Loading Bible Translation
First-time download in progress. This may take a few seconds…
Punjabi Bible Wordproject Bible
18 verses
1ਹੇ ਯਹੋਵਾਹ, ਦਾਊਦ ਲਈ ਚੇਤੇ ਰੱਖ, ਉਹ ਦੇ ਸਾਰੇ ਦੁਖ,
2ਜਿਹ ਨੇ ਯਹੋਵਾਹ ਦੀ ਸੌਂਹ ਖਾਧੀ, ਅਤੇ ਯਾਕੂਬ ਦੇ ਕਾਦਰ ਲਈ ਸੁੱਖਣਾ ਸੁੱਖੀ,
3ਭਈ ਮੈਂ ਜ਼ਰੂਰ ਆਪਣੇ ਘਰੇਲੂ ਤੰਬੂ ਵਿੱਚ ਨਾ ਜਾਵਾਂਗਾ, ਨਾ ਆਪਣੇ ਪਲੰਘ ਦੇ ਵਿਛਾਉਣੇ ਉੱਤੇ ਚੜ੍ਹਾਂਗਾ,
4ਨਾ ਆਪਣੀਆਂ ਅੱਖੀਆਂ ਨੂੰ ਨੀਂਦ, ਨਾ ਆਪਣੀਆਂ ਪਲਕਾਂ ਨੂੰ ਊਂਘ ਆਉਣ ਦਿਆਂਗਾ,
5ਜਦ ਤੀਕ ਮੈਂ ਯਹੋਵਾਹ ਲਈ ਕੋਈ ਥਾਂ ਨਾ ਲੱਭਾਂ, ਅਤੇ ਯਾਕੂਬ ਦੇ ਕਾਦਰ ਲਈ ਕੋਈ ਡੇਹਰਾ!
6ਵੇਖੋ, ਅਸਾਂ ਅਫ਼ਰਾਥਾਹ ਵਿੱਚ ਉਹ ਦੀ ਖਬਰ ਸੁਣੀ, ਉਹ ਸਾਨੂੰ ਯਾਅਰ ਦੀ ਰੜ ਵਿੱਚ ਲੱਭ ਪਿਆ।
7ਅਸੀਂ ਉਹ ਦੇ ਡੇਹਰੇ ਨੂੰ ਜਾਈਏ, ਅਸੀਂ ਉਹ ਦੇ ਪੈਰਾਂ ਦੀ ਚੌਕੀ ਅੱਗੇ ਮੱਥਾ ਟੇਕੀਏ।
8ਹੇ ਯਹੋਵਾਹ, ਉੱਠ, ਆਪਣੇ ਅਰਾਮ ਦੇ ਥਾਂ ਵਿੱਚ ਆ, ਤੂੰ ਅਤੇ ਤੇਰੀ ਸ਼ਕਤੀ ਦਾ ਸੰਦੂਕ ਵੀ!
9ਤੇਰੇ ਜਾਜਕ ਧਰਮ ਦਾ ਲਿਬਾਸ ਪਾਉਣ, ਅਤੇ ਤੇਰੇ ਸੰਤ ਜੈਕਾਰੇ ਗਜਾਉਣ,
10ਆਪਣੇ ਦਾਸ ਦਾਊਦ ਦੇ ਕਾਰਨ, ਆਪਣੇ ਮਸਹ ਕੀਤੇ ਹੋਏ ਦਾ ਮੂੰਹ ਨਾ ਮੋੜ!
11ਯਹੋਵਾਹ ਨੇ ਦਾਊਦ ਨਾਲ ਸੱਚੀ ਸੌਂਹ ਖਾਧੀ, ਜਿਸ ਤੋਂ ਉਹ ਫਿਰੇਗਾ ਨਹੀਂ, ਭਈ ਮੈਂ ਤੇਰੇ ਢਿੱਡ ਦੇ ਫਲ ਤੋਂ ਤੇਰੀ ਰਾਜ ਗੱਦੀ ਉੱਤੇ ਕਿਸੇ ਨੂੰ ਬਿਠਾਵਾਂਗਾ,
12ਜੇ ਤੇਰੀ ਅੰਸ ਮੇਰੇ ਨੇਮ ਤੇ ਮੇਰੀ ਸਾਖੀ ਦੀ, ਜੋ ਮੈਂ ਉਨ੍ਹਾਂ ਨੂੰ ਸਿਖਾਵਾਂਗਾ ਪਾਲਨਾ ਕਰੇ, ਤਾਂ ਉਨ੍ਹਾਂ ਦੀ ਅੰਸ ਵੀ ਜੁੱਗੋ ਜੁੱਗ ਤੇਰੀ ਰਾਜ ਗੱਦੀ ਉੱਤੇ ਬੈਠੇਗੀ।
13ਯਹੋਵਾਹ ਨੇ ਤਾਂ ਸੀਯੋਨ ਨੂੰ ਚੁਣਿਆ, ਉਹ ਨੇ ਆਪਣੇ ਵਸੇਬੇ ਲਈ ਉਹ ਨੂੰ ਪਸੰਦ ਕੀਤਾ।
14ਏਹ ਸਦਾ ਲਈ ਮੇਰਾ ਵਿਸਰਾਮ ਧਾਮ ਹੋਵੇਗਾ, ਮੈਂ ਏਥੇ ਵੱਸਾਂਗਾ, ਮੈਂ ਏਸ ਨੂੰ ਪਸੰਦ ਜੋ ਕਰ ਲਿਆ ਹੈ।
15ਮੈਂ ਉਹ ਦੇ ਰਿਜ਼ਕ ਵਿੱਚ ਕਾਫ਼ੀ ਬਰਕਤ ਦਿਆਂਗਾ, ਅਤੇ ਉਹ ਦੇ ਕੰਗਾਲਾਂ ਨੂੰ ਰੋਟੀ ਨਾਲ ਰਜਾਵਾਂਗਾ।
16ਮੈਂ ਉਹ ਦੇ ਜਾਜਕਾਂ ਨੂੰ ਮੁਕਤੀ ਦਾ ਲਿਬਾਸ ਪੁਆਵਾਂਗਾ, ਤੇ ਉਹ ਦੇ ਸੰਤ ਖੁਸ਼ੀ ਦੇ ਜੈਕਾਰੇ ਗਜਾਉਣਗੇ!
17ਉੱਥੇ ਮੈਂ ਦਾਊਦ ਲਈ ਇੱਕ ਸਿੰਙ ਫੁਟਾਵਾਂਗਾ, ਮੈਂ ਆਪਣੇ ਮਸਹ ਕੀਤੇ ਹੋਏ ਲਈ ਇੱਕ ਦੀਵਾ ਤਿਆਰ ਰੱਖਿਆ ਹੈ।
18ਉਹ ਦੇ ਵੈਰੀਆਂ ਨੂੰ ਮੈਂ ਸ਼ਰਮ ਦਾ ਲਿਬਾਸ ਪੁਆਵਾਂਗਾ, ਪਰ ਉਹ ਦੇ ਉੱਤੇ ਉਹ ਦਾ ਮੁਕਟ ਚਮਕੇਗਾ।