Loading Bible Translation
First-time download in progress. This may take a few seconds…
Punjabi Bible Wordproject Bible
24 verses
1ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆਂ ਹਾਂ, ਮੈਨੂੰ ਕਦਾਚਿਤ ਸ਼ਰਮਿੰਦਾ ਨਾ ਹੋਣ ਦੇਹ, ਆਪਣੇ ਧਰਮ ਨਾਲ ਮੈਨੂੰ ਛੁਡਾ!
2ਆਪਣਾ ਕੰਨ ਮੇਰੀ ਵੱਲ ਝੁਕਾ ਅਤੇ ਮੈਨੂੰ ਛੇਤੀ ਛੁਡਾ! ਤੂੰ ਮੇਰੇ ਲਈ ਇੱਕ ਤਕੜੀ ਚਟਾਨ, ਅਤੇ ਮੇਰੇ ਬਚਾਓ ਲਈ ਇੱਕ ਗੜ੍ਹ ਹੋ।
3ਤੂੰ ਹੀ ਤਾਂ ਮੇਰੀ ਚਟਾਨ ਅਤੇ ਮੇਰਾ ਗੜ੍ਹ ਹੈਂ, ਤਦੇ ਤੂੰ ਆਪਣੇ ਨਾਮ ਦੇ ਸਦਕੇ ਮੈਨੂੰ ਲੈ ਚੱਲ, ਅਤੇ ਮੇਰੀ ���ਗਵਾਈ ਕਰ।
4ਤੂੰ ਉਸ ਜਾਲ ਵਿੱਚੋਂ ਜਿਹੜਾ ਉਨ੍ਹਾਂ ਨੇ ਮੇਰੇ ਲਈ ਓਹਲੇ ਵਿਛਾਇਆ ਹੈ ਮੈਨੂੰ ਕੱਢ, ਤੂੰ ਜੋ ਮੇਰਾ ਗੜ੍ਹ ਹੈਂ।
5ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ, ਤੈਂ ਮੈਨੂੰ ਨਿਸਤਾਰਾ ਦਿੱਤਾ ਹੈ, ਹੇ ਯਹੋਵਾਹ ਸਚਿਆਈ ਦੇ ਪਰਮੇਸ਼ੁਰ!
6ਮੈਂ ਉਨ੍ਹਾਂ ਨਾਲ ਵੈਰ ਰੱਖਦਾ ਹਾਂ ਜਿਹੜੇ ਫੋਕਿਆਂ ਕੂੜਾਂ ਨੂੰ ਮੰਨਦੇ ਹਨ, ਪਰ ਮੈਂ ਯਹੋਵਾਹ ਉੱਤੇ ਭਰੋਸਾ ਰੱਖਦਾ ਹਾਂ।
7ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅੰਨਦ ਹੋਵਾਂਗਾ, ਕਿਉਂ ਜੋ ਤੈਂ ਮੇਰੇ ਦੁਖ ਨੂੰ ਵੇਖਿਆ ਹੈ, ਤੈਂ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।
8ਤੈਂ ਮੈਨੂੰ ਵੈਰੀ ਦੇ ਹੱਥੀਂ ਬੰਦ ਨਹੀਂ ਕਰ ਛੱਡਿਆ ਹੈ, ਤੈਂ ਮੋਕਲੇ ਥਾਂ ਵਿੱਚ ਮੇਰੇ ਪੈਰ ਖਲ੍ਹਿਆਰੇ ਹਨ।
9ਹੇ ਯਹੋਵਾਹ, ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਔਖਾ ਹਾਂ। ਮੇਰੀਆਂ ਅੱਖਾਂ ਗਮੀ ਦੇ ਮਾਰੇ ਗਲ ਗਈਆਂ, ਨਾਲੇ ਮੇਰੀ ਜਾਨ ਅਤੇ ਮੇਰਾ ਸਰੀਰ।
10ਮੇਰਾ ਜੀਉਣ ਸੋਗ ਵਿੱਚ ਅਤੇ ਮੇਰੇ ਵਰ੍ਹੇ ਹੌਕੇ ਭਰਨ ਵਿੱਚ ਲੰਘ ਗਏ ਹਨ, ਮੇਰੀ ਬਦੀ ਦੇ ਕਾਰਨ ਮੇਰਾ ਬਲ ਘਟ ਗਿਆ ਹੈ, ਅਤੇ ਮੇਰੀਆਂ ਹੱਡੀਆਂ ਗਲ ਗਈਆਂ।
11ਆਪਣੇ ਸਭ ਵਿਰੋਧੀਆਂ ਦੇ ਕਾਰਨ ਮੈਂ ਉਲਾਹਮਾ ਬਣਿਆ, ਖ਼ਾਸ ਕਰਕੇ ਆਪਣੇ ਗੁਆਂਢੀਆਂ ਵਿੱਚ, ਅਤੇ ਆਪਣੇ ਜਾਣ ਪਛਾਣਾਂ ਦੇ ਲਈ ਡਰਾਊ, ਜਿਨ੍ਹਾਂ ਮੈਨੂੰ ਬਾਹਰ ਵੇਖਿਆ ਓਹ ਮੈਥੋਂ ਭੱਜ ਗਏ।
12ਮੈਂ ਮੋਏ ਹੋਏ ਵਾਂਙੁ ਮਨੋਂ ਭੁਲਾ ਦਿੱਤਾ ਗਿਆ ਹਾਂ, ਮੈਂ ਭੱਜੇ ਹੋਏ ਭਾਂਡੇ ਵਰਗਾ ਹਾਂ।
13ਮੈਂ ਤਾਂ ਬਹੁਤਿਆਂ ਦੀ ਬਦਨਾਮੀ ਸੁਣੀ ਹੈ, ਅਤੇ ਆਲੇ ਦੁਆਲੇ ਭੈ ਹੀ ਭੈ ਸੀ, ਜਦੋਂ ਉਨ੍ਹਾਂ ਨੇ ਆਪੋ ਵਿੱਚ ਮੇਰੇ ਵਿਰੁੱਧ ਮਤਾ ਪਕਾਇਆ, ਮੇਰੀ ਜਾਨ ਲੈਣ ਦੀ ਜੁਗਤ ਕੀਤੀ।
14ਪਰ ਹੇ ਯਹੋਵਾਹ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ, ਮੈਂ ਆਖਿਆ ਕਿ ਤੂੰ ਹੀ ਮੇਰਾ ਪਰਮੇਸ਼ੁਰ ਹੈਂ।
15ਮੇਰੇ ਸਮੇਂ ਤੇਰੇ ਹੱਥ ਵਿੱਚ ਹਨ, ਤੂੰ ਮੈਨੂੰ ਮੇਰੇ ਵੈਰੀਆਂ ਅਤੇ ਸਤਾਉਣ ਵਾਲਿਆਂ ਦੇ ਹੱਥੋਂ ਛੁਡਾ।
16ਆਪਣੇ ਮੁਖੜੇ ਨੂੰ ਆਪਣੇ ਦਾਸ ਉੱਤੇ ਚਮਕਾ, ਆਪਣੀ ਦਯਾ ਨਾਲ ਮੈਨੂੰ ਬਚਾ!
17ਹੇ ਯਹੋਵਾਹ, ਮੈਨੂੰ ਸ਼ਰਮਿੰਦਾ ਨਾ ਹੋਣ ਦੇਹ, ਮੈਂ ਜੋ ਤੈਨੂੰ ਪੁਕਾਰਿਆ ਹੈ। ਦੁਸ਼ਟ ਸ਼ਰਮਿੰਦੇ ਹੋਣ, ਓਹ ਚੁੱਪ ਚਾਪ ਪਤਾਲ ਵਿੱਚ ਪਏ ਰਹਿਣ!
18ਓਹ ਝੂਠੇ ਬੁੱਲ੍ਹ ਬੰਦ ਹੋ ਜਾਣ, ਜਿਹੜੇ ਧਰਮੀ ਦੇ ਵਿਰੁੱਧ ਬੇਅਦਬੀ ਨਾਲ, ਹੰਕਾਰ ਅਰ ਨਫ਼ਰਤ ਨਾਲ ਬੋਲਦੇ ਹਨ!
19ਕੇਡੀ ਵੱਡੀ ਹੈ ਤੇਰੀ ਭਲਿਆਈ! ਜਿਹੜੀ ਤੈਂ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ, ਜਿਹੜੀ ਤੈਂ ਆਪਣਿਆਂ ਸ਼ਰਨਾਰਥੀਆਂ ਲਈ ਆਦਮ ਵੰਸ ਦੇ ਸਨਮੁਖ ਪਰਗਟ ਕੀਤੀ ਹੈ।
20ਤੂੰ ਉਨ੍ਹਾਂ ਨੂੰ ਆਪਣੀ ਦਰਗਾਹ ਦੀ ਓਟ ਵਿੱਚ ਮਨੁੱਖ ਦੀਆਂ ਜੁਗਤਾਂ ਤੋਂ ਛਿਪਾਵੇਂਗਾ, ਤੂੰ ਉਨ੍ਹਾਂ ਨੂੰ ਜੀਭਾਂ ਦੇ ਝਗੜੇ ਤੋਂ ਮੰਡਪ ਵਿੱਚ ਲੁਕਾ ਰੱਖੇਂਗਾ।
21ਯਹੋਵਾਹ ਮੁਬਾਰਕ ਹੋਵੇ, ਕਿਉਂ ਜੋ ਉਹ ਨੇ ਇੱਕ ਘੇਰੇ ਹੋਏ ਸ਼ਹਿਰ ਵਿੱਚ ਮੇਰੇ ਉੱਤੇ ਆਪਣੀ ਅਚਰਜ ਦਯਾ ਕੀਤੀ ਹੈ।
22ਪਰ ਮੈਂ ਆਪਣੀ ਘਬਰਾਹਟ ਵਿੱਚ ਆਖਿਆ ਸੀ ਭਈ ਤੇਰੀਆਂ ਅੱਖੀਆਂ ਦੇ ਅੱਗੋਂ ਮੈਂ ਕੱਟਿਆ ਗਿਆ ਹਾਂ, ਤਾਂ ਵੀ ਜਦੋਂ ਮੈਂ ਤੇਰੀ ਦੁਹਾਈ ਦਿੱਤੀ ਤੈਂ ਮੇਰੀਆਂ ਅਰਜੋਈਆਂ ਦੀ ਅਵਾਜ਼ ਸੁਣੀ।
23ਹੇ ਯਹੋਵਾਹ ਦੇ ਸਾਰੇ ਸੰਤੋ, ਉਹ ਦੇ ਨਾਲ ਪ੍ਰੇਮ ਰੱਖੋ, ਯਹੋਵਾਹ ਸੱਚਿਆਂ ਦਾ ਰਾਖਾ ਹੈ, ਪਰ ਹੰਕਾਰੀਆਂ ਉੱਤੇ ਬਹੁਤ ਵੱਟੇ ਲਾਉਂਦਾ ਹੈ।
24ਹੇ ਸਾਰੇ ਯਹੋਵਾਹ ਦੀ ਆਸ ਰੱਖਣ ਵਾਲਿਓ, ਤਕੜੇ ਹੋਵੋ ਅਤੇ ਤੁਹਾਡਾ ਮਨ ਦਿਲੇਰ ਹੋਵੇ!