Loading Bible Translation
First-time download in progress. This may take a few seconds…
Punjabi Bible Wordproject Bible
15 verses
1ਯਹੋਵਾਹ ਮੇਰੀ ਚਟਾਨ ਮੁਬਾਰਕ ਹੋਵੇ, ਜੋ ਮੇਰੇ ਹੱਥਾਂ ਨੂੰ ਜੁੱਧ ਕਰਨਾ, ਅਤੇ ਮੇਰੀਆਂ ਉਂਗਲੀਆਂ ਨੂੰ ਲੜਨਾ ਸਿਖਲਾਉਂਦਾ ਹੈ,—
2ਮੇਰੀ ਦਯਾ, ਮੇਰਾ ਗੜ੍ਹ, ਮੇਰਾ ਉੱਚਾ ਅਸਥਾਨ ਅਤੇ ਮੇਰਾ ਛੁਡਾਉਣ ਵਾਲਾ, ਮੇਰੀ ਢਾਲ ਅਤੇ ਉਹ ਜਿਹ ਦੇ ਵਿੱਚ ਮੈਂ ਪਨਾਹ ਲੈਂਦਾ ਹਾਂ, ਜੋ ਮੇਰੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੰਦਾ ਹੈ।
3ਹੇ ਯਹੋਵਾਹ, ਆਦਮੀ ਕੀ ਹੈ ਜੋ ਤੂੰ ਉਹ ਨੂੰ ਸਿਆਣੇਂ, ਤੇ ਆਦਮ ਦਾ ਵੰਸ ਕੀ, ਜੋ ਤੂੰ ਉਹ ਦਾ ਖਿਆਲ ਕਰੇਂ?
4ਆਦਮੀ ਸੁਆਸ ਹੀ ਜਿਹਾ ਹੈ, ਉਹ ਦੇ ਦਿਨ ਢਲਦੇ ਸਾਯੇ ਵਰਗੇ ਹਨ।
5ਹੇ ਯਹੋਵਾਹ, ਆਪਣੇ ਅਕਾਸ਼ਾਂ ਨੂੰ ਝੁਕਾ ਤੇ ਉਤਰ ਆ, ਪਹਾੜਾਂ ਨੂੰ ਛੋਹ ਭਈ ਧੂੰਆਂ ਨਿੱਕਲੇ!
6ਬਿਜਲੀ ਲਿਸ਼ਕਾ ਤੇ ਉਨ੍ਹਾਂ ਨੂੰ ਖਿੰਡਾ ਦੇਹ, ਆਪਣੇ ਬਾਣ ਚਲਾ ਤੇ ਉਨ੍ਹਾਂ ਨੂੰ ਘਬਰਾ ਦੇਹ!
7ਆਪਣੇ ਹੱਥ ਉੱਪਰੋਂ ਪਸਾਰ, ਮੈਨੂੰ ਧੂ ਕੇ ਵੱਡੇ ਪਾਣੀਆਂ ਵਿੱਚੋਂ ਛੁਡਾ! ਅਰਥਾਤ ਓਪਰਿਆਂ ਦੇ ਹੱਥੋਂ,
8ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਬੱਕਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ।
9ਹੇ ਪਰਮੇਸ਼ੁਰ, ਮੈਂ ਤੇਰੇ ਲਈ ਇੱਕ ਨਵਾਂ ਗੀਤ ਗਾਵਾਂਗਾ, ਦਸ ਤਾਰਾਂ ਵਾਲੀ ਸਿਤਾਰ ਉੱਤੇ ਮੈਂ ਤੇਰੇ ਲਈ ਭਜਨ ਗਾਵਾਂਗਾ।
10ਜਿਹੜਾ ਰਾਜਿਆਂ ਨੂੰ ਛੁਟਕਾਰਾ ਦਿੰਦਾ ਹੈ, ਜਿਹੜਾ ਆਪਣੇ ਦਾਸ ਨੂੰ ਭੈੜੀ ਤਲਵਾਰ ਤੋਂ ਖਿੱਚ ਲੈਂਦਾ ਹੈ, ਉਹ ਤੂੰ ਹੀ ਹੈਂ!
11ਓਪਰਿਆਂ ਦੇ ਹੱਥੋਂ ਮੈਨੂੰ ਖਿੱਚ ਕੇ ਛੁਡਾ, ਜਿਨ੍ਹਾਂ ਦਾ ਮੂੰਹ ਵਿਅਰਥ ਗੱਲਾਂ ਬੱਕਦਾ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ!।
12ਸਾਡੇ ਪੁੱਤ੍ਰ ਆਪਣੀ ਜੁਆਨੀ ਵਿੱਚ ਬੂਟਿਆਂ ਵਾਂਙੁ ਵਧਣ, ਅਤੇ ਸਾਡੀਆਂ ਧੀਆਂ ਖੂੰਜੇ ਦੇ ਪੱਥਰਾਂ ਦੀ ਨਿਆਈਂ ਹੋਣ, ਜਿਹੜੇ ਮਹਿਲ ਲਈ ਘੜੇ ਹੋਏ ਹੋਣ।
13ਸਾਡੇ ਖਾਤੇ ਭਾਂਤ ਭਾਂਤ ਦੇ ਅਨਾਜ ਨਾਲ ਭਰੇ ਹੋਏ ਹੋਣ, ਅਤੇ ਸਾਡੇ ਵਾੜੇ ਹਜ਼ਾਰਾਂ ਲੱਖਾਂ ਭੇਡਾਂ ਨਾਲ,
14ਸਾਡੇ ਬਲਦ ਚੰਗੇ ਲੱਦੇ ਹੋਏ ਹੋਣ, ਅਤੇ ਕੋਈ ਸੰਨ੍ਹ ਨਾ ਹੋਵੇ, ਨਾ ਬਾਹਰ ਜਾਣਾ ਹੋਵੇ, ਨਾ ਸਾਡੇ ਚੌਂਕਾਂ ਵਿੱਚ ਡੰਡ ਦੁਹਾਈ ਹੋਵੇ,—
15ਤਾਂ ਧੰਨ ਓਹ ਲੋਕ ਜਿਨ੍ਹਾਂ ਦਾ ਇਹ ਹਾਲ ਹੋਵੇ! ਧੰਨ ਓਹ ਲੋਕ ਹਨ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!।