਾਨਾਂ ਲਈ ਲੋਚਿਆ ਹੈ, ਆਪਣੇ ਧਰਮ ਵਿੱਚ ਮੈਨੂੰ ਜਿਵਾਲ!।
41ਹੇ ਯਹੋਵਾਹ, ਤੇਰੀ ਦਯਾ ਮੇਰੇ ਉੱਤੇ ਆਵੇ, ਤੇਰਾ ਬਚਾਓ ਵੀ ਤੇਰੇ ਬਚਨ ਅਨੁਸਾਰ!
42ਤਾਂ ਮੈਂ ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦਿਆਂਗਾ, ਕਿਉਂ ਜੋ ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ,
43ਅਤੇ ਮੇਰੇ ਮੂੰਹੋਂ ਸਚਿਆਈ ਦਾ ਬਚਨ ਮੂਲੋਂ ਹੀ ਖੋਹ ਨਾ ਲੈ, ਕਿਉਂ ਜੋ ਤੇਰੇ ਨਿਆਵਾਂ ਉੱਤੇ ਮੇਰੀ ਆਸ ਹੈ,
44ਤਾਂ ਮੈਂ ਤੇਰੀ ਬਿਵਸਥਾ ਦੀ ਹਰ ਵੇਲੇ ਸਦਾ ਤੀਕ ਪਾਲਨਾ ਕਰਾਂਗਾ,
45ਅਤੇ ਮੈਂ ਖੁਲ੍ਹਮਖੁਲ੍ਹਾ ਚੱਲਦਾ ਫਿਰਾਂਗਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ।
46ਮੈਂ ਪਾਤਸ਼ਾਹਾਂ ਦੇ ਸਨਮੁਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ, ਅਤੇ ਲੱਜਿਆਵਾਨ ਨਾ ਹੋਵਾਂਗਾ।
47ਮੈਂ ਤੇਰੇ ਹੁਕਮਾਂ ਵਿੱਚ ਅੱਤ ਖੁਸ਼ ਹੋਵਾਂਗਾ, ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ।
48ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਾਈ ਹੈ ਆਪਣੇ ਹੱਥ ਅੱਡਾਂਗਾ, ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ।
49ਆਪਣੇ ਸੇਵਕ ਲਈ ਉਹ ਬਚਨ ਚੇਤੇ ਕਰ, ਜਿਹ ਦੇ ਉੱਤੇ ਤੈਂ ਮੈਨੂੰ ਆਸ ਦੁਆਈ ਹੈ!
50ਏਹੀ ਮੇਰੇ ਦੁਖ ਵਿੱਚ ਮੇਰੀ ਤਸੱਲੀ ਹੈ, ਭਈ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ।
51ਹੰਕਾਰੀਆਂ ਨੇ ਮੈਨੂੰ ਠੱਠੇ ਵਿੱਚ ਬਹੁਤ ਉਡਾਇਆ ਹੈ, ਪਰ ਮੈਂ ਤੇਰੀ ਬਿਵਸਥਾ ਤੋਂ ਬੇਮੁਖ ਨਾ ਹੋਇਆ।
52ਹੇ ਯਹੋਵਾਹ, ਮੈਂ ਤੇਰੇ ਪਰਾਚੀਨ ਨਿਆਵਾਂ ਨੂੰ ਚੇਤੇ ਰੱਖਿਆ ਹੈ, ਅਤੇ ਮੈਨੂੰ ਦਿਲਾਸਾ ਮਿਲਿਆ।
53ਮੇਰਾ ਗੁੱਸਾ ਭਖ ਉੱਠਿਆ ਹੈ, ਭਈ ਦੁਸ਼ਟ ਤੇਰੀ ਬਿਵਸਥਾ ਨੂੰ ਤਿਆਗ ਦਿੰਦੇ ਹਨ।
54ਤੇਰੀਆਂ ਬਿਧੀਆਂ ਮੇਰੇ ਮੁਸਾਫ਼ਰੀ ਦੇ ਘਰ ਵਿੱਚ ਮੇਰੇ ਭਜਨ ਸਨ।
55ਹੇ ਯਹੋਵਾਹ, ਮੈਂ ਰਾਤੀਂ ਤੇਰੇ ਨਾਮ ਨੂੰ ਚੇਤੇ ਕੀਤਾ ਹੈ, ਅਤੇ ਤੇਰੀ ਬਿਵਸਥਾ ਦੀ ਪਾਲਨਾ ਕੀਤੀ।
56ਇਹ ਮੈਨੂੰ ਏਸ ਲਈ ਹੋਇਆ, ਭਈ ਮੈਂ ਤੇਰੇ ਫ਼ਰਮਾਨਾਂ ਨੂੰ ਸੰਭਾਲਿਆ ਹੈ।
57ਯਹੋਵਾਹ ਮੇਰਾ ਭਾਗ ਹੈ, ਮੈਂ ਆਖਿਆ, ਮੈਂ ਤੇਰਿਆਂ ਬਚਨਾਂ ਦੀ ਪਾਲਨਾ ਕਰਾਂਗਾ।
58ਮੈਂ ਆਪਣੇ ਸਾਰੇ ਦਿਲ ਨਾਲ ਤੇਰੇ ਦਰਸ਼ਣ ਲਈ ਬੇਨਤੀ ਕੀਤੀ ਹੈ, ਆਪਣੇ ਬਚਨ ਅਨੁਸਾਰ ਮੇਰੇ ਉੱਤੇ ਕਿਰਪਾ ਕਰ!
59ਮੈਂ ਆਪਣੇ ਚਾਲ ਚਲਣ ਨੂੰ ਸੋਚਿਆ, ਅਤੇ ਆਪਣੇ ਪੈਰ ਤੇਰੀਆਂ ਸਾਖੀਆਂ ਵੱਲ ਫੇਰੇ ਹਨ।
60ਮੈਂ ਛੇਤੀ ਕੀਤੀ ਅਤੇ ਢਿੱਲ ਨਾ ਲਾਈ, ਭਈ ਤੇਰੇ ਹੁਕਮਾਂ ਦੀ ਪਾਲਨਾ ਕਰਾਂ।
61ਦੁਸ਼ਟਾਂ ਦੇ ਬੰਨ੍ਹਾਂ ਨੇ ਮੈਨੂੰ ਵਲ ਲਿਆ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ।
62ਤੇਰੇ ਧਰਮ ਦਿਆਂ ਨਿਆਵਾਂ ਦੇ ਕਾਰਨ, ਅੱਧੀ ਰਾਤ ਨੂੰ ਮੈਂ ਉੱਠ ਕੇ ਤੇਰਾ ਧੰਨਵਾਦ ਕਰਾਂਗਾ।
63ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈ ਰੱਖਦੇ ਹਨ, ਅਤੇ ਤੇਰੇ ਫ਼ਰਾਮਾਨਾਂ ਦੀ ਪਾਲਨਾ ਕਰਦੇ ਹਨ।
64ਹੇ ਯਹੋਵਾਹ, ਧਰਤੀ ਤੇਰੀ ਦਯਾ ਨਾਲ ਭਰੀ ਹੋਈ ਹੈ, ਆਪਣੀਆਂ ਬਿਧੀਆਂ ਮੈਨੂੰ ਸਿਖਲਾ!।
65ਆਪਣੇ ਸੇਵਕ ਨਾਲ ਤੈਂ ਭਲਿਆਈ ਕੀਤੀ ਹੈ, ਹੇ ਯਹੋਵਾਹ, ਆਪਣੇ ਬਚਨ ਅਨੁਸਾਰ।
66ਮੈਨੂੰ ਚੰਗਾ ਬਿਬੇਕ ਤੇ ਗਿਆਨ ਸਿਖਲਾ, ਕਿਉਂ ਜੋ ਮੈਂ ਤੇਰੇ ਹੁਕਮਾਂ ਉੱਤੇ ਨਿਹਚਾ ਕੀਤੀ ਹੈ।
67ਮੇਰੇ ਦੁਖੀ ਹੋਣ ਤੋਂ ਪਹਿਲਾਂ ਮੈਂ ਭੁੱਲਿਆ ਫਿਰਦਾ ਸਾਂ, ਪਰ ਹੁਣ ਮੈਂ ਤੇਰੇ ਬਚਨ ਦੀ ਪਾਲਨਾ ਕਰਦਾ ਹਾਂ।
68ਤੂੰ ਭਲਾ ਹੈਂ ਅਤੇ ਭਲਿਆਈ ਕਰਦਾ ਹੈਂ, ਆਪਣੀਆਂ ਬਿਧੀਆਂ ਮੈਨੂੰ ਸਿਖਲਾ।
69ਹੰਕਾਰੀਆਂ ਨੇ ਮੇਰੇ ਉੱਤੇ ਝੂਠ ਥੱਪ ਛੱਡਿਆ ਹੈ, ਮੈਂ ਆਪਣੇ ਸਾਰੇ ਮਨ ਨਾਲ ਤੇਰੇ ਫ਼ਰਮਾਨਾਂ ਨੂੰ ਮੰਨਾਂਗਾ।
70ਉਨ੍ਹਾਂ ਦਾ ਮਨ ਚਰਬੀ ਵਰਗਾ ਮੋਟਾ ਹੈ, ਪਰ ਮੈਂ ਤੇਰੀ ਬਿਵਸਥਾ ਵਿੱਚ ਖੁਸ਼ ਹਾਂ।
71ਮੇਰੇ ਲਈ ਭਲਾ ਹੈ ਕਿ ਮੈਂ ਦੁਖੀ ਹੋਇਆ, ਤਾਂ ਜੋ ਮੈਂ ਤੇਰੀਆਂ ਬਿਧੀਆਂ ਨੂੰ ਸਿੱਖਾਂ।
72ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਾਂ ਤੋਂ ਚੰਗੀ ਹੈ!।
73ਤੇਰੇ ਹੱਥਾਂ ਨੇ ਮੈਨੂੰ ਬਣਾਇਆ ਤੇ ਰਚਿਆ ਹੈ, ਮੈਨੂੰ ਗਿਆਨ ਦੇਹ ਭਈ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ।
74ਜਿਹੜੇ ਤੇਰਾ ਭੈ ਮੰਨਦੇ ਹਨ ਓਹ ਮੈਨੂੰ ਵੇਖ ਕੇ ਅਨੰਦ ਹੋਣਗੇ, ਕਿਉਂਕਿ ਮੈਂ ਤੇਰੇ ਬਚਨ ਉੱਤੇ ਆਸਾ ਰੱਖੀ ਹੈ।
75ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੇਰੇ ਨਿਆਉਂ ਧਰਮ ਦੇ ਹਨ, ਸੋ ਤੈਂ ਵਫ਼ਾਦਾਰੀ ਨਾਲ ਮੈਨੂੰ ਦੁਖ ਦਿੱਤਾ।
76ਤੇਰੀ ਦਯਾ ਮੈਨੂੰ ਸ਼ਾਂਤ ਦੇਵੇ, ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ।
77ਤੇਰੀਆਂ ਦਿਆਲਗੀਆਂ ਮੈਨੂੰ ਮਿਲ ਜਾਣ ਭਈ ਮੈਂ ਜੀਉਂਦਾ ਰਹਾਂ, ਕਿਉਂ ਜੋ ਮੇਰੀ ਖੁਸ਼ੀ ਤੇਰੀ ਬਿਵਸਥਾ ਵਿੱਚ ਹੈ!
78ਹੰਕਾਰੀ ਸ਼ਰਮਿੰਦੇ ਹੋਣ ਕਿਉਂਕਿ ਉਨ੍ਹਾਂ ਨੇ ਝੂਠ ਨਾਲ ਮੈਨੂੰ ਡੇਗ ਦਿੱਤਾ ਹੈ, ਪਰ ਮੈਂ ਤੇਰੇ ਫ਼ਰਮਾਨਾਂ ਵਿੱਚ ਲੀਨ ਰਹਾਂਗਾ।
79ਤੇਰੇ ਭੈ ਮੰਨਣ ਵਾਲੇ ਮੇਰੀ ਵੱਲ ਫਿਰਨ, ਅਤੇ ਓਹ ਜੋ ਤੇਰੀਆਂ ਸਾਖੀਆਂ ਨੂੰ ਜਾਣਦੇ ਹਨ।
80ਮੇਰਾ ਮਨ ਤੇਰੀਆਂ ਬਿਧੀਆਂ ਵਿੱਚ ਸੰਪੂਰਨ ਹੋਵੇ, ਭਈ ਮੈਂ ਲੱਜਿਆਵਾਨ ਨਾ ਹੋਵਾਂ!।
81ਮੈਰੀ ਜਾਨ ਤੇਰੀ ਮੁਕਤੀ ਲਈ ਖੁੱਸਦੀ ਹੈ, ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ।
82ਮੇਰੀਆਂ ਅੱਖਾਂ ਤੇਰੇ ਬਚਨ ਲਈ ਪੱਕ ਗਈਆਂ, ਮੈਂ ਆਖਦਾ ਹਾਂ, ਤੂੰ ਮੈਨੂੰ ਕਦ ਸ਼ਾਂਤੀ ਦੇਵੇਂਗਾ?
83ਮੈਂ ਤਾਂ ਧੂੰਏਂ ਵਿੱਚ ਦੀ ਮਸ਼ਕ ਵਾਂਙੁ ਹੋਇਆ, ਤਾਂ ਵੀ ਤੇਰੀਆਂ ਬਿਧੀਆਂ ਨੂੰ ਮੈਂ ਨਾ ਭੁੱਲਿਆ।
84ਤੇਰੇ ਸੇਵਕ ਦੇ ਦਿਨ ਕਿੰਨੇਕੁ ਹਨ? ਤੂੰ ਕਦੋਂ ਮੇਰਾ ਪਿੱਛਾ ਕਰਨ ਵਾਲਿਆਂ ਦਾ ਨਿਆਉਂ ਕਰੇਂਗਾ?
85ਜਿਹੜੇ ਤੇਰੀ ਬਿਵਸਥਾ ਦੇ ਅਨੁਸਾਰ ਨਹੀਂ ਚੱਲਦੇ, ਉਨ੍ਹਾਂ ਹੰਕਾਰੀਆਂ ਨੇ ਮੇਰੇ ਲਈ ਟੋਏ ਪੁੱਟੇ।
86ਤੇਰੇ ਸਾਰੇ ਹੁਕਮ ਸੱਚੇ ਹਨ, ਓਹ ਝੂਠ ਨਾਲ ਮੇਰੇ ਪਿੱਛੇ ਪਏ ਹੋਏ ਹਨ, ਤੂੰ ਮੇਰੀ ਸਹਾਇਤਾ ਕਰ!
87ਓਹ ਧਰਤੀ ਉੱਤੋਂ ਮੈਨੂੰ ਮਿਟਾ ਦੇਣ ਨੂੰ ਸਨ, ਪਰ ਮੈਂ ਤੇਰੇ ਫ਼ਰਮਾਨਾਂ ਨੂੰ ਨਾ ਤਿਆਗਿਆ।
88ਆਪਣੀ ਦਯਾ ਦੇ ਅਨੁਸਾਰ ਮੈਨੂੰ ਜੀਉਂਦਾ ਰੱਖ, ਤਾਂ ਮੈਂ ਤੇਰੇ ਮੂੰਹ ਦੀ ਸਾਖੀ ਦੀ ਪਾਲਨਾ ਕਰਾਂਗਾ।
89ਹੇ ਯਹੋਵਾਹ, ਸਦਾ ਤੀਕ ਤੇਰਾ ਬਚਨ ਅਕਾਸ਼ ਉੱਤੇ ਇਸਥਿਰ ਹੈ!
90ਤੇਰੀ ਵਫ਼ਾਦਾਰੀ ਪੀੜ੍ਹੀਓਂ ਪੀੜ੍ਹੀ ਹੈ, ਤੈਂ ਧਰਤੀ ਨੂੰ ਕਾਇਮ ਕੀਤਾ ਅਤੇ ਉਹ ਬਣੀ ਰਹਿੰਦੀ ਹੈ।
91ਓਹ ਤੇਰੇ ਨਿਆਵਾਂ ਅਨੁਸਾਰ ਅੱਜ ਤੀਕ ਖੜੇ ਹਨ, ਕਿਉਂ ਜੋ ਸੱਭੋ ਤੇਰੇ ਸੇਵਕ ਹਨ।
92ਜੇ ਤੇਰੀ ਬਿਵਸਥਾ ਮੇਰੀ ਖੁਸ਼ੀ ਨਾ ਹੁੰਦੀ, ਤਾਂ ਮੈਂ ਆਪਣੇ ਦੁਖ ਵਿੱਚ ਨਾਸ ਹੋ ਜਾਂਦਾ।
93ਤੇਰੇ ਫ਼ਰਮਾਨ ਮੈਂ ਕਦੇ ਨਾ ਭੁੱਲਾਂਗਾ, ਕਿਉਂਕਿ ਉਨ੍ਹਾਂ ਨਾਲ ਤੈਂ ਮੈਨੂੰ ਜੀਉਂਦਿਆਂ ਰੱਖਿਆ ਹੈ।
94ਮੈਂ ਤੇਰਾ ਹੀ ਹਾਂ, ਮੈਨੂੰ ਬਚਾ, ਕਿਉਂ ਜੋ ਮੈਂ ਤੇਰੇ ਫ਼ਰਮਾਨਾਂ ਦਾ ਤਾਲਿਬ ਰਿਹਾ!
95ਦੁਸ਼ਟ ਮੇਰੇ ਨਾਸ ਕਰਨ ਲਈ ਘਾਤ ਵਿੱਚ ਬੈਠੇ ਸਨ, ਪਰ ਮੈਂ ਤੇਰੀਆਂ ਸਾਖੀਆਂ ਦਾ ਵਿਚਾਰ ਕਰਾਂਗਾ।
96ਸਾਰੇ ਕਮਾਲ ਦਾ ਅੰਤ ਮੈਂ ਵੇਖਿਆ, ਪਰ ਤੇਰਾ ਹੁਕਮਨਾਮਾ ਬਹੁਤ ਲੰਮਾ ਚੌੜਾ ਹੈ।
97ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!
98ਤੂੰ ਆਪਣੇ ਹੁਕਮਨਾਮੇ ਤੋਂ ਮੈਨੂੰ ਮੇਰੇ ਵੈਰੀਆਂ ਤੋਂ ਬੁੱਧਵਾਨ ਬਣਾਉਂਦਾ ਹੈਂ, ਕਿਉਂ ਜੋ ਉਹ ਸਦਾ ਮੇਰੇ ਨਾਲ ਹੈ।
99ਮੈਂ ਆਪਣੇ ਸਾਰੇ ਗੁਰੂਆਂ ਨਾਲੋਂ ਵੱਧ ਗਿਆਨ ਰੱਖਦਾ ਹਾਂ, ਕਿਉਂ ਜੋ ਤੇਰੀਆਂ ਸਾਖੀਆਂ ਵਿੱਚ ਮੈਂ ਲੀਨ ਰਹਿੰਦਾ ਹਾਂ।
100ਬਜ਼ੁਰਗਾਂ ਨਾਲੋਂ ਮੈਂ ਬਹੁਤ ਜਾਚਦਾ ਹਾਂ, ਕਿਉਂ ਜੋ ਤੇਰੇ ਫ਼ਰਮਾਨਾਂ ਨੂੰ ਮੈਂ ਸਾਂਭਿਆ।
101ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਮਾਰਗ ਤੋਂ ਰੋਕ ਰੱਖਿਆ ਹੈ, ਤਾਂ ਜੋ ਮੈਂ ਤੇਰੇ ਬਚਨ ਦੀ ਪਾਲਨਾ ਕਰਾਂ।
102ਤੇਰਿਆਂ ਨਿਆਵਾਂ ਤੋਂ ਮੈਂ ਨਹੀਂ ਹਟਿਆ, ਕਿਉਂ ਜੋ ਤੈਂ ਮੈਨੂੰ ਸਿੱਖਿਆ ਦਿੱਤੀ ਹੈ।
103ਤੇਰੇ ਬਚਨ ਮੇਰੇ ਤਾਲੂ ਨੂੰ ਕੇਡੇ ਮਿੱਠੇ ਲੱਗਦੇ ਹਨ, ਸ਼ਹਿਤ ਨਾਲੋਂ ਵੀ ਮੇਰੇ ਮੂੰਹ ਵਿੱਚ ਵੱਧ ਮਿੱਠੇ!
104ਤੇਰੇ ਫ਼ਰਮਾਨਾਂ ਨਾਲ ਮੈਨੂੰ ਸਮਝ ਮਿਲਦੀ ਹੈ, ਏਸ ਲਈ ਮੈਂ ਹਰ ਝੂਠੇ ਮਾਰਗ ਤੋਂ ਵੈਰ ਰੱਖਦਾ ਹਾਂ।
105ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।
106ਮੈਂ ਸੌਂਹ ਖਾਧੀ ਅਤੇ ਉਹ ਨੂੰ ਪੱਕਾ ਵੀ ਕੀਤਾ, ਭਈ ਮੈਂ ਤੇਰੇ ਧਰਮ ਦੇ ਨਿਆਵਾਂ ਦੀ ਪਾਲਨਾ ਕਰਾਂਗਾ।
107ਹੇ ਯਹੋਵਾਹ, ਮੈਂ ਬਹੁਤ ਹੀ ਦੁਖੀ ਹੋਇਆ ਹਾਂ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਜੀਉਂਦਾ ਰੱਖ!
108ਹੇ ਯਹੋਵਾਹ, ਮੇਰੇ ਮੂੰਹ ਦੀਆਂ ਖੁਸ਼ੀ ਦੀਆਂ ਭੇਟਾਂ ਨੂੰ ਕਿਰਪਾ ਕਰ ਕੇ ਗਰਹਿਣ ਕਰ, ਅਤੇ ਆਪਣੇ ਨਿਆਉਂ ਮੈਨੂੰ ਸਿਖਲਾ।
109ਮੇਰੀ ਜਾਨ ਹਰ ਵੇਲੇ ਤਲੀ ਉੱਤੇ ਹੈ, ਪਰ ਮੈਂ ਤੇਰੀ ਬਿਵਸਥਾ ਨੂੰ ਨਹੀਂ ਭੁੱਲਦਾ!
110ਦੁਸ਼ਟਾਂ ਨੇ ਮੇਰੇ ਲਈ ਇੱਕ ਫਾਹੀ ਲਾਈ ਹੈ, ਪਰ ਮੈਂ ਤੇਰੇ ਫ਼ਰਮਾਨਾਂ ਤੋਂ ਅਵਾਰਾ ਨਹੀਂ ਹੋਇਆ।
111ਮੈਂ ਤੇਰੀਆਂ ਸਾਖੀਆਂ ਨੂੰ ਸਦਾ ਲਈ ਮਿਰਾਸ ਵਿੱਚ ਲਿਆ ਹੈ, ਓਹ ਤਾਂ ਮੇਰੇ ਮਨ ਦੀ ਖੁਸ਼ੀ ਹਨ।
112ਮੈਂ ਆਪਣੇ ਮਨ ਨੂੰ ਇਸ ਗੱਲ ਵੱਲ ਲਾਇਆ ਹੈ, ਭਈ ਮੈਂ ਤੇਰੀਆਂ ਬਿਧੀਆਂ ਨੂੰ ਅੰਤ ਤੀਕ ਸਦਾ ਹੀ ਪੂਰਾ ਕਰਾਂ।
113ਮੈਂ ਦੁਚਿੱਤਿਆਂ ਨਾਲ ਖੁਣਸ ਕਰਦਾ ਹਾਂ, ਪਰ ਤੇਰੀ ਬਿਵਸਥਾ ਨਾਲ ਪ੍ਰੀਤ ਰੱਖਦਾ ਹਾਂ।
114ਤੂੰ ਮੇਰੀ ਪਨਾਹਗਾਹ ਤੇ ਮੇਰੀ ਢਾਲ ਹੈਂ, ਮੈਂ ਤੇਰੇ ਬਚਨ ਦੀ ਆਸਾ ਰੱਖਦਾ ਹਾਂ।
115ਹੇ ਬਦਕਾਰੋ, ਮੇਰੇ ਕੋਲੋਂ ਦੂਰ ਹੋਵੋ, ਭਈ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਾ!
116ਆਪਣੇ ਬਚਨ ਅਨੁਸਾਰ ਮੈਨੂੰ ਥਮ੍ਹ ਭਈ ਮੈਂ ਜੀਉਂਦਾ ਰਹਾਂ, ਅਤੇ ਆਪਣੀ ਤਾਂਘ ਤੋਂ ਸ਼ਰਮਿੰਦਾ ਨਾ ਹੋਵਾਂ!
117ਮੈਨੂੰ ਸਾਂਭ ਤਾਂ ਮੈਂ ਬਚ ਜਾਵਾਂਗਾ, ਅਤੇ ਤੇਰੀਆਂ ਬਿਧੀਆਂ ਤੇ ਸਦਾ ਗੌਹ ਕਰਾਂਗਾ।
118ਜਿਹੜੇ ਤੇਰੀਆਂ ਬਿਧੀਆਂ ਤੋਂ ਬੇਮੁਖ ਹੋ ਜਾਂਦੇ ਹਨ ਉਨ੍ਹਾਂ ਨੂੰ ਤੈਂ ਸੁੱਟ ਦਿੱਤਾ ਹੈ, ਕਿਉਂ ਜੋ ਉਨ੍ਹਾਂ ਦੀ ਚਲਾਕੀ ਫ਼ਰੇਬ ਹੈ।
119ਧਰਤੀ ਦੇ ਸਾਰੇ ਦੁਸ਼ਟਾਂ ਨੂੰ ਤੂੰ ਖੋਟ ਵਾਂਙੁ ਦੂਰ ਸੁੱਟਦਾ ਹੈਂ, ਤਾਂ ਹੀ ਮੈਂ ਤੇਰੀਆਂ ਸਾਖੀਆਂ ਨਾਲ ਪ੍ਰੀਤ ਰੱਖਦਾ ਹਾਂ।
120ਤੇਰੇ ਭੈ ਦੇ ਮਾਰੇ ਮੇਰਾ ਸਰੀਰ ਕੰਬਦਾ ਹੈ, ਅਤੇ ਮੈਂ ਤੇਰਿਆਂ ਨਿਆਵਾਂ ਤੋਂ ਡਰਦਾ ਹਾਂ।
121ਮੈਂ ਨਿਆਉਂ ਤੇ ਧਰਮ ਕੀਤਾ ਹੈ, ਤੂੰ ਮੈਨੂੰ ਮੇਰੇ ਦਬਾਉਣ ਵਾਲਿਆਂ ਕੋਲ ਨਾ ਛੱਡ!
122ਭਲਿਆਈ ਲਈ ਆਪਣੇ ਸੇਵਕ ਦਾ ਜਾਮਨ ਬਣ, ਹੰਕਾਰੀ ਮੈਨੂੰ ਨਾ ਦਬਾਉਣ!
123ਮੇਰੀਆਂ ਅੱਖਾਂ ਤੇਰੇ ਬਚਾਓ ਲਈ ਅਤੇ ਤੇਰੇ ਸੱਚੇ ਬਚਨ ਲਈ ਪੱਕ ਗਈਆਂ।
124ਤੂੰ ਆਪਣੇ ਸੇਵਕ ਨਾਲ ਆਪਣੀ ਦਯਾ ਅਨੁਸਾਰ ਵਰਤ, ਅਤੇ ਆਪਣੀਆਂ ਬਿਧੀਆਂ ਮੈਨੂੰ ਸਿਖਲਾ।
125ਮੈਂ ਤੇਰਾ ਸੇਵਕ ਹਾਂ, ਮੈਨੂੰ ਸਮਝ ਬਖ਼ਸ਼, ਭਈ ਮੈਂ ਤੇਰੀਆਂ ਸਾਖੀਆਂ ਨੂੰ ਜਾਣਾਂ।
126ਏਹ ਯਹੋਵਾਹ ਦੇ ਕੰਮ ਦਾ ਵੇਲਾ ਹੈ,— ਉਨ੍ਹਾਂ ਨੇ ਤੇਰੀ ਬਿਵਸਥਾ ਨੂੰ ਅਕਾਰਥ ਬਣਾਇਆ!
127ਏਸ ਲਈ ਮੈਂ ਤੇਰੇ ਹੁਕਮਾਂ ਨਾਲ ਸੋਨੇ, ਸਗੋਂ ਕੁੰਦਨ ਸੋਨੇ ਨਾਲੋਂ ਵੱਧ ਪ੍ਰੀਤ ਰੱਖਦਾ ਹਾਂ!
128ਏਸ ਲਈ ਮੈਂ ਤੇਰੇ ਸਾਰੇ ਦੇ ਸਾਰੇ ਫ਼ਰਮਾਨ ਠੀਕ ਸਮਝਦਾ ਹਾਂ, ਅਤੇ ਹਰ ਝੂਠੇ ਮਾਰਗ ਤੋਂ ਘਿਣ ਕਰਦਾ ਹਾਂ।
129ਤੇਰੀਆਂ ਸਾਖੀਆਂ ਅਚਰਜ ਹਨ, ਏਸ ਲਈ ਮੇਰੀ ਜਾਨ ਉਨ੍ਹਾਂ ਦੀ ਪਾਲਨਾ ਕਰਦੀ ਹੈ!
130ਤੇਰੇ ਬਚਨਾਂ ਦਾ ਖੋਲ੍ਹਣਾ ਚਾਨਣ ਦਿੰਦਾ ਹੈ, ਉਹ ਸਿੱਧੇ ਸਾਧੇ ਲੋਕਾਂ ਨੂੰ ਸਮਝ ਬਖ਼ਸ਼ਦਾ ਹੈ।
131ਮੈਂ ਆਪਣਾ ਮੂੰਹ ਖੋਲ੍ਹ ਕੇ ਹੌਂਕਿਆ, ਕਿਉਂ ਜੋ ਮੈਂ ਤੇਰੇ ਹੁਕਮਾਂ ਨੂੰ ਲੋਚਦਾ ਸਾਂ।
132ਮੇਰੀ ਵੱਲ ਮੂੰਹ ਕਰ ਤੇ ਮੇਰੇ ਉੱਤੇ ਕਿਰਪਾ ਕਰ, ਜਿਵੇਂ ਤੂੰ ਆਪਣੇ ਨਾਮ ਦੇ ਪ੍ਰੀਤ ਪਾਲਣ ਵਾਲਿਆਂ ਦੇ ਨਾਲ ਕਰਦਾ ਹੁੰਦਾ ਸੈਂ।
133ਤੂੰ ਆਪਣੇ ਬਚਨ ਉੱਤੇ ਮੇਰੇ ਕਦਮਾਂ ਨੂੰ ਜਮਾ ਦੇਹ, ਭਈ ਕੋਈ ਬਦੀ ਮੇਰੇ ਉੱਤੇ ਹਕੂਮਤ ਨਾ ਕਰੇ।
134ਆਦਮੀ ਦੇ ਦਬਾਓ ਤੋਂ ਮੈਨੂੰ ਛੁਡਾ, ਭਈ ਮੈਂ ਤੇਰੇ ਫ਼ਰਮਾਨਾਂ ਦੀ ਪਾਲਨਾ ਕਰਾਂ।
135ਆਪਣੇ ਮੁਖੜੇ ਦੀ ਚਮਕ ਆਪਣੇ ਸੇਵਕ ਨੂੰ ਵਿਖਾ, ਅਤੇ ਆਪਣੀਆਂ ਬਿਧੀਆਂ ਮੈਨੂੰ ਸਿਖਲਾ।
136ਪਾਣੀ ਦੀਆਂ ਧਾਰਾਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ, ਕਿਉਂ ਜੋ ਓਹ ਤੇਰੀ ਬਿਵਸਥਾ ਦੀ ਪਾਲਨਾ ਨਹੀਂ ਕਰਦੀਆਂ।
137ਹੇ ਯਹੋਵਾਹ, ਤੂੰ ਧਰਮੀ ਹੈਂ, ਅਤੇ ਤੇਰੇ ਨਿਆਉਂ ਸਿੱਧੇ ਹਨ।
138ਤੂੰ ਆਪਣੀਆਂ ਸਾਖੀਆਂ ਦਾ ਹੁਕਮ ਧਰਮ ਤੇ ਪੂਰੀ ਵਫ਼ਾਦਾਰੀ ਨਾਲ ਦਿੱਤਾ ਹੈ।
139ਮੇਰੀ ਗੈ਼ਰਤ ਨੇ ਮੈਨੂੰ ਖ਼ਤਮ ਕੀਤਾ, ਕਿਉਂ ਜੋ ਮੇਰੇ ਵਿਰੋਧੀ ਤੇਰੇ ਬਚਨ ਭੁੱਲ ਗਏ।
140ਤੇਰਾ ਬਚਨ ਅੱਤ ਤਾਇਆ ਹੋਇਆ ਹੈ, ਅਤੇ ਤੇਰਾ ਸੇਵਕ ਉਸ ਨਾਲ ਪ੍ਰੀਤ ਲਾਉਂਦਾ ਹੈ।
141ਮੈਂ ਨਿੱਕਾ ਜਿਹਾ ਤੇ ਤੁੱਛ ਹਾਂ, ਤਾਂ ਵੀ ਮੈਂ ਤੇਰੇ ਫ਼ਰਮਾਨ ਨਹੀਂ ਭੁੱਲਿਆ!
142ਤੇਰਾ ਧਰਮ ਸਦਾ ਦਾ ਧਰਮ ਹੈ, ਅਤੇ ਤੇਰੀ ਬਿਵਸਥਾ ਸਤ ਹੈ।
143ਦੁਖ ਤੇ ਰੰਜ ਮੈਨੂੰ ਲੱਭਾ, ਪਰ ਤੇਰੇ ਹੁਕਮ ਮੇਰੀ ਖੁਸ਼ੀ ਹਨ।
144ਤੇਰੀਆਂ ਸਾਖੀਅਂ ਸਦਾ ਤੀਕ ਧਰਮ ਦੀਆਂ ਹਨ, ਮੈਨੂੰ ਸਮਝ ਦੇਹ ਤਾਂ ਮੈਂ ਜੀਉਂਦਾ ਰਹਾਂਗਾ।
145ਮੈਂ ਆਪਣੇ ਸਾਰੇ ਮਨ ਨਾਲ ਪੁਕਾਰਿਆ, ਹੇ ਯਹੋਵਾਹ, ਮੈਨੂੰ ਉੱਤਰ ਦੇਹ, ਮੈਂ ਤੇਰੀਆਂ ਬਿਧੀਆਂ ਨੂੰ ਸਾਂਭ ਰੱਖਾਂਗਾ!
146ਮੈਂ ਤੈਨੂੰ ਪੁਕਾਰਿਆ, ਮੈਨੂੰ ਬਚਾ ਲੈ, ਅਤੇ ਮੈਂ ਤੇਰੀਆਂ ਸਾਖੀਆਂ ਦੀ ਪਾਲਨਾ ਕਰਾਂਗਾ!
147ਮੈਂ ਪੌਹ ਫੁੱਟਣ ਤੋਂ ਪਹਿਲਾਂ ਉੱਠਿਆ ਤੇ ਦੁਹਾਈ ਦਿੱਤੀ, ਮੈਂ ਤੇਰੇ ਬਚਨ ਲਈ ਆਸਾ ਰੱਖੀ।
148ਮੇਰੀਆਂ ਅੱਖਾਂ ਰਾਤ ਦੇ ਪਹਿਰਾਂ ਤੋਂ ਅੱਗੇ ਖੁਲ੍ਹੀਆਂ ਰਹੀਆਂ, ਭਈ ਤੇਰੇ ਬਚਨ ਵਿੱਚ ਲੀਨ ਹੋਵਾਂ।
149ਆਪਣੀ ਕਿਰਪਾ ਅਨੁਸਾਰ ਮੇਰੀ ਅਵਾਜ਼ ਸੁਣ ਲੈ, ਹੇ ਯਹੋਵਾਹ, ਆਪਣੇ ਨਿਆਉਂ ਅਨੁਸਾਰ ਮੈਨੂੰ ਜੀਉਂਦਾ ਰੱਖ!
150ਖੋਟ ਦਾ ਪਿੱਛਾ ਕਰਨ ਵਾਲੇ ਨੇੜੇ ਆ ਗਏ ਹਨ, ਓਹ ਤੇਰੀ ਬਿਵਸਥਾ ਤੋਂ ਦੂਰ ਹਨ।
151ਤੂੰ ਵੀ, ਹੇ ਯਹੋਵਾਹ, ਨੇੜੇ ਹੈਂ, ਅਤੇ ਤੇਰੇ ਸਾਰੇ ਹੁਕਮ ਸੱਚੇ ਹਨ!
152ਤੇਰੀਆਂ ਸਾਖੀਆਂ ਤੋਂ ਮੈਂ ਚਿਰੋਕਣਾ ਹੀ ਜਾਣਿਆ, ਭਈ ਤੈਂ ਉਨ੍ਹਾਂ ਨੂੰ ਸਦਾ ਦੇ ਲਈ ਕਾਇਮ ਕੀਤਾ ਹੈ!।
153ਮੇਰੇ ਦੁਖ ਨੂੰ ਵੇਖ ਤੇ ਮੈਨੂੰ ਛੁਡਾ, ਕਿਉਂ ਜੋ ਮੈਂ ਤੇਰੀ ਬਿਵਸਥਾ ਨੂੰ ਨਹੀਂ ਵਿਸਾਰਿਆ!
154ਮੇਰਾ ਮੁਦੱਪਾ ਲੜ ਤੇ ਮੈਨੂੰ ਛੁਟਕਾਰਾ ਦੇਹ, ਆਪਣੇ ਬਚਨ ਨਾਲ ਮੈਨੂੰ ਜੀਉਂਦਾ ਰੱਖ!
155ਮੁਕਤੀ ਦੁਸ਼ਟਾਂ ਤੋਂ ਦੂਰ ਹੈ, ਇਸ ਲਈ ਭਈ ਓਹ ਤੇਰੀਆਂ ਬਿਧੀਆਂ ਨੂੰ ਨਹੀਂ ਭਾਲਦੇ।
156ਹੇ ਯਹੋਵਾਹ, ਤੇਰੇ ਰਹਮ ਬਹੁਤ ਸਾਰੇ ਹਨ, ਆਪਣੇ ਨਿਆਵਾਂ ਅਨੁਸਾਰ ਮੈਨੂੰ ਜੀਉਂਦਾ ਰੱਖ!
157ਮੇਰੇ ਪਿੱਛਾ ਕਰਨ ਵਾਲੇ ਤੇ ਮੇਰੇ ਵਿਰੋਧੀ ਬਹੁਤ ਹਨ, ਪਰ ਮੈਂ ਤੇਰੀਆਂ ਸਾਖੀਆਂ ਤੋਂ ਨਹੀਂ ਮੁੜਿਆ।
158ਮੈਂ ਚਾਲ ਬਾਜ਼ਾਂ ਨੂੰ ਵੇਖਿਆ ਅਤੇ ਘਿਣ ਕੀਤੀ, ਜਿਹੜੇ ਤੇਰੇ ਬਚਨ ਦੀ ਪਾਲਨਾ ਨਹੀਂ ਕਰਦੇ।
159ਵੇਖ, ਭਈ ਮੈਂ ਤੇਰੇ ਫ਼ਰਮਾਨਾਂ ਨਾਲ ਪ੍ਰੀਤ ਰੱਖਦਾ ਹਾਂ, ਹੇ ਯਹੋਵਾਹ, ਆਪਣੀ ਦਯਾ ਅਨੁਸਾਰ ਮੈਨੂੰ ਜੀਉਂਦਾ ਰੱਖ!
160ਤੇਰੇ ਬਚਨ ਦਾ ਤਾਤ ਪਰਜ ਸਚਿਆਈ ਹੈ, ਅਤੇ ਤੇਰੇ ਧਰਮ ਦਾ ਸਾਰਾ ਨਿਆਉਂ ਸਦਾ ਤੀਕ ਹੈ।
161ਸਰਦਾਰਾਂ ਨੇ ਧਗਾਣੇ ਮੇਰਾ ਪਿੱਛਾ ਕੀਤਾ, ਪਰ ਮੇਰਾ ਮਨ ਤੇਰੇ ਬਚਨ ਤੋਂ ਭੈ ਰੱਖਦਾ ਹੈ।
162ਮੈਂ ਤੇਰੇ ਬਚਨ ਦੇ ਕਾਰਨ ਖੁਸ਼ ਹਾਂ, ਜਿਦਾਂ ਕੋਈ ਵੱਡੀ ਲੁੱਟ ਦੇ ਮਿਲਣ ਤੇ ਹੁੰਦਾ ਹੈ!
163ਮੈਂ ਝੂਠ ਨਾਲ ਵੈਰ ਤੇ ਘਿਣ ਕਰਦਾ ਹਾਂ, ਪਰ ਤੇਰੀ ਬਿਵਸਥਾ ਨਾਲ ਮੈਂ ਪ੍ਰੀਤ ਰੱਖਦਾ ਹਾਂ।
164ਤੇਰੇ ਧਰਮ ਦੇ ਨਿਆਵਾਂ ਦੇ ਕਾਰਨ, ਮੈਂ ਦਿਨ ਵਿੱਚ ਸੱਤ ਵਾਰ ਤੇਰੀ ਉਸਤਤ ਕਰਦਾ ਹਾਂ।
165ਤੇਰੀ ਬਿਵਸਥਾ ਦੇ ਪ੍ਰੇਮੀਆਂ ਨੂੰ ਵੱਡਾ ਚੈਨ ਹੈ, ਅਤੇ ਉਨ੍ਹਾਂ ਨੂੰ ਕੋਈ ਠੋਕਰ ਨਹੀਂ ਲੱਗਦੀ।
166ਹੇ ਯਹੋਵਾਹ, ਮੈਂ ਤੇਰੀ ਮੁਕਤੀ ਦੀ ਉਡੀਕ ਕੀਤੀ, ਅਤੇ ਤੇਰੇ ਹੁਕਮਾਂ ਨੂੰ ਪੂਰਾ ਕੀਤਾ।
167ਮੇਰੀ ਜਾਨ ਨੇ ਤੇਰੀਆਂ ਸਾਖੀਆਂ ਦੀ ਪਾਲਨਾ ਕੀਤੀ, ਅਤੇ ਮੈਂ ਉਨ੍ਹਾਂ ਦੇ ਨਾਲ ਵੱਡੀ ਪ੍ਰੀਤ ਲਾਈ!
168ਮੈਂ ਤੇਰੇ ਫ਼ਰਮਾਨਾਂ ਤੇ ਤੇਰੀਆਂ ਸਾਖੀਅਂ ਦੀ ਪਾਲਨਾ ਕੀਤੀ, ਏਸ ਲਈ ਕਿ ਮੇਰੀਆਂ ਸਾਰੀਆਂ ਚਾਲਾਂ ਤੇਰੇ ਸਾਹਮਣੇ ਹਨ।
169ਮੇਰੀ ਪੁਕਾਰ, ਹੇ ਯਹੋਵਾਹ, ਤੇਰੇ ਹਜ਼ੂਰ ਪਹੁੰਚੇ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਸਮਝ ਦੇਹ!
170ਮੇਰੀ ਅਰਜੋਈ ਤੇਰੇ ਹਜ਼ੂਰ ਆਵੇ, ਤੂੰ ਆਪਣੇ ਬਚਨ ਅਨੁਸਾਰ ਮੈਨੂੰ ਛੁਡਾ!
171ਮੇਰੇ ਬੁੱਲ੍ਹ ਤੇਰੀ ਉਸਤਤ ਉਚਰਨ, ਕਿਉਂ ਜੋ ਤੂੰ ਆਪਣੀਆਂ ਬਿਧੀਆਂ ਮੈਨੂੰ ਸਿਖਲਾਉਂਦਾ ਹੈਂ।
172ਮੇਰੀ ਜੀਭ ਤੇਰੇ ਬਚਨ ਦਾ ਗੀਤ ਗਾਵੇ, ਕਿਉਂ ਜੋ ਤੇਰੇ ਸਾਰੇ ਹੁਕਮ ਧਰਮ ਦੇ ਹਨ।
173ਤੇਰਾ ਹੱਥ ਮੇਰੀ ਸਹਾਇਤਾ ਲਈ ਤਿਆਰ ਹੋਵੇ, ਕਿਉਂ ਜੋ ਮੈਂ ਤੇਰੇ ਫ਼ਰਮਾਨ ਚੁਣ ਲਏ ਹਨ।
174ਹੇ ਯਹੋਵਾਹ, ਮੈਂ ਤੇਰੀ ਮੁਕਤੀ ਨੂੰ ਲੋਚਿਆ, ਅਤੇ ਤੇਰੀ ਬਿਵਸਥਾ ਮੇਰੀ ਖੁਸ਼ੀ ਹੈ!
175ਮੇਰੀ ਜਾਨ ਜੀਉਂਦੀ ਰਹੇ ਭਈ ਉਹ ਤੇਰੀ ਉਸਤਤ ਕਰੇ, ਅਤੇ ਤੇਰੇ ਨਿਆਉਂ ਮੇਰੀ ਸਹਾਇਤਾ ਕਰਨ।
176ਮੈਂ ਗੁਆਚੀ ਹੋਈ ਭੇਡ ਵਾਂਙੁ ਭਟਕ ਗਿਆ ਹਾਂ, ਆਪਣੇ ਦਾਸ ਨੂੰ ਭਾਲ, ਕਿਉਂ ਜੋ ਮੈਂ ਤੇਰੇ ਹੁਕਮ ਨਹੀਂ ਭੁੱਲਦਾ ਹਾਂ।